For the best experience, open
https://m.punjabitribuneonline.com
on your mobile browser.
Advertisement

ਚੋਣਾਂ ਵਿੱਚ ਖੜ੍ਹਾ ਆਦਮੀ

12:09 PM May 26, 2024 IST
ਚੋਣਾਂ ਵਿੱਚ ਖੜ੍ਹਾ ਆਦਮੀ
Advertisement

ਸ਼ਰਦ ਜੋਸ਼ੀ

ਅੱਜ ਉਹ ਦੋ ਸਾਲਾਂ ਬਾਅਦ ਮੁਸਕਰਾਏ ਸਗੋਂ ਹੱਸੇ। ਦਰਅਸਲ, ਉਹ ਹੱਸਦੇ ਨਹੀਂ। ਬਹੁਤ ਘੱਟ ਵਿਅਕਤੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਹੱਸਦਿਆਂ ਦੇਖਿਆ ਹੋਵੇ। ਪਾਰਟੀ ਦੇ ਸ਼ਾਇਦ ਕੁਝ ਬੰਦਿਆਂ ਨੇ ਉਨ੍ਹਾਂ ਨੂੰ ਕਦੇ-ਕਦਾਈਂ ਹੱਸਦਿਆਂ ਦੇਖਿਆ ਹੋਵੇ। ਪਰ ਚੋਣਾਂ ਦੇ ਇਨ੍ਹਾਂ ਦਿਨਾਂ ਵਿੱਚ ਉਨ੍ਹਾਂ ਦੇ ਦੰਦ ਬੁੱਲ੍ਹਾਂ ਦੀ ਕੈਦ ਵਿੱਚੋਂ ਬਾਹਰ ਆਏ ਅਤੇ ਸੂਰਜ ਦੀ ਕਿਰਨ ਵਿੱਚ ਚਮਕ ਰਹੇ ਹਨ। ਅੱਜ ਉਨ੍ਹਾਂ ਨੂੰ ਜਨਤਾ ਨੇ ਮੁਸਕਰਾਉਂਦੇ ਹੋਏ ਤੱਕਿਆ।
ਅੱਜ ਨੇਤਾ ਜੀ ਨੇ ਪੁਰਾਣਾ ਕੁੜਤਾ ਕੱਢ ਕੇ ਪਾਇਆ ਹੈ। ਇੱਕ ਉੱਧੜੀ ਪੈਂਟ ਤੇ ਘਸੀ ਹੋਈ ਚੱਪਲ ਉਨ੍ਹਾਂ ਦੇ ਪੈਰਾਂ ਵਿੱਚ ਹੈ। ਆਪਣੇ ਮੋਟੇ ਪੈਰਾਂ ਵਿੱਚ ਇਹ ਚੱਪਲ ਫਸਾ ਕੇ ਆਪਣੇ ਚੋਣ ਹਲਕੇ ਲਈ ਘਰੋਂ ਨਿਕਲੇ ਹਨ।
ਅੱਜ ਉਹ ਕਾਰ ਵਿੱਚ ਨਹੀਂ ਬੈਠੇ। ਕਾਰ ਉਨ੍ਹਾਂ ਦੇ ਘਰ ਖੜੀ ਰਹੀ ਤੇ ਅੱਜ ਉਹ ਜਨਤਾ ਵਿੱਚ ਪੈਦਲ ਹੀ ਤੁਰ ਨਿਕਲੇ। ਆਪਣੇ ਆਸ-ਪਾਸ ਤੋਂ ਜਨਤਾ ਨੂੰ ਹਟਾਉਣ ਲਈ ਉਨ੍ਹਾਂ ਨੇ ਕਿਸੇ ਪੁਲੀਸ ਵਾਲੇ ਦੀ ਮਦਦ ਨਹੀਂ ਲਈ। ਅੱਜ ਉਹ ਭੀੜ ਵਿੱਚ ਘਿਰੇ ਰਹੇ। ਅੱਜ ਉਨ੍ਹਾਂ ਨੇ ਜਨਤਾ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਹਰੇ ਕਚੂਰ ਘਾਹ ਵੱਲ ਗਧਾ ਦੇਖਦਾ ਹੈ। ਉਨ੍ਹਾਂ ਨੇ ਹੱਥ ਜੋੜੇ ਤੇ ਗਰਦਨ ਝੁਕਾਈ।
ਜੇ ਉਨ੍ਹਾਂ ਦਾ ਢਿੱਡ ਪਤਲਾ ਹੁੰਦਾ ਤਾਂ ਸ਼ਾਇਦ ਉਹ ਪੂਰਾ ਹੀ ਝੁਕ ਜਾਂਦੇ। ਉਹ ਪ੍ਰਣਾਮ ਕਰਦੇ ਅੱਗੇ ਵਧ ਰਹੇ ਸਨ, ਸਭ ਤੱਕ ਉਨ੍ਹਾਂ ਦਾ ਨਮਸਕਾਰ ਪਹੁੰਚ ਰਿਹਾ ਸੀ। ਉਨ੍ਹਾਂ ਦਾ ‘ਨਮਸਕਾਰ’ ਮੱਛੀਆਂ ਫੜਨ ਵਾਲੇ ਕੰਡੇ ਦੀ ਤਰ੍ਹਾਂ ਸੀ ਜਿਸ ਨੂੰ ਉਹ ਘੜੀ-ਮੁੜੀ ਵੋਟਰਾਂ ਦੇ ਤਲਾਬ ਵਿੱਚ ਉਨ੍ਹਾਂ ਨੂੰ ਫਸਾਉਣ ਖਾਤਰ ਸੁੱਟ ਰਹੇ ਸਨ। ਉਨ੍ਹਾਂ ਦਾ ਪ੍ਰਣਾਮ ਇੱਕ ਕੋਰੜਾ ਹੈ ਜਿਸ ਨਾਲ ਉਹ ਸਾਰਿਆਂ ਨੂੰ ਜ਼ਖ਼ਮੀ ਕਰ ਰਹੇ ਸਨ। ਉਨ੍ਹਾਂ ਦਾ ਇਹ ਕੋਰੜਾ ਬੜੀ ਦੇਰ ਬਾਅਦ ਵਰ੍ਹਿਆ ਹੈ।
ਰਾਜਮਾਰਗਾਂ ’ਤੇ ਚੱਲਣ ਵਾਲੇ ਇਹ ਨੇਤਾ ਅੱਜ ਗਲੀਆਂ ਵਿੱਚੋਂ ਲੰਘ ਰਹੇ ਹਨ। ਜਿਸ ਲਗਨ ਨਾਲ ਅਮਰੀਕਾ ਲੱਭਣ ਕੋਲੰਬਸ ਨਿਕਲਿਆ ਸੀ, ਅੱਜ ਉਹ ਆਪਣੇ ਚੋਣ ਹਲਕੇ ਨੂੰ ਲੱਭਣ ਲਈ ਨਿਕਲੇ ਸਨ। ਉਹ ਹਰ ਗਲੀ ਤੇ ਹਰ ਘਰ ਵਿੱਚ ਜਾਣਾ ਚਾਹੁੰਦੇ ਸਨ। ਦੇਖਣਾ ਚਾਹੁੰਦੇ ਸਨ ਕਿ ਸਭ ਕਿੱਥੇ ਹਨ। ਉਹ ਸਭ ਕਿੱਥੇ ਹਨ ਜੋ ਇੱਥੇ ਸਨ? ਕੀ ਇਹ ਸਾਰੇ ਉਹੋ ਹੀ ਹਨ? ਉਹ ਜਾਂਚ ਕਰ ਰਹੇ ਸਨ। ਹਜ਼ਾਰਾਂ ਦੀਆਂ ਅੱਖਾਂ ਵਿੱਚੋਂ ਉਹ ਆਪਣੇ ਆਪ ਨੂੰ ਜਾਂਚ ਰਹੇ ਹਨ। ਕਈ ਵਾਰੀ ਉਹ ਡਰ ਜਾਂਦੇ, ਕਿਤੇ ਸ਼ੀਸ਼ਾ ਧੁੰਦਲਾ ਨਾ ਹੋ ਜਾਵੇ। ਉਹ ਆਪਣੇ ਮੁਸਕਰਾਹਟ ਦੇ ਰੁਮਾਲ ਨਾਲ ਜਨਤਾ ਦੀਆਂ ਅੱਖਾਂ ਦਾ ਸ਼ੀਸ਼ਾ ਚਮਕਾ ਰਹੇ ਹਨ।
ਦੇਖੋ ਉਨ੍ਹਾਂ ਨੇ ਕਿਸੇ ਨੂੰ ਪਛਾਣ ਲਿਆ। ਉਨ੍ਹਾਂ ਨੇ ਯਾਦ ਕੀਤਾ ਤੇ ਉਹ ਉਨ੍ਹਾਂ ਨੂੰ ਯਾਦ ਆ ਗਿਆ। ਉਨ੍ਹਾਂ ਦੀ ਕਿੰਨੀ ਮਹਾਨਤਾ ਹੈ ਕਿ ਉਹ ਭੁੱਲੇ ਨਹੀਂ ਸਨ।
ਲਓ!! ਉਨ੍ਹਾਂ ਨੇ ਇੱਕ ਬੱਚੇ ਨੂੰ ਗੋਦੀ ਚੁੱਕ ਕੇ ਚੁੰਮ ਲਿਆ। ਉਨ੍ਹਾਂ ਨੇ ਹਾਰ ਵਾਪਸ ਫਿਰ ਉਸ ਦੇ ਗਲੇ ਵਿੱਚ ਹੀ ਪਾ ਦਿੱਤਾ ਜਿਸ ਨੇ ਉਨ੍ਹਾਂ ਨੂੰ ਹਾਰ ਪਾਇਆ ਸੀ। ਇਹ ਹਾਰ ਉਨ੍ਹਾਂ ਦੇ ਪੈਸੇ ਨਾਲ ਹੀ ਖਰੀਦਿਆ ਗਿਆ ਸੀ, ਪਰ ਤੁਸੀਂ ਉਨ੍ਹਾਂ ਦੀ ਭਾਵਨਾ ’ਤੇ ਵਾਰੇ ਵਾਰੇ ਜਾਓ। ਅੱਜ ਇਹ ਸਮਝ ਨਹੀਂ ਆ ਰਹੀ ਸੀ ਕਿ ਕੌਣ ਕਿਸ ਦਾ ਅੱਧ ਹੈ। ਕੌਣ ਕਿਸ ਦਾ ਦੇਵਤਾ ਹੈ। ਅੱਜ ਭਗਵਾਨ ਆਪਣੇ ਪੁਜਾਰੀ ਦੀ ਪੂਜਾ ਕਰ ਰਹੇ ਸਨ। ਮੈਨੂੰ ਬਾਹਰ ਨਾ ਕੱਢੋ ਮੈਨੂੰ ਦੁਬਾਰਾ ਪਸੰਦ ਕਰ ਲਵੋ। ਪੁਜਾਰੀ ਨੇ ਮੰਦਰ ਦੇ ਬਾਹਰ ‘ਟੂ-ਲੈੱਟ: ਕਿਰਾਏ ਲਈ ਖਾਲੀ’ ਦੀ ਫੱਟੀ ਟੰਗ ਦਿੱਤੀ ਹੈ। ਇਹ ਇੱਕ ਰਸਮ ਹੈ। ਜੇ ਪੁਜਾਰੀ ਚਾਹਵੇ ਤਾਂ ਆਪਣੇ ਮੰਦਰ ਵਿੱਚ ਇੱਕ ਨਵਾਂ ਦੇਵਤਾ ਬਿਠਾ ਸਕਦਾ ਹੈ। ਦੇਵਤਾ ਨਿਮਰ ਹੋਇਆ ਝੁਕਿਆ ਖੜ੍ਹਾ ਸੀ ਜੋ ਪੁਜਾਰੀ ਦੀ ਕਿਰਪਾ ਦਾ ਪਾਤਰ ਸੀ। ਜੇ ਉਹ ਚਾਹੇ ਤਾਂ ਦੇਵਤੇ ਨੂੰ ਸੰਵਿਧਾਨ ਦਾ ਮੰਦਰ ਵਾਪਸ ਮਿਲ ਜਾਵੇ। ਦੇਵਤਾ ਫਿਰ ਦੇਵਤਾ ਹੋ ਜਾਵੇ, ਪੁਜਾਰੀ ਫਿਰ ਪੁਜਾਰੀ।
ਉਹ ਹੌਲੀ ਹੌਲੀ ਅੱਗੇ ਵਧ ਰਹੇ ਸਨ। ਜਨਤਾ ਦੀ ਭੀੜ ਵਿੱਚ ਉਹ ਹੌਲੀ ਹੌਲੀ ਕਿਸ਼ਤ ਦਰ ਕਿਸ਼ਤ ਅੱਗੇ ਵਧ ਰਹੇ ਸਨ। ਉਹ ਰੀਂਗਦੇ ਹੋਏ ਛੂੰਹਦੇ ਹੋਏ ਹੌਲੀ ਹੌਲੀ ਅੱਗੇ ਵਧ ਰਹੇ ਸਨ। ਉਹ ਹਰਮਨ ਪਿਆਰੇ ਹੋਣ ਤੇ ਹਰਮਨ ਪਿਆਰਤਾ ਦੀ ਫ਼ਸਲ ਕੱਟਣ ਲਈ ਨਿਕਲੇ ਸਨ। ਜਨਤਾ ਦੇ ਖੇਤ ਵਿੱਚ ਉਨ੍ਹਾਂ ਨੂੰ ਲਹਿਰਾਉਂਦੇ ਜਿਸਮ ਦਿਖਾਈ ਦੇ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਗੇਂਦ ਵਾਂਗੂੰ ਏਧਰ ਉਧਰ ਟੱਪਾ ਖਾ ਰਹੀਆਂ ਸਨ।
ਲਓ!!! ਉਨ੍ਹਾਂ ਨੇ ਕਿਸੇ ਦੇ ਗਲ ਵਿੱਚ ਬਾਹਵਾਂ ਪਾ ਦਿੱਤੀਆਂ। ਇਹ ਕੋਈ ਨੌਜਵਾਨ ਸੀ। ਇਸ ਸਾਲ ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੋਟ ਪਾਉਣੀ ਸੀ। ਉਸ ਦੇ ਗਲੇ ਵਿੱਚ ਬਾਹਾਂ ਪਾਈ ਉਹ ਮੁਸਕੁਰਾ ਰਹੇ ਸਨ।
ਹੁਣ ਕੁਝ ਔਰਤਾਂ ਦਿਖਾਈ ਦਿੱਤੀਆਂ- ਸੁੰਦਰ, ਦਿਲਕਸ਼ ਤੇ ਜਵਾਨੀ ਨਾਲ ਭਰਪੂਰ। ਪਰ ਅੱਜ ਉਹ ਸਭ ਮਾਵਾਂ, ਭੈਣਾਂ, ਨੂੰਹਾਂ ਸਨ ਜਾਂ ਬੇਟੀਆਂ। ਅੱਜ ਉਹ ਕਿਸੇ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖ ਰਹੇ ਸਨ। ਅੱਜ ਉਹ ਆਪਣਾ ਪਸ਼ੂਪਣ ਘਰ ਹੀ ਛੱਡ ਕੇ ਆਏ ਸਨ। ਅੱਜ ਕਿੰਨੇ ਆਦਰ ਨਾਲ ਬੀਬੀਆਂ ਨੂੰ ਦੇਖ ਰਹੇ ਸਨ।
ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਬਿਮਾਰ ਹੈ, ਉਹ ਫੌਰਨ ਉਸ ਦਾ ਪਤਾ ਲੈਣ ਲਈ ਗਏ। ਉਹਦੇ ਕੋਲ ਬੈਠੇ ਤੇ ਉਸ ਦਾ ਹਾਲ-ਚਾਲ ਪੁੱਛਿਆ। ਚਾਰ ਦਿਨ ਬਾਅਦ ਚੋਣਾਂ ਸਨ, ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਉਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਵੋਟਰ ਕਿਤੇ ਮਰ ਨਾ ਜਾਏ। ਉਸ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਸਨ।
ਉਹ ਸਭ ਨੂੰ ਮਿਲਦੇ ਹੋਏ ਰੁਕ ਰੁਕ ਕੇ ਜਾ ਰਹੇ ਸਨ। ਹੁਣੇ ਹੁਣੇ ਅਨਾਥ ਆਸ਼ਰਮ ਦੇ ਬੱਚੇ ਆਪਣਾ ਬੈਂਡ ਵਜਾਉਂਦੇ ਨਿਕਲ ਗਏ। ਉਨ੍ਹਾਂ ਨੇ ਯਤੀਮਾਂ ਵੱਲ ਨਹੀਂ ਦੇਖਿਆ। ਹੁਣੇ ਹੁਣੇ ਇੱਕ ਬੱਸ ਨਿਕਲੀ ਜਿਸ ਤੋਂ ਲੋਕ ਲਟਕ ਰਹੇ ਸਨ। ਉਨ੍ਹਾਂ ਨੇ ਬੱਸ ਵੱਲ ਵੀ ਨਹੀਂ ਦੇਖਿਆ। ਹੁਣੇ ਹੁਣੇ ਇੱਕ ਲਾਵਾਰਿਸ ਲਾਸ਼ ਠੇਲੇ ’ਤੇ ਲੱਦੀ ਹੋਈ ਨਿਕਲ ਗਈ। ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ। ਉਹ ਉਸੇ ਤਰ੍ਹਾਂ ਝੁਕਦੇ, ਉੱਠਦੇ, ਰੁਕਦੇ, ਮੁਸਕਰਾਉਂਦੇ, ਹੱਸਦੇ, ਗਰਦਨ ਹਿਲਾਉਂਦੇ, ਹਾਰ ਪਾਉਂਦੇ, ਬੱਚਿਆਂ ਨੂੰ ਚੁੰਮਦੇ, ਹਜ਼ਾਰਾਂ ਚਿਹਰਿਆਂ ਵਿੱਚੋਂ ਆਪਣਾ ਵਰਤਮਾਨ ਤੇ ਭਵਿੱਖ ਤਲਾਸ਼ਦੇ ਤੁਰੇ ਜਾ ਰਹੇ ਸਨ।
- ਪੰਜਾਬੀ ਰੂਪ: ਦਿਲਰਾਜ ਗਿੱਲ
ਸੰਪਰਕ: 98774-48538

Advertisement

Advertisement
Author Image

sukhwinder singh

View all posts

Advertisement
Advertisement
×