Punjab News: ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਭਿਆਨਕ ਹਾਦਸਾ, ਕਾਲਜ ਲੈਕਚਰਾਰ ਮੁਟਿਆਰ ਦੀ ਮੌਤ
ਹਾਦਸੇ ਦੌਰਾਨ ਪੰਜ ਵਾਹਨ ਅੱਗੇ-ਪਿੱਛੇ ਇਕ-ਦੂਜੇ ਨਾਲ ਟਕਰਾਏ; ਹਾਦਸੇ ਵਿਚ ਸੱਤ ਜਣੇ ਗ਼ਭੀਰ ਜ਼ਖ਼ਮੀ ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ-ਇਲਾਜ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਜਨਵਰੀ
Punjab News - Road Accident: ਧੁੰਦ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਵਜੀਦਕੇ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਮੁਟਿਆਰ ਦੀ ਜਾਨ ਜਾਂਦੀ ਰਹੀ, ਜਦਕਿ ਸੱਤ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਰਨਾਲਾ 'ਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਵਿੱਚ ਪੰਜ ਦੇ ਕਰੀਬ ਵਾਹਨ ਅੱਗੇ-ਪਿੱਛੇ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਵਾਹਨਾਂ ਵਿੱਚ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ, ਟਰਾਲੀ ਟਰੱਕ, ਸਵਾਰੀਆਂ ਨਾਲ ਲੱਦੀ ਪੀਆਰਟੀਸੀ ਬੱਸ, ਕਾਰਾਂ ਅਤੇ ਹੋਰ ਵਾਹਨ ਸ਼ਾਮਲ ਹਨ।
ਮੌਕੇ 'ਤੇ ਪਹੁੰਚੀ ਥਾਣਾ ਠੁੱਲੀਵਾਲ ਦੀ ਐਸਐਚਓ ਕਿਰਨ ਕੌਰ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ, ਜਿਸ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ ਅਤੇ 7 ਦੇ ਕਰੀਬ ਜ਼ਖ਼ਮੀ ਸਰਕਾਰੀ ਹਸਪਤਾਲ 'ਚ ਦਾਖਲ ਹਨ।
Punjab News – Road Accident: ਧੁੰਦ ਕਾਰਨ ਕਾਰ ਛੱਪੜ ’ਚ ਡਿੱਗੀ, ਤਿੰਨ ਨੌਜਵਾਨਾਂ ਦੀ ਮੌਤ
ਕੁਝ ਜ਼ਖ਼ਮੀ ਨਿੱਜੀ ਹਸਪਤਾਲਾਂ 'ਚ ਵੀ ਦਾਖਲ ਹਨ ਅਤੇ ਮੌਕੇ 'ਤੇ ਹੀ ਇੱਕ ਲੜਕੀ ਦੀ ਮੌਤ ਹੋ ਗਈ, ਜੋ ਸੰਗਰੂਰ ਜ਼ਿਲੇ ਦੇ ਪਿੰਡ ਸ਼ੇਰਪੁਰ ਖੇੜੀ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੀ ਪਛਾਣ ਅਨੁਪ੍ਰਿਆ ਵਜੋਂ ਹੋਈ ਹੈ, ਦੋ ਰਾਏਕੋਟ ਸ਼ਹਿਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਸੀ ਅਤੇ ਡਿਊਟੀ ’ਤੇ ਜਾ ਰਹੀ ਸੀ।
ਵਧਦੀ ਧੁੰਦ ਨੂੰ ਦੇਖਦੇ ਹੋਏ ਅਤੇ ਹੋਰ ਕੋਈ ਹਾਦਸਾ ਨਾ ਵਾਪਰੇ ਇਸ ਲਈ ਪੁਲੀਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਚਲਾ ਕੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਉਣ 'ਚ ਜੁਟੀ ਹੋਈ ਹੈ।