For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ

03:32 PM Nov 14, 2024 IST
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,  14 ਨਵੰਬਰ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਲਗਭਗ ਢਾਈ ਹਜ਼ਾਰ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਵੀਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਇਹ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਵੇਗਾ।
ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਰਵਾਨਾ ਕੀਤਾ ਗਿਆ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜੱਸਲ ਕਰ ਰਹੇ ਹਨ। ਉਨ੍ਹਾਂ ਨਾਲ ਡਿਪਟੀ ਲੀਡਰ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸ਼ਰਨਜੀਤ ਕੌਰ ਅਤੇ ਜਨਰਲ ਪ੍ਰਬੰਧਕ ਇੰਚਾਰਜ ਪਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਸ਼ਾਮਿਲ ਹਨ। ਜਥੇ ਦੀ ਰਵਾਨਗੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ  ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ ਸਮੇਤ ਹੋਰ ਅਧਿਕਾਰੀਆਂ ਨੇ ਜਥੇ ਦੇ ਆਗੂਆਂ ਅਤੇ ਸ਼ਰਧਾਲੂਆਂ ਨੂੰ ਸਿਰੋਪਾਓ ਦਿੱਤੇ।

Advertisement

ਇਹ ਵੀ ਪੜ੍ਹੋ:

ਨਾਨਕ ਰੰਗ ਵਿੱਚ ਰੰਗੀ ਗਈ ਬਾਬਾ ਨਾਨਕ ਦੀ ਨਗਰੀ

Advertisement

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖ ਸੰਗਤਾਂ ਪੂਰੀ ਦੁਨੀਆਂ ਅੰਦਰ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ’ਤੇ ਗੁਰਪੁਰਬ ਸਮਾਗਮਾਂ ਵਿਚ ਸ਼ਮੂਲੀਅਤ ਕਰਨੀ ਸਿੱਖ ਸ਼ਰਧਾਲੂਆਂ ਲਈ ਵੱਡੇ ਭਾਗਾਂ ਵਾਲੀ ਗੱਲ ਹੈ ਪਰ ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਨਹੀਂ ਲੱਗੇ ਉਨ੍ਹਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਖੁਲ੍ਹਦਿਲੀ ਨਾਲ ਵੀਜ਼ੇ ਮਿਲਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਸਿੱਖ ਸ਼ਰਧਾਲੂਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।
ਇਸੇ ਦੌਰਾਨ ਜਥੇ ਦੇ ਆਗੂ  ਗੁਰਨਾਮ ਸਿੰਘ ਜੱਸਲ ਨੇ ਕਿਹਾ ਕਿ ਹਰ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ। ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਸਿਫ਼ਾਰਸ਼ਸ਼ੁਦਾ 2244 ਸ਼ਰਧਾਲੂਆਂ ਵਿੱਚੋਂ 1481 ਸ਼ਰਧਾਲੂਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ, ਜਿਸ ਨਾਲ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਧਾਲੂਆਂ ਦਾ ਇਹ ਜਥਾ 15 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿਚ ਸ਼ਮੂਲੀਅਤ ਕਰੇਗਾ। 16 ਨਵੰਬਰ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਸੱਚਾ ਸੌਦਾ, ਮੰਡੀ ਚੂਹੜਕਾਨਾ (ਸ਼ੇਖੂਪੁਰਾ) ਵਿਖੇ ਨਤਮਸਤਕ ਹੋਵੇਗਾ। 17 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਅਤੇ 18 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਪਹੁੰਚਣਗੇ। 19 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਠਹਿਰਨਗੇ ਅਤੇ 20 ਨਵੰਬਰ ਨੂੰ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਤੋਂ ਹੁੰਦਾ ਹੋਇਆ ਜਥਾ ਰਾਤ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜੇਗਾ, ਜਿਥੋਂ ਜਥੇ ਦੀ 23 ਨਵੰਬਰ ਨੂੰ ਭਾਰਤ ਵਾਪਸੀ ਹੋਵੇਗੀ।

Advertisement
Author Image

Balwinder Singh Sipray

View all posts

Advertisement