ਘਰ ਵਿੱਚ ਦਾਖ਼ਲ ਹੋ ਕੇ ਔਰਤ ਦਾ ਕਤਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਇੱਥੇ ਏਅਰਪੋਰਟ ਰੋਡ ’ਤੇ ਸਾਹਿਬਜ਼ਾਦਾ ਜੁਝਾਰ ਸਿੰਘ ਐਵੇਨਿਊ ਵਿੱਚ ਇਕ ਵਿਆਹੁਤਾ ਔਰਤ ਦਾ ਕਤਲ ਹੋ ਗਿਆ, ਜਿਸ ਦੀ ਪਛਾਣ ਸ਼ੈਲੀ ਅਰੋੜਾ ਵਜੋਂ ਹੋਈ ਹੈ। ਉਹ ਘਰ ਵਿਚ ਇਕੱਲੀ ਸੀ ਤੇ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖ਼ਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਘਰ ਦੀ ਨੌਕਰਾਣੀ ਦੇ ਵਾਰ-ਵਾਰ ਦਰਵਾਜ਼ਾ ਖੜਕਾਉਣ ’ਤੇ ਅੰਦਰੋਂ ਕੋਈ ਜਵਾਬ ਨਾ ਮਿਲਿਆ। ਉਸ ਨੇ ਦੱਸਿਆ ਕਿ ਮੌਕੇ ’ਤੇ ਇਕੱਠੇ ਹੋਏ ਗੁਆਂਢੀ ਗੇਟ ਟੱਪ ਕੇ ਘਰ ਵਿਚ ਦਾਖ਼ਲ ਹੋਏ ਤਾਂ ਮਹਿਲਾ ਦੀ ਖੂਨ ਨਾਲ ਲੱਥਪਥ ਲਾਸ਼ ਪਈ ਮਿਲੀ। ਉਨ੍ਹਾਂ ਨੇ ਔਰਤ ਦੇ ਪਤੀ ਕੌਸ਼ਲ ਅਰੋੜਾ ਨੂੰ ਜਾਣਕਾਰੀ ਦਿੱਤੀ ਜੋ ਬੈਂਕ ਵਿਚ ਡਿਊਟੀ ’ਤੇ ਗਿਆ ਹੋਇਆ ਸੀ। ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਫੋਰੈਂਸਿਕ ਟੀਮਾਂ ਵੀ ਮੌਕੇ ’ਤੇ ਪੁੱਜ ਗਈਆਂ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਹਾਇਕ ਪੁਲੀਸ ਕਮਿਸ਼ਨਰ ਸਰਵਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਸੁਰਾਗ਼ ਲਾਉਣ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਪੁਲੀਸ ਦੀਆਂ ਟੀਮਾਂ ਮਾਮਲੇ ਨੂੰ ਹੱਲ ਕਰਨ ਲਈ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀਆਂ ਸਨ। ਮ੍ਰਿਤਕਾ ਦੇ ਰਿਸ਼ਤੇਦਾਰ ਵਰੁਣ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 10.45 ਵਜੇ ਕੌਸ਼ਲ ਦਾ ਫੋਨ ਆਇਆ ਕਿ ਸ਼ੈਲੀ ਜ਼ਖ਼ਮੀ ਹੋ ਗਈ ਹੈ। ਉਹ ਆਪਣੀ ਪਤਨੀ ਸਣੇ ਮੌਕੇ ’ਤੇ ਪੁੱਜੇ ਤੇ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਕਤਲ ਦੇ ਕਾਰਨਾਂ ਬਾਰੇ ਪਤਾ ਨਹੀਂ ਲਗ ਸਕਿਆ ਹੈ।