ਮੰਡੀਕਰਨ ਵਿਭਾਗ ਨੇ ਕਬਜ਼ੇ ਹਟਾਏ
ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਨਗਰ ਨਿਗਮ ਜਲੰਧਰ ਦੇ ਸਬ-ਮਾਰਕੀਟ ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਟੀਮਾਂ ਨੇ ਭਗਵਾਨ ਸ੍ਰੀ ਰਾਮ ਚੌਕ ਤੋਂ ਹੁੰਦੇ ਹੋਏ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ) ਤੋਂ ਲੈ ਕੇ ਸ਼ੇਖਾ ਬਾਜ਼ਾਰ, ਰੈਣਕ ਬਾਜ਼ਾਰ ਸਣੇ ਵੱਖ-ਵੱਖ ਖੇਤਰਾਂ ਵਿੱਚ ਕਾਰਵਾਈ ਕੀਤੀ। ਲੋਕਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਕਈ ਲੋਕਾਂ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸੜਕਾਂ ’ਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਮਾਰਕੀਟਿੰਗ ਵਿਭਾਗ ਵੱਲੋਂ ਵੀਰਵਾਰ ਨੂੰ ਇਹ ਕਾਰਵਾਈ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਈ ਦੁਕਾਨਦਾਰਾਂ ਨੂੰ ਨੋਟਿਸ ਵੀ ਦੇ ਕੇ ਛੱਡ ਦਿੱਤਾ। ਇੱਥੋਂ ਤੱਕ ਕਿ ਵਿਭਾਗ ਦੀ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ।
ਦੱਸ ਦੇਈਏ ਕਿ ਨਗਰ ਨਿਗਮ ਦੇ ਨਾਲ-ਨਾਲ ਥਾਣਾ-4 ਦੀ ਪੁਲੀਸ ਵੀ ਸੁਰੱਖਿਆ ਲਈ ਮੌਜੂਦ ਸੀ। ਮੌਕੇ ’ਤੇ ਪਹੁੰਚੇ ਨਗਰ ਨਿਗਮ ਦੇ ਇੰਸਪੈਕਟਰ ਰਾਕੇਸ਼ ਹੰਸ ਨੇ ਦੱਸਿਆ ਕਿ ਬਾਜ਼ਾਰ ਅਤੇ ਸੜਕ ’ਤੇ ਕੀਤੀ ਗਈ ਕਾਰਵਾਈ ਦੌਰਾਨ 10 ਤੋਂ ਵੱਧ ਲੋਕਾਂ ਦੇ ਚਲਾਨ ਕੱਟੇ ਗਏ ਅਤੇ ਦਰਜਨਾਂ ਦੁਕਾਨਾਂ ਅਤੇ ਰੇਹੜੀ ਵਾਲਿਆਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਇਹ ਕਾਰਵਾਈ ਕੀਤੀ ਗਈ ਹੈ। ਕਈ ਦੁਕਾਨਦਾਰਾਂ ਨੇ ਮੌਕੇ ’ਤੇ ਇਸ ਦਾ ਵਿਰੋਧ ਵੀ ਕੀਤਾ।