ਹੁੰਮਸ ਤੋਂ ਪ੍ਰੇਸ਼ਾਨ ਭਾਰਤੀ ਖਿਡਾਰੀਆਂ ਲਈ ਖੇਡ ਮੰਤਰਾਲੇ ਨੇ ਲਵਾਏ 40 ਏਸੀ
ਨਵੀਂ ਦਿੱਲੀ:
ਪੈਰਿਸ ਓਲੰਪਿਕ ਵਿੱਚ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਭਾਰਤੀ ਖਿਡਾਰੀਆਂ ਨੂੰ ਰਾਹਤ ਦੇਣ ਲਈ ਖੇਡ ਮੰਤਰਾਲੇ ਨੇ ਖੇਡ ਪਿੰਡ ਵਿੱਚ ਉਨ੍ਹਾਂ ਦੇ ਕਮਰਿਆਂ ਵਿੱਚ 40 ਪੋਰਟੇਬਲ ਏਸੀ ਲਗਵਾਏ ਹਨ। ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਪੈਰਿਸ ਵਿੱਚ ਭਾਰਤੀ ਦੂਤਾਵਾਸ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਨਾਲ ਗੱਲਬਾਤ ਮਗਰੋਂ ਖੇਡ ਪਿੰਡ ਵਿੱਚ ਏਸੀ ਖਿਡਾਰੀਆਂ ਦੇ ਕਮਰਿਆਂ ਵਿੱਚ ਫਿੱਟ ਵੀ ਹੋ ਚੁੱਕੇ ਹਨ। ਇੱਕ ਸੂਤਰ ਨੇ ਦੱਸਿਆ, ‘‘ਓਲੰਪਿਕ ਖੇਡ ਪਿੰਡ ਵਿੱਚ ਗਰਮੀ ਅਤੇ ਹੁੰਮਸ ਕਾਰਨ ਖਿਡਾਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਖੇਡ ਮੰਤਰਾਲੇ ਨੇ ਉੱਥੇ ਭਾਰਤੀ ਖਿਡਾਰੀਆਂ ਲਈ 40 ਏਸੀ ਲਗਵਾਉਣ ਦਾ ਫ਼ੈਸਲਾ ਕੀਤਾ ਹੈ।’’ ਪੈਰਿਸ ਅਤੇ ਚੈਟੋਰੌਕਸ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੈ। ਰਿਪੋਰਟ ਅਨੁਸਾਰ ਪੈਰਿਸ ਵਿੱਚ ਤਾਪਮਾਨ 40 ਡਿਗਰੀ ਤੋਂ ਵੀ ਟੱਪ ਗਿਆ ਹੈ। ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਦੇਸ਼ਾਂ ਨੇ ਪੈਰਿਸ ਦੇ ਮੌਸਮ ਨੂੰ ਦੇਖਦਿਆਂ ਖੇਡ ਪਿੰਡ ਵਿੱਚ ਏਸੀ ਨਾ ਲਗਵਾਉਣ ਦੇ ਪ੍ਰਬੰਧਕਾਂ ਦੇ ਫ਼ੈਸਲੇ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਅਮਰੀਕਾ ਸਣੇ ਕਈ ਦੇਸ਼ਾਂ ਨੇ ਪੋਰਟੇਬਲ ਏਸੀ ਖਰੀਦ ਕੇ ਲਗਵਾਏ ਹਨ। ਮੰਤਰਾਲੇ ਦੇ ਸੂਤਰ ਨੇ ਕਿਹਾ, ‘‘ਇਹ ਫ਼ੈਸਲਾ ਸ਼ੁੱਕਰਵਾਰ ਸਵੇਰੇ ਲਿਆ ਗਿਆ ਅਤੇ ਸਾਰੀ ਅਦਾਇਗੀ ਮੰਤਰਾਲਾ ਕਰੇਗਾ।’’ -ਪੀਟੀਆਈ