ਲੁਧਿਆਣਾ ਵਿੱਚ ਸੁਤੰਤਰਤਾ ਸੰਗਰਾਮੀ ਭਵਨ ਉਸਾਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਨਵੰਬਰ
ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਪੰਜਾਬ ਦੀ ਮੀਟਿੰਗ ਅੱਜ ਇਥੇ ਬੱਚਤ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਤੰਤਰਤਾ ਸਗਰਾਮੀ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ ਪਰਿਵਾਰ ਅਮੀਰ ਵਿਰਸੇ ਦੇ ਮਾਲਕ ਹਨ ਤੇ ਇਨ੍ਹਾਂ ਦੇ ਪੁਰਖਿਆਂ ਨੇ ਆਪਣਾ ਕੀਮਤੀ ਸਮਾਂ ਤੇ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਨਿੱਘ ਮਾਣ ਰਹੇ ਉੱਚੇ ਅਹੁਦਿਆਂ ਤੇ ਬੈਠੇ ਅਫ਼ਸਰਾਂ ਅਤੇ ਸਰਕਾਰ ਨੂੰ ਅਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਰਿਣੀ ਹੋਣਾ ਚਾਹੀਦਾ ਹੈ। ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਹੋਰ ਜ਼ਿਲ੍ਹਿਆਂ ਦੀ ਤਰਜ਼ ’ਤੇ ਲੁਧਿਆਣਾ ਵਿੱਚ ਵੀ ਸੁਤੰਤਰਤਾ ਸੰਗਰਾਮੀ ਭਵਨ ਉਸਾਰਿਆ ਜਾਵੇ। ਸ੍ਰੀ ਸੇਖੋਂ ਤੋਂ ਇਲਾਵਾ ਖਜ਼ਾਨਚੀ ਕਰਮਵੀਰ ਸਿੰਘ ਤੇ ਰਵਿੰਦਰ ਕਪੂਰ ਨੇ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਥੇਬੰਦੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਲਲਤੋਂ, ਦਰਸ਼ਨ ਸਿੰਘ, ਮੁਖਤਿਆਰ ਸਿੰਘ ਵੀ ਹਾਜ਼ਰ ਸਨ।