For the best experience, open
https://m.punjabitribuneonline.com
on your mobile browser.
Advertisement

ਮੁਸਲਿਮ ਭਾਈਚਾਰੇ ਨੇ ਸ਼ਰਧਾ ਨਾਲ ਈਦ ਮਨਾਈ

10:21 AM Apr 12, 2024 IST
ਮੁਸਲਿਮ ਭਾਈਚਾਰੇ ਨੇ ਸ਼ਰਧਾ ਨਾਲ ਈਦ ਮਨਾਈ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦਵਿੰਦਰ ਸਿੰਘ
ਯਮੁਨਾਨਗਰ, 11 ਅਪਰੈਲ
ਇੱਥੇ ਸ਼ਾਦੀਪੁਰ ਇਲਾਕੇ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਈਦਗਾਹ ’ਤੇ ਨਮਾਜ਼ ਅਦਾ ਕੀਤੀ ਅਤੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਰਾਦੌਰ ਵਿਧਾਨ ਸਭਾ ਦੇ ਕਾਂਗਰਸੀ ਵਿਧਾਇਕ ਬਿਸ਼ਨ ਲਾਲ ਸੈਣੀ ਵੀ ਪੁੱਜੇ, ਜਿਨ੍ਹਾਂ ਨੇ ਸਾਰਿਆਂ ਨੂੰ ਮਿੱਠੀ ਈਦ ਦੀ ਵਧਾਈ ਦਿੱਤੀ। ਈਦਗਾਹ ਦੇ ਇਮਾਮ ਮੁਹੰਮਦ ਜ਼ਫ਼ਰ ਨੇ ਦੱਸਿਆ ਕਿ ਈਦ-ਉਲ-ਫਿਤਰ ਦੇ ਤਿਉਹਾਰ ਦਾ ਮੁਸਲਿਮ ਭਾਈਚਾਰੇ ਵਿੱਚ ਵਿਸ਼ੇਸ਼ ਮਹੱਤਵ ਹੈ, ਜੋ ਕਿ ਰਮਜ਼ਾਨ ਮਹੀਨੇ ਦੇ ਅੰਤ ਵਿੱਚ ਮਨਾਈ ਜਾਂਦੀ ਹੈ। ਈਦ-ਉਲ-ਫਿਤਰ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਲੋਕ ਰੋਜ਼ੇ ਰੱਖਦੇ ਹਨ ਅਤੇ ਅੱਲ੍ਹਾ ਦੀ ਇਬਾਦਤ ਕਰਦੇ ਹਨ। ਇਸ ਖਾਸ ਮੌਕੇ ’ਤੇ ਲੋਕ ਇਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਵਧਾਈ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਆਏ ਸਨ। ਨਮਾਜ਼ ਵਿੱਚ ਉਨ੍ਹਾਂ ਨੇ ਦੇਸ਼ ਵਿੱਚ ਸ਼ਾਂਤੀ, ਆਪਸੀ ਸਾਂਝ ਅਤੇ ਖੁਸ਼ਹਾਲੀ ਲਈ ਦੁਆ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਬਿਸ਼ਨ ਲਾਲ ਸੈਣੀ ਨੇ ਈਦ ਦੇ ਮੌਕੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਈਦ-ਉਲ-ਫਿਤਰ ਦਾ ਤਿਉਹਾਰ ਏਕਤਾ ਅਤੇ ਸਮਾਜ ਵਿਚ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਅੱਗੇ ਵਧਣਾ ਹੋਵੇਗਾ।

Advertisement

ਈਦ ਦਾ ਤਿਉਹਾਰ ਆਪਸੀ ਏਕਤਾ ਦਾ ਪ੍ਰਤੀਕ: ਇਮਾਮ ਜਾਨ ਮੁਹੰਮਦ

ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਈਦ-ਉਲ-ਫਿਤਰ ਦਾ ਤਿਉਹਾਰ ਅੱਜ ਈਦਗਾਹ ਬਾਬੈਨ ਵਿਚ ਮੁਸਲਿਮ ਸਮਾਜ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਜਾਨ ਮੁਹੰਮਦ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਅਗਵਾਈ ਕਰ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ। ਮੁਸਲਿਮ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਕ ਦੂਜੇ ਦੇ ਗਲੇ ਮਿਲ ਕੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਤੇ ਮਠਿਆਈਆਂ ਨਾਲ ਮੂੰਹ ਮਿੱਠਾ ਕਰਾਇਆ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਜਾਨ ਮਹੁੰਮਦ ਨੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਆਪਸੀ ਪਿਆਰ ਤੇ ਭਾਈਚਾਰਾ ਕਾਇਮ ਕਰਨ, ਟੁੱਟੇ ਰਿਸ਼ਤਿਆਂ ਨੂੰ ਗੰਢਣ, ਗਰੀਬ, ਯਤੀਮਾਂ, ਬੇਸਹਾਰਾ ਬੱਚਿਆਂ ਤੇ ਲੋੜਵੰਦਾ ਦੀ ਮਦਦ ਕਰਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ’ਤੇ ਜੇਕਰ ਅਸੀਂ ਸਮਾਜ ਦੇ ਕਮਜ਼ੋਰ, ਅਨਾਥ ਤੇ ਗਰੀਬ ਲੋਕਾਂ ਨੂੰ ਆਪਣੀਆਂ ਖੁਸ਼ੀਆਂ ਵਿਚ ਸ਼ਾਮਲ ਕਰਕੇ ਉਨ੍ਹਾਂ ਦੀ ਮਦਦ ਕਰੀਏ ਤਾਂ ਇਹ ਨਾ ਸਿਰਫ ਸਾਡੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਹੋਵੇਗੀ, ਬਲਕਿ ਨਾਖੁਸ਼ ਲੋਕਾਂ ਦੀ ਜ਼ਿੰਦਗੀ ਵਿਚ ਬਸੰਤ ਆ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×