For the best experience, open
https://m.punjabitribuneonline.com
on your mobile browser.
Advertisement

ਦਿਲ ਤੇ ਦਿਮਾਗ਼ ’ਚ ਵਸੀ ਮਾਂ ਬੋਲੀ

12:02 PM Jul 23, 2023 IST
ਦਿਲ ਤੇ ਦਿਮਾਗ਼ ’ਚ ਵਸੀ ਮਾਂ ਬੋਲੀ
Advertisement

ਪ੍ਰੇਮ ਸਿੰਘ

ਹੇਰਵਾ

ਮਾਂ ਬੋਲੀ ਬੱਚੇ ਦੀ ਪਹਿਲੀ ਬੋਲੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜੋ ਆਪਣੀ ਬੋਲੀ ਨਹੀਂ ਬੋਲਦਾ ਉਸ ਨੇ ਆਪਣੀ ਮਾਂ ਦਾ ਦੁੱਧ ਹੀ ਨਹੀਂ ਪੀਤਾ। ਮਾਂ ਬੋਲੀ ਬੋਲਣ ਵਾਲੇ ਨੂੰ ਪੰਛੀਆਂ ਵਰਗੀ ਖੁੱਲ੍ਹ ਦਾ ਅਹਿਸਾਸ ਕਰਵਾਉਂਦੀ ਹੈ। ਹਾਂ, ਜੇਕਰ ਦੁੂਸਰਾ ਕੋਈ ਬੋਲਦਾ ਹੈ ਤਾਂ ਮਾਂ ਬੋਲੀ ਬੋਲਣ ਵਾਲੇ ਨੂੰ ਮਿੱਟੀ ਦੀ ਮਹਿਕ ਮਹਿਸੂਸ ਹੁੰਦੀ ਹੈ। ਸਿਆਣੇ ਕਹਿੰਦੇ ਹਨ ਕਿ ਮਾਂ ਬੋਲੀ ਪੰਜਾਬੀ ਨੂੰ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂੰ ਰੁਲ ਜਾਓਗੇ। ਮਾਂ ਬੋਲੀ ਬੋਲਣ ਵਾਲੇ ਦੀ ਪਛਾਣ ਵੀ ਹੈ ਅਤੇ ਵਿਰਸਾ ਤੇ ਵਿਰਾਸਤ ਵੀ। ਵੱਡਾ ਹੋ ਕੇ ਫਿਰ ਉਹ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਹੋਰ ਭਾਸ਼ਾਵਾਂ ਸਿੱਖ ਸਕਦਾ ਹੈ।
1947 ’ਚ ਭਾਰਤ ਨੂੰ ਆਜ਼ਾਦੀ ਮਿਲੀ। ਬਰਤਾਨਵੀ ਹਕੂਮਤ ਦਾ ਅੰਤ ਹੋਇਆ। ਸਮਾਂ ਸੀ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਪਾ ਕੇ ਦੇਸ਼ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਦਾ। ਪਹਿਲਾ ਸਦਮਾ ਦੇਸ਼ ਦੀ ਵੰਡ ਸੀ ਕਿਉਂਕਿ ਹੱਸਦੇ-ਵੱਸਦੇ ਲੋਕਾਂ ਨੂੰ ਜੜ੍ਹੋਂ ਉਖਾੜ ਫ਼ਿਰਕਾਪ੍ਰਸਤੀ ਦੀ ਅੱਗ ਵਿੱਚ ਝੋਂਕ ਦਿੱਤਾ ਗਿਆ ਸੀ। ਇਤਿਹਾਸਕ ਪੱਖ ਤੋਂ ਵੇਖਿਆ ਜਾਵੇ ਤਾਂ ਇਹ ਬੇਹੱਦ ਵੱਡੀ ਗ਼ਲਤੀ ਸੀ। ਸ਼ਰਮਸਾਰ ਹੋਏ ਨੇਤਾ ਇਸ ਦੁਖਾਂਤ ’ਤੇ ਤੌਬਾ ਕਰਦੇ, ਨਵੇਂ ਰਾਹ ਭਾਲ ਰਹੇ ਸਨ। ਭਾਰਤ ਵਾਸੀਆਂ ਨੇ ਦੇਸ਼ ਨੂੰ ਚਲਾਉਣ ਲਈ ਲੋਕਤੰਤਰ ਪ੍ਰਣਾਲੀ ਨੂੰ ਚੁਣਿਆ। ਸੁਤੰਤਰਤਾ ਨੇ ਜੋ ਆਸ ਜਗਾਈ ਸੀ ਉਹ ਸਮੇਂ ਦੇ ਨਾਲ ਮੱਧਮ ਹੀ ਪੈਂਦੀ ਚਲੀ ਗਈ। ਨਤੀਜੇੇ ਵਜੋਂ ਦੇਸ਼ ਦੀ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ। ਅੱਜ ਭਾਰਤ ਦੀ ਆਬਾਦੀ ਦਾ ਕੁਝ ਹਿੱਸਾ ਬਾਹਰਲੇ ਮੁਲਕਾਂ ਵਿੱਚ ਰਹਿੰਦਾ ਹੈ। ਵਿਦੇਸ਼ੀ ਵੱਸੇ ਭਾਰਤੀਆਂ ਨੇ ਮਿਹਨਤ-ਮੁਸ਼ੱਕਤ ਕੀਤੀ। ਡਾਲਰ ਤੇ ਪੌਂਡ ਕਮਾਏ। ਆਪਣਾ ਜੀਵਨ ਸੰਵਾਰਿਆ ਤੇ ਪਿੱਛੇ ਰਹਿੰਦੇ ਪਰਿਵਾਰਾਂ ਦੀ ਵੀ ਦੇਖ-ਭਾਲ ਕੀਤੀ। ਸੁਭਾਵਕ ਹੀ ਉੱਥੇ ਜਨਮੇ ਬੱਚਿਆਂ ਨੇ ਉੱਥੋਂ ਦੀ ਵਿਦਿਅਕ ਪ੍ਰਣਾਲੀ ਵਿੱਚ ਸਿੱਖਿਆ ਲਈ। ਪੰਜਾਬ ਵਿੱਚ ਜਿੱਥੇ ਅੰਗਰੇਜ਼ੀ ਬੋਲਣਾ ‘ਸ਼ਾਨ’ ਸੀ, ਉੱਥੇ ਇਸ ਦੇ ਉਲਟ ਵਿਦੇਸ਼ ’ਚ ਰਹਿੰਦੇ ਪੰਜਾਬੀਆਂ ਦੇ ਬੱਚੇ ਦਾ ਮਾਂ ਬੋਲੀ ਤੋਂ ਮੁਨਕਰ ਹੋ ਕੇ ਅੰਗਰੇਜ਼ੀ ਬੋਲਣਾ ਸਮੱਸਿਆ ਬਣਿਆ। ਪੌਂਡ ਤੇ ਡਾਲਰ ਦੀ ਲਿਸ਼ਕ ਵਿੱਚ ਬੱਚਿਆਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਟੁੱਟਦਾ ਮੋਹ ਚਿੰਤਾ ਦਾ ਕਾਰਨ ਬਣਿਆ।
ਮੈਂ ਪਿਛਲੇ 25-30 ਵਰ੍ਹਿਆਂ ਤੋਂ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹਾਂ। ਮੇਰੀ ਆਪਣਾ ਭਾਣਜਾ ਪਿਛਲੇ 45 ਵਰ੍ਹਿਆਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਮੈਂ ਅਜੇ ਤੱਕ ਉਸ ਨੂੰ ਪੰਜਾਬੀ ਦਾ ਇੱਕ ਸ਼ਬਦ ਵੀ ਬੋਲਦਾ ਨਹੀਂ ਸੁਣਿਆ। ਪੰਜਾਬੀ ਥੋੜ੍ਹੀ ਬਹੁਤੀ ਸਮਝਦਾ ਹੈ, ਪਰ ਬੋਲ ਨਹੀਂ ਸਕਦਾ। ਇਸ ਤਰ੍ਹਾਂ ਦੀ ਸਥਿਤੀ ਘਰ-ਘਰ ਵਿੱਚ ਹੈ। ਇਹ ਹਾਲਾਤ ਪੰਜਾਬੀਆਂ ਦੇ ਹੀ ਨਹੀਂ ਸਗੋਂ ਬਾਕੀ ਭਾਈਚਾਰਿਆਂ ਵਿੱਚ ਵੀ ਹਨ।
ਕੁਝ ਮਹੀਨੇ ਪਹਿਲਾਂ ਮੈਂ ਇੰਗਲੈਂਡ ਵਿੱਚ ਸਾਂ। ਜਦੋਂ ਦਾਦਾ ਦਾਦੀ, ਨਾਨਾ ਨਾਨੀ, ਚਾਚਾ ਤਾਇਆ, ਭੂਆ ਫੁੱਫੜ, ਮਾਮਾ ਮਾਮੀ ਬੱਚਿਆਂ ਦੇ ਮੂੰਹੋਂ ਪੰਜਾਬੀ ਸੁਣਨ ਲਈ ਤਰਸਦੇ ਹਨ ਤਾਂ ਬੜਾ ਅਜੀਬ ਲੱਗਦਾ। ਇਸ ਨਿਰਾਸਤਾ ਦੀ ਗਹਿਰਾਈ ਦਾ ਅੰਦਾਜ਼ਾ ਲਗਾ ਸਕਣਾ ਔਖਾ ਹੈ। ਮਾਂ ਬੋਲੀ ਤੋਂ ਸੱਖਣੇ ਘਰ ਬਿਖਰ ਗਏ ਹਨ। ਮੈਨੂੰ ਤਾਂ ਇੰਝ ਲੱਗਦਾ ਹੈ ਕਿ ਹੁਣ ਦਾਦਾ ਦਾਦੀ, ਨਾਨਾ ਨਾਨੀ ਆਦਿ ਵਿਦੇਸ਼ ’ਚ ਰਹਿੰਦੇ ਬੱਚਿਆਂ ਲਈ ਕੇਵਲ ਨਾਂ ਹੀ ਰਹਿ ਗਏ ਹਨ। ਵੇਖਿਆ ਜਾਵੇ ਤਾਂ ਅੱਜ ਦੇ ਪੰਜਾਬ ਵਿੱਚ ਵੀ ਮਾਂ ਬੋਲੀ ਪੰਜਾਬੀ ਦਾ ਭਵਿੱਖ ਕੋਈ ਬਹੁਤਾ ਚੰਗਾ ਨਹੀਂ ਜਾਪਦਾ।
ਇੰਗਲੈਂਡ ਵਿੱਚ ਰਹਿੰਦਿਆਂ ਮੈਂ ਕਈ ਮਾਵਾਂ ਨਾਲ ਗੱਲ ਕੀਤੀ ਹੈ। ਸੋਚ ਵਿੱਚ ਗੰਭੀਰਤਾ ਹੈ ਕਿ ਮਾਂ ਬੋਲੀ ਦੀ ਨਿਘਰਦੀ ਸਥਿਤੀ ਨੂੰ ਕਿਵੇਂ ਬਚਾਇਆ ਅਤੇ ਸੁਧਾਰਿਆ ਜਾਵੇ। ਇਸ ਲਈ ਕੀਤੇ ਜਾ ਰਹੇ ਯਤਨ ਪ੍ਰਭਾਵਸ਼ਾਲੀ ਨਹੀਂ ਹਨ। ਬਹੁਕੌਮੀ ਸੱਭਿਆਚਾਰਕ ਪਰਸਪਰ ਸਾਂਝ ਅਤੇੇ ਪ੍ਰਭਾਵ ਆਪਸੀ ਵਿਸ਼ਵਾਸ ਤਾਂ ਸਹਿਜੇ ਹੀ ਵਧਾਉਂਦਾ ਹੈ, ਪਰ ਇਸ ਵਿੱਚ ਗੁਆਚਦੀ ਮਾਂ ਬੋਲੀ ਚਿੰਤਾ ਦਾ ਵਿਸ਼ਾ ਹੈ। ਜਦੋਂ ਗੋਰੇ, ਕਾਲੇ ਤੇ ਭੂਰੇ ਬੱਚੇ ਇਕੱਠੇ ਹੋ ਕੇ ਖੇਡਦੇ ਤੇ ਗੱਲਾਂ ਕਰਦੇ ਹਨ ਤਾਂ ਚੰਗੇ ਲੱਗਦੇ ਹਨ। ਇਹੋ ਬੱਚੇ ਵਿਸ਼ੇਸ਼ ਕਰਕੇ ਪੰਜਾਬੀ ਬੋਲਣ ਵਾਲੇ ਘਰ ਜਾਂਦੇ ਹੀ ਇਕੱਲੇ ਪੈ ਜਾਂਦੇ ਹਨ। ਮਾਂ ਉਨ੍ਹਾਂ ਦੇ ਮੂੰਹੋਂ ਪੰਜਾਬੀ ਸੁਣਨ ਲਈ ਤਰਸਦੀ ਹੈ, ਪਰ ਉਹ ਬੋਲਣ ’ਚ ਅਸਮਰੱਥ ਹਨ। ਆਪਸੀ ਗੱਲਬਾਤ ਨਾ ਹੋਣ ’ਤੇ ਆਪਸੀ ਮੋਹ ਵੀ ਘਟਦਾ ਜਾ ਰਿਹਾ ਹੈ।
1997 ਵਿੱਚ ਮੈਂ ਇੱਕ ਐਕਸਚੇਂਜ ਪ੍ਰੋਗਰਾਮ ਅਧੀਨ ਇੰਗਲੈਂਡ ਗਿਆ ਸੀ। ਚਾਣਚੱਕ ਮੇਰੀ ਗੱਲਬਾਤ ਕੁਝ ਅਧਿਆਪਕਾਵਾਂ ਨਾਲ ਹੋਈ ਜੋ ਕਿਸੇ ਹੋਰ ਐਕਸਚੇਂਜ ਪ੍ਰੋਗਰਾਮ ’ਚ ਆਈਆਂ ਹੋਈਆਂ ਸਨ। ਜਦੋਂ ਮੈਂ ਮਾਂ ਬੋਲੀ ਪੰਜਾਬੀ ’ਚ ਗੱਲਬਾਤ ਕੀਤੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਰਿਹਾ। ਮਾਂ ਬੋਲੀ ਸਿੱਧੀ ਦਿਲ ਨੂੰ ਛੂੰਹਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੰਗਰੇਜ਼ੀ ਬੋਲ ਬੋਲ ਕੇ ਉਨ੍ਹਾਂ ਦੀ ਜੀਭ ਹੀ ਵਿੰਗੀ ਹੋ ਗਈ ਹੈ। ਨਿਰਸੰਦੇਹ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਸਿੱਖੀਆਂ ਜਾ ਸਕਦੀਆਂ ਹਨ, ਪਰ ਤੁਸੀਂ ਆਪਣੀਆਂ ਅੰਤਰੀਵ ਭਾਵਨਾਵਾਂ ਦਾ ਪ੍ਰਗਟਾਵਾ ਜਿਵੇਂ ਆਪਣੀ ਮਾਂ ਬੋਲੀ ਵਿੱਚ ਕਰ ਸਕਦੇ ਹੋ ਉਸ ਦੀ ਕੋਈ ਰੀਸ ਨਹੀਂ, ਉਹ ਸੁਖ ਕਿਤੇ ਹੋਰ ਨਹੀਂ ਮਿਲ ਸਕਦਾ। ਕਿਸੇ ਕੌਮ ਦੀ ਪਛਾਣ ਉਸ ਦੀ ਮਾਂ ਬੋਲੀ ਹੁੰਦੀ ਹੈ। ਮਾਂ ਬੋਲੀ ’ਤੇ ਮਾਣ ਕਰਨਾ ਆਪਣਾ ਵਿਕਾਸ ਕਰਨਾ ਹੈ।
ਸਾਲ 2009-10 ਦੇ ਦਸੰਬਰ ਜਨਵਰੀ ਮਹੀਨੇ ਮੈਂ ਹੰਗਰੀ ਗਿਆ। ਬੁਢਾਪੈਸਟ ਵਿੱਚ ਰਹਿੰਦਿਆਂ ਮੈਂ ਕੁਝ ਲੋਕਾਂ ਨਾਲ ਯੂਰੋਪੀਅਨ ਯੂਨੀਅਨ ਦੇ ਸੰਗਠਨ ਬਾਰੇ ਗੱਲ ਕੀਤੀ। ਸਭ ਦਾ ਕਹਿਣਾ ਸੀ ਕਿ ਕੋਈ ਖ਼ਾਸ ਲਾਭ ਨਹੀਂ ਹੋਇਆ, ਬਸ ਇੰਨਾ ਜ਼ਰੂਰ ਹੈ ਕਿ ਹੁਣ ਹੰਗਰੀ ਦੇ ਵਾਸੀ ਖੁੱਲ੍ਹ ਨਾਲ ਯੂਰੋਪੀਅਨ ਯੂਨੀਅਨ ਨਾਲ ਜੁੜੇ ਮੁਲਕਾਂ ਵਿੱਚ ਘੁੰਮ ਸਕਦੇ ਹਨ ਤੇ ਕੰਮ ਵੀ ਕਰ ਸਕਦੇ ਹਨ। ਵੇਖਣ ਨੂੰ ਇਹ ਮਿਲਿਆ ਕਿ ਨੌਜਵਾਨ ਮੁੰਡੇ-ਕੁੜੀਆਂ ਨੇ ਮਾਂ ਬੋਲੀ ਛੱਡ ਕੇ ਵੱਖ-ਵੱਖ ਮੁਲਕਾਂ ਦੀਆਂ ਭਾਸ਼ਾਵਾਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਮਨੋਰਥ ਸੀ ਉੱਥੇ ਜਾ ਕੇ ਕੰਮ ਕਰਨ ਦਾ। ਹੰਗਰੀ ਦੇ ਲੋਕ ਸਾਊ ਹਨ। ਆਪਣੀ ਮਿੱਟੀ ਨਾਲ ਜੁੜੇ ਲੋਕ ਆਪਣੀ ਮਾਂ ਬੋਲੀ ਬੋਲ ਕੇ ਆਨੰਦ ਲੈਂਦੇ ਹਨ। ਅੰਗਰੇਜ਼ੀ ਬੋਲਣ ਵਾਲਾ ਕੋਈ ਵਿਰਲਾ ਹੀ ਨਜ਼ਰ ਪੈਂਦਾ ਹੈ।
ਸਮੱਸਿਆ ਇਹ ਹੈ ਕਿ ਜਦੋਂ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਦੇ ਬੱਚੇ ਆਪਣੀ ਮਾਂ ਬੋਲੀ ਨੂੰ ਊਣਾ ਸਮਝਣ ਲੱਗ ਪੈਣ ਤੇ ਸਿਰਫ਼ ਅੰਗਰੇਜ਼ੀ ਵਿੱਚ ਹੀ ਗੱਲਬਾਤ ਨੂੰ ਪਹਿਲ ਦੇਣ ਤਾਂ ਇਸ ਬਾਰੇ ਸੋਚਣ ਦੀ ਲੋੜ ਹੈ। ਦਿਲ ਅਤੇ ਦਿਮਾਗ ’ਚ ਵਸੀ ਮਾਂ ਬੋਲੀ ਕਈ ਸਵਾਲ ਖੜ੍ਹੇ ਕਰਦੀ ਹੈ। ਇਸ ਤਰ੍ਹਾਂ ਦੀ ਅਣਗਹਿਲੀ ਆਪਣੇ ਵਿਰਸੇ ਅਤੇ ਵਿਰਾਸਤ ਦੀ ਨਿਰਾਦਰੀ ਵੀ ਹੈ।
ਮਾਂ ਬੋਲੀ ਬਾਰੇ ਫੀਰੋਜ਼ਦੀਨ ਸ਼ਰਫ਼ ਲਿਖਦਾ ਹੈ:
ਪੁੱਛੀ ਸ਼ਰਫ ਨਾ ਜਨਿ੍ਹਾਂ ਨੇ ਬਾਤ ਮੇਰੀ,
ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
ਸੰਪਰਕ: 98110-52271

Advertisement

ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ

ਫ਼ੀਰੋਜ਼ਦੀਨ ਸ਼ਰਫ਼

ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ,
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।

ਸਮਝਾਂ ਫ਼ਾਰਸੀ, ਉਰਦੂ ਵੀ ਖ਼ੂਬ ਬੋਲਾਂ,
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ।

ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ।

ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।

ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।

ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ ਕੇ ਜਿੰਦਗੀ ਰੰਗਦਾ ਹਾਂ।

ਰਵਾਂ ਇੱਥੇ ਤੇ ਯੂ.ਪੀ. ’ਚ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।

ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।

Advertisement
Author Image

sukhwinder singh

View all posts

Advertisement
Advertisement
×