ਭਤੀਜੇ ਨੂੰ ਜ਼ਹਿਰ ਦੇ ਕੇ ਮਾਰਿਆ
07:45 AM Aug 02, 2023 IST
ਪੱਤਰ ਪ੍ਰੇਰਕ
ਬਠਿੰਡਾ, 1 ਅਗਸਤ
ਪਿੰਡ ਕੋਟਭਾਰਾ ਵਿੱਚ ਜ਼ਮੀਨੀ ਝਗੜੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੇ ਆਪਣੇ ਪੁੱਤਰ ਨਾਲ ਰਲ ਕੇ ਆਪਣੇ ਭਤੀਜੇ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (21) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਬਾਦਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 31 ਜੁਲਾਈ ਦੀ ਸਵੇਰੇ ਉਸ ਦੇ ਵੱਡੇ ਭਰਾ ਤੇ ਉਸ ਦੇ ਪੁੱਤਰ ਨੇ ਉਸ ਦੇ ਪੁੱਤਰ ਦੀ ਪਾਣੀ ਵਾਲੀ ਬੋਤਲ ਵਿੱਚ ਜ਼ਹਿਰ ਪਾ ਦਿੱਤਾ। ਉਸ ਦੇ ਪੁੱਤਰ ਨੇ ਖੇਤ ’ਚੋਂ ਫੋਨ ਕਰ ਕੇ ਦੱਸਿਆ ਸੀ ਕਿ ਬੋਤਲ ’ਚੋਂ ਪਾਣੀ ਪੀਣ ਮਗਰੋਂ ਉਸ ਦੀ ਹਾਲਤ ਵਿਗੜ ਗਈ ਹੈ। ਜਿਸ ਨੂੰ ਤਲਵੰਡੀ ਸਾਬੋ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਸ ਨੂੰ ਬਠਿੰਡਾ ਦੇ ਆਦੇਸ਼ ਮੈਡੀਕਲ ’ਚ ਰੈਫ਼ਰ ਕਰ ਦਿੱਤਾ ਜਿੱਥੇ ਅੱਜ ਉਸ ਦੀ ਮੌਤ ਹੋ ਗਈ ਹੈ। ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਦਾ ਜ਼ਮੀਨੀ ਝਗੜਾ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਗੁਰਤੇਜ ਸਿੰਘ ਤੇ ਉਸ ਦੇ ਪੁੱਤਰ ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement