ਮਜ਼ਹਬੀ ਤੰਗਨਜ਼ਰੀ ਤੋਂ ਮੁਕਤੀ ਦੀ ਲੋੜ
ਨੀਰਾ ਚੰਢੋਕ
ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਜੇਕਰ ਆਮ ਚੋਣਾਂ ਜਿੱਤਦੀ ਹੈ ਤਾਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਨਿਯਮਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਲਾਗੂ ਕਰਨ ਦੀ ਵਾਰੀ ਆਵੇਗੀ। ਭਾਰਤ ’ਚ ਸ਼ਰਨ ਚਾਹੁੰਦੇ ਗ਼ੈਰ-ਮੁਸਲਮਾਨਾਂ ਨੂੰ ਆਸਰਾ ਮਿਲ ਜਾਵੇਗਾ ਜਦੋਂਕਿ ਜਿਨ੍ਹਾਂ ਮੁਸਲਿਮ ਪਰਵਾਸੀਆਂ/ਸ਼ਰਨਾਰਥੀਆਂ ਕੋਲ ਢੁੱਕਵੇਂ ਦਸਤਾਵੇਜ਼ ਨਹੀਂ ਹੋਣਗੇ, ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ। ਹਾਲਾਂਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸੀਏਏ ਕਿਸੇ ਭਾਰਤੀ ਦੀ ਨਾਗਰਿਕਤਾ ਨਹੀਂ ਖੋਹੇਗਾ। ਸੀਏਏ ਦੇ ਨਿਯਮਾਂ ’ਤੇ ਰੋਕ ਮੰਗਦੀਆਂ ਪਟੀਸ਼ਨਾਂ ਦਾ ਜਵਾਬ ਦੇਣ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਨ੍ਹਾਂ ਅਰਜ਼ੀਆਂ ’ਚ ਕਾਨੂੰਨ ਦੀ ਸੰਵਿਧਾਨਿਕ ਪ੍ਰਮਾਣਿਕਤਾ ਨੂੰ ਚੁਣੌਤੀ ਦਿੱਤੀ ਗਈ ਹੈ।
ਮੁਸਲਿਮ ਸਮੂਹਾਂ ’ਚ ਬਣੇ ਭੈਅ ਤੇ ਖ਼ਦਸ਼ਿਆਂ ਵਿਚੋਂ ਅਜੋਕੇ ਭਾਰਤ ਦਾ ਮਾਯੂਸ ਅਕਸ ਝਲਕਦਾ ਹੈ। ਆਪਣੀ ਕਿਤਾਬ ‘ਬਿਓਂਡ ਤੁਰਕ ਐਂਡ ਹਿੰਦੂ’ ਦੀ ਜਾਣ-ਪਛਾਣ ’ਚ ਡੇਵਿਡ ਗਿਲਮਾਰਟਿਨ ਤੇ ਬਰੂਸ ਲਾਰੈਂਸ ਸਵਾਲ ਕਰਦੇ ਹਨ, ‘ਮੁਸਲਮਾਨ ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਦੱਖਣੀ ਏਸ਼ੀਆ ਦਾ ਅਨਿੱਖੜਵਾਂ ਅੰਗ ਰਹੇ ਹਨ। ਫਿਰ ਉਨ੍ਹਾਂ ਨੂੰ ਮੂਲ ਵਾਸੀਆਂ ਵਜੋਂ ਪਰਿਭਾਸ਼ਿਤ ਕਰਨ ’ਚ ਐਨੀ ਔਖ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ?’ ਇਹ ਦਿਲ ਤੋੜਨ ਵਾਲਾ ਹੈ ਕਿਉਂਕਿ ਭਾਸ਼ਾਵਾਂ, ਰਵਾਇਤਾਂ, ਇਬਾਦਤ ਦੇ ਤਰੀਕਿਆਂ, ਖਾਣ-ਪੀਣ, ਆਦਤਾਂ ਤੇ ਮਾਨਸਿਕਤਾਵਾਂ ਦਾ ਰਲੇਵਾਂ ਸਾਡੀ ਸਾਂਝੀ ਵਿਰਾਸਤ ਹੈ। ਹਿੰਦੂ-ਇਸਲਾਮਿਕ ਰਲੇਵੇਂ ਨੇ ਸਾਡੇ ਸ਼ਬਦਾਂ, ਕਾਵਿ, ਕਲਾ, ਸੁੰਦਰਤਾ ਤੇ ਕਲਾਤਮਕਤਾ ਅਤੇ ਸੋਚ ਨੂੰ ਆਕਾਰ ਦਿੱਤਾ ਹੈ। ਇਕ ਸੱਭਿਆਚਾਰ ਨੂੰ ਦੂਜੇ ਤੋਂ ਵੱਖ ਕਰਨਾ ਤੇ ਉਸ ਨੂੰ ‘ਵਿਦੇਸ਼ੀ’ ਗਰਦਾਨ ਦੇਣਾ ਮੁਸ਼ਕਿਲ ਹੈ। ਕਿਸੇ ਸੱਭਿਆਚਾਰ ਨੂੰ ਬੇਗ਼ਾਨਾ ਬਣਾ ਕੇ ਪੇਸ਼ ਕਰਨ ਦੀ ਕੋਈ ਵੀ ਕੋਸ਼ਿਸ਼ ਇਤਿਹਾਸਕ ਤੇ ਬੌਧਿਕ ਤੌਰ ’ਤੇ ਬੇਈਮਾਨੀ ਹੈ। ਗੁਣੀ ਕਲਾਕਾਰ ਸਈਦ ਹੈਦਰ ਰਜ਼ਾ ਨੇ ਗਾਂਧੀ ਦੇ ਸਹਿਣਸ਼ੀਲਤਾ ਤੇ ਵਿਆਪਕਤਾ ਦੇ ਫਲਸਫ਼ੇ ਦੀ ਵਰਤੋਂ ਕਰਦਿਆਂ ਸ਼ਾਨਦਾਰ ਤਸਵੀਰਾਂ ਬਣਾਈਆਂ। ਉਨ੍ਹਾਂ ਦਾ ਕਾਰਜ ਦੂਜਿਆਂ ਦੇ ਦਰਦ ਪ੍ਰਤੀ ਸੰਵੇਦਨਾ, ਪ੍ਰਾਰਥਨਾ, ਸੱਚ ਤੇ ਅਮਨ-ਸ਼ਾਂਤੀ ਦੁਆਲੇ ਘੁੰਮਦਾ ਸੀ। ਉਨ੍ਹਾਂ ਦੀ ਜੀਵਨੀ ਲਿਖਣ ਵਾਲੀ ਯਸ਼ੋਧਰਾ ਡਾਲਮੀਆ ਮੁਤਾਬਕ, ਰਜ਼ਾ ਨੇ ਕਲਾਤਮਕ ਊਰਜਾ ਪੈਦਾ ਕਰਨ ਲਈ ਕਈ ਧਰਮਾਂ ਤੋਂ ਪ੍ਰੇਰਨਾ ਲਈ। ‘ਸਨਮਤੀ’ ਨਾਂ ਦੀ ਉਨ੍ਹਾਂ ਦੀ ਰਚਨਾ ਵਿਚ, ਕੇਂਦਰ ’ਚ ਗਹਿਰੇ ਚੱਕਰ (ਗੋਲੇ) ਵਿਚੋਂ ਅਧਿਆਤਮਕ ਰੂਪ ਝਲਕਦਾ ਹੈ, ਤੇ ਇਹ ਗਾਂਧੀ ਦੀ ਮਨਪਸੰਦ ਪ੍ਰਾਰਥਨਾ ਦੀ ਤਰਜਮਾਨੀ ਵੀ ਕਰਦਾ ਹੈ, ਜੋ ਕਹਿੰਦੀ ਹੈ ਕਿ ਅੱਲ੍ਹਾ ਤੇ ਈਸ਼ਵਰ ਇਕੋ ਰੱਬ ਦੇ ਦੋ ਨਾਂ ਹਨ। ਖ਼ੁਦ ਵੀ ਰੱਬ ’ਚ ਭਰੋਸਾ ਰੱਖਣ ਵਾਲੇ ਰਜ਼ਾ ਅਕਸਰ ਗਿਰਜਾਘਰਾਂ, ਮੰਦਰਾਂ ਤੇ ਮਸਜਿਦਾਂ ਵਿਚ ਜਾਂਦੇ, ਤੇ ਚਿੰਤਨ ਕਰਦੇ। ਸੋਚੋ, ਜੇਕਰ ਰਜ਼ਾ ਨੇ ਆਪਣੇ ਧਰਮ ਤੋਂ ਅਗਾਂਹ ਜਾ ਕੇ ਹੋਰਨਾਂ ਧਰਮਾਂ ਤੇ ਸ਼ਾਂਤੀਪੂਰਨ ਸਹਿ-ਹੋਂਦ ਬਾਰੇ ਗਾਂਧੀ ਦੇ ਸੁਨੇਹੇ ’ਤੇ ਗ਼ੌਰ ਨਾ ਕੀਤਾ ਹੁੰਦਾ ਕਲਾ ਦਾ ਫਲਸਫ਼ਾ ਕਿੰਨਾ ਮਾੜਾ ਤੇ ਪੱਛੜਿਆ ਹੋਇਆ ਹੁੰਦਾ। ਡਾਲਮੀਆ ਨੇ ਲਿਖਿਆ ਕਿ ਅਜੋਕੇ ਭਾਰਤ ’ਚ ਇਹ ਸਮਝ ਗੁਆਚ ਗਈ ਹੈ।
ਅੱਜ ਧਾਰਮਿਕ ਸੱਜੇਪੱਖੀਆਂ ਨੇ ‘ਕੇਵਲ ਹਿੰਦੂ’ ਦਾ ਖੋਖ਼ਲਾ ਰਾਗ਼ ਅਲਾਪ ਕੇ ਭਾਰਤੀ ਸਭਿਅਤਾ ’ਚ ਇਸਲਾਮਿਕ ਸੱਭਿਆਚਾਰਾਂ ਦੇ ਯੋਗਦਾਨ ਨੂੰ ਧੁੰਦਲਾ ਕਰ ਦਿੱਤਾ ਹੈ। ਇੱਥੇ ਇਹ ਭੁਲਾ ਦਿੱਤਾ ਗਿਆ ਹੈ ਕਿ ਕਿਸੇ ਦੀ ਹਿੰਦੂ ਅਤੇ ਮੁਸਲਮਾਨ ਵਜੋਂ ਸ਼ਨਾਖ਼ਤ ਕਰਨੀ, ਇਕ ਆਧੁਨਿਕ ਪ੍ਰਾਜੈਕਟ ਦਾ ਹਿੱਸਾ ਸੀ। ਬਸਤੀਵਾਦੀ ਯੁੱਗ ਤੋਂ ਪਹਿਲਾਂ ਦੇ ਭਾਰਤ ਵਿਚ ਲੋਕ ਆਪਣੀ ਜਾਣ-ਪਛਾਣ ਇਕ ਖੇਤਰ, ਇਕ ਜਾਤੀ ਜਾਂ ਇਕ ਭਾਸ਼ਾਈ ਸਮੂਹ ਦੇ ਬਾਸ਼ਿੰਦੇ ਵਜੋਂ ਕਰਵਾਉਂਦੇ ਸਨ। ਬਸਤੀਵਾਦੀ ਯੁੱਗ ਦੌਰਾਨ, ਹਿੰਦੂਵਾਦ ਨੂੰ ਬੱਝਵੇਂ ਢੰਗ ਨਾਲ ਪੇਸ਼ ਕੀਤਾ ਗਿਆ ਤੇ ਇਕ ਪੱਕੀ ਪਰਿਭਾਸ਼ਾ ਦਿੱਤੀ ਗਈ ਜਿਸ ਵਿਚ ਅਧਿਆਤਮ, ਉੱਪਰਲੀਆਂ ਜਾਤੀਆਂ, ਸੰਸਕ੍ਰਿਤੀਕਰਨ ਤੇ ਸਾਰ-ਤੱਤ ਨੂੰ ਥਾਂ ਮਿਲੀ। ਇਸਲਾਮ ਵੀ ਇਸੇ ਪ੍ਰਕਿਰਿਆ ਵਿਚੋਂ ਲੰਘਿਆ। ਵਿਆਪਕ ਪਛਾਣਾਂ ਉਸਰਨ ਕਾਰਨ ਸਾਂਝੀਆਂ ਸਮਾਜਿਕ ਰਵਾਇਤਾਂ ਤੇ ਰੋਜ਼ਮਰ੍ਹਾ ਦੀਆਂ ਭਾਸ਼ਾਵਾਂ ਹਾਸ਼ੀਏ ’ਤੇ ਧੱਕੀਆਂ ਗਈਆਂ। ਸਾਂਝੇ ਲੋਕ ਗੀਤ, ਕਥਾ, ਕਹਾਣੀਆਂ, ਵਿਸ਼ਵਾਸ, ਪ੍ਰਥਾਵਾਂ ਤੇ ਭਾਸ਼ਾਵਾਂ ਨੂੰ ਵਿਸਾਰ ਕੇ ਪਾਸੇ ਕਰ ਦਿੱਤਾ ਗਿਆ।
ਉਂਝ, ਹਾਲੇ ਵੀ ਬਹੁਤ ਕੁਝ ਹੈ ਜੋ ਦੋਵਾਂ ਫ਼ਿਰਕਿਆ ਨੂੰ ਜੋੜਦਾ ਹੈ। ਜਵਾਹਰ ਲਾਲ ਨਹਿਰੂ ਨੇ ਲਿਖਿਆ ਸੀ ਕਿ ਫਾਰਸੀ ਦੇ ਦਬਦਬੇ ਪਿੱਛੇ ਧਰਮ ਦੀ ਕੋਈ ਭੂਮਿਕਾ ਨਹੀਂ ਹੈ, ਤੇ ਇਸ ਨਾਲ ਸਬੰਧਿਤ ਭਾਸ਼ਾ ਅਤੇ ਰਵਾਇਤਾਂ ਹਜ਼ਾਰਾਂ ਸਾਲਾਂ ਦੇ ਸਮੇਂ ਦੌਰਾਨ ਭਾਰਤ ਆਈਆਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰੀ ਭਾਰਤ ’ਤੇ ਆਪਣੀ ਛਾਪ ਛੱਡੀ। ਪੂਰਬ ਦਾ ਫਰਾਂਸ ਮੰਨਿਆ ਜਾਂਦਾ ਫਾਰਸ (ਇਰਾਨ) ਆਪਣੇ ਸੱਭਿਆਚਾਰ ਤੇ ਭਾਸ਼ਾ ਨੂੰ ਗੁਆਂਢੀਆਂ ਤੱਕ ਫੈਲਾ ਰਿਹਾ ਸੀ। ਅਦਾਲਤ, ਰਿਕਾਰਡ ਰੱਖਣ, ਕਾਵਿ ਤੇ ਸਾਹਿਤ, ਉੱਚ ਵਰਗ ਅਤੇ ਸ਼ਾਸਤਰੀ ਵਿੱਦਿਆ ਦੀ ਭਾਸ਼ਾ ਫਾਰਸੀ ਸੀ। ਬੰਗਾਲੀ ਨਵਚੇਤਨਾ ਦੇ ਮੋਢੀ ਰਾਜਾ ਰਾਮ ਮੋਹਨ ਰਾਏ ਨੇ ਜਦੋਂ ਆਪਣਾ ਪਹਿਲਾ ਸਾਹਿਤਕ ਕਾਰਜ ‘ਤੁਹਫ਼ਤ-ਉਲ-ਮੁਵਾਹਿਦੀਨ’ ਪ੍ਰਕਾਸ਼ਿਤ ਕੀਤਾ ਤਾਂ ਉਨ੍ਹਾਂ ਇਸ ਦਾ ਵਿਸ਼ਾ-ਵਸਤੂ ਫਾਰਸੀ ਵਿਚ ਅਤੇ ਭੂਮਿਕਾ ਅਰਬੀ ਵਿਚ ਲਿਖੀ। ਇਸਲਾਮਿਕ ਰਾਜ ਦੌਰਾਨ ਪ੍ਰਫੁੱਲਿਤ ਹੋਈਆਂ ਭਗਤੀ ਤੇ ਸੂਫੀ ਲਹਿਰਾਂ ਨੂੰ ਹੀ ਲੈ ਲਓ। ਉਨ੍ਹਾਂ ਧਾਰਮਿਕ ਰਹੁ-ਰੀਤਾਂ ਤੇ ਧਰਮ ਗੁਰੂਆਂ ਨੂੰ ਖਾਰਜ ਕੀਤਾ, ਬਰਾਬਰਤਾ ਦਾ ਪ੍ਰਚਾਰ ਕੀਤਾ ਤੇ ਬ੍ਰਹਮ ’ਚ ਲੀਨ ਹੋਣ ਦੀ ਇੱਛਾ ਪ੍ਰਗਟ ਕੀਤੀ। ਸਾਧੂ-ਸੰਤਾਂ ਨੇ ਸਾਨੂੰ ਦਿਖਾਇਆ ਕਿ ਇਸਲਾਮ ਤੇ ਹਿੰਦੂ ਧਰਮ ਦੀਆਂ ਦਾਰਸ਼ਨਿਕ ਨੀਂਹਾਂ ਇਕੋ ਹੀ ਸਨ। ‘ਸੂਫੀ ਪੋਇਮਜ਼: ਏ ਮਿਡੀਵਲ ਐਂਥੋਲੌਜੀ’ ਜਿਸ ਦਾ ਸੰਕਲਨ ਤੇ ਤਰਜਮਾ ਮਾਰਟਿਨ ਲਿੰਗਜ਼ ਨੇ ਕੀਤਾ ਹੈ, ਦਾ ਕਹਿਣਾ ਹੈ ਕਿ ਸਰਬ-ਉਚ ਹਸਤੀ ਬਾਰੇ ਹਿੰਦੂ ਧਰਮ ਦੇ ਭਾਵ ਵਰਗੇ ਭਾਵ ਹੋਰਨਾਂ ਧਰਮਾਂ ਵਿਚ ਵੀ ਮਿਲਦੇ ਹਨ। ਇਸਲਾਮ ’ਚ, ਜਿੱਥੇ ਸੂਫੀਵਾਦ ਸਭ ਤੋਂ ਗਹਿਰਾ ਪਹਿਲੂ ਹੈ, ਉੱਥੇ ਸੱਚ ਨੂੰ ਮਨਸੂਰ ਅਲ-ਹਲਾਜ ਨੇ ਸ਼ਾਇਰੀ ’ਚ ਪਰੋਇਆ ਹੈ: ‘ਮੈਂ ਆਪਣੇ ਸਰਤਾਜ ਨੂੰ ਦਿਲ ਦੀ ਅੱਖ ਨਾਲ ਦੇਖਿਆ/ਮੈਂ ਕਿਹਾ: ‘ਤੂੰ ਹੈ ਕੌਣ?’ ਉਸ ਨੇ ਉੱਤਰ ਦਿੱਤਾ, ‘ਤੂੰ ਹੀ ਤੂੰ’’
ਵੱਖ-ਵੱਖ ਪਛਾਣ ਤੇ ਮੁਕਾਬਲੇ ਦਾ ਰਾਸ਼ਟਰਵਾਦ ਬਸਤੀਵਾਦੀ ਆਧੁਨਿਕਤਾ ਦੀ ਦੇਣ ਹਨ। ਇਸ ਨਾਲ ਅਲੱਗ-ਅਲੱਗ ਪਛਾਣਾਂ ਵਿਚਾਲੇ ਧੁੰਦਲੀਆਂ ਰੇਖਾਵਾਂ ਗੂੜ੍ਹੀਆਂ ਹੋਈਆਂ ਤੇ ਇਕ-ਦੂਜੇ ਦੇ ਵਿਰੋਧੀ ਧੜੇ ਪੈਦਾ ਕੀਤੇ ਗਏ। ਇਹ ਸ਼ਰਮ ਦੀ ਗੱਲ ਹੈ ਕਿ ਕਿਉਂਕਿ ਦੂਜੇ ਸਭਿਆਚਾਰਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਚੇਤਨਾ ਡੂੰਘੀ ਹੁੰਦੀ ਹੈ ਤੇ ਸਾਡੀ ਕਲਪਨਾ ਨੂੰ ਖੰਭ ਲੱਗਦੇ ਹਨ। ਅਸੀਂ ਆਜ਼ਾਦ ਹਾਂ ਕਿਉਂਕਿ ਅਸੀਂ ਉਨ੍ਹਾਂ ਬੰਧਨਾਂ ਤੋਂ ਉੱਪਰ ਉੱਠੇ ਹਾਂ ਜੋ ਸਾਨੂੰ ਦਬਾ ਰਹੇ ਸਨ, ਜਿਵੇਂ ਕਿ ਸੂਫੀ ਕਵੀ ਬੁੱਲ੍ਹੇ ਸ਼ਾਹ ਨੇ ਕੀਤਾ ਸੀ। ਉਨ੍ਹਾਂ ਚੇਤਿਆਂ ’ਚ ਵਸਣ ਵਾਲੇ ਸ਼ਬਦ ਕਹੇ: ‘‘ਬੁੱਲ੍ਹਾ ਕੀ ਜਾਣਾ ਮੈਂ ਕੌਣ... ਨਾ ਮੈਂ ਭੇਦ ਮਜ਼ਹਬ ਦਾ ਪਾਇਆ/ਨਾ ਮੈਂ ਆਦਮ ਹੱਵਾ ਜਾਇਆ/ਨਾ ਕੋਈ ਆਪਣਾ ਨਾਮ ਧਰਾਇਆ। ਦੂਜੇ ਪਾਸੇ, ਅਸੀਂ ਆਪਣੇ ਆਪ ਨੂੰ ਕਈ ਸੱਭਿਆਤਾਵਾਂ ਦਾ ਸੁਮੇਲ ਮੰਨਦੇ ਹਾਂ। ਉਰਦੂ ਦੇ ਸ਼ਾਇਰ ਹੁਸੈਨ ਹੈਦਰੀ ਨੇ ਲਿਖਿਆ: ‘ਮੇਰੇ ਏਕ ਨਹੀਂ, ਸੌ ਚਿਹਰੇ ਹੈਂ/ਸੌ ਰੰਗ ਕੇ ਹੈਂ ਕਿਰਦਾਰ ਮੇਰੇ/ਸੌ ਕਲਮ ਸੇ ਲਿਖੀ ਕਹਾਨੀ ਹੂੰ/ਮੈਂ ਜਿਤਨਾ ਮੁਸਲਮਾਨ ਹੂੰ ਭਾਈ/ਮੈਂ ਉਤਨਾ ਹਿੰਦੁਸਤਾਨੀ ਹੂੰ।’ ਅਸੀਂ ਉਹ ਭਾਰਤ ਚਾਹੁੰਦੇ ਹਾਂ ਜੋ ਸਾਨੂੰ ‘ਕੁਝ ਹੋਣ ਜਾਂ ਨਾ ਹੋਣ’ ਦੀ ਆਜ਼ਾਦੀ ਦੇਵੇ। ਜੋ ਕਿ ਅਸੀਂ ਉਦੋਂ ਹੀ ਹਾਸਿਲ ਕਰ ਸਕਦੇ ਹਾਂ ਜਦੋਂ ਅਸੀਂ ਘੜੀਆਂ ਗਈਆਂ ਭੇਦ-ਭਾਵ ਦੀਆਂ ਜੰਜ਼ੀਰਾਂ ਤੋਂ ਮੁਕਤ ਹੋਵਾਂਗੇ ਤੇ ਮੰਨਾਂਗੇ ਕਿ ਸਾਡੇ ਸਾਥੀ ਨਾਗਰਿਕ ਸਾਡੀ ਸਾਂਝੀ ਵਿਰਾਸਤ ਦਾ ਹਿੱਸਾ ਹਨ।
* ਲੇਖਕਾ ਰਾਜਨੀਤੀ ਸ਼ਾਸਤਰੀ ਹੈ।