ਫੇਰਬਦਲ ਦੀਆਂ ਕਨਸੋਆਂ ਦਰਮਿਆਨ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਅੱਜ
ਨਵੀਂ ਦਿੱਲੀ, 2 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਦੀ ਭਲਕੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕੈਬਨਿਟ ’ਚ ਫੇਰਬਦਲ ਦੀਆਂ ਕਨਸੋਆਂ ਹਨ। ਹੁਕਮਰਾਨ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਨਾਲ ਇਹ ਕਨਸੋਆਂ ਹੋਰ ਤੇਜ਼ ਹੋ ਗਈਆਂ ਹਨ।
ਮੀਟਿੰਗ ਇਥੋਂ ਦੇ ਪ੍ਰਗਤੀ ਮੈਦਾਨ ਸਥਿਤ ਨਵੇਂ ਉਸਾਰੇ ਗਏ ਕਨਵੈਨਸ਼ਨ ਸੈਂਟਰ ’ਚ ਹੋਣ ਦੀ ਸੰਭਾਵਨਾ ਹੈ ਜਿਥੇ ਸਤੰਬਰ ’ਚ ਜੀ-20 ਸਿਖਰ ਸੰਮੇਲਨ ਵੀ ਹੋਵੇਗਾ।
ਮਹਾਰਾਸ਼ਟਰ ’ਚ ਵਾਪਰੇ ਘਟਨਾਕ੍ਰਮ ਮਗਰੋਂ ਸ਼ਰਦ ਪਵਾਰ ਦਾ ਲੜ ਛੱਡਣ ਵਾਲੇ ਸੰਸਦ ਮੈਂਬਰ ਪ੍ਰਫੁੱਲ ਪਟੇਲ ਨੂੰ ਕੇਂਦਰੀ ਮੰਤਰੀ ਮੰਡਲ ’ਚ ਨਵਾਂ ਮੰਤਰੀ ਬਣਾਇਆ ਜਾ ਸਕਦਾ ਹੈ। ਇਹ ਵੀ ਕਿਆਸਾਂ ਲਾਈਆਂ ਜਾ ਰਹੀਆਂ ਹਨ ਕਿ ਅਜੀਤ ਪਵਾਰ ਵੱਲੋਂ ਮਹਾਰਾਸ਼ਟਰ ’ਚ ਉਪ ਮੁੱਖ ਮੰਤਰੀ ਵਜੋਂ ਹਲਫ਼ ਲਏ ਜਾਣ ਕਾਰਨ ਦੇਵੇਂਦਰ ਫੜਨਵੀਸ, ਜੋ ਖੁਦ ਵੀ ਉਪ ਮੁੱਖ ਮੰਤਰੀ ਹਨ, ਨੂੰ ਕੇਂਦਰ ’ਚ ਲਿਆਂਦਾ ਜਾ ਸਕਦਾ ਹੈ। ਭਾਜਪਾ ਸੂਤਰ ਸੰਕੇਤ ਦਿੰਦੇ ਆ ਰਹੇ ਹਨ ਕਿ ਜਦੋਂ ਵੀ ਮੋਦੀ ਨੇ ਮੰਤਰੀ ਮੰਡਲ ’ਚ ਫੇਰਬਦਲ ਦਾ ਫ਼ੈਸਲਾ ਲਿਆ ਤਾਂ ਭਾਈਵਾਲਾਂ ਨੂੰ ਵੀ ਢੁੱਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ। ਸੰਸਦ ਦੇ 20 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ ਮੰਤਰੀ ਮੰਡਲ ’ਚ ਫੇਰਬਦਲ ਦਾ ਇਹ ਆਖਰੀ ਮੌਕਾ ਹੈ। ਭਾਜਪਾ ਦੀ ਨਜ਼ਰ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਤੇ ਵੀ ਹੈ ਅਤੇ ਉਥੋਂ ਦੇ ਕੁਝ ਆਗੂਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
-ਪੀਟੀਆਈ