ਪੋਹ ਮਹੀਨਾ ਠੰਢਾ ਠਾਰ...
ਚੇਤ ਮਹੀਨੇ ਤੋਂ ਸ਼ੁਰੂ ਹੋਈ ਦੇਸੀ ਮਹੀਨਿਆਂ ਦੀ ਲੜੀ ਦੇ ਰੂਪ ਵਿੱਚ ਦਸਵਾਂ ਮਹੀਨਾ ਪੋਹ ਦਾ ਆਉਂਦਾ ਹੈ। ਇਹ ਮਹੀਨਾ ਗ੍ਰੈਗੋਰੀਅਨ ਕੈਲੰਡਰ ਦੇ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਹੁੰਦਾ ਹੈ। ਪੋਹ ਮਹੀਨਾ ਵੀ ਹੋਰਨਾਂ ਮਹੀਨਿਆਂ ਵਾਂਗ ਜਨ-ਜੀਵਨ ਲਈ ਆਪਣੀ ਵਿਸ਼ੇਸ਼ਤਾ ਰੱਖਣ ਵਾਲਾ ਹੈ। ਹੋਰਨਾਂ ਮਹੀਨਿਆਂ ਵਾਂਗ ਪੋਹ ਮਹੀਨੇ ਦਾ ਵਖਰੇਵਾਂ ਸਪੱਸ਼ਟ ਵਿਖਾਈ ਦਿੰਦਾ ਹੈ। ਇਸ ਮਹੀਨੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਮੱਘਰ ਮਹੀਨੇੇ ਤੋਂ ਸ਼ੁਰੂ ਹੋਈ ਸਰਦੀ ਪੂਰਾ ਜ਼ੋਰ ਫੜ ਲੈਂਦੀ ਹੈ। ਇਸ ਦਾ ਕਾਰਨ ਧਰਤੀ ਦੇ ਇਸ ਹਿੱਸੇ ਦਾ ਇਸ ਸਮੇਂ ਸੂਰਜ ਤੋਂ ਸਭ ਤੋਂ ਜ਼ਿਆਦਾ ਦੂਰ ਹੋਣਾ ਹੈ। ਇਸ ਮਹੀਨੇ ਪੈਂਦੀ ਹੱਡ ਚੀਰਵੀਂ ਸਰਦੀ ਅਤੇ ਧੁੰਦ ਕਾਰਨ ਜਨ-ਜੀਵਨ ਵਿੱਚ ਠਹਿਰਾ ਜਿਹਾ ਆ ਜਾਂਦਾ ਹੈ। ਇਸ ਸਮੇਂ ਦਿਨ ਛੋਟੇੇ ਅਤੇੇ ਰਾਤਾਂ ਵੱਡੀਆਂ ਹੁੰਦੀਆਂ ਹਨ। ਇਸ ਮਹੀਨੇ ਸਬੰਧੀ ਬਾਰਾਮਾਹ ਵਿੱਚ ਗੁਰੂ ਅਰਜਨ ਦੇੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਕੁੱਝ ਇਸ ਤਰ੍ਹਾਂ ਫੁਰਮਾਇਆ ਹੈ;
ਪੋਖਿ ਤੁਖਾਰ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
***
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥
ਪੋਹ ਮਹੀਨਾ ਪੂਰੀ ਸਰਦੀ ਦਾ ਮਹੀਨਾ ਹੁੰਦਾ ਹੈ। ਜਿੱਥੇ ਇਸ ਮਹੀਨੇ ਪੈਂਦੀ ਗੂੜ੍ਹੀ ਸਰਦੀ ਕਾਰਨ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ, ਉੱਥੇ ਰੁੱਖਾਂ ’ਤੇ ਪੱਤਝੜ ਆਈ ਹੁੰਦੀ ਹੈ। ਇਸ ਦੇ ਨਾਲ ਘਾਹ ਅਤੇ ਦੂਸਰੇ ਛੋਟੇ ਪੌਦੇ ਵੀ ਸਰਦੀ ਦੀ ਮਾਰ ਨਾ ਸਹਿੰਦਿਆਂ ਮੱਚ ਜਾਂਦੇ ਹਨ। ਇਸ ਮਹੀਨੇ ਦੇ ਅਜਿਹੇ ਪੱਖ ਸਬੰਧੀ ਟੱਪਿਆਂ ਅਤੇ ਬੋਲੀਆਂ ਵਿੱਚ ਜ਼ਿਕਰ ਕੁੱਝ ਇਸ ਤਰ੍ਹਾਂ ਮਿਲਦਾ ਹੈ;
ਪੋਹ ਮਹੀਨਾ ਠੰਢਾ ਠਾਰ
ਕੱਖ ਕੰਡੇ ਨੂੰ ਦੇਵੇ ਮਾਰ
ਪੋਹ ਦੀਆਂ ਲੰਬੀਆਂ ਰਾਤਾਂ ਅਜੋਕੇ ਸਾਾਧਨਾਂ ਦੀ ਘਾਟ ਸਮੇਂ ਵਧੇਰੇ ਕਾਲੀਆਂ ਅਤੇ ਉਦਾਸ ਹੁੰਦੀਆਂ ਸਨ। ਅਜਿਹੇ ਸਮੇਂ ਕਿਸੇ ਆਪਣੇ ਦਾ ਵਿਛੋੜਾ, ਘਾਟ ਵਧੇਰੇ ਮਹਿਸੂਸ ਹੁੰਦੀ ਹੈ;
ਪੋਹ ਦਾ ਠੰਢਾ ਮਹੀਨਾ, ਠੰਢੀਆਂ ਚੱਲਣ ਹਵਾਵਾਂ।
ਦੂਰ ਗਿਆ ਕੀ ਜਾਣੇ, ਕਿੰਝ ਮੈਂ ਵਕਤ ਲੰਘਾਵਾਂ।
ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨਪਸੰਦ ਖੁਰਾਕ ਹੈ ਅਤੇ ਇਹ ਉਨ੍ਹਾਂ ਦੀ ਵਿਰਾਸਤੀ ਪਹਿਚਾਣ ਦਾ ਹਿੱਸਾ ਹੈ। ਮੱਘਰ ਮਹੀਨੇ ਤੋਂ ਖੇਤਾਂ ਵਿੱਚ ਆਮ ਹੋਈ ਸਰ੍ਹੋਂ ਦੀਆਂ ਗੰਦਲਾਂ ਤੋਂ ਸਾਗ ਬਣਦਾ ਹੈ। ਪੋਹ ਮਹੀਨੇ ਅੰਤਾਂ ਦੀ ਸਰਦੀ ਵਿੱਚ ਇਹ ਸਾਗ ਹੋਰ ਵੀ ਸ਼ੌਕ ਨਾਲ ਬਣਾਇਆ ਤੇ ਖਾਧਾ ਜਾਂਦਾ ਹੈ। ਇਹ ਸਾਗ ਖੁਰਾਕੀ ਗੁਣਾਂ ਨਾਲ ਸੰਪੰੰਨ ਹੋਣ ਦੇ ਨਾਲ ਨਾਲ ਸਰੀਰ ਨੂੰ ਗਰਮੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਸੁਆਦ ਅਤੇ ਦੂਸਰੇੇ ਗੁਣਾਂ ਕਾਰਨ ਹਰ ਘਰ ਵਾਰ ਵਾਰ ਸਾਗ ਬਣਦਾ ਹੈ;
ਆਏ ਮਹੀਨੇ ਪੋਹ ਮਾਘ
ਘਰ ਘਰ ਰਿੱਝੇ ਨਿੱਤ ਸਾਗ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਕੱਤਕ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ। ਮੱਘਰ ਮਹੀਨਾ ਇਸ ਦੀ ਬਿਜਾਈ ਲਈ ਸਭ ਤੋਂ ਢੁੱਕਵਾਂ ਹੈ, ਪ੍ਰੰਤੂ ਜੇਕਰ ਕਣਕ ਦੀ ਬਿਜਾਈ ਕਿਸੇ ਕਾਰਨ ਇਸ ਤੋਂ ਬਾਅਦ ਭਾਵ ਪੋਹ ਮਹੀਨੇ ਕੀਤੀ ਜਾਂਦੀ ਹੈ ਤਾਂ ਇਸ ਦਾ ਝਾੜ ਪ੍ਰਭਾਵਿਤ ਹੋਣਾ ਤੈਅ ਹੈ ਕਿਉਂਕਿ ਇਸ ਨੂੰ ਪੱਕਣ ਲਈ ਪੂਰਾ ਸਮਾਂ ਅਤੇ ਲੰਬਾ ਠੰਢਾ ਮੌਸਮ ਨਹੀਂ ਮਿਲਦਾ। ਇਸ ਦੇ ਅਜਿਹੇ ਪੱਖ ਨੂੰ ਲੋਕ ਸਿਆਣਪਾਂ ਵਿੱਚ ਕੁੱਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਪੋਹ ਮਹੀਨੇ ਕੀਤੀ ਹਾੜ੍ਹੀ ਦੀ ਬਿਜਾਈ।
ਫਿਰ ਹੋਣੀ ਤੈਨੂੰ ਐੈਹੋ ਜਿਹੀ ਕਮਾਈ।
ਇਸ ਤਰ੍ਹਾਂ ਪਹਿਲਾਂ ਸਿੰਚਾਈ ਦੇ ਬਣਾਉਟੀ ਸਾਧਨਾਂ ਦੀ ਘਾਟ ਕਾਰਨ ਇਸ ਮਹੀਨੇ ਮੀਂਹ ਪੈਣਾ ਹਾੜ੍ਹੀ ਦੀ ਫ਼ਸਲ ਲਈ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਇਸ ਸਮੇਂ ਮੀਂਹ ਪੈਣ ਨਾਲ ਫ਼ਸਲ ਨੂੰ ਉੱਚਿਤ ਨਮੀ ਮਿਲਦੀ ਹੈ ਅਤੇ ਖੁਸ਼ਕ ਠੰਢ ਦੇ ਮਾੜੇ ਪ੍ਰਭਾਵ ਤੋਂ ਬਚਾਅ ਹੁੰਦਾ ਹੈ;
ਹਾੜ੍ਹੀ ਹੋਵੇ ਖੂਬ ਨਿਰਾਲੀ
ਪੋਹ ਵਰ੍ਹੇ ਕੁਦਰਤ ਦਾ ਬਾਲੀ
ਇਸ ਮਹੀਨੇ ਪਿਆ ਮੀਂਹ ਜਿੱਥੇ ਕੱਖ ਕੰਡਿਆਂ, ਪੌਦਿਆਂ ਨੂੰ ਸੁੱਕੀ ਸਰਦੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ, ਉੱਥੇ ਫ਼ਸਲਾਂ ਲਈ ਬੇਹੱਦ ਗੁਣਕਾਰੀ ਹੁੰਦਾ ਹੈੈ। ਇਸ ਨਾਲ ਪਛੇੇਤੀ ਫ਼ਸਲ ਵੀ ਚੰਗੀ ਵਧਦੀ ਫੁਲਦੀ ਅਤੇ ਇਸ ਦੇ ਪ੍ਰਭਾਵ ਨਾਲ ਚੰਗਾ ਝਾੜ ਦਿੰਦੀ ਹੈ;
ਵਸੇ ਪੋਹ, ਅਗੇਤੀ ਪਛੇਤੀ
ਇੱਕੋ ਜਿਹੀ ਹੋ ਜਾਵੇ ਖੇਤੀ
ਪੋਹ ਮਹੀਨੇ ਗੂੂੜ੍ਹੀ ਸਰਦੀ ਹੁੰਦੀ ਹੈ, ਪ੍ਰੰਤੂ ਜੇਕਰ ਇਸ ਸਮੇੇਂ ਹਵਾ ਵਗਦੀ ਹੈ ਤਾਂ ਇਹ ਸਰਦੀ ਨੂੰ ਹੋਰ ਵਧਾਉਣ ਦਾ ਕੰਮ ਕਰਦੀ ਹੈੈ। ਇਸ ਸਮੇਂ ਵਗਦੀ ਹਵਾ ਦੇ ਇਸ ਪੱਖ ਸਬੰਧੀ ਕੁੱਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਪਾਲਾ ਪੋਹ ਨਾ ਮਾਘ
ਪਾਲਾ ਵਾਅ ਦਾ
ਇਸ ਤਰ੍ਹਾਂ ਪੋਹ ਮਹੀਨੇ ਪੈਂਦੀ ਸਰਦੀ ਵਿੱਚ ਜੇਕਰ ਪੱਛੋਂ ਹਵਾ ਚੱਲੇ ਤਾਂ ਰਾਤ ਨੂੰ ਕੋਰਾ ਪੈਣਾ ਤੈਅ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਪੱਛੋਂ ਦੀ ਖੁਸ਼ਕ ਅਤੇ ਠੰਢੀ ਹਵਾ ਕਾਰਨ ਬਾਕੀ ਬਚੀ ਨਮੀ ਦਾ ਜੰਮ ਜਾਣਾ ਹੁੰਦਾ ਹੈ। ਇਸ ਨਾਲ ਜਿੱਥੇ ਸਰਦੀ ਵਧਦੀ ਹੈ, ਉੱਥੇ ਸਰ੍ਹੋਂ ਵਰਗੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਨੁਕਸਾਨ ਹੁੰਦਾ ਹੈ;
ਜੇ ਪੱਛੋਂ ਚੱਲੇ ਵਿੱਚ ਪੋਹ
ਕੋਰਾ ਪਵੇ ਜ਼ਰੂਰ।
ਨੁਕਸਾਨ ਕਰੇ ਸਰ੍ਹੋਂ ਫ਼ਸਲ ਦਾ
ਸਬਜ਼ੀ ਕਰੇ ਚਕਨਾਚੂਰ।
ਪੋਹ ਮਹੀਨੇ ਦਾ ਪਾਲਾ ਜਿੱਥੇ ਜਨ-ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਉੱਥੇ ਇਸ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਅਜਿਹੇ ਪੱਖ ਸਬੰਧੀ ਟੱਪੇੇ ਅਤੇ ਬੋਲੀਆਂ ਆਦਿ ਵਿੱਚ ਕੁੱਝ ਇਸ ਤਰ੍ਹਾਂ ਮਿਲਦਾ ਹੈ;
ਪੋਹ ਪਾਲਾ ਪਵੇ, ਬਹੁਤ ਵਿਗਾੜੇ
ਸਰ੍ਹੋਂ, ਤਾਰਾਮੀਰਾ ਤੇ ਛੋਲੇ ਮਾਰੇ
ਪੋਹ ਦੀਆਂ ਠੰਢੀਆਂ ਰਾਤਾਂ ਆਪਣੇ ਦੂਰ ਗਿਆਂ ਦੀਆਂ ਘਾਟਾਂ ਦਾ ਅਹਿਸਾਸ ਕਰਵਾਉਣ ਵਾਲੀਆਂ ਸਾਬਤ ਹੁੰਦੀਆਂ ਹਨ। ਪੋਹ ਦੇ ਅਜਿਹੇ ਪੱਖ ਨੂੰ ਬੋਲੀਆਂ ਟੱਪਿਆਂ ਵਿੱਚ ਕੁੱਝ ਇਸ ਤਰ੍ਹਾਂ ਕਿਹਾ ਵੀ ਮਿਲਦਾ ਹੈ;
ਰੋਂਦਿਆਂ ਪੋਹ ਆ ਪਹੁੰਚਿਆ
ਰੁੱਤਾਂ ਠੰਢੀਆਂ ਆਈਆਂ।
ਭਰਵਾਏ ਲੇਫ ਰਜਾਈਆਂ
ਕੰਤਾਂ ਵਾਲੀਆਂ ਸਹੀਆਂ
ਇਸ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਦਾ ਤਿਉਹਾਰ ਆਉਂਦਾ ਹੈੈ ਅਤੇ ਰਾਤ ਨੂੰ ਧੂਣੀਆਂ ਬਾਲੀਆਂ ਜਾਂਦੀਆਂ ਹਨ। ਇਸ ਤੋਂ ਕਈ ਦਿਨ ਪਹਿਲਾਂ ਜਿਨ੍ਹਾਂ ਘਰਾਂ ਵਿੱਚ ਮੁੰਡੇ ਹੋਏ ਹੁੰਦੇ ਹਨ, ਉਨ੍ਹਾਂ ਵੱਲੋਂ ਲੋਹੜੀ ਵੰਡਣ ਲਈ ਔਰਤਾਂ ਵੱਲੋਂ ਸਿਰ ’ਤੇ ਪਰਾਂਤਾਂ ਰੱਖ ਕੇ ਘਰ ਘਰ ਗੇੜੇ ਲਗਾਏ ਜਾਂਦੇ ਸਨ। ਕਈ ਦਿਨ ਪਹਿਲਾਂ ਭੱਠੀਆਂ ’ਤੇ ਮਰੂੰਡੇ, ਭੂਤ ਪਿੰਨੇ ਬਣਾਉਣ ਲਈ ਛੋਲੇੇ, ਬਾਜ਼ਰੇ, ਮੱਕੀ ਦੇ ਦਾਣੇ ਭੁੰਨਵਾਉਣ ਲਈ ਖ਼ੂਬ ਇਕੱਠ ਹੁੰਦਾ ਅਤੇੇ ਘਰ ਘਰ ਇਨ੍ਹਾਂ ਲਈ ਗੁੜ ਤੋਂ ਚਾਸਨੀ ਬਣਾਉਣ ਦੀਆਂ ਖੁਸ਼ਬੋਆਂ ਆਉਂਦੀਆਂ ਰਹਿੰਦੀਆਂ ਸਨ। ਸਰੀਰ ਨੂੰ ਗਰਮੀ ਦੇਣ ਲਈ ਤਿਲਾਂ ਤੋਂ ਘਰੇਂ ਬਣਾਏ ਉਤਪਾਦ ਖ਼ੂਬ ਵਰਤੇ ਜਾਂਦੇ ਹਨ। ਲੋਹੜੀ ਮੰਗਣ ਵਾਲਿਆਂ ਵੱਲੋਂ ਘਰ ਘਰ ਜਾ ਕੇ ਕੁੱਝ ਇਸ ਤਰ੍ਹਾਂ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਸੀ;
ਦੇ ਮਾਤਾ ਲੋਹੜੀ
ਜੀਵੇ ਤੇਰੀ ਜੋੜੀ
ਦੇ ਮਾਤਾ ਪਾਥੀ
ਤੇੇਰਾ ਪੁੱਤ ਚੜ੍ਹੇੇ ਹਾਥੀ
ਲੋਕ ਵਿਸ਼ਵਾਸ ਅਨੁਸਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਹੜੀ ਵਾਲੀ ਸ਼ਾਮ ਗੰਨੇ ਦੇ ਰਸ ਨਾਲ ਖੀਰ, ਖਿਚੜੀ ਅਤੇੇ ਸਾਗ ਬਣਾਉਣ ਦੀ ਪਰੰਪਰਾ ਰਹੀ ਹੈ, ਪ੍ਰੰਤੂ ਲੋਹੜੀ ਵਾਲੇ ਦਿਨ ਇਨ੍ਹਾਂ ਨੂੰ ਨਹੀਂ ਸੀ ਖਾਧਾ ਜਾਂਦਾ। ਇਨ੍ਹਾਂ ਦੀ ਖਾਣ ਲਈ ਵਰਤੋਂ ਅਗਲੇ ਦਿਨ ਭਾਵ ਮਾਘੀ ਵਾਲੇ ਦਿਨ ਕੀਤੀ ਜਾਂਦੀ ਸੀ। ਪੰਜਾਬੀ ਲੋਕ ਵਿਸ਼ਵਾਸ ਅਨੁਸਾਰ ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਭਾਵੇਂ ਹੁਣ ਲੋਹੜੀ ਦੀ ਸ਼ਾਮ ਨੂੰ ਖੀਰ, ਖਿਚੜੀ ਤਾਂ ਨਹੀਂ ਬਣਾਈ ਜਾਂਦੀ, ਪਰ ਲਗਪਗ ਹਰ ਘਰ ਹੁਣ ਵੀ ਸਾਗ ਬਣਾਇਆ ਜਾਂਦਾ ਹੈ। ਇਸ ਸਬੰਧੀ ਪ੍ਰਸਿੱਧ ਹੈ;
ਪੋਹ ਰਿੰਨ੍ਹੀ ਅਤੇ ਮਾਘ ਖਾਧੀ
ਹੋਰਨਾਂ ਮਹੀਨਿਆਂ ਵਾਂਗ ਕਈ ਲੋਕ ਵਿਸ਼ਵਾਸ ਵੀ ਪੋਹ ਮਹੀਨੇ ਨਾਲ ਜੁੜੇ ਹੋਏ ਹਨ। ਇਸ ਮਹੀਨੇ ਵਿਆਹ ਕਰਨਾ ਮਾੜਾ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਸ ਮਹੀਨੇੇ ਅੰਤਾਂ ਦੀ ਸਰਦੀ ਸੀ, ਨਾਲ ਹੀ ਪਹਿਲਾਂ ਅਜੋਕੇ ਆਵਾਜਾਈ ਦੇ ਸਾਧਨਾਂ ਅਤੇ ਅਜੋਕੀਆਂ ਸੁੱਖ ਸਹੂਲਤਾਂ ਦੀ ਘਾਟ ਹੋਣਾ ਮੁੱਖ ਕਾਰਨ ਹੋਵੇਗਾ, ਪ੍ਰੰਤੂ ਹੁਣ ਆਧੁਨਿਕ ਸੁੱਖ-ਸਹੂਲਤਾਂ ਆਉਣ ਦੇ ਬਾਵਜੂਦ ਪਹਿਲਾਂ ਤੋਂ ਚੱਲੇ ਆ ਰਹੇ ਵਿਸ਼ਵਾਸ ਕੰਮ ਕਰ ਰਹੇ ਹਨ। ਹੁਣ ਇਸ ਨਾਲ ਇਸ ਮਹੀਨੇ ਵਾਪਰੀਆਂ ਸਿੱਖ ਇਤਿਹਾਸ ਦੀਆਂ ਦੁੱਖਦਾਈ ਘਟਨਾਵਾਂ ਵੀ ਇੱਕ ਕਾਰਨ ਬਣ ਗਈਆਂ ਹਨ। ਇਸ ਮਹੀਨੇ ਹੋਰਨਾਂ ਲੋਕ ਵਿਸ਼ਵਾਸਾਂ ਦੇ ਨਾਲ ਬੱਕਰੀ ਦਾ ਸੂਣਾ ਮਾੜਾ ਮੰਨਿਆ ਜਾਂਦਾ ਹੈ;
ਪੋਹ ਵਿੱਚ ਸੂਈ ਬੱਕਰੀ ਮਾੜੀ
ਪੋਹ ਮਹੀਨੇ ਦੀ ਸਰਦੀ ਦੀਆਂ ਲੰਬੀਆਂ ਕਾਲੀਆਂ ਰਾਤਾਂ ਵਿੱਚ ਵਿਛੋੜੇ ਦਾ ਹਿਜ਼ਰ ਕੁਝ ਵਧੇਰੇ ਕਿਰਿਆਸ਼ੀਲ ਹੁੰਦਾ ਹੈ ਅਤੇ ਆਪਣਾ ਅਸਰ ਵਿਖਾਉਂਦਾ ਹੈੈ;
ਪੋਹ ਮਹੀਨੇ ਅੰਤਾਂ ਦੀ ਸਰਦੀ
ਠੰਢੀਆਂ ਵਗਣ ਹਵਾਵਾਂ
ਤੂੰ ਕੀ ਜਾਣੇ ਬਿਨ ਤੇਰੇ
ਕਿਵੇਂ ਕਾਲੀ ਰਾਤ ਲੰਘਾਵਾਂ
ਤਨ ਮੇਰਾ ਬਣਿਆ ਚੁੱਲ੍ਹਾ
ਹੱਡੀਆਂ ਦਾ ਬਾਲਣ ਪਾਵਾਂ
ਤੇਰੇ ਵਿੱਚ ਵਿਛੋੜੇ ਦੇ
ਝੜੀ ਹੰਝੂਆਂ ਦੀ ਲਾਵਾਂ
ਤੇਰੇ ਵਿੱਚ ਵਿਛੋੜੇ ਦੇ...
ਪੋਹ ਮਹੀਨਾ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ/ਸ਼ਹੀਦੀਆਂ ਦਾ ਮਹੀਨਾ ਹੈ। ਆਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਨੂੰ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀ ਸਾਂਝੀ ਫ਼ੌਜ ਵੱਲੋਂ ਪਾਇਆ ਘੇਰਾ ਕਾਫ਼ੀ ਲੰਬਾ ਹੋਣ ਕਾਰਨ ਦਬਾਅ ਵਧ ਗਿਆ ਸੀ। ਮੁਗ਼ਲ ਅਤੇ ਪਹਾੜੀ ਰਾਜਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ’ਤੇ ਕਿਲ੍ਹਾ ਛੱਡਣ ’ਤੇ ਸਿੰਘਾਂ ਦਾ ਕੋਈ ਨੁਕਸਾਨ ਨਾ ਕਰਨ ਦੀਆਂ ਕਸਮਾਂ ਖਾਧੀਆਂ ਗਈਆਂ। ਇਸ ’ਤੇ ਗੁਰੂ ਜੀ ਅਤੇ ਸਿੰਘਾਂ ਵੱਲੋਂ ਵਿਸ਼ਵਾਸ ਕਰਕੇ 1704 ਈ. ਵਿੱਚ ਪੋਹ ਮਹੀਨੇ ਕਿਲ੍ਹਾ ਆਨੰਦਗੜ੍ਹ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਕਸਮ ਤੋੜ ਕੇ ਸਰਸਾ ਨਦੀ ਕੰਢੇ ਗੁਰੂ ਸਾਹਿਬ ’ਤੇ ਕੀਤੇ ਹਮਲੇ ਕਾਰਨ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਂਰੂ ਖੇਂਰੂ ਹੋ ਗਿਆ। ਇਸ ਸਮੇਂ ਦੌਰਾਨ ਸੈਂਕੜੇ ਸਿੱਖ ਸ਼ਹੀਦੀ ਪ੍ਰਾਪਤ ਕਰ ਗਏ। ਇਸ ਤੋਂ ਬਾਅਦ ਚਮਕੌਰ ਸਾਹਿਬ ਦੀ ਗੜ੍ਹੀ ਦੀ ਲੜਾਈ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕੈਦ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਕੜਾਕੇ ਦੀ ਸਰਦੀ ਦੇ ਇਸ ਮਹੀਨੇ ਦੌਰਾਨ ਜਿੱਥੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਉੱਥੇ ਇਹ ਸਾਰਾ ਮਹੀਨਾ ਜੰਗਾਂ ਯੁੱਧਾਂ ਵਿੱਚ ਬਤੀਤ ਹੋਇਆ।
ਸਾਲ ਦੇ ਸਭ ਤੋਂ ਛੋਟੇ ਦਿਨ ਅਤੇ ਵੱਡੀ ਰਾਤ ਦੀ ਖਗੋਲੀ ਘਟਨਾ ਵੀ ਇਸ ਮਹੀਨੇ ਵਿੱਚ ਹੀ ਵਾਪਰਦੀ ਹੈ। ਇਸ ਮਹੀਨੇ ਦੀ ਅੰਤਾਂ ਦੀ ਸਰਦੀ ਜਨ-ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਲੋਕ ਆਪਣੇੇ ਤਨ ’ਤੇ ਮੋਟੇ ਕੱਪੜੇ ਅਤੇ ਖੇਸ-ਖੇਸੀਆਂ ਦੀਆਂ ਬੁੱਕਲਾਂ ਅਤੇ ਮੜਾਸੇ ਮਾਰ ਕੇ ਆਪਣੇ ਆਪ ਨੂੰ ਸਰਦੀ ਤੋਂ ਬਚਾਉਂਦੇ ਹਨ। ਖਾਣ ਲਈ ਸਾਗ ਜਿਹੇ ਗਰਮ ਪਦਾਰਥਾਂ ਦੇ ਨਾਲ ਨਾਲ ਘਰ ਘਰ ਖੋਏ ਕੱਢੇ ਜਾਂਦੇ ਹਨ, ਮੇਥੇੇ ਆਦਿ ਦੀਆਂ ਪਿੰਨੀਆਂ, ਪੰਜੀਰੀਆਂ ਆਦਿ ਬਣਾਉਣੀਆਂ ਅਤੇ ਤਿਲ ਜਿਹੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ। ਰੁੰਡ ਮਰੁੰਡ ਹੋਏ ਦਰੱਖਤਾਂ ਅਤੇ ਬਨਸਪਤੀ ’ਤੇ ਸਰਦੀ ਦਾ ਅਸਰ ਸਪੱਸ਼ਟ ਵਿਖਾਈ ਦਿੰਦਾ ਹੈ। ਇਸ ਸਮੇਂ ਲੋਕਾਂ ਕੋਲ ਘੱਟ ਕੰਮ ਧੰਦੇ ਅਤੇ ਸੱੱਥਾਂ ਵਿੱਚ ਬੈਠਣ, ਗਰਨੇ ਕੱਢਣ, ਰੱਸੇ-ਰੱਸੀਆਂ ਵੱੱਟਣ ਤੇ ਧੂਣੀਆਂ ਸੇਕਣ ਵਰਗੇ ਕੰਮਾਂ ਲਈ ਚੰਗਾ ਸਮਾਂ ਹੁੰਦਾ ਹੈ। ਇਸ ਸਮੇਂ ਖੇਤਾਂ ਵਿੱਚ ਸਰ੍ਹੋਂ ’ਤੇ ਪੀਲੇ ਫੁੱਲ ਖੇਤਾਂ ਨੂੰ ਸ਼ਿੰੰਗਾਰਨ ਦਾ ਕੰਮ ਕਰਦੇ ਹਨ।
ਸੰਪਰਕ: 81469-24800