ਮੈਟਾਵਰਸ: ਭਵਿੱਖ ਦਾ ਸੰਚਾਰ ਸਾਧਨ ਅਤੇ ਚੁਣੌਤੀਆਂ
ਡਾ. ਗੁਰਜੀਤ ਸਿੰਘ ਭੱਠਲ
ਸੰਚਾਰ ਸਾਧਨਾਂ ਦਾ ਇਤਿਹਾਸ ਬਹੁਤ ਹੀ ਦਿਲਚਸਪ ਰਿਹਾ ਹੈ। ਇਸ ਯੁੱਗ ਦੇ ਸ਼ੁਰੂਆਤੀ ਸਮਿਆਂ ਵਿੱਚ ਅਸੀਂ ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇੱਕ ਸਮਾਰਟਫੋਨ ਹੋਵੇਗਾ ਜਿਸ ਨਾਲ ਅਸੀਂ ਦੂਰ-ਦਰਾਜ਼ ਬੈਠੇ ਲੋਕਾਂ ਨਾਲ ਇਸ ਤਰ੍ਹਾਂ ਗੱਲ ਕਰ ਸਕਾਂਗੇ। ਨਾ ਸਿਰਫ਼ ਗੱਲਾਂ ਹੀ ਕਰ ਸਕਾਂਗੇ, ਸਗੋਂ ਇਹ ਸਾਧਨ ਸਾਡੇ ਰੋਜ਼ਾਨਾ ਦੇ ਕਈ ਹੋਰ ਕੰਮ ਵੀ ਆਸਾਨ ਕਰ ਦੇਵੇਗਾ। ਇਹ ਸੰਚਾਰ ਤਕਨਾਲੋਜੀ ਦੀ ਕਹਾਣੀ ਅਜੇ ਇੱਥੇ ਵੀ ਰੁਕਦੀ ਨਜ਼ਰ ਨਹੀਂ ਆਉਂਦੀ। ਮੌਜੂਦਾ ਸਮੇਂ ਵਿੱਚ ‘ਮੈਟਾਵਰਸ’ ਦੀਆਂ ਗੱਲਾਂ ਚਰਚਾ ਦਾ ਕੇਂਦਰ ਬਣ ਰਹੀਆਂ ਹਨ। ਮੈਟਾਵਰਸ ਆਉਣ ਨਾਲ, ਮੋਬਾਈਲ ਫੋਨ ਦੇ ਜ਼ਰੀਏ ਗੱਲਬਾਤ ਦੇ ਤਰੀਕੇ ਬਦਲ ਜਾਣਗੇ ਅਤੇ ਅਸੀਂ ਭਵਿੱਖ ਵਿੱਚ ਇੱਕ ਵਰਚੁਅਲ ਜਗਤ ਵਿੱਚ ਗੱਲਬਾਤ ਕਰਾਂਗੇ, ਜਿੱਥੇ ਹਰ ਤਰੀਕੇ ਨਾਲ ਅਸਲ ਜ਼ਿੰਦਗੀ ਦੀ ਤਰ੍ਹਾਂ ਅਨੁਭਵ ਹੋਵੇਗਾ। ਇਸ ਨੂੰ 3D ਇੰਟਰਨੈੱਟ ਵੀ ਕਹਿ ਸਕਦੇ ਹਾਂ। ਸਾਡੇ ਹੱਥਾਂ ’ਚ ਫੜੇ ਸਮਾਰਟਫੋਨਾਂ ਦੀ ਵਰਤੋਂ ਤੋਂ ਪਰੇ, ਮੈਟਾਵਰਸ ਇੱਕ ਅਜਿਹਾ ਜ਼ਰੀਆ ਹੈ ਜੋ ਸੰਚਾਰ ਦੇ ਤਰੀਕਿਆਂ ਨੂੰ ਅਸਲੀਅਤ ਤੋਂ ਹੋਰ ਅੱਗੇ ਲੈ ਜਾਵੇਗਾ।
ਮੈਟਾਵਰਸ ਇੱਕ ਵਰਚੁਅਲ ਜਗਤ ਹੈ ਜੋ ਸਾਡੀ ਭੌਤਿਕ ਹਕੀਕਤ ਨਾਲ ਮਿਲਦੇ-ਜੁਲਦੇ ਤਰੀਕੇ ਨਾਲ ਕੰਮ ਕਰਦਾ ਹੈ ਪਰ ਇਹ ਉਸ ਤੋਂ ਵੀ ਅੱਗੇ ਹੈ ਜਿਸਦੇ ਜ਼ਰੀਏ ਲੋਕ ਆਪਣੇ ਡਿਜੀਟਲ ਅਵਤਾਰਾਂ ਰਾਹੀਂ ਇਕ ਦੂਸਰੇ ਨਾਲ ਗੱਲਬਾਤ ਕਰਦੇ ਹਨ ਅਤੇ ਇਹ ਇੱਕ ਅਜਿਹੀ ਤਕਨਾਲੋਜੀ ਹੈ ਜੋ ਸਾਡੀ ਅਸਲ ਜ਼ਿੰਦਗੀ ਅਤੇ ਡਿਜੀਟਲ ਜਗਤ ਵਿਚਕਾਰਲੀ ਲਕੀਰ ਮਿਟਾਉਂਦੀ ਹੈ। ਇਸ ਦੀ ਸੰਕਲਪਨਾ 1992 ਵਿੱਚ ਨੀਲ ਸਟੀਫਨਸਨ ਦੇ ਨਾਵਲ ‘ਸਨੋ ਕ੍ਰੈਸ਼’ ਵਿੱਚ ਕੀਤੀ ਗਈ ਸੀ, ਜਿਸ ਵਿੱਚ ਲੋਕ ਆਪਣੇ ਵਰਚੁਅਲ ਅਵਤਾਰਾਂ ਦੇ ਰੂਪ ਵਿੱਚ ਇਸ ਜਗਤ ਵਿੱਚ ਜੀਵਨ ਜਿਉਂਦੇ ਹਨ। 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਇਸ ਟੈਕਨਾਲੋਜੀ ਨੂੰ ਅਸਲ ਜ਼ਿੰਦਗੀ ਦੇ ਬਦਲ ਦੇ ਤੌਰ ’ਤੇ ਸਮਝਿਆ ਜਾਣ ਲੱਗਿਆ। ਮਲਟੀਪਲੇਅਰ ਗੇਮਿੰਗ ਦੇ ਆਉਣ ਨਾਲ 2000 ਦੇ ਦਹਾਕੇ ਵਿੱਚ ਇਹ ਸੰਕਲਪ ਹੋਰ ਵਧ ਗਿਆ ਜਿਸ ਨਾਲ ਨਵੀਂ ਦਿਲਚਸਪੀ ਦੀ ਸ਼ੁਰੂਆਤ ਹੋਈ। ਇਸੇ ਕਰਕੇ 2021 ਵਿੱਚ ਫੇਸਬੁੱਕ ਨੇ ਆਪਣਾ ਨਾਮ ਬਦਲ ਕੇ ‘ਮੈਟਾ’ ਰੱਖਿਆ। ਇਸ ਤੋਂ ਬਾਅਦ ਹੋਰ ਵੱਡੀਆਂ ਕੰਪਨੀਆਂ ਜਿਵੇਂ ਕਿ ਮਾਈਕ੍ਰੋਸਾਫਟ, ਮੌਜ਼ਿਲਾ ਅਤੇ ਐਨਵੀਡੀਆ ਨੇ ਆਪਣੇ-ਆਪਣੇ ਮੈਟਾਵਰਸ ਪਲੈਟਫਾਰਮਾਂ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਮੌਜੂਦਾ ਸਮੇਂ ਵਿੱਚ ਮੈਟਾਵਰਸ ਇੱਕ ਸੰਕਲਪ ਤੋਂ ਕਿਤੇ ਅੱਗੇ ਵਧ ਕੇ ਅਮਲ ਵਿੱਚ ਆ ਰਿਹਾ ਹੈ। ਵੱਖ-ਵੱਖ ਖੇਤਰਾਂ, ਜਿਵੇਂ ਕਿ ਗੇਮਿੰਗ, ਸਿੱਖਿਆ, ਉਦਯੋਗ ਅਤੇ ਵਪਾਰ, ਮੈਟਾਵਰਸ ਵਿੱਚ ਆਪਣੀਆਂ ਸੰਭਾਵਨਾਵਾਂ ਦੀ ਖੋਜ ਕਰ ਰਹੇ ਹਨ। ਮੈਟਾਵਰਸ ਵਿੱਚ ਲੋਕ ਘਰ ਬੈਠੇ ਹੀ ਆਪਣੀਆਂ ਮੀਟਿੰਗਾਂ ਕਰ ਸਕਦੇ ਹਨ, ਦੋਸਤਾਂ ਨਾਲ ਗੱਲਾਂ-ਬਾਤਾਂ ਕਰ ਸਕਦੇ ਹਨ, ਖਰੀਦਦਾਰੀ ਅਤੇ ਖੇਡਾਂ ਖੇਡ ਸਕਦੇ ਹਨ। ਇਸ ਲਈ ਮੈਟਾਵਰਸ ਨੂੰ ਭਵਿੱਖ ਦਾ ਸੰਚਾਰ ਸਾਧਨ ਕਿਹਾ ਜਾ ਰਿਹਾ ਹੈ।
ਮੈਟਾਵਰਸ ਵੱਖ-ਵੱਖ ਤਕਨਾਲੋਜੀਆਂ ਦੇ ਜ਼ਰੀਏ ਕੰਮ ਕਰਦਾ ਹੈ, ਜੋ ਇਸ ਨੂੰ ਇਕ ਦਿਲਚਸਪ ਅਨੁਭਵ ਬਣਾਉਣ ਵਿੱਚ ਸਹਾਇਕ ਹੁੰਦੀਆਂ ਹਨ। ਸਭ ਤੋਂ ਪਹਿਲੀ ਤਕਨਾਲੋਜੀ ਵਰਚੁਅਲ ਰਿਐਲਿਟੀ (ਵੀਆਰ) ਹੈ, ਜੋ ਵਰਤੋਂਕਾਰਾਂ ਨੂੰ ਇਕ ਪੂਰੀ ਤਰ੍ਹਾਂ ਬਣਾਈ ਗਏ ਜਗਤ ਵਿੱਚ ਸ਼ਾਮਿਲ ਕਰਦੀ ਹੈ। ਇਹ ਤਕਨਾਲੋਜੀ ਜ਼ਿਆਦਾਤਰ ਕੰਪਿਊਟਰ ਗੇਮਿੰਗ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ। ਵੀਆਰ ਹੈੱਡਸੈਟ ਪਹਿਨ ਕੇ ਵਰਤੋਂਕਾਰ ਇਕ ਵਰਚੁਅਲ ਦੁਨੀਆ ਨਾਲ ਜੁੜਦੇ ਹਨ ਅਤੇ ਅਸਲ ਦੁਨੀਆ ਦਾ ਅਨੁਭਵ ਕਰਦੇ ਹਨ। ਦੂਜੀ ਤਕਨਾਲੋਜੀ ਆਗਮੈਂਟਡ ਰਿਐਲਿਟੀ (ਏਆਰ) ਹੈ, ਜੋ ਅਸਲ ਦੁਨੀਆ ਵਿੱਚ ਡਿਜੀਟਲ ਜਾਣਕਾਰੀਆਂ ਜੋੜਦੀ ਹੈ। ਇਹ ਅਕਸਰ ਕ੍ਰਿਕਟ ਮੈਚਾਂ ਵਿੱਚ ਵੇਖਿਆ ਜਾਂਦਾ ਹੈ, ਜਿੱਥੇ ਅਸਲੀ ਪ੍ਰਸਾਰਣ ਵਿੱਚ ਡਿਜੀਟਲ ਪ੍ਰਭਾਵ ਸ਼ਾਮਿਲ ਕੀਤੇ ਜਾਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਏਆਰ ’ਤੇ ਆਧਾਰਿਤ ਪੋਕੀਮੋਨਗੋ ਖੇਡ ਬਹੁਤ ਚਰਚਾ ਵਿੱਚ ਰਹੀ ਸੀ। ਮੈਟਾਵਰਸ ਵਿੱਚ ਬਲਾਕਚੇਨ ਸੁਰੱਖਿਅਤ ਤਕਨਾਲੋਜੀ ਵਜੋਂ ਕਿਰਿਆਵਾਂ ਅਤੇ ਡਿਜੀਟਲ ਸੰਪਤੀਆਂ ਦੀ ਖਰੀਦ-ਫ਼ਰੋਖ਼ਤ ਲਈ ਵਰਤੀ ਜਾਂਦੀ ਹੈ। ਇਸ ਤਕਨਾਲੋਜੀ ਦੀ ਮਦਦ ਨਾਲ, ਵਰਤੋਂਕਾਰ ਕ੍ਰਿਪਟੋਕਰੰਸੀ ਦੀ ਅਤੇ ਐੱਨਐੱਫਟੀ ਦੀ ਵਰਤੋਂ ਕਰਕੇ ਮੈਟਾਵਰਸ ਦੇ ਵੱਖ-ਵੱਖ ਆਈਟਮ ਖਰੀਦ ਸਕਦੇ ਹਨ। ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਮੈਟਾਵਰਸ ਵਿੱਚ ਅਸਲੀ ਸੰਸਾਰ ਦੀਆਂ ਚੀਜ਼ਾਂ ਨੂੰ ਵਰਚੁਅਲ ਦੁਨੀਆ ਨਾਲ ਜੋੜਦਾ ਹੈ। ਇਸ ਨਾਲ ਅਸਲੀ ਜਗਤ ਦੀਆਂ ਘਟਨਾਵਾਂ ਨੂੰ ਵਰਚੁਅਲ ਜਗਤ ਵਿੱਚ ਦਰਸਾਇਆ ਜਾ ਸਕਦਾ ਹੈ।
ਮੈਟਾਵਰਸ ਸਿਰਫ ਮਨੋਰੰਜਨ ਤੱਕ ਸੀਮਿਤ ਨਹੀਂ ਹੈ; ਇਸਨੇ ਸਿੱਖਿਆ, ਵਪਾਰ, ਮੈਡੀਕਲ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਇਨਕਲਾਬੀ ਤਬਦੀਲੀਆਂ ਲਿਆਈਆਂ ਹਨ। ਮੈਟਾਵਰਸ ਸਿੱਖਿਆ ਵਿੱਚ ਇਕ ਨਵੀਂ ਦਿਸ਼ਾ ਖੋਲ੍ਹਦਾ ਹੈ। ਵਿਦਿਆਰਥੀ ਵਰਚੁਅਲ ਕਲਾਸਰੂਮਾਂ ਵਿੱਚ ਬੈਠ ਕੇ ਸੰਸਾਰ ਭਰ ਦੇ ਸਿੱਖਿਆਰਥੀਆਂ ਨਾਲ ਗੱਲਬਾਤ ਕਰ ਸਕਦੇ ਹਨ। ਇਸ ਤਕਨਾਲੋਜੀ ਨਾਲ ਉਹ ਇਤਿਹਾਸਕ ਘਟਨਾਵਾਂ ਦੀ ਵਰਚੁਅਲ ਯਾਤਰਾ ਕਰ ਸਕਦੇ ਹਨ ਅਤੇ ਸਾਇੰਸ ਦੀਆਂ ਜਟਿਲ ਪ੍ਰਕਿਰਿਆਵਾਂ ਨੂੰ ਵੀ ਆਸਾਨੀ ਨਾਲ ਸਮਝ ਸਕਦੇ ਹਨ। ਇਸ ਨਾਲ ਸਿੱਖਣ ਦੇ ਤਰੀਕੇ ਬਹੁਤ ਹੀ ਇੰਟਰੈਕਟਿਵ ਅਤੇ ਤਜਰਬੇਕਾਰੀ ਬਣ ਰਹੇ ਹਨ। ਮੈਟਾਵਰਸ ਦੇ ਜ਼ਰੀਏ ਸਿੱਖਿਆ ਨੂੰ ਵਧੇਰੇ ਤਕਨੀਕੀ ਬਣਾਉਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਵਿਦਿਆਰਥੀਆਂ ਲਈ ਇਕ ਗਲੋਬਲ ਸਿੱਖਣ ਦਾ ਮਾਹੌਲ ਬਣਦਾ ਹੈ।
ਮੈਡੀਕਲ ਖੇਤਰ ਵਿੱਚ ਵੀ ਮੈਟਾਵਰਸ ਕਾਫੀ ਰੌਚਕ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਇਸਦੀ ਮਦਦ ਨਾਲ ਡਾਕਟਰ ਰਿਮੋਟ ਸਲਾਹ ਅਤੇ ਸਰਜਰੀ ਸਿਖਲਾਈ ਦੇਣ ਵਿੱਚ ਸਫਲ ਰਹੇ ਹਨ। ਮੈਡੀਕਲ ਵਿਦਿਆਰਥੀ ਅਸਲ ਦੁਨੀਆ ਦੀਆਂ ਸਥਿਤੀਆਂ ਨੂੰ ਵਰਚੁਅਲ ਤਰੀਕੇ ਨਾਲ ਸਿਖ ਸਕਦੇ ਹਨ, ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਹੋਰ ਸੁਧਰ ਸਕਦੀ ਹੈ।
ਮੈਟਾਵਰਸ 3D ਕਮਿਊਨੀਕੇਸ਼ਨ ਵਿੱਚ ਵੀ ਕਈ ਤਬਦੀਲੀਆਂ ਲਿਆਉਣ ਵਿੱਚ ਸਹਾਇਕ ਹੈ। ਵਰਚੁਅਲ ਮੀਟਿੰਗਾਂ, ਕਨਫਰੰਸਾਂ ਅਤੇ ਸਮਾਰੋਹ ਹੁਣ ਮੈਟਾਵਰਸ ਦੇ ਜ਼ਰੀਏ ਅਸਲੀ ਅਨੁਭਵ ਜਿਵੇਂ ਲੱਗਣ ਲੱਗੀਆਂ ਹਨ। ਬਹੁਤ ਸਾਰੀਆਂ ਕੰਪਨੀਆਂ ਹੁਣ ਆਪਣੀਆਂ ਮੀਟਿੰਗਾਂ ਅਤੇ ਟ੍ਰੇਨਿੰਗ ਸੈਸ਼ਨਾਂ ਲਈ ਮੈਟਾਵਰਸ ਦੀ ਵਰਤੋਂ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਅਤੇ ਵਾਤਾਵਰਣ ਵਿੱਚ ਨਵੀਆਂ ਤਬਦੀਲੀਆਂ ਹੋ ਰਹੀਆਂ ਹਨ। ਇਹ 3D ਕਮਿਊਨੀਕੇਸ਼ਨ ਦੀ ਭਵਿੱਖ ਦੀ ਤਕਨਾਲੋਜੀ ਵਜੋਂ ਮੈਟਾਵਰਸ ਦੀ ਮਹੱਤਤਾ ਨੂੰ ਵਧਾ ਰਿਹਾ ਹੈ। ਮੈਟਾਵਰਸ ਦੇ ਜ਼ਰੀਏ ਵੱਡੇ ਸਮਾਗਮ, ਪ੍ਰਦਰਸ਼ਨ ਅਤੇ ਈਵੈਂਟ ਆਨਲਾਈਨ ਕੀਤੇ ਜਾ ਰਹੇ ਹਨ। ਇਸਦਾ ਸਪੱਸ਼ਟ ਉਦਾਹਰਨ ਹੈ ਕਿ ਪੰਜਾਬੀ ਗਾਇਕ ਦਲੇਰ ਮਹਿੰਦੀ, ਜਿਹੜੇ ਮੈਟਾਵਰਸ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ। ਉਨ੍ਹਾਂ ਦਾ ਵਰਚੁਅਲ ਪ੍ਰਦਰਸ਼ਨ 20 ਮਿਲੀਅਨ ਲੋਕਾਂ ਦੁਆਰਾ ਦੇਖਿਆ ਗਿਆ।
ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਸੇ ਤਰ੍ਹਾਂ ਮੈਟਾਵਰਸ ਦੀ ਤਕਨਾਲੋਜੀ ਦੇ ਵੀ ਕਈ ਫਾਇਦੇ ਅਤੇ ਚੁਣੌਤੀਆਂ ਹਨ ਜਿਨ੍ਹਾਂ ਦਾ ਹੱਲ ਕੱਢਣਾ ਵੀ ਮਹੱਤਵਪੂਰਨ ਹੈ। ਇੱਕ ਮੁੱਖ ਚੁਣੌਤੀ ਇਹ ਹੈ ਕਿ ਮੈਟਾਵਰਸ ਦੀ ਆਦਤ ਬਣ ਜਾਣ ਦੀ ਸੰਭਾਵਨਾ ਹੈ। ਜਿਵੇਂ ਸੋਸ਼ਲ ਮੀਡੀਆ ਨਾਲ ਜੁੜੇ ਲੋਕ ਅਸਲ ਜਗਤ ਤੋਂ ਕੱਟਦੇ ਜਾ ਰਹੇ ਹਨ, ਮੈਟਾਵਰਸ ਨਾਲ ਵੀ ਇਹੀ ਖਤਰਾ ਹੈ। ਜੇ ਲੋਕ ਬਹੁਤ ਜ਼ਿਆਦਾ ਸਮਾਂ ਵਰਚੁਅਲ ਦੁਨੀਆ ਵਿੱਚ ਬਿਤਾਉਂਦੇ ਹਨ, ਤਾਂ ਉਹ ਆਪਣੇ ਅਸਲ ਜੀਵਨ ਦੀਆਂ ਗਤੀਵਿਧੀਆਂ ’ਤੇ ਧਿਆਨ ਨਹੀਂ ਦੇ ਸਕਦੇ। ਦੂਜਾ ਮੁੱਖ ਮੁੱਦਾ ਡੇਟਾ ਸੁਰੱਖਿਆ ਦਾ ਹੈ। ਭਾਵੇਂ ਬਲਾਕਚੇਨ ਵਰਗੀ ਤਕਨਾਲੋਜੀ ਡੇਟਾ ਸੁਰੱਖਿਆ ਲਈ ਨਵਾਂ ਮਾਡਲ ਪੇਸ਼ ਕਰਦੀ ਹੈ ਪਰ ਫਿਰ ਵੀ ਨਿੱਜੀ ਜਾਣਕਾਰੀ ਦੀ ਗੋਪਨੀਅਤਾ ਨੂੰ ਖਤਰਾ ਹੈ। ਵਰਚੁਅਲ ਦੁਨੀਆ ਵਿੱਚ ਦੂਜੇ ਲੋਕਾਂ ਦੀ ਦਖਲਅੰਦਾਜ਼ੀ ਵੀ ਇੱਕ ਵੱਡਾ ਚਿੰਤਾ ਵਾਲਾ ਮੁੱਦਾ ਹੈ। ਇਸ ਤੋਂ ਇਲਾਵਾ, ਮੈਟਾਵਰਸ ਦੀ ਲੰਬੇ ਸਮੇਂ ਦੀ ਵਰਤੋਂ ਦਿਮਾਗੀ ਸਿਹਤ ’ਤੇ ਵੀ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਬਹੁਤ ਸਾਰੇ ਵਿਗਿਆਨੀ ਮੰਨਦੇ ਹਨ ਕਿ ਵਰਚੁਅਲ ਜਗਤ ’ਤੇ ਨਿਰਭਰਤਾ ਮਨੁੱਖੀ ਦਿਮਾਗ ਦੀ ਕੁਦਰਤੀ ਸਮਰੱਥਾ ਨੂੰ ਕਮਜ਼ੋਰ ਕਰ ਸਕਦੀ ਹੈ, ਜਿਸ ਨਾਲ ਲੋਕਾਂ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘਟ ਸਕਦੀ ਹੈ। ਇਸਦੇ ਇਲਾਵਾ ਮੈਟਾਵਰਸ ਦੀ ਬਣਾਵਟੀ ਲਾਗਤ ਕਾਫ਼ੀ ਉੱਚੀ ਹੈ, ਜਿਸ ਕਰਕੇ ਹਰ ਸਿੱਖਿਆ ਸੰਸਥਾ ਜਾਂ ਕਾਰੋਬਾਰ ਇਸ ਤਕਨਾਲੋਜੀ ਨੂੰ ਅਪਣਾਉਣ ਦੀ ਸਮਰੱਥਾ ਨਹੀਂ ਰੱਖਦਾ। ਇਸ ਤਕਨਾਲੋਜੀ ਨਾਲ ਜੁੜੀ ਮਹਿੰਗਾਈ ਅਤੇ ਪਹੁੰਚ ਦੀ ਕਮੀ ਇੱਕ ਹੋਰ ਵੱਡੀ ਚੁਣੌਤੀ ਹੈ, ਜੋ ਇਸਨੂੰ ਵਿਆਪਕ ਪੱਧਰ ’ਤੇ ਅਪਣਾਉਣ ਵਿੱਚ ਰੁਕਾਵਟ ਪੈਦਾ ਕਰਦੀ ਹੈ।
ਮੈਟਾਵਰਸ ਭਵਿੱਖ ਦੀ ਤਕਨਾਲੋਜੀ ਵਜੋਂ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆ ਸਕਦਾ ਹੈ। ਸਿੱਖਿਆ, ਮੈਡੀਕਲ, ਵਪਾਰ, ਅਤੇ ਮਨੋਰੰਜਨ ਵਿੱਚ ਇਸ ਦੀ ਵਰਤੋਂ ਨਵੇਂ ਮੌਕੇ ਪੈਦਾ ਕਰ ਰਹੀ ਹੈ, ਜਿਸ ਨਾਲ ਲੋਕਾਂ ਨੂੰ ਇੱਕ ਨਵਾਂ ਵਰਚੁਅਲ ਅਨੁਭਵ ਮਿਲਦਾ ਹੈ।
ਸੰਪਰਕ: 98142-05475