ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ
ਐੱਨਪੀ ਧਵਨ
ਪਠਾਨਕੋਟ, 24 ਜੁਲਾਈ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾਈ ਵਿੱਤ ਸਕੱਤਰ ਰਮਨ ਕੁਮਾਰ, ਜ਼ਿਲ੍ਹਾ ਸਕੱਤਰ ਰਾਕੇਸ਼ ਸ਼ਰਮਾ, ਰਾਕੇਸ਼ ਮਹਾਜਨ ਅਤੇ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਲੈਫਟ ਆਊਟ ਕੇਸਾਂ ਦੀਆਂ ਪ੍ਰਮੋਸ਼ਨਾਂ ਜਲਦੀ ਕਰਵਾਉਣ ਲਈ 16 ਜੁਲਾਈ ਨੂੰ ਡੀਪੀਆਈ ਸੈਕੰਡਰੀ ਪਰਮਜੀਤ ਸਿੰਘ ਨੂੰ ਵਫ਼ਦ ਮਿਲਿਆ ਸੀ ਅਤੇ ਡੀਪੀਆਈ ਨੇ ਪ੍ਰਮੋਸ਼ਨਾਂ ਜਲਦੀ ਕਰਨ ਦਾ ਭਰੋਸਾ ਦਿੱਤਾ ਸੀੇ ਮਗਰੋਂ ਉਨ੍ਹਾਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਇਸ ਹੁਕਮ ਨੇ ਸਮੂਹ ਅਧਿਆਪਕ ਵਰਗ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ ਅਤੇ ਪ੍ਰਮੋਸ਼ਨਾਂ ਦਾ ਮਾਮਲਾ ਹੋਰ ਲਟਕ ਜਾਵੇਗਾ। ਆਗੂਆਂ ਦਾ ਕਹਿਣਾ ਸੀ ਪਿਛਲੇ ਦਿਨੀਂ ਮੁੱਖ ਮੰਤਰੀ ਨੇ ਵੀ ਨੋਟਿਸ ਜਾਰੀ ਕਰਕੇ ਹਰੇਕ ਵਿਭਾਗ ਵਿੱਚ ਰਹਿੰਦੀਆਂ ਪ੍ਰਮੋਸ਼ਨਾਂ ਨੂੰ ਜਲਦੀ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਸਿੱਖਿਆ ਵਿਭਾਗ ਨੇ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗ ਕੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨ ਮੈਂਬਰੀ ਕਮੇਟੀ ਨੂੰ ਖਤਮ ਕਰਕੇ ਪ੍ਰਮੋਸ਼ਨ ਲਿਸਟਾਂ ਜਲਦ ਜਾਰੀ ਕੀਤੀਆਂ ਜਾਣ।