ਸ਼ੰਭੂ ਮੋਰਚੇ ਦੇ 200 ਦਿਨ ਮੁਕੰਮਲ ਹੋਣ ’ਤੇ ਅੱਜ ਹੋਵੇਗਾ ਇਕੱਠ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਅਗਸਤ
ਕਿਸਾਨ ਅੰਦੋਲਨ-2 ਦੇ 200 ਦਿਨ ਪੂਰੇ ਹੋਣ ’ਤੇ 31 ਅਗਸਤ ਨੂੰ ਕਿਸਾਨਾਂ ਵੱਲੋਂ ਸ਼ੰਭੂ, ਖਨੌਰੀ ਤੇ ਹੋਰ ਥਾਵਾਂ ’ਤੇ ਵੱਡੇ ਇਕੱਠ ਕਰਕੇ 200 ਦਿਨ ਦਾ ਲੇਖਾ-ਜੋਖਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਬਾਰਡਰ ’ਤੇ ਪਹੁੰਚ ਵੀ ਚੁੱਕੇ ਹਨ। ਅੱਜ ਸਾਰਾ ਦਿਨ ਕਿਸਾਨ ਭਲਕ ਦੀ ਰੈਲੀ ਕਰਨ ਲਈ ਤੰਬੂ ਲਗਾਉਂਦੇ ਰਹੇ ਤੇ ਸੜਕ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਗਈ। ਸ਼ਾਮ ਤੱਕ ਸਾਰੇ ਕੰਮ ਮੁਕੰਮਲ ਕਰਕੇ ਕਿਸਾਨਾਂ ਨੇ ਸਟੇਜ ਤੋਂ ਤਕਰੀਰਾਂ ਵੀ ਜਾਰੀ ਰੱਖੀਆਂ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ, ‘31 ਅਗਸਤ ਨੂੰ ਸ਼ੰਭੂ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ਦੇ ਮੋਰਚਿਆਂ ਵਿੱਚ ਦਿੱਲੀ ਅੰਦੋਲਨ-2 ਦੇ 200 ਦਿਨ ਪੂਰੇ ਹੋਣ ’ਤੇ ਵੱਡੀ ਗਿਣਤੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਹਾਜ਼ਰੀ ਲਗਾਉਣਗੇ। ਅੰਦੋਲਨ ਵਿਚ ਪੰਜਾਬ ਭਰ ਤੋਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ ਸੱਦਾ ਦਿੱਤਾ ਗਿਆ ਹੈ।’ ਕਿਸਾਨ ਆਗੂ ਨੇ ਕਿਹਾ ਕਿ ਇਹ ਮੋਰਚਾ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾ ਰਿਹਾ ਹੈ, ਜਿਸ ਨੂੰ ਭਾਰਤ ਭਰ ਤੋਂ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਹੈ ਪਰ ਅਜੇ ਵੀ ਕੇਂਦਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਕਰ ਰਹੀ ਹੈ। ਪੰਧੇਰ ਨੇ ਕਿਹਾ ਕਿ ‘ਸਾਡੇ ਲੀਡਰਾਂ ਦੇ ਘਰਾਂ ’ਤੇ ਛਾਪੇ ਮਾਰ ਕੇ ਸਾਨੂੰ ਡਰਾ ਕੇ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ।’ ਉਨ੍ਹਾਂ ਕਿਹਾ ਕਿ ਐੱਨਆਈਏ ਦੇ ਛਾਪੇ ਕਿਸਾਨਾਂ-ਮਜ਼ਦੂਰਾਂ ਨੂੰ ਸੰਘਰਸ਼ ਕਰਨ ਤੋਂ ਰੋਕ ਨਹੀਂ ਸਕਦੇ।