ਬਾਂਦਰ
ਜਸਬੀਰ ਕੌਰ
ਭਲਾ ਉਨ੍ਹਾਂ ਉਸ ਨੂੰ ਬਾਂਦਰ ਕਿਉਂ ਕਿਹਾ? ਸਮਝ ਨਹੀਂ ਸੀ ਆ ਰਹੀ। ਗੱਲ ਇਹ ਸੀ ਕਿ ਪ੍ਰੈਸ਼ਰ ਘੱਟ ਹੋਣ ਕਰਕੇ ਘਰ ਵਿੱਚ ਸਰਕਾਰੀ ਪਾਣੀ ਸਿੱਧਾ ਆ ਨਹੀਂ ਸੀ ਰਿਹਾ। ਇਸ ਲਈ ਛੱਤ ’ਤੇ ਟੈਂਕੀ ਰੱਖ ਕੇ ਮੋਟਰ ਨਾਲ ਟੂਟੀਆਂ ਵਿੱਚ ਪਾਣੀ ਲਿਆਉਣਾ ਸੀ। ਮੈਂ ਸਬੰਧਿਤ ਦੁਕਾਨ ’ਤੇ ਗਈ।
‘‘ਕੀ ਕੋਈ ਨਲਸਾਜ਼ਾ, ਮੇਰਾ ਮਤਲਬ ਪਲੰਬਰ ਹੈ ਇੱਥੇ?’’ ਮੈਂ ਪੁੱਛਿਆ।
‘‘ਓਹ ਕਿੱਥੇ ਗਿਐ ਬਈ ਬਾਂਦਰ?’’ ਦੁਕਾਨ ਵਾਲੇ ਨੇ ਕਿਸੇ ਹੋਰ ਤੋਂ ਪੁੱਛਿਆ।
‘‘ਉਹ ਜੀ, ਓਸੇ ਸਰਦਾਰ ਦੀ ਕੋਠੀ ਗਿਆ ਏ ਅੱਜ ਫੇਰ।’’ ਉੱਤਰ ਮਿਲਿਆ।
‘‘ਮੈਂ ਸ਼ਾਮ ਨੂੰ ਤੁਹਾਡੇ ਘਰ ਭੇਜ ਦੇਵਾਂਗਾ। ਆ ਕੇ ਸਾਰਾ ਮੁਆਇਨਾ ਕਰ ਲਵੇਗਾ। ਆਪਣੇ ਘਰ ਦਾ ਪਤਾ ਲਿਖਾ ਜਾਉ।’’ ਦੁਕਾਨਦਾਰ ਨੇ ਮੇਰੇ ਵੱਲ ਮੁੜ ਕੇ ਕਿਹਾ। ਮੈਂ ਸੋਚਿਆ, ‘ਇਸ ਦੁਕਾਨਦਾਰ ਨੂੰ ਬੋਲਣ ਦੀ ਤਮੀਜ਼ ਨਹੀਂ, ਆਪਣੇ ਨੌਕਰਾਂ ਨਾਲ, ਕਾਰੀਗਰਾਂ ਨਾਲ ਕਿਵੇਂ ਬੋਲਦਾ ਹੈ।’ ਆਉਂਦੇ ਆਉਂਦੇ ਮੈਨੂੰ ਦੁਕਾਨਦਾਰ ਉੱਪਰ ਖਿੱਝ ਆ ਰਹੀ ਸੀ।
ਖ਼ੈਰ, ਸ਼ਾਮ ਨੂੰ ਆਇਆ ਇੱਕ ਪੂਰਬੀਆ। ਕੱਦ ਮਧਰਾ, ਉਮਰ ਵੀ ਜ਼ਿਆਦਾ ਨਹੀਂ, ਹੋਵੇਗੀ ਕੋਈ ਪੰਝੀ ਕੁ ਸਾਲ। ਰੰਗ ਕਾਲਾ।
‘‘ਟੰਕੀ ਲਵਾਨੀ ਹੈ? ਆਪ ਹੀ ਗਏ ਥੇ ਨਾ ਦੁਕਾਨ ਪਰ?’’
‘‘ਹਾਂ... ਪਰ... ਆ ਜਾ ਅੰਦਰ...।’’ ਮੈਂ ਝਕਦੀ-ਝਕਦੀ ਤੇ ਹੈਰਾਨ ਹੋਈ ਨੇ ਜਵਾਬ ਦਿੱਤਾ।
ਉਸ ਨੇ ਉੱਪਰ ਹੇਠਾਂ ਸਾਰੀਆਂ ਥਾਵਾਂ ਵੇਖ ਲਈਆਂ। ਜੋ ਜੋ ਸਾਮਾਨ ਲੱਗਣਾ ਸੀ, ਜਿੰਨਾ ਕੁ ਖ਼ਰਚਾ ਆਉਣਾ ਸੀ, ਹਿਸਾਬ ਲਾ ਕੇ ਦੱਸ ਦਿੱਤਾ।
‘‘ਕੱਲ੍ਹ ਸੁਬਹਾ ਆ ਜਾਊਂਗਾ।’’
‘‘ਤੂੰ ਹੀ ਆਏਂਗਾ?’’
‘‘ਆਪ ਦੁਕਾਨ ਪਰ ਕਹਿ ਕੇ ਤੋ ਆਏ ਹੋ,’’ ਉਸ ਨੇ ਆਪਣੇ ਅੰਦਾਜ਼ ਵਿੱਚ ਕਿਹਾ ਤੇ ਅਗਲੇ ਦਿਨ ਉਹ ਸਾਰਾ ਸਾਮਾਨ ਲੈ ਕੇ ਇਕੱਲਾ ਹੀ ਆ ਗਿਆ। ਲੰਮੇ-ਲੰਮੇ ਵੀਹ ਵੀਹ ਫੁੱਟ ਦੇ ਪੰਜ ਪਾਈਪ ਉਸ ਨੇ ਇਕੱਲੇ ਨੇ ਮੁੱਘ ਹੇਠਾਂ ਖੜ੍ਹੇ ਕਰ ਦਿੱਤੇ। ਉਸ ਦਾ ਚੌੜਾ ਫੀਕਾ ਨੱਕ, ਅੱਖਾਂ ਵਿੱਚ ਨੂੰ ਧਸੀਆਂ ਹੋਈਆਂ, ਦੰਦ ਉੱਚੇ। ਜਦੋਂ ਉਹ ਉੱਪਰ ਵੱਲ ਮੂੰਹ ਕਰ ਕੇ ਪਾਈਪ ਨੂੰ ਆਪਣੇ ਪੈਰ ਦਾ ਸਹਾਰਾ ਦੇ ਕੇ ਖੜ੍ਹਾ ਕਰਦਾ ਹੈ ਸੱਚਮੁੱਚ ਕਿਸੇ ਵੱਡੇ ਸਾਰੇ ਬਾਂਦਰ ਨਾਲੋਂ ਘੱਟ ਨਾ ਲੱਗਦਾ। ਇਉਂ ਲੱਗਦਾ ਜਿਵੇਂ ਉਸ ਨੇ ਹੁਣੇ ਹੀ ਟਪੂਸੀ ਮਾਰ ਕੇ ਉੱਪਰ ਚੜ੍ਹ ਜਾਣਾ ਹੈ। ਇਉਂ ਲੱਗੇ ਕਿ ਦੁਕਾਨਦਾਰ ਨੇ ਕੋਈ ਗੁਰੀਲਾ ਭੇਜ ਦਿੱਤਾ ਹੈ। ਪਰ ਕੰਮ ਏਨੀ ਫੁਰਤੀ ਨਾਲ ਕਰਦਾ ਕਿ ਲੱਗੇ ਜਿਵੇਂ ਕੋਈ ਬਾਂਦਰ ਆਪਣੇ ਕਰਤਬ ਦਿਖਾ ਰਿਹਾ ਹੈ।
ਪਹਿਲੇ ਪਹਿਲ ਤਾਂ ਉਸ ਵੱਲ ਵੇਖ ਕੇ ਅਜੀਬ ਜਿਹਾ ਲੱਗਾ ਕਿ ਇਸ ਨੇ ਕੰਮ ਕਰਨਾ ਹੈ ਸਾਡੇ ਘਰ? ਪਰ ਹੌਲੀ-ਹੌਲੀ ਉਸ ਵਿੱਚ ਦਿਲਚਸਪੀ ਵਧ ਗਈ। ਕੰਮ ਦੇ ਨਾਲ ਇੱਕ ਮਨੋਰੰਜਨ ਦਾ ਸਾਧਨ ਵੀ ਸੀ। ਭਲਾ ਕੁਦਰਤ ਵੀ ਕਿਤੇ ਤਾਂ ਏਨੀਆਂ ਸੋਹਣੀਆਂ ਸੂਰਤਾਂ ਘੜ ਦਿੰਦੀ ਹੈ ਕਿ ਉਨ੍ਹਾਂ ਤੋਂ ਅੱਖਾਂ ਹਟਾਉਣ ਤੋਂ ਦਿਲ ਨਹੀਂ ਕਰਦਾ, ਪਰ ਕਿਤੇ ਏਨੀ ਹਾਸੋਹੀਣੀ ਸ਼ਕਲ ਬਣ ਜਾਂਦੀ ਹੈ ਕਿ ਉਸ ਨੂੰ ਸਾਰੀ ਉਮਰ ਇਸ ਮਜ਼ਾਕ ਨਾਲ ਵਿਚਰਨਾ ਪੈਂਦਾ ਹੈ। ਦੇਖਿਆ ਜਾਵੇ ਤਾਂ ਇਨਸਾਨ ਨੇ ਵੀ ਤਾਂ ਅਜੀਬ ਅਜੀਬ ਸ਼ਕਲਾਂ ਵਾਲੇ ਦੇਵੀ ਦੇਵਤੇ ਕਲਪਿਤ ਕੀਤੇ ਹੋਏ ਹਨ ਜੋ ਸਾਡੀ ਪੂਜਾ ਅਤੇ ਸੰਸਕ੍ਰਿਤੀ ਦਾ ਭਾਗ ਬਣੇ ਹੋਏ ਹਨ।
ਖ਼ੈਰ, ਉਸ ਨੇ ਪਾਈਪ ਖੜ੍ਹੇ ਕਰਕੇ ਆਪਣੀ ਹੋਰ ਔਜ਼ਾਰਾਂ ਵਾਲੀ ਬੋਰੀ ਕਿਸੇ ਜਾਦੂਗਰ ਵਾਂਗ ਜ਼ਮੀਨ ’ਤੇ ਉਲਟਾ ਦਿੱਤੀ ਜਿਵੇਂ ਪਾਈਪ ਜੋੜਨ ਲਈ ਅਨੇਕਾਂ ਛੋਟੇ-ਛੋਟੇ ਭਾਗ- ਮੋੜਵੇਂ ਨਲ, ਐਲਬੋ, ਪਾਣੀ ਰੋਕੂ ਪਲੱਗ, ਨਟ ਬੋਲਟ, ਟੂਟੀਆਂ ਆਦਿ ਖਿੱਲਰ ਗਏ ਅਤੇ ਇੱਕ ਵੱਡਾ ਸਾਰਾ ਚੌਰਸ ਫੱਟਾ ਜਿਸ ’ਤੇ ਧਾਂਕ ਲੱਗੀ ਹੋਈ ਸੀ, ਨਾਲ ਹੀ ਚੂੜੀ ਪਾਉਣ ਵਾਲੀ ਮਸ਼ੀਨ ਇੱਕ ਪਾਸੇ ਰੱਖ ਦਿੱਤੀ ਅਤੇ ਆਪ ਛੈਣੀ ਹਥੌੜਾ ਲੈ ਕੇ ਖੁੱਡੇ ਕੱਢਣ ਲੱਗ ਗਿਆ। ਠਾਹ-ਠਾਹ ਦੀ ਆਵਾਜ਼ ਆਉਣ ਲੱਗੀ। ਕੁਝ ਸ਼ੰਕਾ ਅਤੇ ਘਬਰਾਹਟ ਹੋਣ ਲੱਗੀ ਕਿ ਕਿਤੇ ਐਵੇਂ ਕੰਧਾਂ ਹੀ ਨਾ ਪਾੜ ਕੇ ਰੱਖ ਦੇਵੇ। ਪਤਾ ਨਹੀਂ ਇਹ ਕੰਮ ਚੰਗੀ ਤਰ੍ਹਾਂ ਨਿਭਾਅ ਸਕੇਗਾ ਜਾਂ ਨਹੀਂ। ਮੇਰੇ ਪਤੀ ਵੀ ਕਹਿਣ ਲਗੇ, ‘‘ਇਹ ਕਿਸ ਬਾਂਦਰ ਜਹੇ ਨੂੰ ਚੁੱਕ ਲਿਆਈ ਏਂ? ਮੈਨੂੰ ਤਾਂ ਐਵੇਂ ਜਿਹਾ ਹੀ ਲੱਗਦਾ ਹੈ। ਹੋਰ ਕੋਈ ਬੰਦਾ ਨਹੀਂ ਲੱਭਾ ਤੈਨੂੰ? ਕੀ ਆਪਣੇ ਕਾਰੀਗਰ ਮੁੱਕ ਗਏ ਨੇ ਜੋ ਬਾਹਰਲੇ ਪੂਰਬੀਏ ਨੂੰ ਲੈ ਆਈ ਏਂ?’’
‘‘ਕੋਈ ਨਹੀਂ, ਕੀ ਹੋ ਗਿਆ। ਅਸੀਂ ਕੰਮ ਲੈਣਾ ਏ ਨਾ ਕਿ ਆਪਣਾ ਪਰਾਇਆ ਵੇਖਣਾ ਏ। ਮਤਲਬ ਅੰਬ ਖਾਣ ਨਾਲ ਏ ਨਾ ਕਿ ਰੁੱਖ ਗਿਣਨ ਨਾਲ।’’
ਫਿਰ ਮੇਰੇ ਪਤੀ ਬੋਲੇ, ‘‘ਓ ਬਈ ਵੇਖੀਂ, ਧਿਆਨ ਨਾਲ ਖੁੱਡੇ ਕੱਢੀਂ।’’
‘‘ਘਬਰਾਓ ਨਹੀਂ ਸਰਦਾਰ ਜੀ, ਮੇਰਾ ਕੋਈ ਅੱਜ ਕਾ ਕਾਮ ਨਹੀਂ। ਦਸ ਸਾਲ ਸੇ ਮੈਂ ਯੇਹੀ ਕਰਤਾ ਹੂੰ। ਯੇ ਪਾਂਚ ਖੁੱਡੇ ਤੋਂ ਨਿਕਾਲਨੇ ਹੀ ਪੈਣੇ ਹੈ,’’ ਉਸ ਪੰਜ ਥਾਵਾਂ ਵੱਲ ਇਸ਼ਾਰਾ ਕਰਦਿਆਂ ਦੱਸਿਆ।
ਉਹ ਕਦੇ ਹਿੰਦੀ ਬੋਲਦਾ, ਕਦੇ ਪੰਜਾਬੀ। ਰਲੀ ਮਿਲੀ ਜਿਹੀ ਭਾਸ਼ਾ। ‘‘ਤੂੰ ਇਕੱਲਾ ਕਰ ਲਵੇਂਗਾ ਸਾਰਾ ਕੰਮ?’’ ਮੈਂ ਪੁੱਛਿਆ।
‘‘ਆਜ ਤੋਂ ਖੁੱਡੇ ਹੀ ਨਿਕਲੇਂਗੇ। ਕੱਲ੍ਹ ਮੇਰਾ ਦੂਸਰਾ ਸਾਥੀ ਭੀ ਆਏਗਾ ਅਤੇ ਪਾਈਪ ਫੀਟ ਕਰ ਦੇਂਗੇ।’’ ਉਸ ਬੜੀ ਹਲੀਮੀ ਨਾਲ ਸਪੱਸ਼ਟ ਆਖਿਆ।
ਕੰਮ ਖ਼ਤਮ ਕਰਨ ਤੋਂ ਬਾਅਦ ਮੈਂ ਉਸ ਨੂੰ ਕੁਝ ਪੁੱਛਣਾ ਚਾਹਿਆ, ‘‘ਤੇਰਾ ਨਾਮ ਕਿਆ ਹੈ?’’
‘‘ਕਾਨੂ।’’
‘‘ਕਹਾਂ ਕਾ ਰਹਿਨੇ ਵਾਲਾ ਹੈ?’’
‘‘ਜੀ ਉੜੀਸਾ ਕਾ।’’
‘‘ਏਥੇ ਕਿੰਨੀ ਕੁ ਦੇਰ ਤੋਂ ਹੈਂ?’’
‘‘ਜੀ ਕੋਈ ਪੰਦਰਾਹ ਸਾਲ ਹੋ ਗਏ।’’
ਤੇ ਫਿਰ ਉਹ ਆਪ ਹੀ ਆਪਣੀ ਕਹਾਣੀ ਸੁਣਾਉਣ ਲੱਗ ਪਿਆ, ‘‘ਏਕ ਬਾਰ ਮੇਰੇ ਬਾਪ ਨੇ ਮੁਝੇ ਡਾਂਟਾ। ਮੈਂ ਘਰ ਛੋੜ ਕਰ ਈਧਰ ਆ ਗਿਆ। ਸੋਚਾ ਈਧਰ ਹੀ ਕੋਈ ਕਾਮ ਕਰੂੰਗਾ। ਊਧਰ ਸੇ ਟ੍ਰੇਨ ਆਤੀ ਹੈ। ਏਕ ਕਾਰੀਗਰ ਥਾ। ਉਸ ਕੇ ਸਾਥ ਕਾਮ ਕਰਤੇ ਕਰਤੇ ਸੀਖ ਗਿਆ।’’
ਇਹ ਗੱਲਾਂ ਉਹ ਹੱਸ-ਹੱਸ ਕੇ ਬੜੇ ਸਵੈ-ਵਿਸ਼ਵਾਸ ਨਾਲ ਕਰ ਰਿਹਾ ਸੀ ਅਤੇ ਸਾਨੂੰ ਉਸ ਦੀਆਂ ਗੱਲਾਂ ਚੰਗੀਆਂ ਲੱਗਣ ਲੱਗੀਆਂ। ਉਸ ਦੀਆਂ ਗੱਲਾਂ ’ਚ ਨਿਮਰਤਾ ਵੀ ਸੀ ਅਤੇ ਮਾਣ ਵੀ। ਕਦੇ ਉਹ ਗੰਭੀਰ ਹੋ ਜਾਂਦਾ। ਸ਼ਾਇਦ ਆਪਣੇ ਘਰਦਿਆਂ ਨੂੰ ਯਾਦ ਕਰਦਾ ਹੋਵੇ ਅਤੇ ਕਦੇ ਹੱਸ ਪੈਂਦਾ। ਉਦੋਂ ਉਸ ਦੇ ਉੱਚੇ ਦੰਦਾਂ ਦਾ ਸਾਰਾ ਬੀੜ ਹੀ ਦਿਸ ਪੈਂਦਾ। ਉਸ ਦੀਆਂ ਗੱਲਾਂ ਵਿੱਚ ਮਿਠਾਸ ਅਤੇ ਅਪਣੱਤ ਜਿਹੀ ਦਾ ਅਹਿਸਾਸ ਹੋਣ ਲੱਗਾ। ਘੜੀ ਦੀ ਘੜੀ ਉਸ ਦੀ ਬਾਂਦਰ ਵਰਗੀ ਸ਼ਕਲ ਅੱਖੋਂ ਓਹਲੇ ਹੋ ਗਈ ਅਤੇ ਸਾਨੂੰ ਉਸ ਦੀ ਸੂਰਤ ਨਾਲੋਂ ਉਹ ਇੱਕ ਵਧੀਆ ਕਾਰੀਗਰ ਅਤੇ ਇਨਸਾਨ ਜਾਪਣ ਲੱਗਾ। ਜਿਵੇਂ ਕਈ ਬਾਹਰੋਂ ਖ਼ੂਬਸੂਰਤ ਵਿਅਕਤੀ ਅੰਦਰੋਂ ਬੜੇ ਚਲਾਕ ਤੇ ਮੱਕਾਰ ਹੁੰਦੇ ਹਨ। ਕੰਮ ਦਾ ਸੁੰਦਰਤਾ ਨਾਲ ਕੋਈ ਵਾਸਤਾ ਨਹੀਂ ਹੈ। ਕੰਮ ਵੇਲੇ ਤਾਂ ਕੰਮ ਦੀ ਸੁੰਦਰਤਾ ਹੀ ਚਾਹੀਦੀ ਹੈ। ਕਹਾਵਤ ਵੀ ਹੈ, ਬੰਦੇ ਦਾ ਕੰਮ ਪਿਆਰਾ ਹੁੰਦਾ ਹੈ ਚੰਮ ਨਹੀਂ। ਕਈ ਵਾਰੀ ਸੋਹਣੇ ਵਿਅਕਤੀ ਵੀ ਜਦੋਂ ਤੁਹਾਡੇ ਨਾਲ ਧੋਖੇਬਾਜ਼ੀ ਅਤੇ ਠੱਗੀ ਕਰਦੇ ਹਨ ਤਾਂ ਕੋੜੇ ਲੱਗਣ ਲੱਗਦੇ ਹਨ।
‘‘ਅੱਛਾ ਸਰਦਾਰ ਜੀ, ਸੱਸਰੀਕਾਲ। ਬੀਬੀ ਜੀ, ਸੱਸਰੀਕਾਲ।’’ ਤੇ ਉਹ ਚਲਾ ਗਿਆ। ਅਗਲੀ ਸਵੇਰ ਉਹ ਦੋਵੇਂ ਜਣੇ ਆਏ, ਕਾਨੂੰ ਅਤੇ ਉਸ ਦਾ ਸਾਥੀ। ਉਹ ਰੰਗ ਦਾ ਸਾਂਵਲਾ, ਪਰ ਸ਼ਕਲ ਸੂਰਤ ਤੇ ਡੀਲ-ਡੌਲ ਵਿੱਚ ਹਰ ਲਿਹਾਜ਼ ਨਾਲ ਕਾਨੂੰ ਤੋਂ ਸੋਹਣਾ। ਉਹ ਆਪਣੇ ਕੰਮ ’ਚ ਲੱਗ ਗਏ। ਸਾਥੀ ਦੱਸੇ ਮੁਤਾਬਿਕ ਪਾਈਪਾਂ ਨੂੰ ਚੂੜੀਆਂ ਪਾਈ ਜਾਂਦਾ। ਪਾਈਪ ਅਤੇ ਹੋਰ ਨਿੱਕ-ਸੁੱਕ ਉਸ ਨੂੰ ਫੜਾਈ ਜਾਂਦਾ। ਫਿਟਿੰਗ ਸਾਰੀ ਕਾਨੂ ਹੀ ਕਰਦਾ। ਆਪਸ ’ਚ ਦੋਵੇਂ ਕਦੇ ਉੜੀਆ ਅਤੇ ਕਦੇ ਹਿੰਦੀ ਬੋਲਦੇ ਪਰ ਸਾਡੇ ਪੱਲੇ ਕੁਝ ਨਾ ਪੈਂਦਾ। ਕਦੇ ਕਾਨੂੰ ਉਸ ਨਾਲ ਹੱਸਦਾ ਅਤੇ ਕਦੇ ਝਿੜਕਦਾ ਵੀ ਪਰ ਕੰਮ ਨਾਲੇ ਨਾਲ ਕਰੀ ਜਾਂਦੇ। ਸਪਸ਼ਟ ਦਿਸਦਾ ਸੀ ਕਿ ਕਾਨੂੰ ਉਸ ਦਾ ਉਸਤਾਦ ਹੈ। ਕੰਮ ਏਨਾ ਸੌਖਾ ਨਹੀਂ ਸੀ। ਸੋਚ ਵਿਚਾਰ, ਸਬਰ ਅਤੇ ਜ਼ੋਰ ਵਾਲਾ ਕੰਮ ਸੀ। ਪਾਈਪਾਂ ਦੇ ਜੋੜ ਖੋਲ੍ਹਣੇ, ਕੱਸਣੇ ਪਰ ਉਹ ਬੜੀ ਸਕੀਮ ਨਾਲ ਸਹਿਜੇ ਹੀ ਕਰੀ ਜਾਂਦਾ। ਆਪਣੇ ਕਾਲਖ਼ ਨਾਲ ਲਬਿੜੇ ਹੱਥੇ ’ਚ ਰੈਂਚ ਫੜਦਾ ਕਹਿਣ ਲੱਗਾ, ‘‘ਸਰਦਾਰ ਜੀ ਯੇ ਸਮਾਨ ਕੁਝ ਹੋਰ ਲਾਨਾ ਹੈ... ਤੀਨ ਟੂਟੀਆਂ, ਦੋ ਯੂਨੀਅਨ ਔਰ ਤੀਨ ਐਲਬੋ।’’ ਉਸ ਨੇ ਹਿਸਾਬ ਲਾਉਂਦੇ ਹੋਏ ਦੱਸਿਆ ਅਤੇ ਮੈਨੂੰ ਲੱਗਾ ਜਿਵੇਂ ਪਹਿਲਾਂ ਜਦੋਂ ਉਹ ਆਪਸ ’ਚ ਗੱਲਾਂ ਕਰਦੇ ਸਨ ਉੜੀਸਾ ’ਚ ਸਨ ਅਤੇ ਹੁਣ ਪੰਜਾਬ ਆ ਗਏ ਹੋਣ ਤੇ ਪੰਜਾਬੀ ਬੋਲਦੇ ਸਾਡੇ ਜਾਣੂੰ ਬਣ ਗਏ। ਇਹ ਬੋਲੀ ਵੀ ਇਨਸਾਨਾਂ ’ਚ ਕਿਵੇਂ ਫ਼ਰਕ ਪਾ ਦਿੰਦੀ ਹੈ, ਦੂਰ ਕਰ ਦਿੰਦੀ ਹੈ, ਨੇੜੇ ਲੈ ਆਉਂਦੀ ਹੈ। ਉਂਜ ਬਾਹਰੋਂ ਆਏ ਲੋਕਾਂ ਦਾ ਤਜਰਬਾ ਕਿੰਨਾ ਵਿਸ਼ਾਲ ਹੋ ਜਾਂਦਾ ਹੈ। ਉਸ ਦਾ ਸਾਥੀ ਤਾਂ ਸਾਮਾਨ ਲੈਣ ਚਲਾ ਗਿਆ ਸੀ।
‘‘ਅੱਛਾ ਕਾਨੂ, ਇਹ ਦੱਸ ਕਿ ਜਦੋਂ ਤੂੰ ਪਹਿਲਾਂ ਪਹਿਲਾਂ ਏਥੇ ਆਇਆ ਸੀ ਤਾਂ ਤੈਨੂੰ ਮੁਸ਼ਕਲ ਆਈ ਹੋਵੇਗੀ।’’
‘‘ਹਾਂ, ਬਹੁਤ ਮੁਸ਼ਕਲ। ਈਧਰ ਪੰਜਾਬੀ ਕੀ ਮੁਝੇ ਸਮਝ ਨਾ ਲਾਗੇ। ਕਾਮ ਭੀ ਨਾ ਆਤਾ ਥਾ। ਪਰ ਮੈਂ ਲੋਗੋਂ ਕੀ ਬਾਤੇ ਬੜੇ ਧਿਆਨ ਸੇ ਸੁਨਤਾ ਥਾ। ਪੰਜਾਬੀ ਕਾ ਏਕ ਕਾਇਦਾ ਭੀ ਖਰੀਦਾ। ਪੜ੍ਹਨਾ ਸ਼ੁਰੂ ਕੀਆ। ਲੋਗੋਂ ਸੇ ਪੂਛ-ਪੂਛ ਕਰ। ਅਬ ਤੋਂ ਜੋੜ ਕਰ ਸਕਦਾ ਹੂੰ। ਯੇਹ ਜੋ ਹੈ ਨਾ ਮੇਰਾ ਸਾਥੀ, ਇਸ ਕਾ ਬਾਪ ਕਹਿਨੇ ਲਗਾ ਕਿ ਇਸ ਕੋ ਭੀ ਸਾਥ ਲੇ ਜਾ। ਕਾਮ ਸਿਖਾ ਦੇਨਾ। ਪਰ ਯੇਹ ਜਲਦੀ ਸੀਖਤਾ ਨਹੀਂ।
ਬੀਬੀ ਜੀ, ਮੇਰਾ ਕਾਮ ਸਭ ਕੋ ਪਸੰਦ ਹੈ। ਕਭੀ ਕੋਈ ਜੋੜ ਲੀਕ ਨਹੀਂ ਕਰੇਗਾ। ਊਧਰ ਕੋਠੀ ਹੈ ਨਾ ਬਾਊ ਜੀ ਕੀ, ਪੁਲ ਕੇ ਪਾਰ, ਉਧਰ ਕਾਮ ਚਲ ਰਹਾ ਹੈ ਏਕ ਸਾਲ ਸੇ। ਕੋਠੀ ਨਈ ਬਨਾਈ ਹੈ। ਚਾਰ ਬਾਥਰੂਮ ਹੈਂ। ਏਕ ਬਾਥਰੂਮ ਮੇਂ ਚਾਰ ਟੂਟੀਆਂ...।’’
‘‘ਬਈ ਵੋਹ ਬੜੇ ਲੋਗ ਹੈਂ। ਉਨ ਸੇ ਕੋਈ ਮੁਕਾਬਲਾ ਨਹੀਂ। ਹਮੇਂ ਤੋ ਹਾਥ ਧੋਨੇ ਕੇ ਲੀਏ ਔਰ ਬਰਤਨ ਸਾਫ਼ ਕਰਨੇ ਕੇ ਲੀਏ ਪਾਨੀ ਚਾਹੀਏ...।’’ ਪਤਾ ਨਹੀਂ ਮੈਂ ਕਿਉਂ ਉਸ ਨਾਲ ਹਿੰਦੀ ਬੋਲਣ ਲੱਗ ਪਈ ਜਦੋਂਕਿ ਉਹ ਪੰਜਾਬੀ ਪੂਰੀ ਤਰ੍ਹਾਂ ਸਮਝਦਾ ਸੀ। ਅਸਲ ’ਚ ਸਾਨੂੰ ਆਦਤ ਹੈ। ਕੋਈ ਪੂਰਬੀਆ ਹੋਵੇ, ਅਸੀਂ ਖਾਹ-ਮਖਾਹ ਹਿੰਦੀ ਸ਼ੁਰੂ ਕਰ ਦਿੰਦੇ ਹਾਂ, ਉਹ ਵੀ ਟੁੱਟੀ-ਫੁੱਟੀ। ਉਨ੍ਹਾਂ ਦੀ ਆਪਣੀ ਭਾਸ਼ਾ ਸਿੱਖਣ ਦਾ ਯਤਨ ਨਹੀਂ ਕਰਦੇ। ਸਾਡੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਵੀ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਅਵਸਰ ਤੇ ਸਹੂਲਤਾਂ ਹਨ ਪਰ ਭਾਰਤ ਦੀਆਂ ਹੋਰ ਭਾਸ਼ਾਵਾਂ ਸਿੱਖਣ ਦੀ ਕੋਈ ਸਹੂਲਤ ਨਹੀਂ। ਦੂਸਰੀਆਂ ਭਾਸ਼ਾਵਾਂ ਸਿੱਖਣ ਦਾ ਸ਼ੌਕ ਵੀ ਪੈਦਾ ਨਹੀਂ ਹੋ ਸਕਿਆ।
‘‘ਅੱਛਾ ਕਾਨੂ, ਫਿਰ ਬਾਪ ਸੇ ਸੁਲਾਹ-ਸਫ਼ਾਈ ਹੋ ਗਈ?’’ ਮੈਂ ਪੁੱਛਿਆ।
‘‘ਬਾਪ ਸੇ ਕਾਹੇ ਕਾ ਗੁੱਸਾ? ਵੋਹ ਤੋ ਬਾਪ ਹੈ। ਵੋਹ ਹਮੇ ਹਮਾਰੇ ਅੱਛੇ ਕੇ ਲੀਏ ਹੀ ਤੋ ਡਾਂਟਤੇ ਹੈਂ। ਅਪਨੇ ਮਾਂ-ਬਾਪ ਕਾ ਸਤਕਾਰ ਕਰਨਾ, ਉਨਕੀ ਆਗਿਆ ਕਾ ਪਾਲਣ ਕਰਨਾ ਮੰਦਰ ਮੇਂ ਪੂਜਾ ਕਰਨੇ ਸਮਾਨ ਹੈ... ਜਿਨਹੋਂ ਨੇ ਹਮੇਂ ਜਨਮ ਦੀਆ, ਪਾਲਨ-ਪੋਸ਼ਨ ਕੀਆ... ਮੈਂ ਤੋ ਯਹੀ ਸਮਝਤਾ ਹੂੰ...।’’
ਏਨੇ ਨੂੰ ਸੂਰਜ ਸਾਮਾਨ ਲੈ ਕੇ ਆ ਗਿਆ।
‘‘ਅੱਜ ਇਹ ਕੰਮ ਪੂਰਾ ਹੋ ਜਾਏਗਾ ਨਾ?’’ ਮੈਂ ਜਾਨਣਾ ਚਾਹਿਆ।
‘‘ਕਿਉਂ ਨਹੀ? ਅਬ ਲਗੇ ਹੈਂ ਤੋ ਪਾਨੀ ਆ ਕਰ ਹੀ ਰਹੇਗਾ...।’’
ਤੇ ਫਿਰ ਉਹ ਆਪਣੇ ਕੰਮ ’ਤੇ ਲੱਗ ਗਏ। ਜਿਵੇਂ ਆਪਣੀ ਕਹੀ ਹੋਈ ਗੱਲ ਪੂਰੀ ਕਰਨੀ ਹੋਵੇ। ਸ਼ਾਮ ਦੇ ਘੁਸਮੁਸੇ ਤੱਕ ਉਹ ਕੀੜੀ ਵਾਂਗੂੰ ਲਗਾਤਾਰ ਕੰਮ ’ਚ ਲੱਗੇ ਰਹੇ ਅਤੇ ਅੰਤ ਉਸ ਨੇ ਮੋਟਰ ਦੀ ਸਵਿੱਚ ਦੱਬੀ। ਕਿਹਾ,
‘‘ਦੇਖੋ, ਸਰਦਾਰ ਜੀ, ਪਾਨੀ ਆ ਰਹਾ ਹੈ। ਬੀਸ ਮਿੰਟੋ ਮੇਂ ਟੰਕੀ ਭਰ ਜਾਏਗੀ।’’
ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਾਰੀਆਂ ਟੂਟੀਆਂ ਠੀਕ ਕੰਮ ਕਰ ਰਹੀਆਂ ਸਨ। ਇੱਕ ਜੋੜ ’ਤੇ ਮਾਮੂਲੀ ਲੀਕੇਜ ਸੀ। ਸਫੈਦਾ ਲਾ ਕੇ ਉਸ ਨੇ ਉਸੇ ਵੇਲੇ ਠੀਕ ਕਰ ਦਿੱਤੀ।
ਉਨ੍ਹਾਂ ਦੇ ਜਾਣ ਮਗਰੋਂ ਇੰਨਾ ਸੰਨਾਟਾ ਛਾ ਗਿਆ ਜਿਵੇਂ ਇੱਥੇ ਕੋਈ ਵਿਆਹ ਰਚਿਆ ਹੋਇਆ ਸੀ ਅਤੇ ਲੜਕੀ ਤੋਰਨ ਬਾਅਦ ਇੱਕ ਚੁੱਪ ਛਾ ਗਈ ਹੋਵੇ। ਇਸ ਤਰ੍ਹਾਂ ਕਾਨੂ ਇਸ ਘਰ ਵਿੱਚ ਆਪਣੀ ਕਾਰੀਗਰੀ, ਆਪਣੀ ਯਾਦ ਦੀ ਮੋਹਰ ਲਾ ਗਿਆ ਸੀ।
ਸੰਪਰਕ: 80546-94648