ਘੁੜਿਆਲ ਦੇ ਨੌਜਵਾਨ ਦੀ ਭੇਤ-ਭਰੀ ਮੌਤ
ਹਤਿੰਦਰ ਮਹਿਤਾ
ਜਲੰਧਰ, 15 ਸਤੰਬਰ
ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਘੁੜਿਆਲ ਦੇ ਨੌਜਵਾਨ ਦੀ ਭੇਤ-ਭਰੀ ਮੌਤ ’ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਥਾਣੇ ਆ ਕੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ। ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਅਸ਼ਵਨੀ ਕੁਮਾਰ ਦੇ ਪਿਤਾ ਗੋਵਿੰਦ ਪਾਲ ਤੇ ਭਰਾ ਇੰਦਰਜੀਤ ਸਿੰਘ ਵਾਸੀ ਪਿੰਡ ਘੁੜਿਆਲ ਨੇ ਦੱਸਿਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੀਤੇ ਦਿਨ ਪਿੰਡ ਦੇ ਜਸਵੀਰ ਸਿੰਘ ਨੇ ਪਰਵਾਸੀ ਮਜ਼ਦੂਰ ਨਾਲ ਮਿਲ ਕੇ ਉਸ ਦੇ ਲੜਕੇ ਅਸ਼ਵਨੀ ਕੁਮਾਰ (23) ਨਾਲ ਜੋ ਜਸਵੀਰ ਸਿੰਘ ਦੀ ਹਵੇਲੀ ਚੋਰੀ ਕਰਨ ਗਿਆ ਸੀ ਤਾਂ ਇਸੇ ਦੌਰਾਨ ਇੱਕ ਪਰਵਾਸੀ ਮਜ਼ਦੂਰ ਨੇ ਉਸ ਨੂੰ ਫੜ ਲਿਆ ਅਤੇ ਦੋਹਾਂ ਨੇ ਉਸ ਦੀ ਕੁੱਟਮਾਰ ਕੀਤੀ।
ਉਨ੍ਹਾਂ ਦੱਸਿਆ ਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਪਿੰਡ ਦਾ ਜਸਵੀਰ ਸਿੰਘ ਤੇ ਪਰਵਾਸੀ ਮਜ਼ਦੂਰ ਉਸ ਦੇ ਲੜਕੇ ਅਸ਼ਵਨੀ ਕੁਮਾਰ ਨੂੰ ਇਲਾਜ ਕਰਵਾਉਣ ਦਾ ਕਹਿ ਕੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਤਾਂ ਅੱਜ ਦੁਪਹਿਰ 11 ਤੋਂ 12 ਵਜੇ ਦੇ ਵਿਚਕਾਰ ਉਨ੍ਹਾਂ ਨੂੰ ਸੂਚਨਾ ਮਿਲਦੀ ਹੈ ਕਿ ਅਸ਼ਵਨੀ ਕੁਮਾਰ ਦੀ ਲਾਸ਼ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਨਜ਼ਦੀਕ ਪਈ ਹੈ।
ਇਸ ਸਬੰਧੀ ਆਦਮਪੁਰ ਥਾਣੇ ਦੇ ਮੁਖੀ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਜਸਵੀਰ ਸਿੰਘ ਅਤੇ ਪਰਵਾਸੀ ਮਜ਼ਦੂਰ ਖਿਲਾਫ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਤਾ ਲਗਾ ਹੈ ਕਿ ਆਦਮਪੁਰ ਪੁਲੀਸ ਨੇ ਇਸ ਮਾਮਲੇ ’ਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ।