ਮੌਜੂਦਾ ਸਮੇਂ ’ਚ ਮਜ਼ਬੂਤ ਤੇ ਸਮਰੱਥ ਹਵਾਈ ਫ਼ੌਜ ਦੀ ਲੋੜ: ਏਅਰ ਚੀਫ਼ ਮਾਰਸ਼ਲ
ਚੇਨੱਈ, 8 ਅਕਤੂਬਰ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਅੱਜ ਭਾਰਤੀ ਹਵਾਈ ਸੈਨਾ ਨੂੰ ਮੌਜੂਦਾ ਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਨੂੰ ਮੁੜ ਸੰਗਠਿਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਲਮੀ ਸੁਰੱਖਿਆ ਦਾ ਮਾਹੌਲ ਲਗਾਤਾਰ ਬਦਲ ਰਿਹਾ ਹੈ। ਉਨ੍ਹਾਂ ਕਿਹਾ, ‘‘ਮੌਜੂਦਾ ਸੰਘਰਸ਼ਾਂ ਨੇ ਇਕ ਮਜ਼ਬੂਤ ਅਤੇ ਸਮਰੱਥ ਹਵਾਈ ਸੈਨਾ ਦੀ ਲੋੜ ਨੂੰ ਦਰਸਾਇਆ ਹੈ। ਇਸ ਵਾਸਤੇ, ਭਾਰਤੀ ਹਵਾਈ ਸੈਨਾ ਨੂੰ ਸਾਡੇ ਕੌਮੀ ਹਿੱਤਾਂ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਅਚਨਚੇਤੀ ਸਥਿਤੀ ਤੋਂ ਨਿਪਟਣ ਲਈ ਤਿਆਰ ਰਹਿਣ ਦੀ ਲੋੜ ਹੈ।’’
ਭਾਰਤੀ ਹਵਾਈ ਸੈਨਾ ਦੇ 92ਵੇਂ ਸਾਲਾਨਾ ਦਿਵਸ ਸਮਾਰੋਹ ਮੌਕੇ ਇੱਥੋਂ ਨੇੜਲੇ ਤਾਂਬਰਮ ਸਥਿਤ ਹਵਾਈ ਸੈਨਾ ਸਟੇਸ਼ਨ ’ਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਹਵਾਈ ਸੈਨਾ ਮੁਖੀ ਨੇ ਕਿਹਾ, ‘‘ਲੀਕ ਤੋਂ ਹੱਟ ਕੇ ਸੋਚ ਦੇ ਨਾਲ ਨਵੀਨਤਮ ਤਕਨਾਲੋਜੀ ਨੂੰ ਅਪਨਾਉਣਾ, ਅੱਜ ਦੇ ਬਹੁਖੇਤਰੀ ਵਾਤਾਵਰਨ ਵਿੱਚ ਫੈਸਲਾਕੁਨ ਭੂਮਿਕਾ ਨਿਭਾਏਗਾ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹਵਾਈ ਸੈਨਾ ਨੇ ਜੰਗੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਆਪਣੇ ਪੇਸ਼ੇਵਰ ਰੁਖ਼ ਨੂੰ ਵਧਾਉਣ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਅਤੇ ਲਗਾਤਾਰ ਵਿਕਸਤ ਹੁੰਦੀ ਚੁਣੌਤੀਪੂਰਨ ਆਧੁਨਿਕ ਜੰਗ ਨੂੰ ਲੈ ਕੇ ਖ਼ੁਦ ਨੂੰ ਉਸ ਮੁਤਾਬਕ ਬਣਾਉਣ ਦੀ ਕੋਸ਼ਿਸ਼ ਕੀਤੀ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਹਵਾਈ ਸੈਨਾ ਦਿਵਸ ਅਤੇ ਹਵਾਈ ਸੈਨਾ ਦੇ ਮੌਜੂਦਾ ਯੋਧਿਆਂ ਦੀ ਹਿੰਮਤ ਤੇ ਬਹਾਦਰੀ ਨੂੰ ਸਨਮਾਨ ਦੇਣ, ਆਪਣਾ ਜੀਵਨ ਬਲੀਦਾਨ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ। -ਪੀਟੀਆਈ