ਸਿਹਤ ਸੁਪਰਵਾਈਜ਼ਰ ਦੀ ਬਦਲੀ ਦਾ ਮਾਮਲਾ ਭਖ਼ਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਸਮਾਜ ਸੇਵੀ ਤੇ ਜੁਝਾਰੂ ਮੁਲਾਜ਼ਮ ਆਗੂ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਕਥਿਤ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਦਾ ਮੁੱਦਾ ਭਖ਼ ਗਿਆ ਹੈ। ਹਾਕਮ ਧਿਰ ਵਿਧਾਇਕਾ ਨੇ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਕੀਤੇ ਜਾ ਰਹੇ ਕਥਿਤ ਝੂਠੇ ਭੰਡੀ ਪ੍ਰਚਾਰ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਐਸਐੱਸਪੀ ਨੇ ਇਸ ਸ਼ਿਕਾਇਤ ਦੀ ਜਾਂਚ ਪਡ਼ਤਾਲ ਐੱਸਪੀ ਸਥਾਨਕ ਨੂੰ ਸੌਪ ਦਿੱਤੀ ਹੈ। ਉਧਰ, ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਸਿਹਤ ਸੁਪਰਵਾਈਜ਼ਰ ਮਹਿਦਰ ਪਾਲ ਲੂੰਬਾ ਨੂੰ ਵੱਡੀ ਰਾਹਤ ਦਿੰਦੇ ਪੁਲੀਸ ਨੂੰ ਉਸ ਦੀ ਕਿਸੇ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ ਤਿੰਨ ਦਿਨ ਦਾ ਨੋਟਿਸ ਦੇਣ ਦਾ ਹੁਕਮ ਦਿੱਤਾ ਹੈ।
ਇਥੇ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਵਿਧਾਇਕਾ ਡਾ.ਅਮਨਦੀਪ ਕੌਰ ਅਰੋਡ਼ਾ ਨੇ ਪੁਲੀਸ ਨੂੰ ਸ਼ਿਕਾਇਤ ਦੇਣ ਦੀ ਪੁਸ਼ਟੀ ਕਰਦੇ ਦੱਸਿਆ ਕਿ ਉਨ੍ਹਾਂ ਕੁਝ ਨਿੱਜੀ ਚੈਨਲਜ਼ ਸੰਚਾਲਕਾਂ ਤੇ ਹੋਰਾਂ ਨੂੰ ਮਾਣਹਾਨੀ ਦੇ ਨੋਟਿਸ ਵੀ ਭੇਜੇ ਹਨ। ਵਿਧਾਇਕਾ ਨੇ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਦੇ ਤਿੰਨ ਏਅਰ ਕੰਡੀਸ਼ਨਰਾਂ ਅਤੇ ਫਰਿੱਜਾਂ ਦੀ ਆਪਣੇ ਨਿੱਜੀ ਦਫ਼ਤਰ ਤੇ ਕੋਠੀ ਵਿਚ ਦੁਰਵਰਤੋਂ ਦਾ ਸੋਸ਼ਲ ਮੀਡੀਆ ਉੱਤੇ ਪ੍ਰਸਾਰ ਕਰਕੇ ਸਮਾਜ ਦੇ ਸਾਹਮਣੇ ਉਨ੍ਹਾਂ ਨੂੰ ਨੀਵਾਂ ਤੇ ਬਦਨਾਮ ਤੇ ਸਿਆਸੀ ਅਕਸ ਖ਼ਰਾਬ ਕਰਨ ਦੀ ਕੋਝੀ ਸਾਜਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹਡ਼ੇ ਹਸਪਤਾਲ ਦੇ ਏਅਰ ਕੰਡੀਸ਼ਨਰ ਉਨ੍ਹਾਂ ਦੇ ਦਫ਼ਤਰ ਜਾਂ ਕੋਠੀ ਵਿਚ ਲੱਗੇ ਹੋਣ ਦੇ ਇਲਜ਼ਾਮ ਹਨ ਉਹ ਸਰਾਸਰ ਝੂਠੇ ਤੇ ਬੇਬੁਨਿਆਦ ਹਨ ਅਤੇ ਇਹ ਸਾਰੇ ਸਰਕਾਰੀ ਹਸਪਤਾਲ ਵਿਚ ਮੌਜੂਦ ਹਨ।
ਵਿਧਾਇਕਾ ਦੇ ਘਰ ਵੱਲ ਰੋਸ ਮਾਰਚ ਦਾ ਐਲਾਨ
ਮੋਗਾ (ਨਿੱਜੀ ਪੱਤਰ ਪ੍ਰੇਰਕ): ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਵੱਲੋਂ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਦੀ ਨਿਯਮਾਂ ਨੂੰ ਛਿੱਕੇ ਟੰਗ, ਨਿਰੋਲ ਸਿਆਸੀ ਅਧਾਰ ’ਤੇ ਕੀਤੀ ਗਈ ਬਦਲੀ ਅਤੇ ਸਥਾਨਕ ਸਿਵਲ ਹਸਪਤਾਲ ਵਿਚ ਹੋ ਰਹੇ ਭਿਸ੍ਰਟਾਚਾਰ, ਮਾਡ਼ੀਆਂ ਸਿਹਤ ਸਹੂਲਤਾਂ ਦੇ ਖਿਲਾਫ 3 ਜੁਲਾਈ ਨੂੰ ਵਿਧਾਇਕਾ ਡਾ. ਅਮਨਦੀਪ ਕੌਰ ਅਰੋਡ਼ਾ ਦੇ ਘਰ ਵੱਲ ਰੋਸ ਮਾਰਚ ਦਾ ਅੈਲਾਨ ਕੀਤਾ ਗਿਆ ਹੈ। ਇਸ ਰੋਸ ਮਾਰਚ ਦੀ ਤਿਆਰੀ ਸਬੰਧੀ ਅੱਜ ਸੰਘਰਸ਼ ਕਮੇਟੀ ਨੇ ਮੀਟਿੰਗ ਕੀਤੀ। ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਇੰਦਰਵੀਰ ਗਿੱਲ, ਕਰਮਜੀਤ ਮਾਣੂੰਕੇ ਨੇ ਕਿਹਾ ਕਿ ਇਸ ਮਾਰਚ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਮੁਲਾਜਮ, ਡਾਕਟਰ, ਐਨਜੀਉ, ਸਮਾਜ ਸੇਵੀ ਸੰਸਥਾਵਾਂ, ਟਰੇਡ ਯੂਨੀਅਨਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਸਰਕਾਰੀ ਐਂਬੂਲੈਂਸ ਡਰਾਈਵਰ ਦੀ ਸਿਆਸੀ ਆਗੂ ਨਾਲ ਤਾਇਨਾਤੀ ਅਤੇ ਸਿਵਲ ਹਸਪਤਾਲ ਵਿਚ ਫੈਲੇ ਭ੍ਰਿਸਟਾਚਾਰ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਦੇ ਮੁਰਦਾਘਰ ਤੇ ਐਮਰਜੈਂਸੀ ਵਾਰਡ ਲਈ ਖਰੀਦ ਕੀਤੇ ਏਸੀ ਆਦਿ ਦੀ ਦੁਰਵਰਤੋਂ ਦੀ ਜਾਂਚ ਦੀ ਬਜਾਏ ਪ੍ਰਸ਼ਾਸਨ ਵਿਧਾਇਕਾ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ। ਸੰਘਰਸ਼ ਕਮੇਟੀ ਆਗੂ ਕੋ ਕਨਵੀਨਰ ਬਲੌਰ ਸਿੰਘ ਘੱਲਕਲਾਂ, ਗੁਰਮੇਲ ਮਾਛੀਕੇ, ਪ੍ਰੇਮ ਕੁਮਾਰ, ਆਰਗੇਨਾਈਜ਼ਰ ਕੁਲਬੀਰ ਢਿੱਲੋਂ, ਰਜਿੰਦਰ ਰਿਆਡ਼ ਨੇ ਕਿਹਾ ਕਿ ਸੰਘਰਸ਼ ਕਮੇਟੀ ਸਿਵਲ ਸਰਜਨ ਵੱਲੋਂ ਗਠਤ ਕੀਤੀ ਗਈ ਚਾਰ ਕਮੇਟੀ ਦੀ ਰਿਪੋਰਟ ਨੂੰ ਰੱਦ ਕਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਸੋਸ਼ਲ ਮੀਡੀਆ ਉੱਤੇ ਸਰਕਾਰੀ ਐਂਬੂਲੈਂਸ ਡਰਾਈਵਰ ਦੀ ਸਿਆਸੀ ਆਗੂ ਨਾਲ ਤਾਇਨਾਤੀ ਉਜਾਗਰ ਕਰਨ ਬਾਅਦ ਉਸ ਨੂੰ ਵਾਪਸ ਹਸਪਤਾਲ ਡਿੳੂਟੀ ਉੱਤੇ ਪਰਤਣਾ ਪਿਆ ਅਤੇ ਏਸੀ ਤੇ ਹੋਰ ਸਾਮਾਨ ਹਸਪਤਾਲ ਵਿਚ ਲਗਵਾ ਦਿੱਤੇ ਗਏ। ਇਸ ਮੌਕੇ ਜਨਤਕ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।
ਏਸੀ ਵਾਲਾ ਮਸਲਾ ਛੱਡ ਕੇ ਆਯੂਸ਼ ਹਸਪਤਾਲ ਚਲਾਵੇ ਸਰਕਾਰ: ਮੱਖਣ ਬਰਾਡ਼
ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾਡ਼ ਨੇ ਕਿਹਾ ਕਿ ਸਰਕਾਰ ਤੇ ਵਿਧਾਇਕਾ ਨੂੰ ਏਸੀ ਵਾਲਾ ਮਸਲਾ ਛੱਡ ਕੇ ਕਰੀਬ 9 ਕਰੋਡ਼ ਰੁਪਏ ਦੀ ਲਾਗਤ ਨਾਲ ਕਰੀਬ ਡੇਢ ਸਾਲ ਤੋਂ ਤਿਆਰ ਹੋ ਚੁੱਕੇ ਇਥੇ ਆਯੂਸ਼ ਹਸਪਤਾਲ ਨੂੰ ਚਾਲੂ ਕਰਨ ਲਈ ਅਮਲਾ ਤਾਇਨਾਤ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤ ਮਿਲ ਸਕਣ।