ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਵਿੱਚ ਸਿੱਖ ਰਾਜਨੀਤਕ ਲੀਡਰਸ਼ਿਪ ਦੀ ਜ਼ਰੂਰਤ

08:23 AM Jul 14, 2024 IST

ਭਾਈ ਅਸ਼ੋਕ ਸਿੰਘ ਬਾਗੜੀਆਂ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਹੋਏ ਧੜੇ ਦੀ ਅਗਵਾਈ ਕਰਨ ਲਈ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਰਤਾਂ ’ਤੇ ਸਹਿਮਤੀ ਦੇਣਾ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਧਾਰਮਿਕ ਲੀਡਰਸ਼ਿਪ ਵਿੱਚ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਪਰਪਾਟੀ ਸ਼ੁਰੂ ਹੋ ਜਾਵੇਗੀ ਜਿਸ ਵਿੱਚ ਜਥੇਦਾਰ ਧਾਰਮਿਕ ਸੰਸਥਾਵਾਂ ਦੀ ਅਗਵਾਈ ਛੱਡ ਕੇ ਰਾਜਨੀਤਕ ਅਹੁਦਿਆਂ ਵੱਲ ਤੱਕਣਾ ਸ਼ੁਰੂ ਕਰ ਦੇਣਗੇ। ਇਸ ਨਾਲ ਇਹ ਹੋਵੇਗਾ ਕਿ ਉਹ ਆਪਣੇ ਸੇਵਾ ਕਾਲ ਦੌਰਾਨ ਸਿਆਸਤਦਾਨਾਂ ਦੇ ਹਿੱਤ ਵਿੱਚ ਕੰਮ ਕਰਨਗੇ ਤਾਂ ਜੋ ਸੇਵਾਮੁਕਤੀ ਤੋਂ ਬਾਅਦ ਆਪ ਕਿਸੇ ਰਾਜਨੀਤਕ ਜਾਂ ਲਾਭਦਾਇਕ ਅਹੁਦੇ ’ਤੇ ਜਾ ਬਿਰਾਜਣ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਪਿਛਲੇ ਕੁਝ ਸਮੇਂ ਵਿੱਚ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਕਈ ਫ਼ੈਸਲੇ ਦਿੱਤੇ ਅਤੇ ਸੇਵਾਮੁਕਤ ਹੁੰਦਿਆਂ ਹੀ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨੂੰ ਕਈ ਅਹਿਮ ਅਹੁਦੇ ਦਿੱਤੇ। ਇਸ ਲਈ ਜਥੇਦਾਰ ਸਾਹਿਬ ਦੀ ਇਹ ਪੇਸ਼ਕਸ਼ ਗੰਭੀਰ ਵਿਚਾਰ ਵਟਾਂਦਰਾ ਮੰਗਦੀ ਹੈ।
ਇਹ ਵੀ ਸੱਚ ਹੈ ਕਿ ਪੰਜਾਬ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਹੁਣ ਕਿਸੇ ਸਿਆਣੇ ਲੀਡਰ ਦੀ ਅਸ਼ਦ ਜ਼ਰੂਰਤ ਹੈ ਜੋ ਪੰਜਾਬ ਤੇ ਸਿੱਖ ਮੁੱਦੇ ਨਾਲ-ਨਾਲ ਲੈ ਕੇ ਚੱਲ ਸਕੇ ਕਿਉਂਕਿ ਸਿੱਖ ਅਤੇ ਪੰਜਾਬ ਦੋਵੇਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਇਨ੍ਹਾਂ ਹਾਲਾਤ ਵਿੱਚ ਇਹ ਪ੍ਰਤੀਤ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਆਧਾਰ ਪੰਜਾਬ ਵਿੱਚ ਗੁਆ ਚੁੱਕਿਆ ਹੈ ਜਿਸ ਨਾਲ ਸੁਘੜ ਅਤੇ ਦੂਰਦਰਸ਼ੀ ਸਿੱਖ ਲੀਡਰਸ਼ਿਪ ਦਾ ਪਿੜ ਖਾਲੀ ਹੋ ਗਿਆ ਜਾਪਦਾ ਹੈ। ਪਿਛਲੇ ਕੁਝ ਸਮੇਂ ਵਿੱਚ ਇੱਕ ਚਿਹਰਾ ਅੰਮ੍ਰਿਤਪਾਲ ਸਿੰਘ ਉੱਭਰ ਰਿਹਾ ਸੀ, ਪਰ ਤਜਰਬੇ ਦੀ ਕਮੀ ਅਤੇ ਕੱਟੜ ਸਲਾਹਕਾਰਾਂ ਨੇ ਇਸ ਚਿਹਰੇ ਨੂੰ ਉਭਰਨ ਤੋਂ ਪਹਿਲਾਂ ਹੀ ਡੁਬੋ ਦਿੱਤਾ। ਚੰਗੇ ਭਾਗੀਂ ਕੁਦਰਤ ਨੇ ਉਸ ਨੂੰ ਪਾਰਲੀਮੈਂਟਰੀ ਚੋਣਾਂ ਵਿੱਚ ਜਿੱਤ ਦੇ ਰੂਪ ਵਿੱਚ ਲੀਡਰਸ਼ਿਪ ਦੇ ਖਲਾਅ ਨੂੰ ਭਰਨ ਦਾ ਇੱਕ ਹੋਰ ਮੌਕਾ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਹੀ ਦੂਸਰਾ ਚਿਹਰਾ ਸਰਬਜੀਤ ਸਿੰਘ ਦੇ ਰੂਪ ਵਿੱਚ ਉੱਭਰਿਆ ਹੈ। ਇਨ੍ਹਾਂ ਚਿਹਰਿਆਂ ਨੂੰ ਬਹੁਤ ਧੀਰਜ, ਸਬਰ ਸੰਤੋਖ ਨਾਲ ਚੱਲਦਿਆਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਪਹਿਲਾ ਇਹ ਕਿ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਅਤੇ ਇੱਕ ਜਮਹੂਰੀ ਮੁਲਕ ਦੇ ਵਾਸੀ ਹਾਂ ਜਿੱਥੇ ਹਥਿਆਰਾਂ ਨਾਲ ਮਸਲੇ ਮੁਕਾਉਣ ਅਤੇ ਲੜਾਈ ਝਗੜੇ ਕਰਨ ਦੀ ਕੋਈ ਜਗ੍ਹਾ ਨਹੀਂ। ਇੱਥੇ ਮੁਸ਼ਕਿਲਾਂ ਦਾ ਹੱਲ ‘ਟੇਬਲ-ਟਾਕ’ (ਗੱਲਬਾਤ) ਰਾਹੀਂ ਲੱਭਿਆ ਜਾਂਦਾ ਹੈ। ਦੂਜਾ, ਸਿੱਖ ਇੱਕ ‘ਘੱਟਗਿਣਤੀ ਕੌਮ’ ਹੈ, ਇਸ ਲਈ ਦੂਸਰੀਆਂ ਕੌਮਾਂ ਨਾਲ ਭਾਈਚਾਰੇ ਨਾਲ ਮਿਲਜੁਲ ਕੇ ਰਹਿਣਾ ਅਤੇ ਅਜਿਹਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਕਿ ਦੂਸਰਾ ਭਾਈਚਾਰਾ ਔਖੇ ਸਮੇਂ ਸਿੱਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇ। ਤੀਜਾ, ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਹੋਰ ਭਾਈਚਾਰੇ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਉਹ ਵੀ ਪੰਜਾਬ ਦੇ ਓਨੇ ਹੀ ‘ਦਾਅਵੇਦਾਰ’ ਹਨ ਜਿੰਨੇ ਸਿੱਖ। ਚੌਥਾ, ਭਾਰਤ ਦਾ ਸੰਵਿਧਾਨ ‘ਘੱਟਗਿਣਤੀਆਂ’ ਨੂੰ ਬਹੁਤ ਸਾਰੇ ਹੱਕ ਦਿੰਦਾ ਹੈ ਜਿਸ ਨਾਲ ਭਾਰਤ ਦੀ ਕੋਈ ਵੀ ਸੱਤਾਧਾਰੀ ਧਿਰ ਸਿੱਖਾਂ ਜਾਂ ਸਿੱਖੀ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾ ਸਕਦੀ, ਬਸ਼ਰਤੇ ਅਸੀਂ ਆਪਣੇ ਆਪ ਨੂੰ ‘ਘੱਟਗਿਣਤੀ ਅਤੇ ਵੱਖਰਾ ਧਰਮ’ ਤਸਲੀਮ ਕਰੀਏ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫ਼ਰਜ਼ ਵੀ ਓਨੀ ਹੀ ਸ਼ਿੱਦਤ ਨਾਲ ਨਿਭਾਵਾਂਗੇ। ਅਜੋਕੇ ਸਮੇਂ ਵਿੱਚ ਮਸਲੇ ‘ਕਲਮ’ ਨਾਲ ਹੱਲ ਕੀਤੇ ਜਾ ਸਕਦੇ ਹਨ ‘ਤਲਵਾਰ’ ਨਾਲ ਨਹੀਂ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੇ ਸਮੇਂ ਵਿੱਚ ਸਿੱਖਾਂ ਦਾ ਇੱਕ ਵੱਡਾ ਹਿੱਸਾ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵਸਦਾ ਹੈ। ਪੰਜਾਬ ਵਿੱਚ ਹੋਈ ਹਰ ਚੰਗੀ ਮੰਦੀ ਘਟਨਾ ਦਾ ਅਸਰ ਉਨ੍ਹਾਂ ਉੱਤੇ ਪੈਂਦਾ ਹੈ।
ਇਹ ਨੌਜਵਾਨ ਚਿਹਰੇ ਪੰਜਾਬ ਵਿੱਚ ਸਿੱਖ ਲੀਡਰਸ਼ਿਪ ਨੂੰ ਅਗਵਾਈ ਦੇ ਸਕਦੇ ਹਨ, ਬਸ਼ਰਤੇ ਕਿ ਉਨ੍ਹਾਂ ਨੂੰ ਚੰਗੀ ਰਹਿਨੁਮਾਈ ਅਤੇ ਚੰਗੇ ਸਲਾਹਕਾਰ ਮਿਲਣ। ਅੱਜ ਦੇ ਸਮੇਂ ਵਿੱਚ ਕੱਟੜਤਾ ਲਈ ਕੋਈ ਸਥਾਨ ਨਹੀਂ। ਸਿੱਖੀ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਸਿੱਖੀ ਦੇ ਪ੍ਰਚਾਰ ਲਈ ਰੋਲ ਮਾਡਲ ਦੀ ਜ਼ਰੂਰਤ ਹੈ। ਇਸ ਲਈ ਰੋਲ ਮਾਡਲ ਵਿੱਚ ਸਿੱਖੀ ਦੇ ਸਾਰੇ ਗੁਣਾਂ ਜਿਵੇਂ ਕਿ ਨਿਰਮਤਾ, ਪਿਆਰ, ਆਪਣਾਪਣ, ਸਤਿਕਾਰ, ਸੱਚ ਨਾਲ ਬਿਨਾਂ ਭੇਦਭਾਵ ਖੜ੍ਹਨ ਅਤੇ ਮੁਸੀਬਤ ਵਿੱਚ ਦੂਸਰੇ ਦੀ ਬਾਂਹ ਫੜਨ ਦੀ ਦ੍ਰਿੜ੍ਹਤਾ ਅਤੇ ਦੂਰਦ੍ਰਿਸ਼ਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਰੇ ਗੁਣ ਅੱਜ ਦੇ ਸਿੱਖ ਲੀਡਰਾਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ। ਜੇ ਕੁਝ ਨਜ਼ਰ ਆਉਂਦਾ ਹੈ ਤਾਂ ਸਿਰਫ਼ ਕੁਰਸੀ ਦੀ ਭੁੱਖ ਹੀ ਨਜ਼ਰ ਆਉਂਦੀ ਹੈ।
ਪੰਜਾਬ ਇਸ ਵਕਤ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਜਿਸ ਵਿੱਚ ਧਰਤੀ ਹੇਠ ਖ਼ਤਮ ਹੋ ਰਹੇ ਪਾਣੀ ਦੀ ਸਮੱਸਿਆ ਸਭ ਤੋਂ ਅਹਿਮ ਹੈ। ਇਸ ਤੋਂ ਇਲਾਵਾ ਨਸ਼ੇ, ਨੌਜਵਾਨੀ ਦਾ ਵਿਦੇਸ਼ਾਂ ਵਿੱਚ ਜਾਣਾ, ਪਰਵਾਸੀਆਂ ਦੇ ਆਉਣ ਨਾਲ ਪੰਜਾਬ ਦੇ ਜਨਅੰਕੜੇ ਬਦਲਣੇ, ਕੇਂਦਰ ਸਰਕਾਰਾਂ ਵੱਲੋਂ ਪੰਜਾਬ ਨਾਲ ਮਤਰੇਆ ਸਲੂਕ ਆਦਿ ਸ਼ਾਮਲ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਬਹੁਤ ਹੀ ਸੁੱਘੜ ਸਿਆਣੀ ਸਿੱਖ ਲੀਡਰਸ਼ਿਪ ਦੀ ਲੋੜ ਹੈ, ਪਰ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਅਲੱਗ ਅਲੱਗ ਹੋਣੀ ਚਾਹੀਦੀ ਹੈ ਅਤੇ ਰਾਜਨੀਤਕ ਲੀਡਰਸ਼ਿਪ ਨੂੰ ਧਰਮ ਦੇ ਅਧੀਨ ਹੋ ਕੇ ਆਪਣਾ ਕਾਰ-ਵਿਹਾਰ ਕਰਨਾ ਪਵੇਗਾ। ਸਿੱਖ ਜਗਤ ਨੂੰ ਬਹੁਤ ਹੀ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਇਤਿਹਾਸਕ ਗ਼ਲਤੀਆਂ ਤੋਂ ਸਬਕ ਲੈਣਾ ਉੱਭਰ ਰਹੀ ਲੀਡਰਸ਼ਿਪ ਲਈ ਬਹੁਤ ਜ਼ਰੂਰੀ ਹੈ ਤਾਂ ਜੋ 1984 ਵਾਲੇ ਮਾਹੌਲ ਤੋਂ ਬਚਿਆ ਜਾ ਸਕੇ।

Advertisement

ਸੰਪਰਕ: 98140-95308

Advertisement
Advertisement
Advertisement