ਕੋਲਕਾਤਾ ਕਾਂਡ: ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਰੋਸ ਵਿਖਾਵਾ
ਸੁਰਜੀਤ ਮਜਾਰੀ
ਬੰਗਾ, 25 ਅਗਸਤ
ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਕੋਲਕਾਤਾ ਕਾਂਡ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ। ਸੰਸਥਾ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਟਰੇਨੀ ਡਾਕਟਰ ਨਾਲ ਕੀਤੇ ਇਸ ਅਣਮਨੁੱਖੀ ਤਸ਼ੱਦਦ ਨੂੰ ਬੇਹੱਦ ਮੰਦਭਾਗਾ ਦੱਸਿਆ। ਹਾਜ਼ਰੀਨ ਨੇ ਉਕਤ ਦੁਖਾਂਤ ਸਬੰਧੀ ਦੋ ਮਿੰਟ ਦਾ ਮੌਨ ਧਾਰਿਆ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਕਿਹਾ ਕਿ ਦਰਿੰਦਗੀ ਦਾ ਇਹ ਦੁਖਾਂਤ ਦੇਸ਼ ਦੀ ਮਰਿਯਾਦਾ ਨੂੰ ਵੱਡੀ ਢਾਹ ਲਾ ਗਿਆ ਜਿਸ ਪ੍ਰਤੀ ਸਮੂਹਿਕ ਤੌਰ ’ਤੇ ਗਹਿਰੀ ਚਿੰਤਾ ਦੀ ਲੋੜ ਹੈ। ਸੰਸਥਾ ਦੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ ਅਤੇ ਰਜਨੀ ਸ਼ਰਮਾ ਨੇ ਵੀ ਇਸ ਦੁਖਾਂਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੌਕੇ ਦੌਰ ਨੂੰ ਬਰਾਬਰੀ ਦਾ ਦੌਰ ਦੱਸ ਕੇ ਅਸੀਂ ਮਹਿਲਾਵਾਂ ਨੂੰ ਮਰਦਾਂ ਦੇ ਬਰਾਬਰ ਸਨਮਾਨ ਦੀਆਂ ਗੱਲਾਂ ਕਰ ਰਹੇ ਹਾਂ ਪਰ ਹਕੀਕੀ ਰੂਪ ਵਿੱਚ ਉਕਤ ਵਰਤਾਰੇ ਨੇ ਸਮਾਜ ਦੇ ਔਰਤਾਂ ਪ੍ਰਤੀ ਵਰਤਾਰੇ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੰਸਥਾ ਦੇ ਅਹੁਦੇਦਾਰਾਂ ਨੇ ਕੋਲਕਾਤਾ ਕਾਂਡ ਖਿਲਾਫ਼ ਲਿਖੀ ਇਬਾਰਤ ਵਾਲੇ ਪੋਸਟਰ ਫੜ ਕੇ ਰੋਸ ਦਾ ਇਜ਼ਹਾਰ ਕੀਤਾ ਅਤੇ ਮਤਾ ਪਾ ਕੇ ਉਕਤ ਕਾਂਡ ਦੇ ਦੋਸ਼ੀਆ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਅਮਰ ਜਿੰਦ, ਦਵਿੰਦਰ ਸਕੋਹਪੁਰੀ, ਸੁਰਜੀਤ ਮਜਾਰੀ, ਰਾਜਿੰਦਰ ਜੱਸਲ, ਕੇਵਲ ਰਾਮ ਮਹੇ, ਰਾਮ ਨਾਥ ਕਰਟਾਰੀਆ, ਰੇਸ਼ਮ ਕਰਨਾਣਵੀ, ਦਵਿੰਦਰ ਬੇਗ਼ਮਪੁਰੀ, ਹਰਮਿੰਦਰ ਹੈਰੀ ਆਦਿ ਵੀ ਸ਼ਾਮਲ ਸਨ।