ਨਗਰ ਸੁਧਾਰ ਟਰੱਸਟ ਨੇ ਨਾਜਾਇਜ਼ ਉਸਾਰੀਆਂ ਢਾਹੀਆਂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ- 19 ਜੁਲਾਈ
ਸਥਾਨਕ ਨਿਊ ਅੰਮ੍ਰਿਤਸਰ ਜਿਸ ਨੂੰ ਭਾਈ ਗੁਰਦਾਸ ਨਗਰ ਵੀ ਕਿਹਾ ਜਾਂਦਾ ਹੈ, ਵਿਖੇ ਅੱਜ ਨਗਰ ਸੁਧਾਰ ਟਰੱਸਟ ਵੱਲੋਂ ਸੜਕ ਕੰਢੇ ਨਾਜਾਇਜ਼ ਢੰਗ ਨਾਲ ਉਸਾਰੀਆਂ ਇਮਾਰਤਾਂ ਨੂੰ ਢਹਿ-ਢੇਰੀ ਕੀਤਾ ਗਿਆ ਹੈ। ਇਸ ਕਾਰਵਾਈ ਖ਼ਿਲਾਫ਼ ਲੋਕਾਂ ਵੱਲੋਂ ਆਵਾਜ਼ ਵੀ ਬੁਲੰਦ ਕੀਤੀ ਗਈ ਅਤੇ ਵਿਰੋਧ ਵੀ ਕੀਤਾ ਗਿਆ।
ਨਗਰ ਸੁਧਾਰ ਟਰੱਸਟ ਦੀ ਟੀਮ ਅੱਜ ਜੇਸੀਬੀ ਅਤੇ ਹੋਰ ਸਾਜ਼ੋ-ਸਾਮਾਨ ਲੈ ਕੇ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਪੁੱਜੀ ਜਿੱਥੇ ਪੁਲੀਸ ਦੀ ਮਦਦ ਨਾਲ ਉਨ੍ਹਾਂ ਨੇ ਘਰਾਂ ਦੇ ਬਾਹਰ ਲੋਕਾਂ ਵੱਲੋਂ ਸੜਕ ’ਤੇ ਬਣਾਏ ਗਏ ਥੜੇ ਅਤੇ ਹਰੀ ਪੱਟੀ ਆਦਿ ਖੇਤਰ ਨੂੰ ਹਟਾਇਆ। ਕਈ ਥਾਵਾਂ ’ਤੇ ਇਸ ਹਰੀ ਪੱਟੀ ਦੇ ਆਲੇ ਦੁਆਲੇ ਲੋਕਾਂ ਨੇ ਲੋਹੇ ਦੀਆਂ ਗਰਿੱਲਾਂ ਵੀ ਲਾਈਆਂ ਹੋਈਆਂ ਸਨ। ਕਈ ਥਾਵਾਂ ’ਤੇ ਦੀਵਾਰਾਂ ਬਣਾਈਆਂ ਹੋਈਆਂ ਸਨ ਜਿਸ ਨੂੰ ਜੇਸੀਬੀ ਮਸ਼ੀਨ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੇ ਟਰੱਸਟ ਦੀ ਇਸ ਕਾਰਵਾਈ ਦਾ ਸਖਤ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ ।
ਮਹਿਲਾ ਕਾਂਗਰਸ ਆਗੂ ਸ਼ਾਇਨੀ ਸ਼ਰਮਾ ਨੇ ਦੋਸ਼ ਲਾਇਆ ਕਿ ਟਰੱਸਟ ਦੀ ਇਹ ਕਾਰਵਾਈ ‘ਆਪ’ ਵਿਰੋਧੀ ਪਾਰਟੀਆਂ ਖ਼ਿਲਾਫ਼ ਹੈ। ਉਸਨੇ ਦੋਸ਼ ਲਾਇਆ ਕਿ ਇੱਥੇ ਏ ਤੇ ਬੀ ਬਲਾਕ ਨੂੰ ਛੱਡ ਕੇ ਸਿਰਫ ਉਸ ਦੀ ਰਿਹਾਇਸ਼ ਵਾਲੇ ਬਲਾਕ ਵਿੱਚ ਕਾਰਵਾਈ ਕੀਤੀ ਗਈ ਹੈ। ਇਲਾਕੇ ਦੇ ਲੋਕ ਇਸ ਕਾਰਵਾਈ ਦੇ ਖਿਲਾਫ ਅਦਾਲਤ ਵਿੱਚ ਜਾਣਗੇ। ਉਸਨੇ ਦੋਸ਼ ਲਾਇਆ ਕਿ ਇਹ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਾਰਵਾਈ ਹੈ। ਉਸ ਨੇ ਕਿਹਾ ਕਿ ਲੋਕਾਂ ਨੇ ਇੱਥੇ ਹਰੀ ਪੱਟੀ ਉਸਾਰੀ ਹੋਈ ਹੈ ਜੋ ਵਾਤਾਵਰਨ ਲਈ ਜ਼ਰੂਰੀ ਹੈ ਪਰ ਨਗਰ ਸੁਧਾਰ ਟਰਸਟ ਵੱਲੋਂ ਇਹ ਹਰੀ ਪੱਟੀ ਉਜਾੜ ਦਿੱਤੀ ਗਈ ਹੈ।
ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਇੱਥੇ ਇਸ ਇਲਾਕੇ ਵਿੱਚ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਦਾ ਵੀ ਘਰ ਹੈ ਪਰ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਉਸ ਇਲਾਕੇ ਵਿੱਚ ਵੀ ਲੋਕਾਂ ਨੇ ਇਸੇ ਤਰ੍ਹਾਂ ਘਰਾਂ ਦੇ ਬਾਹਰ ਹਰੀ ਪੱਟੀ ਬਣਾਈ ਹੋਈ ਹੈ। ਲੋਕਾਂ ਨੇ ਦੋਸ਼ ਲਾਇਆ ਕਿ ‘ਆਪ’ ਦੀ ਵਿਧਾਇਕਾ ਤੇ ਹੋਰ ਆਗੂ ਵੀ ਲੋਕਾਂ ਦੀ ਗੱਲ ਸੁਨਣ ਵਾਸਤੇ ਨਹੀਂ ਪੁੱਜੇ ਹਨ ਜਦੋਂਕਿ ਵੋਟਾਂ ਲੈਣ ਵੇਲੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਹਰ ਵੇਲੇ ਲੋਕਾਂ ਨਾਲ ਖੜੀ ਹੈ।
ਅਦਾਲਤ ਦੇ ਆਦੇਸ਼ਾਂ ’ਤੇ ਕੀਤੀ ਕਾਰਵਾਈ: ਟਰੱਸਟ
ਟਰੱਸਟ ਦੇ ਨਿਗਰਾਨ ਇੰਜਨੀਅਰ ਰਜੇਸ਼ ਗਰਗ ਨੇ ਕਿਹਾ ਕਿ ਇਹ ਕਾਰਵਾਈ ਅਦਾਲਤ ਦੇ ਆਦੇਸ਼ਾਂ ’ਤੇ ਕੀਤੀ ਗਈ। ਇਸ ਸਬੰਧੀ ਕਿਸੇ ਵਿਅਕਤੀ ਵੱਲੋਂ ਹਾਈ ਕੋਰਟ ਵਿੱਚ ਸੜਕਾਂ ’ਤੇ ਨਾਜਾਇਜ਼ ਉਸਾਰੀਆਂ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ’ਤੇ ਅਦਾਲਤ ਨੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਟਰਸਟ ਕਿਸੇ ਦਾ ਨੁਕਸਾਨ ਕਰਨਾ ਨਹੀਂ ਚਾਹੁੰਦਾ ਅਤੇ ਨਾ ਹੀ ਅਜਿਹਾ ਕੋਈ ਮੰਤਵ ਹੈ ਪਰ ਇਹ ਅਦਾਲਤ ਦੇ ਆਦੇਸ਼ਾਂ ’ਤੇ ਕਾਰਵਾਈ ਕੀਤੀ ਗਈ।