ਨਗਰ ਨਿਗਮ ਨੇ ਫੁੱਟਪਾਥਾਂ ਤੇ ਸੜਕਾਂ ਤੋਂ ਕਬਜ਼ੇ ਹਟਾਏ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 23 ਅਗਸਤ
ਸੜਕਾਂ ’ਤੇ ਰੇਤਾ, ਬੱਜ਼ਰੀ ਅਤੇ ਇੱਟਾਂ ਰੱਖ ਕੇ ਇਮਾਰਤ ਉਸਾਰੀ ਸਮੱਗਰੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਦੂਜੇ ਦਿਨ ਅੱਜ ਵੀ ਅਸਟੇਟ ਵਿਭਾਗ ਦੀ ਟੀਮ ਨੇ ਤਰਨ ਤਾਰਨ ਰੋਡ, ਗੋਲਡਨ ਗੇਟ ਨੇੜੇ ਜੀ.ਟੀ ਰੋਡ ’ਤੇ ਸੜਕਾਂ ਅਤੇ ਫੁੱਟਪਾਥਾਂ ’ਤੇ ਰੱਖਿਆ ਬਿਲਡਿੰਗ ਮਟੀਰੀਅਲ ਜ਼ਬਤ ਕੀਤਾ। ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਇਹ ਮੁਹਿੰਮ ਜਾਰੀ ਰਹੇਗੀ। ਅੱਜ ਵੀ ਜੇ.ਸੀ.ਬੀ. ਰਾਹੀਂ ਬਿਲਡਿੰਗ ਮਟੀਰੀਅਲ ਦੇ ਦੋ ਟਿੱਪਰ ਲੋਡ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਸਾਰੀ ਸਮੱਗਰੀ ਵੇਚਣ ਵਾਲੇ ਦੁਕਾਨਦਾਰ ਆਪਣਾ ਸਾਮਾਨ ਆਪਣੇ ਗੁਦਾਮ ਵਿੱਚ ਹੀ ਰੱਖਣ। ਅਸਟੇਟ ਅਫ਼ਸਰ ਨੇ ਕਿਹਾ ਕਿ ਵਿਭਾਗ ਵੱਲੋਂ ਫਿਲਹਾਲ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਸੜਕਾਂ ਅਤੇ ਫੁੱਟਪਾਥਾਂ ’ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।