ਵਿਧਾਇਕ ਨੇ ਸੜਕ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਡੀ.ਪੀ.ਐੱਸ ਬੱਤਰਾ
ਸਮਰਾਲਾ, 27 ਜੁਲਾਈ
ਇੱਥੇ ਪਿੰਡ ਬਾਲਿਓ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਪਿਤਾ ਤੇ ਪੁੱਤਰ ਸਮੇਤ ਤਿੰਨ ਜਣਿਆਂ ਨੂੰ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਕੇ ਉਨ੍ਹਾਂ ਦੀ ਜਾਨ ਬਚਾਈ। ਵਿਧਾਇਕ ਦਿਆਲਪੁਰਾ ਵੱਲੋਂ ਤਿੰਨਾਂ ਨੂੰ ਆਪਣੀ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਸਮਰਾਲਾ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਅਸ਼ੋਕ ਸਾਹਨੀ ਅਤੇ ਉਸ ਦਾ ਪੁੱਤਰ ਵਿਜੈ ਸਾਹਨੀ ਤੋਂ ਇਲਾਵਾ ਕੁਲਤਾਰ ਸਾਹਨੀ ਤਿੰਨੋਂ ਵਾਸੀ ਮਾਛੀਵਾੜਾ ਸਾਹਿਬ ਇਕ ਮੋਟਰਸਾਈਕਲ ’ਤੇ ਸਮਰਾਲਾ ਆ ਰਹੇ ਸਨ ਕਿ ਪਿੰਡ ਬਾਲਿਓ ਦੇ ਸਕੂਲ ਲਾਗੇ ਉਨ੍ਹਾਂ ਦੇ ਮੋਟਰਸਾਈਕਲ ਸਾਹਮਣੇ ਅਚਾਨਕ ਆਵਾਰਾ ਪਸ਼ੂ ਆਉਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ’ਤੇ ਜ਼ਖਮੀ ਹਾਲਤ ਵਿੱਚ ਪਏ ਜ਼ਖਮੀਆਂ ਨੂੰ ਚੁੱਕਣ ਲਈ ਐਬੂਲੈਂਸ ਵਿਚ ਹੋਈ ਦੇਰੀ ਦੇ ਚੱਲਦਿਆਂ ਅਚਾਨਕ ਹੀ ਕੋਲੋਂ ਲੰਘ ਰਹੇ ਵਿਧਾਇਕ ਦਿਆਲਪੁਰਾ ਨੇ ਉਨ੍ਹਾਂ ਨੂੰ ਆਪਣੀ ਗੱਡੀ ਵਿੱਚ ਹਸਪਤਾਲ ਪਹੁੰਚਾਇਆ, ਜਿਥੇ ਅਸ਼ੋਕ ਸਾਹਨੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਦਕਿ ਦੂਜੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਇਸ ਮਗਰੋਂ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਸ ਤਰ੍ਹਾਂ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਚੁੱਕਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਹਾਦਸੇ ਤੋਂ ਬਾਅਦ ਮੁੱਢਲੇ 20-25 ਮਿੰਟ ਬਹੁਤ ਅਹਿਮ ਹੁੰਦੇ ਹਨ। ਅਜਿਹੇ ਸਮੇਂ ਜ਼ਖਮੀਆਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇਂ ਤਾਂ ਕੀਮਤੀ ਜਾਨਾਂ ਬਚਾਈ ਜਾ ਸਕਦੀਆਂ ਹਨ।