ਵਿਧਾਇਕ ਨੇ ਪਾਰਕ ’ਚ ਨਸ਼ਾ ਕਰਦੇ ਨੌਜਵਾਨ ਪੁਲੀਸ ਹਵਾਲੇ ਕੀਤੇ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਪਾਰਕ ਵਿੱਚ ਛਾਪਾ ਮਾਰਿਅਾ। ਇਸ ਦੌਰਾਨ ਪਾਰਕ ਵਿੱਚ ਤਿੰਨ ਨੌਜਵਾਨ ਨਸ਼ਾ ਕਰ ਰਹੇ ਸਨ। ਵਿਧਾਇਕ ਸਿੱਧੂ ਕਿਸੇ ਕੰਮ ਲਈ ਹਲਕਾ ਆਤਮ ਨਗਰ ਦੇ ਕਰਤਾਰ ਚੌਕ ਵੱਲ ਲੰਘ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪਾਰਕ ਵਿੱਚ ਸੁੰਨਸਾਨ ਥਾਂ ’ਤੇ ਲੁਕੇ ਤਿੰਨ ਨੌਜਵਾਨਾਂ ਨੂੰ ਦੇਖਿਆ। ਵਿਧਾਇਕ ਨੇ ਸੁੰਨਸਾਨ ਥਾਂ ’ਤੇ ਗੱਡੀ ਰੋਕੀ ਤੇ ਗੰਨਮੈਨ ਦੀ ਮਦਦ ਨਾਲ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਪੁੱਛ-ਪਡ਼ਤਾਲ ਕੀਤੀ। ਮੌਕੇ ’ਤੇ ਤਲਾਸ਼ੀ ਦੌਰਾਨ ਨੌਜਵਾਨਾਂ ਦੀ ਜੇਬ ’ਚੋਂ ਗਾਂਜਾ, ਲਾਈਟਰ ਤੇ ਹੋਰ ਸਾਮਾਨ ਮਿਲਿਆ। ਜਿਸ ਤੋਂ ਬਾਅਦ ਥਾਣਾ ਦੁੱਗਰੀ ਪੁਲੀਸ ਨੂੰ ਮੌਕੇ ’ਤੇ ਬੁਲਾ ਕੇ ਵਿਧਾਇਕ ਸਿੱਧੂ ਨੇ ਤਿੰਨਾਂ ਨੌਜਵਾਨਾਂ ਨੂੰ ਪੁਲੀਸ ਹਵਾਲੇ ਕੀਤਾ ਗਿਆ। ਇਨ੍ਹਾਂ ਦੇ ਨਾਲ ਕੁਝ ਹੋਰ ਨੌਜਵਾਨ ਵੀ ਮੌਜੂਦ ਸਨ, ਜਿਨ੍ਹਾਂ ਨੂੰ ਨਸ਼ਾ ਛੱਡਣ ਲਈ ਮੌਕਾ ਦੇ ਵਿਧਾਇਕ ਸਿੱਧੂ ਨੇ ਛੱਡ ਦਿੱਤਾ। ਸਿੱਧੂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਨਸ਼ਾ ਛੁਡਵਾਉਣ ’ਚ ਹਰ ਸੰਭਵ ਮਦਦ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਨਸ਼ਿਆਂ ਖਿਲਾਫ਼ ਸਖਤ ਐਕਸ਼ਨ ਲੈ ਰਹੇ ਹਨ। ਆਉਣ ਵਾਲੇ ਦਿਨਾਂ ’ਚ ਲਗਾਤਾਰ ਇਹ ਮੁਹਿੰਮ ਜਾਰੀ ਰਹੇਗੀ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਕਿ ਹਲਕੇ ਦੇ ਖਾਲੀ ਪਲਾਟਾਂ ਤੇ ਸੁੰਨਸਾਨ ਇਲਾਕਿਆਂ ’ਚ ਨਸ਼ਾ ਤਸਕਰ ਸ਼ਰੇਆਮ ਨਸ਼ਾ ਸਪਲਾਈ ਕਰਦੇ ਹਨ। ਇਸ ਕਾਰਨ ਉਹ ਖੁਦ ਆਪਣੇ ਇਲਾਕੇ ’ਚ ਗਸ਼ਤ ਕਰਨਗੇ ਜੇਕਰ ਕਿਤੇ ਵੀ ਕੋਈ ਚਿੱਟਾ ਜਾਂ ਹੋਰ ਨਸ਼ਾ ਤਸਕਰੀ ਕਰਦਾ ਦਿਖਿਆ ਤਾਂ ਤੁਰੰਤ ਉਸਨੂੰ ਕਾਬੂ ਕਰ ਪੁਲੀਸ ਹਵਾਲੇ ਕੀਤਾ ਜਾਵੇਗਾ।