For the best experience, open
https://m.punjabitribuneonline.com
on your mobile browser.
Advertisement

ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਜਿੱਤ ਦੇ ਮਾਇਨੇ

08:11 AM Jul 01, 2024 IST
ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਜਿੱਤ ਦੇ ਮਾਇਨੇ
Advertisement

ਨਵਦੀਪ ਸਿੰਘ ਗਿੱਲ

ਖੇਡਾਂ ਵਿੱਚ ਭਾਵਨਾਵਾਂ, ਅੰਦਰੂਨੀ ਵਲਵਲੇ, ਜਜ਼ਬਾਤ, ਉਮੀਦਾਂ ਕਿਸੇ ਵੀ ਖੇਡ ਅਤੇ ਮੁੁਕਾਬਲੇ ਦੇ ਨਾਲ-ਨਾਲ ਚੱਲਦੇ ਹਨ। ‘ਦੋ ਮੱਲ ਵਿੱਚ ’ਖਾੜੇ ਦੇ ਇਕ ਨੇ ਢਹਿਣਾ ਹੈ’ ਦੀ ਗੱਲ ਅਨੁਸਾਰ ਜਿੱਤ ਕਿਸੇ ਇਕ ਦੀ ਹੁੰਦੀ ਹੈ ਪਰ ਇਹ ਜਿੱਤ ਕਈ ਵਾਰ ਬਹੁਤ ਮਾਇਨੇ ਰੱਖਦੀ ਹੁੰਦੀ ਹੈ। ਇਸੇ ਲਈ ‘ਜੋ ਜਿੱਤਿਆ ਉਹੀ ਸਿਕੰਦਰ’ ਆਖਿਆ ਜਾਂਦਾ ਹੈ। ਹਾਰਨ ਵਾਲੇ ਨੂੰ ਅਗਲੀ ਵਾਰ ਵਾਸਤੇ ਸ਼ਾਬਾਸ਼ੀ ਤਾਂ ਦਿੱਤੀ ਹੀ ਜਾਂਦੀ ਹੈ ਪਰ ਕਈ ਵਾਰ ਲਗਾਤਾਰ ਹਾਰਾਂ ਖਿਡਾਰੀਆਂ ਤੇ ਟੀਮ ਦੇ ਮਨੋਬਲ ਉੱਪਰ ਇੰਨਾ ਡੂੰਘਾ ਅਸਰ ਪਾਉਂਦੀਆਂ ਹਨ ਕਿ ਉਸ ਨੂੰ ਹਰ ਅਗਲੇ ਮੁਕਾਬਲੇ ਵਿੱਚ ਜਿੱਤ ਤੋਂ ਘੱਟ ਕੁਝ ਵੀ ਮਨਜ਼ੂਰ ਹੀ ਨਹੀਂ ਹੁੰਦਾ। ਅਜਿਹੀ ਹੀ ਮਨੋਦਸ਼ਾ ਵਿੱਚ ਭਾਰਤੀ ਕ੍ਰਿਕਟ ਟੀਮ ਪਿਛਲੇ ਇਕ ਦਹਾਕੇ ਤੋਂ ਗੁਜ਼ਰ ਰਹੀ ਸੀ। 19 ਨਵੰਬਰ 2023 ਨੂੰ ਅਹਿਮਦਾਬਾਦ ’ਚ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਅਹਿਮਦਾਬਾਦ ਵਿਖੇ ਆਸਟਰੇਲੀਆ ਹੱਥੋਂ ਹੋਈ ਹਾਰ ਦਾ ਅਸਰ 29 ਜੂਨ ਦੀ ਰਾਤ ਮੁਕੰਮਲ ਹੋਏ ਟਵੰਟੀ-20 ਵਿਸ਼ਵ ਕੱਪ ਦੇ ਫ਼ਾਈਨਲ ਅਤੇ ਸੁਪਰ-8 ਦੇ ਆਸਟਰੇਲੀਆ ਖਿਲਾਫ਼ ਲੀਗ ਮੈਚ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਉਪਰ ਸਾਫ਼ ਨਜ਼ਰ ਆ ਰਿਹਾ ਸੀ।
ਅਮਰੀਕਾ ਅਤੇ ਕੈਰੇਬਿਆਈ ਟਾਪੂਆਂ ਦੀ ਧਰਤੀ ਵੈਸਟ ਇੰਡੀਜ਼ ਦੀ ਸਹਿ-ਮੇਜ਼ਬਾਨੀ ਹੇਠ ਖੇਡੇ ਗਏ ਕ੍ਰਿਕਟ ਦੇ ਮੌਜੂਦਾ ਸਭ ਤੋਂ ਪ੍ਰਚੱਲਤ ਫਾਰਮੈਟ ਟਵੰਟੀ-20 ਦੇ ਵਿਸ਼ਵ ਕੱਪ ਦਾ ਫ਼ਾਈਨਲ ਬਾਰਬਾਡੋਸ ਦੀ ਰਾਜਧਾਨੀ ਬ੍ਰਿੱਜਟਾਊਨ ’ਚ ਖੇਡਿਆ ਗਿਆ। ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਚੱਲ ਰਿਹਾ ਸੀ ਜਿਸ ਨੂੰ ਕ੍ਰਿਕਟ ਦੀ ਖੇਡ ਵਿੱਚ ਚੋਕਰਜ਼ ਕਿਹਾ ਜਾਂਦਾ ਹੈ, ਭਾਵ ਵੱਡੇ ਮੁਕਾਬਲੇ ਦੇ ਅੰਤ ਵਿੱਚ ਪਹੁੰਚ ਕੇ ਹਾਰ ਜਾਂਦੀ ਹੈ। ਤੱਥ ਵੀ ਕੁਝ ਅਜਿਹੇ ਹਨ ਕਿ ਇਕ ਰੋਜ਼ਾ ਕ੍ਰਿਕਟ ਅਤੇ ਟਵੰਟੀ-20 ਦੇ ਵਿਸ਼ਵ ਕੱਪ ਮੁਕਾਬਲਿਆਂ ਨੂੰ ਮਿਲਾ ਕੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਸੱਤ ਸੈਮੀ-ਫ਼ਾਈਨਲ ਹਾਰ ਚੁੱਕੀ ਸੀ ਅਤੇ ਇਸ ਵਾਰ ਪਹਿਲੀ ਵਾਰ ਫ਼ਾਈਨਲ ਵਿੱਚ ਪੁੱਜੀ ਸੀ। ਦੂਜੇ ਪਾਸੇ ਭਾਰਤ ਨੇ ਭਾਵੇਂ ਦੋ ਵਾਰ ਇਕ ਰੋਜ਼ਾ ਵਿਸ਼ਵ ਕੱਪ (1983 ਤੇ 2011) ਤੇ ਇਕ ਵਾਰ ਟਵੰਟੀ-20 ਵਿਸ਼ਵ ਕੱਪ (2007) ਜਿੱਤਿਆ ਸੀ ਪਰ ਉਸ ਨੂੰ ਮੌਜੂਦਾ ਦੌਰ ਦੀ ਚੋਕਰਜ਼ ਆਖਿਆ ਜਾਣ ਲੱਗਾ ਸੀ, ਖਾਸ ਕਰਕੇ ਟੀਮ ਦੇ ਮੌਜੂਦਾ ਖਿਡਾਰੀਆਂ ਨੂੰ। ਇਸ ਦੀ ਗਵਾਹੀ ਵੀ ਤੱਥ ਭਰਦੇ ਹਨ ਕਿ 2014 ਵਿੱਚ ਟਵੰਟੀ-20 ਵਿਸ਼ਵ ਕੱਪ ਦੇ ਫ਼ਾਈਨਲ, 2021 ਤੇ 2022 ਵਿੱਚ ਵਿਸ਼ਵ ਟੈਸਟ ਸੀਰੀਜ਼ ਦੇ ਫ਼ਾਈਨਲ ਅਤੇ 2023 ਵਿੱਚ ਇਕ ਰੋਜ਼ਾ ਵਿਸ਼ਵ ਕੱਪ ਦੇ ਫ਼ਾਈਨਲ ਅਤੇ 2015 ਤੇ 2019 ਵਿੱਚ ਇਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਅਤੇ 2016 ਤੇ 2022 ਵਿੱਚ ਟਵੰਟੀ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਵਿੱਚ ਭਾਰਤੀ ਟੀਮ ਹਾਰੀ ਸੀ। ਕਹਿਣ ਦਾ ਭਾਵ ਪਿਛਲੇ 13 ਸਾਲਾਂ ਵਿੱਚ ਭਾਰਤ ਵਿਸ਼ਵ ਕੱਪ ਮੁਕਾਬਲਿਆਂ ਦੇ ਅੱਠ ਨਾਕ-ਆਊਟ ਮੁਕਾਬਲੇ ਹਾਰਿਆ ਸੀ। ਆਈ.ਸੀ.ਸੀ. ਟੂਰਨਾਮੈਂਟ ਦੀ ਗੱਲ ਕਰੀਏ ਤਾਂ 2017 ਵਿੱਚ ਚੈਂਪੀਅਨਜ਼ ਟਰਾਫ਼ੀ ਦੀ ਫ਼ਾਈਨਲ ਦੀ ਹਾਰ ਮਿਲਾ ਕੇ ਭਾਰਤ ਨੇ 9 ਨਾਕ ਆਊਟ ਮੁਕਾਬਲੇ ਹਾਰੇ ਸਨ।
ਬਾਰਬਾਡੋਸ ਵਿਖੇ ਭਾਰਤ ਨੇ ਦੱਖਣੀ ਅਫਰੀਕਾ ਅੱਗੇ 177 ਦੌੜਾਂ ਦਾ ਟੀਚਾ ਰੱਖਿਆ ਜੋ ਕਿ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ ਉਪਰ ਸਨਮਾਨਜਨਕ ਸਕੋਰ ਸੀ। ਭਾਰਤੀ ਕ੍ਰਿਕਟ ਦੇ ਕਿੰਗ ਆਖੇ ਜਾਂਦੇ ਵਿਰਾਟ ਕੋਹਲੀ ਨੇ ਪੂਰੇ ਵਿਸ਼ਵ ਕੱਪ ਵਿੱਚ ਮਾੜੀ ਫਾਰਮ ਕਾਰਨ ਉਸ ਬਾਰੇ ਕੀਤੀਆਂ ਜਾ ਰਹੀਆਂ ਆਲੋਚਨਾਵਾਂ ਨੂੰ ਔਖੇ ਸਮੇਂ ਖੇਡੀ 76 ਦੌੜਾਂ ਦੀ ਪਾਰੀ ਨਾਲ ਬੰਦ ਕਰਵਾ ਦਿੱਤਾ। ਅਕਸ਼ਰ ਪਟੇਲ ਨੇ 47 ਤੇ ਸ਼ਿਵਮ ਦੂਬੇ ਨੇ 27 ਦੌੜਾਂ ਦੀ ਅਹਿਮ ਪਾਰੀ ਖੇਡੀ। ਹੁਣ ਵਾਰੀ ਗੇਂਦਬਾਜ਼ਾਂ ਦੀ ਸੀ ਜੋ ਪੂਰੇ ਵਿਸ਼ਵ ਕੱਪ ਵਿੱਚ ਪੂਰੇ ਸ਼ਬਾਬ ਉਤੇ ਸੀ। ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਵਿਕਟਾਂ ਲੈ ਕੇ ਭਾਰਤ ਦੀਆਂ ਉਮੀਦਾਂ ਜਗਾ ਦਿੱਤਾ। ਉਸ ਤੋਂ ਬਾਅਦ ਕੁਇੰਟਨ ਡੀ’ਕੌਕ ਦੀ 39 ਤੇ ਟ੍ਰਿਸਟਾਨ ਸਟੱਬਜ਼ ਦੀ 31 ਦੌਜ਼ਾਂ ਦੀ ਪਾਰੀ ਨੇ ਦੱਖਣੀ ਅਫਰੀਕਾ ਨੂੰ ਮੁਕਾਬਲੇ ਵਿੱਚ ਬਣਾਈ ਰੱਖਿਆ। ਆਈਪੀਐੱਲ ਵਿੱਚ ਆਪਣੀ ਧੂੰਆਂਧਾਰ ਖੇਡ ਲਈ ਜਾਣਿਆ ਜਾਂਦਾ ਹੈਨਰਿਕ ਕਲਾਸੇਨ ਦੱਖਣੀ ਅਫਰੀਕਾ ਟੀਮ ਲਈ ਮਸੀਹਾ ਬਣ ਕੇ ਆਇਆ ਅਤੇ ਉਸ ਨੇ ਤਾਬੜ-ਤੋੜ ਛੱਕੇ ਜੜਦਿਆਂ 200 ਦੀ ਸਟ੍ਰਾਈਕ ਰੇਟ ਨਾਲ ਨੀਮ ਸੈਂਕੜਾ ਜੜਿਆ। ਦੱਖਣੀ ਅਫਰੀਕਾ ਅੱਗੇ 30 ਗੇਂਦਾਂ ਵਿੱਚ 30 ਦੌੜਾਂ ਦਾ ਟੀਚਾ ਰਹਿ ਗਿਆ ਸੀ ਅਤੇ ਕਲਾਸੇਨ ਤੇ ਡੇਵਿਡ ਮਿੱਲਰ ਸਣੇ ਛੇ ਵਿਕਟਾਂ ਸਲਾਮਤ ਸਨ। ਉਸ ਵੇਲੇ ਕਰੋੜਾਂ ਭਾਰਤੀ ਕ੍ਰਿਕਟ ਪ੍ਰੇਮੀਆਂ ਨੇ ਉਮੀਦਾਂ ਪੂਰੀ ਤਰ੍ਹਾਂ ਛੱਡ ਦਿੱਤੀਆਂ ਸਨ। ਅਜਿਹੇ ਮੌਕੇ ਉਮੀਦ ਦੀ ਕਿਰਨ ਉਸ ਵੇਲੇ ਜਾਗੀ ਜਦੋਂ ਹਾਰਦਿਕ ਪਾਂਡਿਆ ਨੇ ਕਲਾਸੇਨ ਨੂੰ ਉਸ ਦੇ 52 ਦੇ ਨਿੱਜੀ ਸਕੋਰ ਉਤੇ ਆਊਟ ਕੀਤਾ। ਫੇਰ ਅਗਲੇ ਓਵਰ ਵਿੱਚ ਬੁਮਰਾਹ ਨੇ ਮਾਰਕ ਜਾਨਸੇਨ ਨੂੰ ਆਪਣੀ ਬਿਹਤਰੀਨ ਗੇਂਦ ਉਪਰ ਕਲੀਨ ਬੋਲਡ ਕੀਤਾ। ਬੁਮਰਾਹ ਤੇ ਅਰਸ਼ਦੀਪ ਨੇ ਖਿੱਚਵੀਂ ਗੇਂਦਬਾਜ਼ੀ ਕੀਤੀ ਕਿ 30 ਦੌੜਾਂ ਉਤੇ 30 ਦੇ ਟੀਚੇ ਦਾ ਪਿੱਛਾ ਕਰ ਰਹੀ ਅਫਰੀਕੀ ਟੀਮ ਅੱਗੇ ਆਖਰੀ ਓਵਰ ਵਿੱਚ 6 ਗੇਂਦਾਂ ਉਪਰ 16 ਦੌੜਾਂ ਦਾ ਟੀਚਾ ਰਹਿ ਗਿਆ। ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਵਾਪਸੀ ਤੋਂ ਬਾਅਦ ਹੁਣ ਵਾਰੀ ਫੀਲਡਰਾਂ ਦੀ ਸੀ। ਪਾਂਡਿਆ ਆਖਰੀ ਓਵਰ ਕਰ ਰਿਹਾ ਸੀ ਅਤੇ ਪਹਿਲੀ ਹੀ ਗੇਂਦ ਉਪਰ ਮਿੱਲਰ ਦੇ ਹਵਾਈ ਸ਼ਾਟ ਨੂੰ ਸੂਰੀਆ ਕੁਮਾਰ ਯਾਦਵ ਨੇ ਨਾ ਸਿਰਫ ਬਾਊਂਡਰੀ ਜਾਣ ਤੋਂ ਰੋਕਿਆ ਸਗੋਂ ਇਕ ਵਾਰ ਗੇਂਦ ਲਪਕ ਕੇ ਬਾਊਂਡਰੀ ਤੋਂ ਗੇਂਦ ਅੰਦਰ ਹਵਾ ਵਿੱਚ ਸੁੱਟ ਕੇ ਮੁੜ ਅੰਦਰ ਆ ਕੇ ਗੇਂਦ ਨੂੰ ਫੜ ਕੇ ਅਸੰਭਵ ਕੈਚ ਲਪਕਦਿਆਂ ਭਾਰਤ ਦੀ ਜਿੱਤ ਲਗਪਗ ਪੱਕੀ ਕਰ ਦਿੱਤੀ। ਪਾਂਡਿਆ ਨੇ ਆਸਾਨੀ ਨਾਲ 16 ਦੌੜਾਂ ਦਾ ਬਚਾਅ ਕੀਤਾ ਅਤੇ ਭਾਰਤ ਨੇ ਸੱਤ ਦੌੜਾਂ ਦੇ ਫਰਕ ਨਾਲ ਫ਼ਾਈਨਲ ਜਿੱਤ ਕੇ ਇਤਿਹਾਸ ਸਿਰਜਦਿਆਂ ਆਪਣਾ ਦੂਜਾ ਟਵੰਟੀ-20 ਵਿਸ਼ਵ ਕੱਪ ਅਤੇ ਇਕ ਰੋਜ਼ਾ ਤੇ ਟਵੰਟੀ-20 ਮਿਲਾ ਕੇ ਚੌਥਾ ਵਿਸ਼ਵ ਕੱਪ ਜਿੱਤ ਲਿਆ। ਆਈਸੀਸੀ ਦੇ ਸਾਰੇ ਟੂਰਨਾਮੈਂਟ ਮਿਲਾ ਕੇ ਭਾਰਤ ਦਾ ਇਹ ਛੇਵਾਂ ਖਿਤਾਬ ਹੈ ਜਿਨ੍ਹਾਂ ਵਿੱਚ ਦੋ-ਦੋ ਟਵੰਟੀ-20, ਇਕ ਰੋਜ਼ਾ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫ਼ੀ ਸ਼ਾਮਲ ਹਨ।
ਇਹ ਇਕੱਲੇ ਇਕ ਵਿਸ਼ਵ ਕੱਪ ਦੀ ਜਿੱਤ ਨਹੀਂ। ਇਹ ਕਰੋੜਾਂ ਭਾਰਤੀਆਂ ਦੀ ਅਸੀਮ ਭਾਵਨਾਵਾਂ, ਜਜ਼ਬਾਤ ਤੇ ਉਮੀਦਾਂ ਦੀ ਜਿੱਤ ਹੈ ਜੋ ਹਰ ਵਾਰ ਅਗਲੀ ਵਾਰ ਦੀ ਆਸ ਲਗਾ ਕੇ ਪਿਛਲੀਆਂ ਹਾਰਾਂ ਨੂੰ ਹਜ਼ਮ ਕਰ ਰਹੇ ਸਨ। ਇਸ ਵਾਰ ਟੀਮ ਜੋ ਇਕਜੁੱਟਤਾ, ਸਮਰਪਣ ਭਾਵਨਾ ਅਤੇ ਟੀਮ ਗੇਮ ਵਾਂਗ ਖੇਡੀ ਉਸੇ ਦਾ ਨਤੀਜਾ ਸੀ ਕਿ ਪਹਿਲੀ ਵਾਰ ਕੋਈ ਟੀਮ ਕਿਸੇ ਟਵੰਟੀ-20 ਵਿਸ਼ਵ ਕੱਪ ਵਿੱਚ ਅਜੇਤੂ ਰਹਿੰਦੀ ਹੋਈ ਵਿਸ਼ਵ ਚੈਂਪੀਅਨ ਬਣੀ ਹੈ। ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ। ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਇਹ ਆਖਰੀ ਵੱਡਾ ਟੂਰਨਾਮੈਂਟ ਸੀ। 2007 ਵਿੱਚ ਇਸੇ ਕੈਰੇਬਿਆਈ ਧਰਤੀ ਉਤੇ ਭਾਰਤੀ ਟੀਮ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿੱਚ ਲੀਗ ਸਟੇਜ ਵਿੱਚੋਂ ਬਾਹਰ ਹੋਈ। ਦ੍ਰਾਵਿੜ ਨੂੰ ਪੂਰੇ ਸ਼ਾਨਦਾਰ ਖੇਡ ਕਰੀਅਰ ਦੌਰਾਨ ਵਿੱਚ ਸਿਰਫ ਵਿਸ਼ਵ ਕੱਪ ਟਰਾਫੀ ਦੀ ਕਮੀ ਮਹਿਸੂਸ ਹੋ ਰਹੀ ਸੀ। ਬਤੌਰ ਕੋਚ ਵੀ ਇਕ ਰੋਜ਼ਾ ਵਿਸ਼ਵ ਕੱਪ, ਵਿਸ਼ਵ ਟੈਸਟ ਸੀਰੀਜ਼ ਫ਼ਾਈਨਲ ਦੀਆਂ ਹਾਰਾਂ ਤੋਂ ਬਾਅਦ ਲੱਗ ਰਿਹਾ ਸੀ ਕਿ ਵਿਸ਼ਵ ਚੈਂਪੀਅਨ ਬਣਨਾ ਉਸ ਲਈ ਸੁਫ਼ਨਾ ਰਹਿ ਜਾਵੇਗਾ। ਦ੍ਰਾਵਿੜ ਨੇ ਇਹ ਸੁਫ਼ਨਾ ਅਖੀਰ ਕੈਰੇਬਿਆਈ ਧਰਤੀ ਉਤੇ ਹੀ ਪੂਰਾ ਕੀਤਾ। ਇਸੇ ਲਈ ਉਸ ਨੂੰ ਪਹਿਲੀ ਵਾਰ ਇੰਨੇ ਭਾਵੁਕ ਅਤੇ ਜਸ਼ਨ ਮਨਾਉਂਦੇ ਪਹਿਲੀ ਵਾਰ ਦੇਖਿਆ।
2011 ਵਿੱਚ ਵਾਨਖੇੜੇ ’ਚ ਸਚਿਨ ਤੇਂਦੁਲਕਰ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਪੂਰਾ ਹੋਇਆ ਸੀ ਅਤੇ ਉਸ ਵੇਲੇ ਵਿਰਾਟ ਕੋਹਲੀ ਨੇ ਸਚਿਨ ਨੂੰ ਆਪਣੇ ਮੋਢਿਆਂ ਉਤੇ ਬਿਠਾ ਕੇ ਗਰਾਊਂਡ ਦਾ ਚੱਕਰ ਲਾਇਆ ਸੀ। ਉਸੇ ਵਿਰਾਟ ਨੇ ਪਿਛਲੇ ਡੇਢ ਦਹਾਕੇ ਤੋਂ ਕਰੋੜਾਂ ਭਾਰਤੀ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਦਾ ਭਾਰ ਚੁੱਕਿਆ। ਵੱਡੇ ਮੰਚ ਉਤੇ ਵੱਡੇ ਮੈਚ ਵਿੱਚ ਉਸ ਦੀ ਖੇਡ ਹੋਰ ਨਿੱਖਰ ਕੇ ਸਾਹਮਣੇ ਆਉਂਦੀ ਪਰ ਟੀਮ ਨੂੰ ਵਿਸ਼ਵ ਕੱਪ ਨਾ ਮਿਲਦਾ। ਦੂਜੇ ਪਾਸੇ 2007 ਵਿੱਚ ਆਪਣੇ ਪਹਿਲੇ ਹੀ ਵਿਸ਼ਵ ਕੱਪ ਵਿੱਚ ਚੈਂਪੀਅਨ ਬਣਨ ਵਾਲਾ ਰੋਹਿਤ ਸ਼ਰਮਾ ਕਪਤਾਨੀ ਹੇਠ ਫ਼ਾਈਨਲ ਹਾਰਨ ਦੇ ਸਦਮੇ ਵਿੱਚੋਂ ਉਭਰਨ ਲਈ ਕਾਹਲਾ ਸੀ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਦੋਵੇਂ ਖਿਡਾਰੀਆਂ ਦੇ ਚਿਹਰੇ ਸਾਫ ਦੱਸ ਰਹੇ ਸਨ ਕਿ ਕਿਵੇਂ ਉਨ੍ਹਾਂ ਦੇ ਦਿਲ ਤੋਂ ਵੱਡਾ ਭਾਰ ਲਹਿ ਗਿਆ। ਵਿਰਾਟ ਕੋਹਲੀ ਨੇ ਆਪਣੀ ਟਵੰਟੀ-20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਸਿਖਰ ਤੋਂ ਕੀਤਾ। ਵਿਸ਼ਵ ਚੈਂਪੀਅਨ ਦੇ ਨਾਲ ਫ਼ਾਈਨਲ ਮੈਚ ਵਿੱਚ ਮੈਨ ਆਫ਼ ਦਿ ਮੈਚ ਦੇ ਖਿਤਾਬ ਨਾਲ। ਵਿਰਾਟ ਇਕਲੌਤਾ ਖਿਡਾਰੀ ਹੈ ਜਿਸ ਨੇ ਅੰਡਰ-19 ਵਿਸ਼ਵ ਕੱਪ ਤੋਂ ਲੈ ਕੇ ਟਵੰਟੀ-20 ਵਿਸ਼ਵ ਕੱਪ, ਇਕ ਰੋਜ਼ਾ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਰੋਹਿਤ ਸ਼ਰਮਾ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਨੇ ਦੋ ਟਵੰਟੀ-20 ਵਿਸ਼ਵ ਕੱਪ ਜਿੱਤੇ ਹਨ।
ਅਜਿਹੇ ਮਨ ਦੇ ਜਜ਼ਬਾਤ ਜਸਪ੍ਰੀਤ ਬੁਮਰਾਹ ਦੇ ਸਨ ਜੋ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਖੇਡਦਾ ਆ ਰਿਹਾ ਸੀ ਪਰ ਵਿਸ਼ਵ ਕੱਪ ਪਹੁੰਚ ਤੋਂ ਦੂਰ ਸੀ। ਉਸ ਉਪਰ ਦੋਸ਼ ਲੱਗਦੇ ਕਿ ਉਹ ਮੁੰਬਈ ਇੰਡੀਅਨਜ਼ ਲਈ ਖਿਤਾਬ ਜਿੱਤਦਾ ਹੈ ਪਰ ਇੰਡੀਆ ਲਈ ਨਹੀਂ। ਉਧਰ ਉਸ ਦੀ ਘਰੇਲੂ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਵੀ ਪਿਛਲੇ ਇਕ ਸਾਲ ਤੋਂ ਘਰੇਲੂ ਦਰਸ਼ਕਾਂ ਦੀ ਆਲੋਚਾਨਵਾਂ ਤੇ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਰਿਸ਼ਭ ਪੰਤ ਨੂੰ ਤਾਂ ਇਕ ਵਾਰ ਦਰਦਨਾਕ ਸੜਕ ਹਾਦਸੇ ਵਿੱਚ ਆਪਣਾ ਖੇਡ ਕਰੀਅਰ ਖਤਮ ਹੁੰਦਾ ਹੀ ਨਜ਼ਰ ਲੱਗ ਰਿਹਾ ਸੀ। ਅਰਸ਼ਦੀਪ ਸਿੰਘ ਨੂੰ ਏਸ਼ੀਆ ਕੱਪ ਦੇ ਇਕ ਮੈਚ ਵਿੱਚ ਪਾਕਿਸਤਾਨੀ ਖਿਡਾਰੀ ਦਾ ਕੈਚ ਛੱਡਣਾ ਇੰਨਾ ਮਹਿੰਗਾ ਪਿਆ ਕਿ ਉਸ ਦੀ ਸੋਸ਼ਲ ਮੀਡੀਆ ਉਪਰ ਟਰੋਲਿੰਗ ਹੋਣ ਲੱਗੀ। ਇਨ੍ਹਾਂ ਸਾਰੇ ਖਿਡਾਰੀਆਂ ਲਈ ਇਸ ਵਿਸ਼ਵ ਕੱਪ ਦੀ ਜਿੱਤ ਦੇ ਮਾਇਨੇ ਵੱਖਰੇ ਹਨ।
ਭਾਰਤ ਵਿੱਚ ਖੇਡਾਂ ਦਾ ਜਾਨੂੰਨ ਅਤੇ ਖਿਡਾਰੀਆਂ ਦੀ ਭਗਤੀ ਆਮ ਗੱਲ ਹੈ, ਖਾਸ ਕਰਕੇ ਕ੍ਰਿਕਟ ਵਿੱਚ। ਕ੍ਰਿਕਟ ਖੇਡ ਦੇ ਜਾਣਕਾਰ ਆਖਦੇ ਹਨ ਕਿ ਜਦੋਂ ਟੀਮ ਜਿੱਤਦੀ ਹੈ ਤਾਂ ਉਕਤ ਗੱਲ ਹੋਰ ਵੀ ਪ੍ਰਪੱਕ ਹੋ ਜਾਂਦੀ ਹੈ। 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਦੀ ਪਹਿਲੀ ਵਿਸ਼ਵ ਕੱਪ ਜਿੱਤ ਨੇ ਇਸ ਖੇਡ ਨੂੰ ਦੇਸ਼ ਵਿੱਚ ਮਕਬੂਲ ਕੀਤਾ। ਨਵੀਂ ਸਦੀ ਦੀ ਸ਼ੁਰੂਆਤ ਵਿੱਚ ਮੈਚ ਫਿਕਸਿੰਗ ਅਤੇ ਹਾਰਾਂ ਨਾਲ ਸਹਿਮੀ ਭਾਰਤੀ ਟੀਮ 2007 ਦੇ ਟਵੰਟੀ-20 ਵਿਸ਼ਵ ਕੱਪ ਦੀ ਜਿੱਤ ਨਾਲ ਹੀ ਉਭਰੀ ਸੀ। 2011 ਵਿੱਚ ਵਿਸ਼ਵ ਕੱਪ ਦੀ ਜਿੱਤ ਸੋਨੇ ਉਤੇ ਸੁਹਾਗਾ ਸੀ ਜਿਸ ਨੇ ਯੁਵਰਾਜ ਸਿੰਘ ਵਰਗੇ ਖਿਡਾਰੀ ਨੂੰ ਤਾਉਮਰ ਲਈ ਖੇਡ ਪ੍ਰੇਮੀਆਂ ਦੀਆਂ ਅੱਖਾਂ ਦਾ ਤਾਰਾ ਬਣਾ ਦਿੱਤਾ। ਹੁਣ 2024 ਵਿੱਚ ਆਈ ਜਿੱਤ ਨੇ ਭਾਰਤੀ ਕ੍ਰਿਕਟ ਨੂੰ ਨਵੀਂ ਦਿਸ਼ਾ ਦੇਣੀ ਹੈ। ਟਵੰਟੀ-20 ਫਾਰਮੈਟ ਚਾਰ ਸਾਲ ਬਾਅਦ 2028 ਲਾਸ ਏਂਜਲਜ਼ ਵਿਖੇ ਓਲੰਪਿਕ ਖੇਡਾਂ ਦਾ ਹਿੱਸਾ ਬਣਨ ਜਾ ਰਿਹਾ ਹੈ ਜਿੱਥੇ ਭਾਰਤੀ ਟੀਮ ਤਕੜੀ ਦਾਅਵੇਦਾਰ ਹੋਵੇਗੀ।
ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਬਾਅਦ ਨਵਿਆਂ ਹੱਥ ਟੀਮ ਦੀ ਕਮਾਨ ਆਵੇਗੀ। ਹੁਣ ਪੈਰਿਸ ਓਲੰਪਿਕਸ ਸਿਰ ਉਤੇ ਹੈ ਅਤੇ ਵਿਸ਼ਵ ਕੱਪ ਜਿੱਤ ਦਾ ਖ਼ੁਮਾਰ ਛੇਤੀ ਕੀਤਿਆਂ ਭਾਰਤੀ ਖੇਡ ਪ੍ਰੇਮੀਆਂ ਦੇ ਦਿਮਾਗ ਤੋਂ ਨਹੀਂ ਉਤਰਨਾ। ਟੀਮ ਦੇ ਸਵਾਗਤ ਅਤੇ ਫੇਰ ਘਰੋਂ-ਘਰੀ ਖਿਡਾਰੀਆਂ ਦੇ ਸਵਾਗਤ ਤੋਂ ਬਾਅਦ ਇਹੋ ਖੇਡ ਪ੍ਰੇਮੀ ਓਲੰਪਿਕਸ ਲਈ ਭਾਰਤੀ ਖਿਡਾਰੀਆਂ ਨੂੰ ਚੀਅਰਜ਼ ਕਰਨਗੇ। ਇਹੋ ਖੇਡਾਂ ਦਾ ਦਸਤੂਰ ਹੈ। ਪ੍ਰਸ਼ੰਸਕਾਂ ਬਿਨਾਂ ਖੇਡਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਜਿਵੇਂ 16 ਖਿਡਾਰੀ ਜਿੱਤਿਆ ਮਹਿਸੂਸ ਕਰ ਰਹੇ ਹਨ, ਉਸ ਤੋਂ ਵੱਧ ਕੇ 150 ਕਰੋੜ ਵਾਸੀ ਆਪਣੇ-ਆਪ ਨੂੰ ਵਿਸ਼ਵ ਚੈਂਪੀਅਨ ਬਣਿਆ ਮਹਿਸੂਸ ਕਰ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×