For the best experience, open
https://m.punjabitribuneonline.com
on your mobile browser.
Advertisement

ਵਿਰੋਧੀ ਧਿਰਾਂ ਦੀ ਮੀਟਿੰਗ ਮਹਿਜ਼ ਫੋਟੋ ਸੈਸ਼ਨ ਸੀ: ਨੱਢਾ

08:50 PM Jun 29, 2023 IST
ਵਿਰੋਧੀ ਧਿਰਾਂ ਦੀ ਮੀਟਿੰਗ ਮਹਿਜ਼ ਫੋਟੋ ਸੈਸ਼ਨ ਸੀ  ਨੱਢਾ
Advertisement

ਤਿਰੂਵਨੰਤਪੁਰਮ, 26 ਜੂਨ

Advertisement

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਦੀ ਹਾਲ ਹੀ ਵਿੱਚ ਪਟਨਾ ‘ਚ ਹੋਈ ਮੀਟਿੰਗ ਨੂੰ ‘ਫੋਟੋ ਸੈਸ਼ਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਪਰਿਵਾਰਵਾਦ ਅਤੇ ਵੋਟ ਬੈਂਕ ਦੀ ਸਿਆਸਤ ਦੀ ਥਾਂ ਵਿਕਾਸ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ। ਨੱਢਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਇਸ ਸਾਲ ਮਾਰਚ ਵਿੱਚ ਬਰਤਾਨੀਆ ‘ਚ ਦਿੱਤੇ ਬਿਆਨ ਨੂੰ ਲੈ ਕੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਜਿਸ ਦੇਸ਼ ਨੇ 200 ਸਾਲ ਤੋਂ ਵੱਧ ਸਮੇਂ ਤੱਕ ਭਾਰਤ ‘ਤੇ ਰਾਜ ਕੀਤਾ, ਉਸ ਨੂੰ ਉਨ੍ਹਾਂ ਨੇ ਦੇਸ਼ ਵਿੱਚ ਲੋਕਤੰਤਰ ਬਚਾਉਣ ਲਈ ਕਿਹਾ, ਜਦਕਿ ਉਹ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਲਗਭਗ 1.88 ਲੱਖ ਲੋਕਾਂ ਨੂੰ ਜੇਲ੍ਹ ਵਿੱਚ ਡੱਕਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਨੌਂ ਸਾਲ ਪੂਰੇ ਹੋਣ ਮੌਕੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, ”ਇੱਥੇ ਲੋਕਤੰਤਰ ਸੁਰੱਖਿਅਤ ਹੈ। ਤੁਸੀਂ ਖ਼ੁਦ ਨੂੰ ਬਚਾਓ।” ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਮੋਦੀ ਦੀ ਆਲੋਚਨਾ ਕਰ ਸਕਦੀਆਂ ਹਨ ਪਰ ਦੁਨੀਆ ਭਰ ਦੇ ਲੋਕ ਉਨ੍ਹਾਂ ਨੂੰ ‘ਬੌਸ’, ‘ਹੀਰੋ’ ਅਤੇ ‘ਸੁਧਾਰਕ’ ਵਜੋਂ ਦੇਖ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ਾਂ ਵੱਲੋਂ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਆ ਜਾ ਰਿਹਾ ਹੈ। ਨੱਢਾ ਨੇ ਕਿਹਾ, ”ਪਰ ਕਾਂਗਰਸ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੀ। ਇਸ ਲਈ ਉਹ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਹੈ।” ਉਨ੍ਹਾਂ ਆਪਣੇ ਭਾਸ਼ਨ ਦੌਰਾਨ ਕੇਂਦਰ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕੀਤਾ। -ਪੀਟੀਆਈ

ਭਾਜਪਾ ਦੀ ਪ੍ਰਤੀਕਿਰਿਆ ਪਟਨਾ ਮੀਟਿੰਗ ਦੀ ਸਫ਼ਲਤਾ ‘ਤੇ ਮੋਹਰ: ਅਬਦੁੱਲਾ

ਸ੍ਰੀਨਗਰ: ਨੈਸ਼ਨਲ ਕਾਂਗਰਸ ਨੇਤਾ ਉਮਰ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਭਾਜਪਾ ਆਗੂਆਂ ਦੀ ਪ੍ਰਤੀਕਿਰਿਆ ਇਸ ਗੱਲ ਦਾ ਸਬੂਤ ਹੈ ਕਿ ਪਟਨਾ ਵਿੱਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਸਫ਼ਲ ਰਹੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਉਦੋਂ ਤੱਕ ਅਤਿਵਾਦ ਖ਼ਤਮ ਨਹੀਂ ਹੋਵੇਗਾ, ਜਦੋਂ ਤੱਕ ਭਾਜਪਾ ਦੀ ਸਰਕਾਰ ਹੈ। ਉਮਰ ਅਬਦੁੱਲਾ ਨੇ ਕਿਹਾ, ”ਸਮਾਂ ਸਾਬਤ ਕਰੇਗਾ ਕਿ ਇਹ (ਵਿਰੋਧੀ ਮੀਟਿੰਗ) ਫੋਟੋਸ਼ੂਟ ਸੀ ਜਾਂ ਨਹੀਂ। ਜੇਕਰ ਦੇਸ਼ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਗ੍ਰਹਿ ਮੰਤਰੀ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਮੀਟਿੰਗ ਬਾਰੇ ਬਿਆਨ ਜਾਰੀ ਕੀਤੇ ਹਨ, ਤਾਂ ਇਸ ਤੋਂ ਤੁਹਾਨੂੰ ਇਸ ਦੀ ਸਫ਼ਲਤਾ ਬਾਰੇ ਕੁਝ ਅੰਦਾਜ਼ਾ ਲੱਗ ਸਕਦਾ ਹੈ।” ਉਨ੍ਹਾਂ ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਦਕਸਮ ਇਲਾਕੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਇਸ ਮੀਟਿੰਗ ਦਾ ਨਤੀਜਾ ਕੀ ਨਿਕਲੇਗਾ, ਕ੍ਰਿਪਾ ਕਰਕੇ 2024 (ਲੋਕ ਸਭਾ ਚੋਣਾਂ) ਤੱਕ ਉਡੀਕ ਕਰੋ। ਤੁਸੀਂ ਹੁਣ ਤੋਂ ਹੀ ਇੰਨੇ ਫਿਕਰਮੰਦ ਕਿਉਂ ਹੋ?” -ਪੀਟੀਆਈ

Advertisement
Tags :
Advertisement
Advertisement
×