For the best experience, open
https://m.punjabitribuneonline.com
on your mobile browser.
Advertisement

ਸਵੇਰਾ

09:06 AM Oct 28, 2023 IST
ਸਵੇਰਾ
Advertisement

ਅਵਨੀਤ ਕੌਰ

ਹੌਸਟਲ ਤੋਂ ਆਪਣੇ ਵਿਭਾਗ ਜਾਂਦਿਆਂ ਵਕਤ ਪਲਾਂ ਵਿਚ ਗੁਜ਼ਰ ਜਾਂਦਾ। ਆਪੋ-ਆਪਣੇ ਵਿਭਾਗਾਂ ਵੱਲ ਆਉਂਦੇ ਜਾਂਦੇ ਵਿਦਿਆਰਥੀ। ਮਨ ਭਾਉਂਦੇ ਪਹਿਰਾਵੇ, ਸੰਤੁਸ਼ਟ ਚਿਹਰੇ। ਟੋਲੀਆਂ ਵਿਚ ਜਾਂਦੇ ਹਸਦੇ ਖੇਡਦੇ। ਸੜਕ ਦੇ ਦੋਵੇਂ ਪਾਸੇ ਲੱਗੇ ਝੂਮਦੇ ਫੁੱਲ ਬੂਟੇ ਤੁਰੇ ਜਾਂਦੇ ਵਿਦਿਅਰਥੀਆਂ ਨੂੰ ਦੇਖ ਹੱਸਦੇ ਪ੍ਰਤੀਤ ਹੁੰਦੇ। ਹਰੇ ਭਰੇ ਰੁੱਖਾਂ ਦੀ ਛਾਵੇਂ ਤੁਰਨ ਦਾ ਅਨੂਠਾ ਅਹਿਸਾਸ। ਚੁਫੇਰੇ ਪਸਰੀ ਹਰਿਆਵਲ ਤੇ ਸ਼ਾਂਤ ਮਾਹੌਲ। ਸੁਪਨਿਆਂ ਦੀ ਪੂਰਤੀ ਲਈ ਮਨ ਇਕਾਗਰ ਕਰਦਾ। ਵਿਭਾਗ ਦੇ ਬਾਹਰ ਕੰਟੀਨ ’ਤੇ ਲੱਗੀ ਰੌਣਕ। ਆਪਸ ਵਿਚ ਮਿਲ ਬੈਠੇ ਮੁਸਕਾਨ ਬਿਖੇਰਦੇ ਪਾੜ੍ਹੇ ਜਿ਼ੰਦਗੀ ਦੇ ਖ਼ੂਬਸੂਰਤ ਪਲਾਂ ਦਾ ਪ੍ਰਤੀਕ ਜਾਪਦੇ।
ਕਲਾਸ ਵਿਚ ਜੁੜ ਬੈਠਦੇ ਉਤਸ਼ਾਹੀ ਵਿਦਿਆਰਥੀ। ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਤੋਂ ਆਏ। ਚਾਹ ਪਾਣੀ ਦੇ ਸਮੇਂ ਆਪੋ-ਆਪਣੇ ਪ੍ਰਾਈਵੇਟ ਪਬਲਿਕ ਸਕੂਲਾਂ ’ਤੇ ਰਸ਼ਕ ਕਰਦੇ। ਮੈਂ ਆਪਣੇ ਸਰਕਾਰੀ ਸਕੂਲ ਨੂੰ ਨਮਨ ਕਰਦੀ। ਅਧਿਆਪਕ ਮਾਪਿਆਂ ਦੇ ਸਕੂਲ ਵਿਚ ਪੜ੍ਹੀ। ਬੈਠਣ ਲਈ ਟਾਟ। ਇੱਕ ਜਮਾਤ ਦਾ ਇੱਕ ਅਧਿਆਪਕ। ਨਾਲ ਦੇ ਅਧਿਆਪਕ ਮੈਨੂੰ ਕਿਸੇ ਚੰਗੇ ਪ੍ਰਾਈਵੇਟ ਪਬਲਿਕ ਸਕੂਲ ਪਾਉਣ ਲਈ ਆਖਦੇ। ਅਧਿਆਪਕਾ ਮਾਂ ਦਾ ਜੁਆਬ ਹੁੰਦਾ, “ਜਿਹੜਾ ਸਕੂਲ ਆਪਾਂ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ, ਨਾਲ ਮਾਣ ਸਨਮਾਨ ਵੀ, ਉਹ ਆਪਣੇ ਬਾਲਾਂ ਦਾ ਭਵਿੱਖ ਵੀ ਰੌਸ਼ਨ ਕਰੇਗਾ।”
ਪੰਜ ਜਮਾਤਾਂ ਪਾਸ ਹੋਈਆਂ, ਨਾਲ ਦੇ ਵੱਡੇ ਵਿਹੜੇ ਵਾਲੇ ਸਰਕਾਰੀ ਸਕੂਲ ਜਾ ਪਹੁੰਚੀ। ਉਥੋਂ ਸਿੱਖਣ ਸਮਝਣ ਦਾ ਸਫ਼ਰ ਸ਼ੁਰੂ ਹੋਇਆ ਜਿਸ ਤੋਂ ਮਿਲੀ ਪ੍ਰੇਰਨਾ ਤੇ ਅਧਿਆਪਕ ਮਾਪਿਆਂ ਦੀ ਅਗਵਾਈ ਨੇ ਸਾਬਤ ਕਦਮੀਂ ਤੋਰਿਆ। ਮਿਹਨਤ, ਲਗਨ ਤੇ ਅਗਵਾਈ ਨੇ ਰਾਹ ਰੁਸ਼ਨਾਇਆ। ਉਚੇਰੀ ਪੜ੍ਹਾਈ ਲਈ ਉੱਚ ਅਦਾਰੇ ’ਚ ਦਾਖਲਾ ਮਿਲਿਆ।
ਯੂਨੀਵਰਸਿਟੀ ਵਿਚ ਵਿਭਾਗ ਦੀ ਪੜ੍ਹਾਈ ਦਾ ਬੀਤਦਾ ਦਿਨ ਅਗਲੇ ਪੜਾਅ ਨੂੰ ਤੋਰਦਾ। ਖਾਣ ਪੀਣ ਤੋਂ ਵਿਹਲੇ ਹੋ ਕਦਮ ਗਿਆਨ ਦੇ ਘਰ ਵੱਲ ਹੋ ਤੁਰਦੇ। ਚੁੱਪ ਤੇ ਸ਼ਾਂਤੀ ਦੀ ਆਮਦ ਵਾਲਾ ਵੱਡਾ ਹਾਲ। ਪੁਸਤਕਾਂ ਨਾਲ ਭਰੀਆਂ ਅਲਮਾਰੀਆਂ। ਇਤਿਹਾਸ, ਫਲਸਫਾ, ਵਿਗਿਆਨ, ਸਾਹਿਤ ਦੇ ਰੂਪਾਂ ਵਿਚ ਤਕਦੀਆਂ ਪੁਸਤਕਾਂ। ਸਾਰੀਆਂ ਕੁਰਸੀਆਂ, ਬੈਂਚਾਂ ’ਤੇ ਬੈਠ ਪੜ੍ਹਨ ਵਿਚ ਮਗਨ ਪਾੜ੍ਹੇ। ਬੈਠਣ ਲਈ ਸਬਰ ਨਾਲ ਉਡੀਕ ਕਰਨੀ ਪੈਂਦੀ। ਵਿਦਿਆਰਥੀ ਕਈ ਵਾਰ ਕੁਰਸੀਆਂ ਤੋਂ ਬਿਨਾ ਵੀ, ਤੇ ਬਹਿ ਕੇ ਪੁਸਤਕਾਂ ਨਾਲ ਸੰਵਾਦ ਕਰਦੇ। ਅਜਿਹਾ ਮਾਹੌਲ ਮਿਹਨਤ ਤੇ ਉੱਦਮ ਦਾ ਕਲਾਵਾ ਬਣਦਾ। ਮਨ ਮਸਤਕ ਤੇ ਸਬਕ ਦੀ ਇਬਾਰਤ ਲਿਖਦਾ। ਗਿਆਨ ਦੀ ਥਾਹ ਪਾਉਣ ਆਉਂਦੇ ਪਾੜ੍ਹੇ ਖਿਆਲਾਂ ਦੀ ਪਰਵਾਜ਼ ਭਰਦੇ। ਮੰਜਿ਼ਲ ਸਰ ਕਰਨ ਦੇ ਸੁਪਨੇ ਪਾਲਦੇ।
ਬੀਤੇ ਬਚਪਨ ਦੀ ਯਾਦ ਦਾ ਪੰਨਾ ਖੁੱਲ੍ਹਿਆ। ਚੌਥੀ ਕਲਾਸ ਵਿਚ ਪੜ੍ਹਦਿਆਂ ਮੇਰਾ ਸੁਫ਼ਨੇ ਨਾਲ ਵਾਹ ਪਿਆ। ਲੜਕੀਆਂ ਦੇ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ ਦੇਖਿਆ। ਸਕੂਲ ਪੜ੍ਹਦੀਆਂ ਕੁੜੀਆਂ, ਮਾਪਿਆਂ ਤੇ ਅਧਿਆਪਕਾਂ ਦਾ ਭਰਿਆ ਪੰਡਾਲ। ਬਾਲ ਮਨ ਨੇ ਪਹਿਲੀ ਵਾਰ ਰੰਗਮੰਚ ਦੀ ਝਲਕ ਦੇਖੀ। ਸਾਦ ਮੁਰਾਦੇ ਕੱਪੜਿਆਂ ਵਾਲੇ ਬਜ਼ੁਰਗ ਅਦਾਕਾਰ ਦੇ ਬੋਲ ਤਾੜੀਆਂ ਦੀ ਗੂੰਜ ਨਾਲ ਸੁਣੇ, “ਅੱਗੇ ਵਧਣ ਦੇ ਸੁਫ਼ਨੇ ਲੈਣਾ ਸਿੱਖੋ, ਜਿਊਣ ਦਾ ਹੱਕ ਹਰ ਇਕ ਨੂੰ ਏ, ਜਿਹੜਾ ਬਰਾਬਰੀ ਦੇ ਮੌਕੇ ਮੰਗਦਾ ਏ।” ਦਸਵੀਂ ਜਮਾਤ ਵਿਚ ‘ਨਾਇਕ’ ਨਾਟਕ ਪੜ੍ਹਦਿਆਂ ਰੰਗਮੰਚ ਦਾ ਸੁਫ਼ਨਿਆਂ ਵਾਲਾ ਉਹ ‘ਨਾਇਕ’ ਮਨ ਮਸਤਕ ਦਾ ਚਾਨਣ ਬਣਿਆ।
ਯੂਨੀਵਰਸਿਟੀ ਵਿਚ ਹਰ ਰੰਗ ਦੇਖਣ ਨੂੰ ਮਿਲਦਾ। ਸਾਦਗੀ, ਵਿਖਾਵਾ, ਅਮੀਰੀ, ਤੜਕ ਭੜਕ। ਸੁਹਿਰਦਤਾ, ਸਲੀਕਾ ਤੇ ਸੁਹਜ। ਮੰਜਿ਼ਲ ਮਿਥ ਕੇ ਆਉਣ ਵਾਲਿਆ ਦਾ ਨਿਸਚਿਤ ਟਿਕਾਣਾ ਹੁੰਦਾ। ਆਪਣੇ ਵਿਭਾਗ ਤੋਂ ਮਗਰੋਂ ਲਾਇਬ੍ਰੇਰੀ ਦੀ ਬੁੱਕਲ ਵਿਚ ਜਾ ਬੈਠਦੇ। ਅਜਿਹੇ ਸੁਹਿਰਦ ਪਾੜ੍ਹੇ ਮੇਰੇ ਮਨ ’ਤੇ ਉੱਕਰੇ ਸਕੂਲੋਂ ਮਿਲਿਆ ਸਬਕ ਦੁਹਰਾਉਂਦੇ- “ਸਫਲਤਾ ਕਿਸੇ ਦੀ ਜਾਗੀਰ ਨਹੀਂ ਹੁੰਦੀ। ਇਹ ਉੱਦਮੀਆਂ ਦੇ ਕਦਮ ਚੁੰਮਦੀ ਹੈ। ਇਸ ਦਾ ਪਤਾ, ਟਿਕਾਣਾ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਮਿਲਦਾ ਹੈ। ਵਿਦਿਆਰਥੀ ਜੀਵਨ ਵਿਚ ਸਾਬਤ ਕਦਮੀਂ ਤੁਰਨ ਵਾਲੇ ਸਹਿਜੇ ਹੀ ਮੰਜਿ਼ਲ ਦਾ ਰਾਹ ਜਾਣ ਜਾਂਦੇ ਹਨ।”
ਉਂਝ ਇਥੇ ਬਹੁਤਿਆਂ ਦੀ ਮਤਲਬ ਦੀ ਸਾਂਝ ਹੁੰਦੀ। ਸੁਆਰਥ ਵੇਲੇ ਨਿਮਰਤਾ; ਨਹੀਂ ਤਾਂ ਆਪੋ-ਆਪਣਾ ਰਾਹ। ਗਿਆਨ ਵਿਚੋਂ ਆਪਣਾ ਹੀ ਭਵਿੱਖ ਤਲਾਸ਼ਦੇ ਨਜ਼ਰ ਆਉਂਦੇ। ਸਾਹਿਤ ਦੇ ਵਿਦਿਆਰਥੀ ਵੀ ਖੋਜੀ ਬਣਨ ਤੱਕ ਸੀਮਤ। ਸਾਂਝ ਦੀ ਤੰਦ ਨੂੰ ਛੱਡ, ’ਕੱਲੇ ਕਹਿਰੇ ਅੱਗੇ ਵਧਣਾ ਲੋਚਦੇ। ਅਪਣੱਤ ਦੀ ਭਾਸ਼ਾ ਨੂੰ ਸੁਆਰਥ ਦੀ ਲਲਕ ਜ਼ੁਬਾਨ ’ਤੇ ਨਹੀਂ ਆਉਣ ਦਿੰਦੀ ਪਰ ਕੰਟੀਨ ’ਤੇ ਕੰਮ ਕਰਦੇ ਛੋਟੇ ਵੱਡੇ ਪਿਆਰ ਨਾਲ ਪੇਸ਼ ਆਉਂਦੇ। ਹੋਸਟਲ ਵਿਚ ਕੰਮ ਕਰਦੀਆਂ ਬੀਬੀਆਂ ਅੱਗੇ ਪਿੱਛੇ ਫਿਰਦੀਆਂ। ਮੋਹ ਮਮਤਾ ਦੀ ਮੂਰਤ ਜਾਪਦੀਆਂ। ਸਾਂਝ ਦੀ ਔੜ ਵਿਚ ਆਪਣੇ ਸੁਹਜ ਸਲੀਕੇ ਨਾਲ ਮੋਹ ਦੇ ਕਿਣਕੇ ਬਿਖੇਰਦੀਆਂ। ਉਹ ਮੈਨੂੰ ਗੁਜ਼ਰ ਗਈ ਦਾਦੀ ਮਾਂ ਦੇ ਬੋਲਾਂ ਦਾ ਸੱਚ ਜਾਪਦੀਆਂ, “ਧੀਏ, ਵਰਤ ਵਿਹਾਰ ਅਮੁੱਲਾ ਗਹਿਣਾ ਹੁੰਦਾ। ਚੰਗੇ ਬੋਲਾਂ ’ਤੇ ਕੁਸ਼ ਖਰਚ ਨੀ ਹੁੰਦਾ। ਹਰੇਕ ਨੂੰ ਇੱਜ਼ਤ ਨਾਲ ਪੇਸ਼ ਆਉਣ ਨਾਲ ਆਪਣਾ ਵੀ ਮਾਣ ਹੁੰਦਾ। ਇਹ ਮਾਣ ਗੁਆਉਣ ਵਾਲਾ ਬੰਦਾ ਅਪਾਹਜ ਹੁੰਦਾ।”
ਵਿਭਾਗ ਦੇ ਬੁੱਧੀਮਾਨ ਪ੍ਰੋਫੈਸਰ ਕਲਾਸਾਂ ਵਿਚ ਆਉਂਦੇ ਜਾਂਦੇ। ਆਪਣੀ ਵਿਦਵਤਾ ਦਾ ਚਾਨਣ ਬਿਖੇਰਦੇ। ਗਹਿਰ ਗੰਭੀਰਤਾ ਨਾਲ ਪੜ੍ਹਾਉਂਦੇ ਤੇ ਸ਼ੰਕੇ ਦੂਰ ਕਰਦੇ। ਅਧਿਆਪਨ ਦੀ ਅਜਿਹੀ ਪ੍ਰਤੀਬੱਧਤਾ ਮਨ ਮਸਤਕ ਨੂੰ ਚਾਨਣ ਦਾ ਰੂਪ ਜਾਪਦੀ। ਮਨ ਦੇ ਹਨੇਰੇ ਕੋਨੇ ਵਿਚੋਂ ਕੁਸੈਲੀ ਯਾਦ ਦਾ ਪੰਨਾ ਵੀ ਪਲਟਦਾ। ਸਕੂਲ, ਕਾਲਜ ਦੇ ਉਹ ਅਧਿਆਪਕ ਜਿਹੜੇ ਲਾਇਬ੍ਰੇਰੀ ਜਾਣ ਤੋਂ ਰੋਕਦੇ। ਆਪਣੇ ਸਿਲੇਬਸ ਤੇ ਨਤੀਜੇ ਤੱਕ ਸੀਮਤ ਰਹਿੰਦੇ। ਆਪਣੇ ਮਤਲਬ ਵਾਲੇ ਸਫ਼ਰ ਦੇ ਰਾਹੀ ਹੁੰਦੇ। ਜਿ਼ੰਦਗੀ ਜਿਊਣ ਦੀ ਕਲਾ ਤੋਂ ਸੱਖਣੇ ਹੁੰਦੇ। ਇਹ ਤਲਖ਼ ਹਕੀਕਤਾਂ ਵਿਦਿਆਰਥੀ ਜੀਵਨ ਦਾ ਸਬਕ ਬਣਦੀਆਂ।
ਦਿਨ ਭਰ ਅਧਿਐਨ ਕਰਨਾ। ਸੋਚਣਾ, ਸਮਝਣਾ। ਪੜ੍ਹਦੇ ਲੇਟ ਸੌਣਾ, ਸੁਵਖਤੇ ਉੱਠਣਾ। ਲਾਅਨ ਦੇ ਘਾਹ ਉੱਪਰ ਪਈ ਤ੍ਰੇਲ ’ਤੇ ਤੁਰਨਾ। ਤ੍ਰੇਲ ਦੀਆਂ ਬੂੰਦਾਂ ਵਿਚੋਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੀ ਝਲਕ ਤੱਕਣਾ। ਧਰਤੀ ਮਾਂ ਦੀ ਵਿਰਾਸਤ ਦੇ ਅੰਗ ਸੰਗ ਰਹਿਣਾ। ਤਰਕ ਵਿਤਰਕ ਨਾਲ਼ ਫੈਸਲੇ ਕਰਨਾ। ਜਿਊਣ ਦਾ ਇਹ ਸਲੀਕਾ ਜਿ਼ੰਦਗ਼ੀ ਦੇ ਸਾਬਤ ਕਦਮ ਬਣਦਾ। ਚੰਨ ਤਾਰਿਆਂ ਨਾਲ ਖਿੜੇ ਅੰਬਰ ਵਾਂਗ ਰਾਹ ਰੁਸ਼ਨਾਉਂਦਾ। ਜੀਵਨ ਦੇ ਆਸਾਂ ਭਰੇ, ਸੁਫ਼ਨਿਆਂ ਰੰਗੇ ਸਵੇਰੇ ਦੀ ਝਲਕ ਦਿੰਦਾ ਜਿਸ ਸਵੇਰੇ ਦੀ ਗੋਦ ਵਿਚ ਸ਼ਬਦ, ਕਲਾ ਤੇ ਜੁਆਨੀ ਦਾ ਭਵਿੱਖ ਸਮੋਇਆ ਹੈ।

Advertisement

ਸੰਪਰਕ: salamzindgi88@gmail.com

Advertisement

Advertisement
Author Image

sukhwinder singh

View all posts

Advertisement