ਭਤੀਜਾ ਹੀ ਨਿਕਲਿਆ ਬਜ਼ੁਰਗ ਔਰਤ ਦਾ ਕਾਤਲ
ਐੱਨਪੀ ਧਵਨ
ਪਠਾਨਕੋਟ, 25 ਅਗਸਤ
ਸਥਾਨਕ ਮੁਹੱਲਾ ਭਦਰੋਆ ਸਥਿਤ ਟੀਚਰ ਕਾਲੋਨੀ ਵਿੱਚ ਇੱਕ ਬਿਰਧ ਔਰਤ ਦੀ ਹੱਤਿਆ ਅਤੇ ਲੁੱਟ ਦੇ ਮਾਮਲੇ ਨੂੰ ਪੁਲੀਸ ਨੇ 48 ਘੰਟੇ ਵਿੱਚ ਹੀ ਸੁਲਝਾ ਲਿਆ ਹੈ। ਇਹ ਕਾਰਾ ਮ੍ਰਿਤਕਾ ਔਰਤ ਦੇ ਭਤੀਜੇ ਨੇ ਆਪਣੇ ਦੋਸਤ ਨਾਲ ਰਲ ਕੇ ਕੀਤਾ ਹੈ। ਪੁਲੀਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਲਿਆ ਹੈ ਅਤੇ ਉਨ੍ਹਾਂ ਵੱਲੋਂ ਲੁੱਟੇ ਗਏ ਬਜ਼ੁਰਗ ਔਰਤ ਦੇ ਟੌਪਸ ਤੇ ਸੋਨੇ ਦੀਆਂ ਵੰਗਾਂ ਬਰਾਮਦ ਕਰ ਲਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਘਰ ਵਿੱਚੋਂ ਚੋਰੀ ਕੀਤੇ ਗਏ 4 ਲੱਖ 50 ਹਜ਼ਾਰ ਰੁਪਏ ਵਿੱਚੋਂ 4 ਲੱਖ 23 ਹਜ਼ਾਰ 500 ਰੁਪਏ ਵੀ ਬਰਾਮਦ ਕਰ ਲਏ ਹਨ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਵੱਲੋਂ ਇਸ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਡੀਐੱਸਪੀ (ਸਿਟੀ) ਰਜਿੰਦਰ ਮਨਹਾਸ, ਡੀਐੱਸਪੀ (ਡੀ) ਮੰਗਲ ਸਿੰਘ, ਮੁਖੀ ਥਾਣਾ ਡਵੀਜ਼ਨ ਨੰਬਰ-2, ਇੰਚਾਰਜ ਸੀਆਈਏ ਸਟਾਫ ਅਤੇ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਦੀ ਅਗਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ ਗਿਆ ਅਤੇ ਇਸ ਟੀਮ ਨੂੰ ਟੈਕਨੀਕਲ ਆਧਾਰ ’ਤੇ ਮਾਮਲੇ ਨੂੰ ਜਲਦੀ ਹੱਲ ਕਰਨ ਵਿੱਚ ਸਫਲਤਾ ਹਾਸਲ ਹੋਈ।
ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਰਾਮ ਪ੍ਰਸਾਦ ਉਰਫ ਰਾਮੂ ਮ੍ਰਿਤਕਾ ਬਜ਼ੁਰਗ ਮਹਿਲਾ ਨੀਲਮ ਸ਼ਰਮਾ ਦੇ ਦਿਓਰ ਦਾ ਬੇਟਾ ਹੈ। ਇਸ ਦੇ ਕਹਿਣ ’ਤੇ ਹੀ ਦੂਸਰੇ ਮੁਲਜ਼ਮ ਨਾਨਕ ਦੇਵ ਉਰਫ ਨਾਨਕੂ ਵੱਲੋਂ ਕਤਲ ਤੋਂ ਇੱਕ ਦਿਨ ਪਹਿਲਾਂ ਮ੍ਰਿਤਕਾ ਦੇ ਘਰ ਦੇ ਏਰੀਏ ਦੀ ਰੈਕੀ ਕੀਤੀ ਗਈ। ਮੁਲਜ਼ਮ ਰਾਮ ਪ੍ਰਸਾਦ ਉਰਫ ਰਾਮੂ ਚਿਹਰਾ ਢੱਕ ਕੇ ਛੱਤ ਰਾਹੀਂ ਮ੍ਰਿਤਕਾ ਦੇ ਘਰ ਦਾਖਲ ਹੋਇਆ ਅਤੇ ਨਾਨਕ ਦੇਵ ਉਰਫ ਨਾਨਕੂ ਗੇਟ ਰਾਹੀਂ ਘਰ ਅੰਦਰ ਦਾਖਲ ਹੋਇਆ। ਮ੍ਰਿਤਕਾ ਨੀਲਮ ਸ਼ਰਮਾ ਬਜ਼ੁਰਗ ਹੋਣ ਕਰਕੇ ਮੁਲਜ਼ਮਾਂ ਦਾ ਜ਼ਿਆਦਾ ਵਿਰੋਧ ਨਾ ਕਰ ਸਕੀ ਅਤੇ ਮੁਲਜ਼ਮਾਂ ਵੱਲੋਂ ਮ੍ਰਿਤਕ ਦਾ ਮੂੰਹ ਬੰਦ ਕਰ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮੁਲਜ਼ਮ ਰਾਮ ਪ੍ਰਸਾਦ ਦਾ ਆਪਣਾ ਕੋਈ ਕਾਰੋਬਾਰ ਨਹੀਂ ਹੈ ਅਤੇ ਪੈਸਿਆਂ ਦੀ ਥੁੜ੍ਹ ਹੋਣ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰਾਮ ਪ੍ਰਸਾਦ ਨੂੰ ਇਹ ਪਤਾ ਸੀ ਕਿ ਮ੍ਰਿਤਕਾ ਨੀਲਮ ਸ਼ਰਮਾ ਨੇ ਆਪਣੀ ਜ਼ਮੀਨ ਵੇਚੀ ਹੈ ਅਤੇ ਜ਼ਮੀਨ ਵੇਚਣ ਤੋਂ ਬਾਅਦ ਇਸ ਦੇ ਘਰ ਵਿੱਚ ਪੈਸੇ ਪਏ ਹੋ ਸਕਦੇ ਹਨ।
ਨੌਜਵਾਨ ਦਾ ਕਤਲ ਕਰਨ ਵਾਲੇ ਤਿੰਨ ਗ੍ਰਿਫਤਾਰ
ਸ਼ਾਹਕੋਟ (ਪੱਤਰ ਪ੍ਰੇਰਕ): ਪਿੰਡ ਉੱਗੀ ਵਿੱਚ ਬੁੱਧਵਾਰ ਨੂੰ ਇਕ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ਵਿੱਚ ਸ਼ਾਮਿਲ 3 ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਚੌਕੀ ਉੱਗੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਨੌਜਵਾਨਾਂ ਦੇ 2 ਗੁੱਟਾਂ ਵਿੱਚ ਹੋਈ ਖੂਨੀ ਝੜਪ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦੀ ਵਾਸੀ ਕਾਲਾ ਸੰਘਿਆ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਜਤਿੰਦਰ ਕੁਮਾਰ ਵਾਸੀ ਕੁਲਾਰ ਗੰਭੀਰ ਜ਼ਖਮੀ ਹੋ ਗਿਆ ਸੀ, ਜੋ ਇਸ ਸਮੇਂ ਜਲੰਧਰ ਦੇ ਕਿਸੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੀ ਪੜਤਾਲ ਕਰਦਿਆਂ ਉਕਤ ਵਾਰਦਾਤ ਵਿੱਚ ਸ਼ਾਮਿਲ ਗੁਰਪਾਲ ਸਿੰਘ, ਬਲਕਾਰ ਸਿੰਘ ਵਾਸੀਆਨ ਸਿੱਧਵਾਂ ਦੋਨਾ (ਕਪੂਰਥਲਾ) ਅਤੇ ਨਜੀਰ ਗੁੱਜਰ ਵਾਸੀ ਅਵਾਦਾਨ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੰਨ੍ਹਾਂ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਮਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਥਿਤ ਮੁਲਜ਼ਮਾਂ ਵੱਲੋਂ ਵਾਰਦਾਤ ਵਿਚ ਵਰਤੀ ਸਵਿਫਟ ਕਾਰ, 2 ਮੌਜਰ 32 ਬੋਰ, 8 ਰੌਂਦ ਅਤੇ 2 ਦਾਤਰ ਵੀ ਬਰਾਮਦ ਕੀਤੇ ਹਨ।
ਲੁਟੇਰਾ ਲੁੱਟ-ਖੋਹ ਦੇ ਸਾਮਾਨ ਸਣੇ ਕਾਬੂ
ਭੋਗਪੁਰ (ਪੱਤਰ ਪ੍ਰੇਰਕ): ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕਰ ਕੇ ਉਸ ਕੋਲੋਂ ਵੱਡੀ ਮਾਤਰਾ ਵਿੱਚ ਲੁੱਟਿਆ ਸਾਮਾਨ ਬਰਾਮਦ ਕੀਤਾ। ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਜੰਗੀਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ ਉੱਪਰ ਕਿਸ਼ਨਗੜ੍ਹ ਤੋਂ ਆਪਣੇ ਪਿੰਡ ਜੰਡੀਰ ਜਾ ਰਿਹਾ ਸੀ ਤਾਂ ਪਿੰਡ ਦੇ ਨੇੜੇ ਦੋ ਸਕੂਟਰੀ ਸਵਾਰਾਂ ਨੇ ਉਸ ਨੂੰ ਪਿੱਛੋਂ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ, ਇੱਕ ਸਮਰਾਟ ਘੜੀ ਅਤੇ ਪੈਸੇ ਖੋ ਕੇ ਰਫੂ ਚੱਕਰ ਹੋ ਗਏ। ਇੰਸਪੈਕਟਰ ਵਿਰਕ ਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਪਾਰਟੀ ਨੇ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲੀਸ ਕਰਮੀਆਂ ਨੇ ਇੱਕ ਲੁਟੇਰੇ ਅਜੇ ਕੁਮਾਰ ਵਾਸੀ ਕਾਲੂਵਾਹਰ ਥਾਣਾ ਬੁਲ੍ਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਖੇਤਾਂ ਵਿੱਚੋਂ ਗ੍ਰਿਫਤਾਰ ਕਰ ਕੇ ਉਸ ਪਾਸੋਂ ਦਾਤਰ, ਛੇ ਮੋਬਾਈਲ ਫੋਨ, ਇੱਕ ਸਮਾਰਟ ਘੜੀ ਅਤੇ ਇੱਕ ਸਕੂਟਰੀ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ।