ਅੰਮ੍ਰਿਤਸਰ ਹਵਾਈ ਅੱਡੇ ’ਤੇ ਕਈ ਉਡਾਣਾਂ ਪ੍ਰਭਾਵਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜੁਲਾਈ
ਗਲੋਬਲ ਮਾਈਕਰੋਸਾਫਟ ਆਊਟੇਜ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਇੱਥੇ ਹਵਾਈ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਕਿਉਂਕਿ ਇਸ ਖਰਾਬੀ ਕਾਰਨ ਕਈ ਉਡਾਣਾਂ ਵਿੱਚ ਦੇਰੀ ਹੋਈ। ਇਸ ਨਾਲ ਬੈਂਕਿੰਗ, ਵਪਾਰਕ ਲੈਣ-ਦੇਣ ਅਤੇ ਹੋਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਅੰਮ੍ਰਿਤਸਰ-ਸ੍ਰੀਨਗਰ, ਦਿੱਲੀ-ਅੰਮ੍ਰਿਤਸਰ, ਬੈਂਗਲੂਰੂ ਅਤੇ ਲੰਡਨ ਸਮੇਤ ਛੇ ਉਡਾਣਾਂ ਦੇਰੀ ਨਾਲ ਚੱਲੀਆਂ ਹਨ। ਇਸ ਤੋਂ ਇਲਾਵਾ ਆਨਲਾਈਨ ਬੋਰਡਿੰਗ ਪਾਸ ਸੇਵਾ ਵੀ ਬੰਦ ਰਹੀ ਜਿਸ ਕਾਰਨ ਬੋਰਡਿੰਗ ਪਾਸਾਂ ਨੂੰ ਮੈਨੂਅਲ ਤਰੀਕੇ ਨਾਲ ਜਾਰੀ ਕੀਤਾ ਗਿਆ। ਕਪੂਰਥਲਾ ਵਾਸੀ ਇਕ ਵਿਅਕਤੀ ਇੱਥੇ ਏਅਰਪੋਰਟ ’ਤੇ ਆਪਣੀ ਬੇਟੀ ਨੂੰ ਲੈਣ ਆਇਆ ਸੀ, ਜੋ ਕਿ ਏਅਰ ਇੰਡੀਆ ਦੀ ਉਡਾਣ ਰਾਹੀਂ ਕੈਨੇਡਾ ਤੋਂ ਦਿੱਲੀ ਆ ਰਹੀ ਸੀ। ਇਹ ਫਲਾਈਟ ਸਮੇਂ ’ਤੇ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਗਈ ਸੀ ਪਰ ਇਹ ਸ਼ਾਮ 4 ਵਜੇ ਤੱਕ ਸਥਾਨਕ ਹਵਾਈ ਅੱਡੇ ’ਤੇ ਨਹੀਂ ਪਹੁੰਚੀ ਜਦੋਂ ਕਿ ਇਸ ਨੇ ਦੁਪਹਿਰ 2 ਵਜੇ ਇੱਥੇ ਉਤਰਨਾ ਸੀ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਸਥਾਨਕ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੰਪਿਊਟਰ ਵਿੱਚ ਨੁਕਸ ਆਉਣ ਕਾਰਨ ਇਹ ਮੁਸ਼ਕਿਲ ਆਈ ਹੈ। ਉਨ੍ਹਾਂ ਕਿਹਾ ਕਿ ਵਿੰਡੋਜ਼ 10 ’ਤੇ ਚੱਲਣ ਵਾਲੇ ਕੰਪਿਊਟਰ ਅਪਡੇਟ ਤੋਂ ਬਾਅਦ ਮੁੜ ਚਾਲੂ ਹੋਣ ’ਤੇ ਅਟਕ ਗਏ ਸਨ। ਕੁਝ ਏਅਰਲਾਈਨਾਂ ਨੇ ਮੈਨੂਅਲ ਕੰਮ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਦੇਰ ਲੱਗ ਰਹੀ ਸੀ ਅਤੇ ਸਾਰਾ ਕੰਮ ਪ੍ਰਭਾਵਿਤ ਹੋਇਆ। ਦੂਜੇ ਪਾਸੇ ਜੋ ਸੰਸਥਾਵਾਂ ਮਾਈਕਰੋਸਾਫਟ ਦੀ ਵਿੰਡੋਜ਼ 10 ਅਤੇ 11 ਦੀ ਵਰਤੋਂ ਨਹੀਂ ਕਰ ਰਹੀਆਂ ਸਨ, ਉਨ੍ਹਾਂ ਦਾ ਕੰਮ ਪ੍ਰਭਾਵਿਤ ਨਹੀਂ ਹੋਇਆ ਅਤੇ ਕੰਮ ਪਹਿਲਾਂ ਵਾਂਗ ਜਾਰੀ ਰਿਹਾ ਹੈ। ਇਕ ਬੈਂਕ ਮੈਨੇਜਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੌਮੀਕ੍ਰਿਤ ਅਤੇ ਨਿੱਜੀ ਬੈਂਕਾਂ ਦੀਆਂ ਲਗਪਗ 400 ਸ਼ਾਖਾਵਾਂ ਵਿੱਚ ਕਾਰੋਬਾਰੀ ਲੈਣ-ਦੇਣ ’ਤੇ ਮਾਈਕਰੋਸਾਫਟ ਦੀ ਆਊਟੇਜ ਦਾ ਕੋਈ ਅਸਰ ਨਹੀਂ ਹੋਇਆ ਹੈ ਕਿਉਂਕਿ ਇਹ ਸ਼ਾਖਾਵਾਂ ਵਿੰਡੋਜ਼ 10 ਅਤੇ 11 ਦੀ ਵਰਤੋਂ ਨਹੀਂ ਕਰਦੀਆਂ ਹਨ। ਇਸ ਦਾ ਅਸਰ ਉਨ੍ਹਾਂ ਏਟੀਐੱਮਜ਼ ’ਤੇ ਦੇਖਣ ਨੂੰ ਮਿਲਿਆ, ਜੋ ਇਨ੍ਹਾਂ ਵਿੰਡੋਜ਼ 10 ਅਤੇ 11 ਦੀ ਵਰਤੋਂ ਕਰਦੇ ਹਨ।