ਅੰਬਰਾਂ ’ਤੇ ਲਿਖਿਆ ਨਾਂ ਬਲਕਾਰ ਸਿੰਘ ਡਕੌਂਦਾ
ਅੰਗਰੇਜ਼ ਸਿੰਘ ਮੁਹਾਲੀ
ਅੱਜ ਅਸੀਂ ਜਿਸ ਯੋਧੇ ਬਲਕਾਰ ਸਿੰਘ ਡਕੌਂਦਾ ਨੂੰ ਯਾਦ ਕਰਨ ਲੱਗੇ ਹਾਂ, ਉਹ ਨਿਵੇਕਲੇ ਇਨਸਾਨ ਸਨ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦਾ ਇਹ ਬਾਨੀ ਪ੍ਰਧਾਨ ਜਿੰਨਾ ਨਿਡਰ ਸੀ, ਉਸ ਤੋਂ ਵੀ ਵੱਧ ਸਿਆਣਾ ਸੀ। ਇਹ ਸਿਆਣਪ ਸਿਆਸੀ ਵਰਤਾਰਿਆਂ, ਸਮਾਜਿਕ ਆਰਥਿਕਤਾ ਅਤੇ ਇਨਸਾਨਾਂ ਨੂੰ ਸਮਝਣ ਦੀ ਸੀ। ਇਸ ਦੇ ਨਾਲ ਹੀ ਇਹ ਸਿਆਣਪ ਵਰਤੋਂ-ਵਿਹਾਰ ਅਤੇ ਆਪਣੀ ਦਲੀਲ ਨਾਲ ਵਿਰੋਧੀਆਂ ਨੂੰ ਕਾਇਲ ਕਰਨ ਦੀ ਵੀ ਸੀ।
ਬਲਕਾਰ ਸਿੰਘ ਦਾ ਜਨਮ ਪਟਿਆਲਾ ਜਿ਼ਲ੍ਹੇ ਦੇ ਪਿੰਡ ਡਕੌਂਦਾ ਵਿਚ ਵਿਰਸਾ ਸਿੰਘ ਅਤੇ ਹਰਬੰਸ ਕੌਰ ਦੇ ਘਰ ਹੋਇਆ। ਉਨ੍ਹਾਂ ਨੂੰ ਪੜ੍ਹਨ ਦਾ ਜਨੂਨ ਸੀ। ਸਕੂਲੀ ਪੜ੍ਹਾਈ ਦੇ ਨਾਲ ਨਾਲ ਅਖਬਾਰਾਂ ਦੀਆਂ ਸੰਪਾਦਕੀਆਂ ਅਤੇ ਰਸਾਲੇ ਪੜ੍ਹਨ ਦਾ ਸ਼ੌਕ ਸੀ। ਇਸੇ ਚੇਤਨਾ ਸਦਕਾ ਪਿੰਡ ਦੇ ਨੌਜਵਾਨਾਂ ਨਾਲ ਰਲ ਕੇ ਮਰਹੂਮ ਰੰਗਕਰਮੀ ਗੁਰਸ਼ਰਨ ਸਿੰਘ ਦੇ ਨਾਟਕ ਪਿੰਡ ਵਿਚ ਕਰਵਾਏ। ਕੁਝ ਸਮਾਂ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਵੀ ਕੰਮ ਕੀਤਾ। ਉਨ੍ਹੀਂ ਦਨਿੀਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਚੰਡੀਗੜ੍ਹ ਵਿਚ ਰਾਜਪਾਲ ਦਾ ਕਈ ਦਨਿ ਲਗਾਤਾਰ ਘਿਰਾਓ ਕੀਤਾ ਸੀ। ਉਸ ਵਕਤ ਬਲਕਾਰ ਸਿੰਘ ਵੀ ਕਿਸਾਨ ਸੰਘਰਸ਼ ਵਿਚ ਕੁੱਲਵਕਤੀ ਤੌਰ ’ਤੇ ਸ਼ਾਮਲ ਹੋ ਗਏ।
1993 ਵਿਚ ਜਦੋਂ ਕਿਸਾਨ ਜਥੇਬੰਦੀ ਅੰਦਰ ਚੋਣਾਂ ਲੜਨ ਦਾ ਮਤਾ ਪੇਸ਼ ਕੀਤਾ ਗਿਆ ਤਾਂ ਹੋਰ ਆਗੂਆਂ ਸਮੇਤ ਬਲਕਾਰ ਸਿੰਘ ਡਕੌਂਦਾ ਨੇ ਇਸ ਮਤੇ ਦਾ ਸਖਤ ਵਿਰੋਧ ਕੀਤਾ। ਇਸ ਤੋਂ ਬਾਅਦ ਗੈਰ-ਪਾਰਲੀਮਾਨੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਬਣਾਈ ਗਈ। ਬਿਜਲੀ ਵਰਗੀ ਤੇਜ਼ੀ ਨਾਲ ਸਿੱਖਣ ਅਤੇ ਸਿੱਖ ਕੇ ਲਾਗੂ ਕਰਨ ਦੀ ਨਿਡਰਤਾ ਕਾਰਨ ਉਹ ਛੇਤੀ ਹੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਪਹਿਲਾਂ ਜਿ਼ਲ੍ਹਾ ਪਟਿਆਲਾ ਦੇ ਅਤੇ ਫਿਰ ਪੰਜਾਬ ਦੇ ਜਨਰਲ ਸਕੱਤਰ ਬਣੇ।
ਜਦੋਂ ਮਾਨਸਾ ਜਿ਼ਲ੍ਹੇ ਦੇ ਪਿੰਡ ਰਾਇਪੁਰ ਵਿਚ ਗਰੀਬ ਕਿਸਾਨ ਦੀ ਜ਼ਮੀਨ ’ਤੇ ਸਰਪੰਚ ਨੇ ਜਬਰੀ ਕਬਜ਼ਾ ਕਰ ਲਿਆ ਤਾਂ ਕਿਸਾਨ ਦੀ ਜ਼ਮੀਨ ਵਾਪਸ ਦਿਵਾਉਣ ਲਈ ਜਥੇਬੰਦੀ ਨੇ ਘੋਲ ਦਾ ਐਲਾਨ ਕਰ ਦਿੱਤਾ। ਬਲਕਾਰ ਸਿੰਘ ਡਕੌਂਦਾ ਨੇ ਇਸ ਘੋਲ ਦੀ ਅਗਵਾਈ ਕੀਤੀ। ਜਥੇਬੰਦੀ ਨੇ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਛਡਵਾਉਣ ਦਾ ਐਲਾਨ ਕਰ ਕੇ ਰੈਲੀ ਰੱਖ ਦਿੱਤੀ ਪਰ ਸਰਕਾਰ ਨੇ ਭਾਰੀ ਫੋਰਸ ਲਾ ਕੇ ਕਿਸਾਨਾਂ ਨੂੰ ਰੋਕਣਾ ਚਾਹਿਆ। ਪਿੰਡ ਟਾਂਡੀਆਂ ਕੋਲ ਕਿਸਾਨਾਂ ਉੱਤੇ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। 50-60 ਕਿਸਾਨ ਸਖ਼ਤ ਫੱਟੜ ਹੋਏ; ਬਲਕਾਰ ਸਿੰਘ ਦੇ ਸਿਰ ਵਿਚ ਵੀ ਸੱਟ ਲੱਗੀ ਜਿਸ ਕਾਰਨ ਉਨ੍ਹਾਂ ਨੂੰ ਕਈ ਦਨਿ ਹਸਪਤਾਲ ਰਹਿਣਾ ਪਿਆ।
ਇਸ ਘੋਲ ਦੌਰਾਨ ਭਾਰੂ ਲੀਡਰਸ਼ਿਪ ਦੇ ਥਿੜਕਵੇਂ ਰੋਲ ਕਾਰਨ 2007 ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ)-ਪੰਜਾਬ ਹੋਂਦ ਵਿਚ ਆਈ ਅਤੇ ਬਲਕਾਰ ਸਿੰਘ ਡਕੌਂਦਾ ਇਸ ਦੇ ਬਾਨੀ ਪ੍ਰਧਾਨ ਬਣੇ। ਛੇਤੀ ਹੀ ਕੈਪਟਨ ਸਰਕਾਰ ਨੇ ਖੇਤੀ ਮੋਟਰਾਂ ਦੇ ਬਿੱਲ ਲਾਉਣ ਦਾ ਐਲਾਨ ਕਰ ਦਿੱਤਾ। ਬਲਕਾਰ ਸਿੰਘ ਦੀ ਪਹਿਲਕਦਮੀ ਸਦਕਾ ਪੰਜਾਬ ਦੀਆਂ 17 ਜਥੇਬੰਦੀਆਂ ਨੇ ਖੇਤੀ ਮੋਟਰਾਂ ’ਤੇ ਬਿੱਲ ਲਾਗੂ ਕਰਨ ਖਿ਼ਲਾਫ਼ ਸਾਂਝਾ ਘੋਲ ਲੜਨ ਦਾ ਐਲਾਨ ਕੀਤਾ ਅਤੇ ਜਗਰਾਓਂ ਮੰਡੀ ਵਿਚ ਵੱਡੀ ਸਾਂਝੀ ਰੈਲੀ ਰੱਖੀ। ਉੱਥੇ ਸਟੇਜ ਚਲਾਉਣ ਦਾ ਮਾਣ ਬਲਕਾਰ ਸਿੰਘ ਡਕੌਂਦਾ ਨੂੰ ਮਿਲਿਆ ਅਤੇ ਸਾਂਝੇ ਘੋਲ ਦੀ ਬਦੌਲਤ ਸਰਕਾਰ ਨੂੰ ਬਿੱਲ ਲਾਗੂ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ। ਇਸ ਘੋਲ ਦੀ ਜਿੱਤ ਨੇ ਬਲਕਾਰ ਸਿੰਘ ਡਕੌਂਦਾ ਦੀ ਇਸ ਸੋਚ ’ਤੇ ਮੋਹਰ ਲਾਈ ਕਿ ਸਾਂਝੀਆਂ ਮੰਗਾਂ ’ਤੇ ਸਾਂਝੇ ਘੋਲ ਲੜੇ ਜਾਣੇ ਚਾਹੀਦੇ ਹਨ।
ਬਲਕਾਰ ਸਿੰਘ ਡਕੌਂਦਾ ਪੜ੍ਹਨ ਲਿਖਣ ਦੀ ਮਹੱਤਤਾ ਨੂੰ ਬਾਖ਼ੂਬੀ ਪਛਾਣਦੇ ਸਨ। ਇਸੇ ਕਾਰਨ ਉਨ੍ਹਾਂ ਕਿਰਤੀ ਜਮਾਤ, ਖਾਸ ਕਰ ਕੇ ਕਿਸਾਨੀ ਕਿੱਤੇ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਵਾਚਿਆ। ਉਨ੍ਹਾਂ ਕਿਸਾਨੀ ਸੰਕਟ ਪਿੱਛੇ ਕੰਮ ਕਰਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਕਿ ਇਹ ਸਿਰਫ ਕਿਸਾਨੀ ਦਾ ਸੰਕਟ ਨਹੀ ਸਗੋਂ ਪੇਂਡੂ ਸੱਭਿਅਤਾ ਦਾ ਸੰਕਟ ਹੈ। ਇਸ ਸਿਆਣਪ ਕਾਰਨ ਹੀ ਉਨ੍ਹਾਂ ਦੀ ਪਛਾਣ ਜਿੱਥੇ ਕਿਸਾਨੀ ਸੰਘਰਸ਼ਾਂ ਦੇ ਮੋਹਰੀ ਆਗੂਆਂ ਵਜੋਂ ਬਣੀ, ਉੱਥੇ ਖੇਤੀ ਵਿਗਿਆਨੀ ਤੇ ਆਰਥਿਕ ਮਾਹਿਰ ਵੀ ਉਨ੍ਹਾਂ ਦੀ ਸਮਝ ਦੇ ਕਾਇਲ ਸਨ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੇ ਮੁੰਬਈ ਰਜਿਸਟੈਂਸ-2004 ਵਿਚ ਜਥੇਬੰਦੀ ਵੱਲੋਂ ਪਰਚੇ ਪੜ੍ਹੇ ਅਤੇ ਲੋਕ ਪੱਖੀ ਨਜ਼ਰੀਏ ਤੋਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੇ ਡਾਕਟਰਾਂ ਨਾਲ ਸੰਵਾਦ ਰਚਾਇਆ।
ਰਾਜਸੀ ਅਤੇ ਸਮਾਜਿਕ ਜਬਰ ਦੇ ਵਰਤਾਰਿਆਂ ਅਤੇ ਇਨ੍ਹਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦੀ ਸੂਝ, ਦ੍ਰਿੜਤਾ ਅਤੇ ਦਲੇਰੀ ਬੇਮਿਸਾਲ ਸੀ। ਜਦੋਂ 2005 ਵਿਚ ਕਿਰਨਜੀਤ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਆਗੂਆਂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਝੂਠੇ ਕੇਸ ਵਿਚ ਸੈਸ਼ਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਬਲਕਾਰ ਸਿੰਘ ਡਕੌਂਦਾ ਨੇ ਸਜ਼ਾ ਖਿਲਾਫ਼ ਲੜੇ ਘੋਲ ਵਿਚ ਅਹਿਮ ਭੂਮਿਕਾ ਨਿਭਾਈ। ਮਹਿਲ ਕਲਾਂ ਘੋਲ ਬਾਰੇ ਦਸਤਾਵੇਜ਼ੀ ਫਿਲਮ ਬਣਾਉਣ ਵਾਲੇ ਦਲਜੀਤ ਅਮੀ ਨੇ ਉਨ੍ਹਾਂ ਸਮਿਆਂ ਨੂੰ ਚੇਤੇ ਕਰਦਿਆਂ ਲਿਖਿਆ ਹੈ, “ਲੋਕ ਲਹਿਰ ਦੇ ਖਾਸੇ ਵਿਚ ਦ੍ਰਿੜਤਾ ਅਹਿਮ ਹੁੰਦੀ ਹੈ। ਅਸੀਂ ਇਸ ਔਖੀ ਘੜੀ ਵਿਚ ਲਹਿਰ ਵਿਚੋਂ ਦ੍ਰਿੜਤਾ ਵਾਲੀ ਸੁਰ ਲੱਭ ਰਹੇ ਸਾਂ। ਮੰਚ ਤੋਂ ਕੋਈ ਕਹਿ ਰਿਹਾ ਸੀ ਕਿ ਪੁਲੀਸ ਪ੍ਰਸ਼ਾਸਨ ਦੀਆਂ ਅੱਖਾਂ ਵਿਚ ਰੋੜਾਂ ਵਾਂਗ ਰੜਕਦੀ ਹੈ ਇਹ ਰੈਲੀ। ਅਸੀ ਵਾਰ ਵਾਰ ਕਰਾਂਗੇ ਰੈਲੀ, ਅਸੀਂ ਵੀਹ ਸਾਲ ਕਰਾਂਗੇ ਰੈਲੀ।... ਸਾਨੂੰ ਦ੍ਰਿੜਤਾ ਵਾਲੀ ਸੁਰ ਮਿਲ ਗਈ ਸੀ, ਚਿੱਟੀ ਦਾੜ੍ਹੀ ਅਤੇ ਕੁੜਤੇ ਪਜਾਮੇ ਵਾਲਾ ਇਹ ਬੰਦਾ ਬਲਕਾਰ ਸਿੰਘ ਡਕੌਂਦਾ ਸੀ।”
ਲੋਕ ਘੋਲਾਂ ਵਿਚ ਆਪਣੀਆਂ ਪੈੜਾਂ ਦੇ ਡੂੰਘੇ ਨਿਸ਼ਾਨ ਛੱਡਦਿਆਂ 13 ਜੁਲਾਈ 2010 ਨੂੰ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਪਤਨੀ ਫਤਹਿਗੜ੍ਹ ਸਾਹਬਿ ਨੇੜੇ ਹੋਏ ਸੜਕ ਹਾਦਸੇ ਵਿਚ ਸਰੀਰਕ ਵਿਛੋੜਾ ਦੇ ਗਏ। ਉਦੋਂ ਉਨ੍ਹਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਿਆਂ ਮਸਾਂ ਤਿੰਨ ਸਾਲ ਹੋਏ ਸਨ ਪਰ ਜਥੇਬੰਦੀ ਨੂੰ ਜਿਹੜਾ ਸੰਵਿਧਾਨ ਅਤੇ ਕਦਰਾਂ-ਕੀਮਤਾਂ ਇੰਨੇ ਸੀਮਤ ਸਮੇਂ ਵਿਚ ਦਿੱਤੀਆਂ, ਉਹ ਅੱਜ ਵੀ ਕਿਸਾਨੀ ਘੋਲਾਂ ਨੂੰ ਭਟਕਣ ਤੋਂ ਬਚਾਉਣ ਲਈ ਲੀਡਰਸਿ਼ਪ ਦੇ ਵਿਚਾਰ ਦੇ ਰੂਪ ਵਿਚ ਬੇਸ਼ਕੀਮਤੀ ਸਰਮਾਇਆ ਹਨ।
ਬਲਕਾਰ ਸਿੰਘ ਡਕੌਂਦਾ ਦਾ ਨਾਮ ਕਿਸਾਨੀ ਸਫ਼ਾਂ ਅੰਦਰ ਹੀ ਨਹੀ ਸਗੋਂ ਨਾ-ਇਨਸਾਫੀ ਤੇ ਲੁੱਟ, ਜਬਰ ਤੇ ਦਾਬੇ ਦੇ ਖਿ਼ਲਾਫ਼ ਲੜਦਿਆਂ ਨਵਾਂ ਲੋਕ ਪੱਖੀ ਪ੍ਰਬੰਧ ਸਿਰਜਣ ਲਈ ਜੂਝਣ ਵਾਲੇ ਕਾਫ਼ਲਿਆਂ ਲਈ ਧਰੂ ਤਾਰਾ ਬਣ ਕੇ ਜਗਮਗਾਉਂਦਾ ਰਹੇਗਾ। ਉਨ੍ਹਾਂ ਦਾ ਨਾਮ ਹੱਕ ਸੱਚ ਲਈ ਲੜਨ ਵਾਲੇ ਯੋਧਿਆਂ ਵਜੋਂ ਅੰਬਰਾਂ ’ਤੇ ਹਮੇਸ਼ਾ ਲਿਖਿਆ ਰਹੇਗਾ। ਸਾਥੀ ਬਲਕਾਰ ਸਿੰਘ ਡਕੌਂਦਾ ਦੇ ਹਕੀਕੀ ਵਾਰਸ ਅੱਜ ਸਮੁੱਚੇ ਪੰਜਾਬ ਵਿਚ ਉਸ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਅਹਿਦ ਕਰਨਗੇ।
ਸੰਪਰਕ: 95017-54051