ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਕੰਮ ’ਤੇ ਲੱਗੀ
ਨਵੀਂ ਦਿੱਲੀ, 11 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਨਵੀਂ ਸਰਕਾਰ ਤਬਦੀਲੀ ਤੇ ਲਗਾਤਾਰਤਾ ਦਾ ਸੰਕੇਤ ਦਿੰਦਿਆਂ ਅੱਜ ਕੰਮ ’ਤੇ ਲੱਗ ਗਈ ਹੈ। ਸੋਮਵਾਰ ਨੂੰ ਜਿਨ੍ਹਾਂ ਕੈਬਨਿਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਮੰਤਰਾਲੇ ਵੰਡੇ ਗਏ ਸਨ, ਨੇ ਅੱਜ ਆਪੋ ਆਪਣੇ ਵਿਭਾਗਾਂ ਦਾ ਕਾਰਜਭਾਰ ਸੰਭਾਲ ਲਿਆ। ਸ੍ਰੀ ਮੋਦੀ ਤੇ ਉਨ੍ਹਾਂ ਦੀ ਕੇਂਦਰੀ ਕੈਬਨਿਟ ਦੇ 71 ਮੰਤਰੀਆਂ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਦੇ ਅਹਾਤੇ ਵਿਚ ਰੱਖੇ ਵਿਸ਼ਾਲ ਸਮਾਗਮ ਦੌਰਾਨ ਅਹੁਦੇ ਦਾ ਹਲਫ਼ ਲਿਆ ਸੀ। ਸੱਤਾ ਦੇ ਤਬਾਦਲੇ ਦੌਰਾਨ ਐੱਨਡੀਏ ਦੀ ਮੁੱਖ ਭਾਈਵਾਲ ਭਾਜਪਾ ਨੇ ਚਾਰ ਅਹਿਮ ਮੰਤਰਾਲੇ- ਅਮਿਤ ਸ਼ਾਹ ਨੂੰ ਗ੍ਰਹਿ, ਐੱਸ.ਜੈਸ਼ੰਕਰ ਨੂੰ ਵਿਦੇਸ਼ ਮਾਮਲੇ, ਨਿਰਮਲਾ ਸੀਤਾਰਮਨ ਨੂੰ ਵਿੱਤ ਤੇ ਰਾਜਨਾਥ ਸਿੰਘ ਨੂੰ ਰੱਖਿਆ ਵਿਭਾਗ- ਆਪਣੇ ਕੋਲ ਹੀ ਰੱਖੇ ਹਨ।
ਐੱਸ.ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਦਾ ਚਾਰਜ ਲੈਣ ਮੌਕੇ ਅੱਜ ਕਿਹਾ ਕਿ ‘ਭਾਰਤ ਪਹਿਲਾਂ’ ਤੇ ‘ਵਾਸੂਦੇਵ ਕੁਟੁੰਬਕਮ’ (ਵਿਸ਼ਵ ਹੀ ਸਾਡਾ ਪਰਿਵਾਰ ਹੈ) ਭਾਰਤ ਦੀ ਵਿਦੇਸ਼ ਨੀਤੀ ਨੂੰ ਸੇਧ ਦੇਣ ਵਾਲੇ ਦੋ ਅਹਿਮ ਸਿਧਾਂਤ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਸਿਹਤ ਦੇ ਨਾਲ ਨਾਲ ਰਸਾਇਣ ਤੇ ਫਰਟੀਲਾਈਜ਼ਰਜ਼ ਮੰਤਰਾਲਿਆਂ ਦਾ ਚਾਰਜ ਵੀ ਸੰਭਾਲਿਆ। ਅਸ਼ਵਨੀ ਵੈਸ਼ਨਵ, ਜਿਨ੍ਹਾਂ ਕੋਲ ਨਵੀਂ ਸਰਕਾਰ ਵਿਚ ਇਕ ਵਾਰ ਮੁੜ ਰੇਲਵੇ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਜਿਹੇ ਅਹਿਮ ਵਿਭਾਗ ਹਨ, ਨੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸੂਚਨਾ ਤੇ ਪ੍ਰਸਾਰਨ ਮੰਤਰੀ ਵਜੋਂ ਚਾਰਜ ਲਿਆ। ਇਸ ਮੌਕੇ ਸੂਚਨਾ ਤੇ ਪ੍ਰਸਾਰਨ ਸਕੱਤਰ ਸੰਜੈ ਜਾਜੂ ਵੀ ਹਾਜ਼ਰ ਸਨ।
ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਰੇਲ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ। ਜਿਤੇਂਦਰ ਸਿੰਘ, ਜਿਨ੍ਹਾਂ ਉੱਤਰੀ ਬਲਾਕ ਸਥਿਤ ਆਪਣੇ ਦਫ਼ਤਰ ਵਿਚ ਰਾਜ ਮੰਤਰੀ ਵਜੋਂ ਅਮਲਾ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਦਾ ਚਾਰਜ ਸੰਭਾਲਿਆ, ਨੇ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਸੁਸ਼ਾਸਨ ਵਿਚ ਕੀਤੇ ਗਏ ਸੁਧਾਰ ਅੱਗੋਂ ਵੀ ਜਾਰੀ ਰਹਿਣਗੇ ਤੇ ਹਰੇਕ ਨਾਗਰਿਕ ਲਈ ਸੁਖਾਲਾ ਜੀਵਨ ਯਕੀਨੀ ਬਣਾਇਆ ਜਾਵੇਗਾ। ਉਂਜ ਇਹ ਮਹਿਕਮਾ ਪ੍ਰਧਾਨ ਮੰਤਰੀ ਮੋਦੀ ਕੋਲ ਹੈ। ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ‘‘ਪਿਛਲੇ ਦਸ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸ਼ਾਸਨ ਵਿਚ ਲੜੀਵਾਰ ਇਨਕਲਾਬੀ ਸੁਧਾਰ ਦੇਖਣ ਨੂੰ ਮਿਲੇ ਹਨ। ਸ੍ਰੀ ਮੋਦੀ ਬੁਨਿਆਦੀ ਤੌਰ ’ਤੇ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦੀ ਭਾਵਨਾ ਤੋਂ ਪ੍ਰੇਰਿਤ ਹਨ।’’ ਜਿਓਤਿਰਦਿੱਤਿਆ ਸਿੰਧੀਆ, ਜਿਨ੍ਹਾਂ ਨੂੰ ਸੰਚਾਰ ਮੰਤਰੀ ਨਿਯੁਕਤ ਕੀਤਾ ਗਿਆ ਹੈ, ਨੇ ਕਿਹਾ ਕਿ ਟੈਲੀਕਾਮ ਸੈਕਟਰ ਤੇ ਇੰਡੀਆ ਪੋਸਟ ਡਿਵੀਜ਼ਨ ਦੀ ਆਲਮੀ ਦੇ ਨਾਲ ਨਾਲ ਸਥਾਨਕ ਮੰਚ ’ਤੇ ਅਹਿਮ ਭੂਮਿਕਾ ਹੈ।
ਸਿੰਧੀਆ ਨੇ ਕਿਹਾ, ‘‘ਬਹੁਤ ਸਾਲ ਪਹਿਲਾਂ 2007, 2008 ਤੇ 2009 ਦੌਰਾਨ ਮੈਂ ਇਸ ਵਿਭਾਗ ਵਿਚ ਜੂਨੀਅਰ ਮੰਤਰੀ ਵਜੋਂ ਕੰਮ ਕੀਤਾ ਸੀ। ਲਿਹਾਜ਼ਾ ਮੇਰੇ ਲਈ ਇਹ ਉਹ ਵਿਭਾਗ ਹੈ ਜਿਸ ਨਾਲ ਮੇਰੇ ਭਾਵਨਾਤਮਕ ਰਿਸ਼ਤੇੇ ਹਨ।’’ ਦੇਸ਼ ਦੀ ਨਵੀਂ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਾਪੂਰਨਾ ਦੇਵੀ, ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਕੰਮ ਕਰਨਗੇ। ਸਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਵੀ ਵਿਕਸਤ ਭਾਰਤ ਦੀ ਦਿਸ਼ਾ ’ਚ ਕੰਮ ਕਰੇਗਾ। -ਪੀਟੀਆਈ
ਖੱਟਰ ਵੱਲੋਂ ਬਿਜਲੀ ਸੈਕਟਰ ਵਿਚ ਸਰਕਾਰੀ ਮਾਲਕੀ ਵਾਲੇ ਅਦਾਰਿਆਂ ਨਾਲ ਮੀਟਿੰਗ
ਆਰਐੱਸਐੱਸ ਪ੍ਰਚਾਰਕ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਜਲੀ ਸੈਕਟਰ ਵਿਚ ਸਰਕਾਰੀ ਮਾਲਕੀ ਵਾਲੇ ਅਦਾਰਿਆਂ ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਭਾਜਪਾ ਦੀ ਗੁਜਰਾਤ ਇਕਾਈ ਦੇ ਮੁਖੀ ਚੰਦਰਕਾਂਤ ਰਘੂਨਾਥ ਪਾਟਿਲ ਨੇ ਜਲ ਸ਼ਕਤੀ ਮੰਤਰੀ ਵਜੋਂ ਚਾਰਜ ਲਿਆ ਤਾਂ ਪਾਰਟੀ ਸਮਰਥਕਾਂ ਨੇ ‘ਭਾਰਤ ਮਾਤਾ ਕੀ ਜੈ’ ਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ। ਨਵੇਂ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਵਿਕਾਸ ਦੇ ਨਾਲ ਵਾਤਾਵਰਨ ਸੁਰੱਖਿਆ ਤੇ ਸੰਭਾਲ ਵਿਚਾਲੇ ਤਵਾਜ਼ਨ ਬਣਾ ਕੇ ਰੱਖੇਗੀ। ਬਿਹਾਰ ਤੋਂ ਦੋ ਵਾਰ ਸੰਸਦ ਮੈਂਬਰ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਵੱਲੋਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦਾ ਚਾਰਜ ਲੈਣ ਮੌਕੇ ਉਨ੍ਹਾਂ ਦੀ ਮਾਂ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।