For the best experience, open
https://m.punjabitribuneonline.com
on your mobile browser.
Advertisement

ਰਾਮਲੱਲਾ ਦੀ ਮੁੱਖ ਮੂਰਤੀ ਮੰਦਰ ਦੇ ‘ਗਰਭ ਗ੍ਰਹਿ’ ਵਿੱਚ ਸਥਾਪਤ

07:12 AM Jan 19, 2024 IST
ਰਾਮਲੱਲਾ ਦੀ ਮੁੱਖ ਮੂਰਤੀ ਮੰਦਰ ਦੇ ‘ਗਰਭ ਗ੍ਰਹਿ’ ਵਿੱਚ ਸਥਾਪਤ
ਰਾਮ ਮੰਦਰ ਦੇ ਗਰਭ ਗ੍ਰਹਿ ਿਵਚਲੀ ਥਾਂ ਜਿੱਥੇ ਰਾਮਲੱਲਾ ਦੀ ਮੂਰਤੀ ਸਥਾਪਤ ਕੀਤੀ ਗਈ ਹੈ। -ਫੋਟੋ: ਏਐੱਨਆਈ
Advertisement

ਅਯੁੱਧਿਆ, 18 ਜਨਵਰੀ
ਸ੍ਰੀ ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਪਰਸਨ ਨਰਿੰਪੇਂਦਰ ਮਿਸ਼ਰਾ ਨੇ ਕਿਹਾ ਕਿ ਅੱਜ ਦੁਪਹਿਰ ਵੇਲੇ ਰਾਮਲੱਲਾ ਦੀ ਮੁੱਖ ਮੂਰਤੀ ਗਰਭ ਗ੍ਰਹਿ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੰਤਰਾਂ ਦੇ ਉਚਾਰਨ ਵਿਚਾਲੇ ਮੁੱਖ ਮੂਰਤੀ ਦੀ ਪ੍ਰਤੀ ਕ੍ਰਿਤੀ ਪ੍ਰਤੀਕ ਤੌਰ ’ਤੇ ‘ਪਰਿਸਰ ਪ੍ਰਵੇਸ਼’ (ਕੰਪਲੈਕਸ ’ਚ ਦਾਖਲੇ) ਲਈ ਲਿਆਂਦੀ ਗਈ ਸੀ। ਉਸ ਤੋਂ ਪਹਿਲਾਂ ਬੁੱਧਵਾਰ ਨੂੰ ‘ਕਲਸ਼ ਪੂਜਨ’ ਵੀ ਹੋਇਆ ਸੀ।
‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਵਿਚਾਲੇ ਇਕ ਕਰੇਨ ਦੀ ਮਦਦ ਨਾਲ ਮੁੱਖ ਮੂਰਤੀ ਨੂੰ ਅੰਦਰ ਲਿਆਉਣ ਤੋਂ ਪਹਿਲਾਂ ਗਰਭ ਗ੍ਰਹਿ ਵਿਖੇ ਇਕ ਵਿਸ਼ੇਸ਼ ਪੂਜਾ ਕੀਤੀ ਗਈ ਸੀ। ਮਿਸ਼ਰਾ ਅਨੁਸਾਰ ਇਹ ਮੂਰਤੀ ਇਕ ਟਰੱਕ ਵਿੱਚ ਮੰਦਰ ਤੱਕ ਲਿਆਂਦੀ ਗਈ। ਰਾਮ ਮੰਦਰ ਟਰੱਸਟ ਦੇ ਅਧਿਕਾਰੀਆਂ ਮੁਤਾਬਕ ਰਾਮ ਮੰਦਰ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ 22 ਜਨਵਰੀ ਨੂੰ ਦੁਪਹਿਰ 12.20 ਵਜੇ ਸ਼ੁਰੂ ਹੋਣਗੇ ਜੋ ਕਿ ਬਾਅਦ ਦੁਪਹਿਰ ਇਕ ਵਜੇ ਤੱਕ ਸਮਾਪਤ ਹੋਣ ਦੀ ਆਸ ਹੈ। ਉਧਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਸਾਈਬਰ ਖ਼ਤਰੇ ਤੋਂ ਨਜਿੱਠਣ ਲਈ ਇਕ ਉੱਚ ਪੱਧਰੀ ਟੀਮ ਅਯੁੱਧਿਆ ਭੇਜ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਟੀਮ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਤੋਂ ਇਲਾਵਾ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ, ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ, ਇੰਟੈਲੀਜੈਂਸ ਬਿਊਰੋ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਅਤੇ ਸਾਈਬਰ ਮਾਮਲਿਆਂ ਦੇ ਮਾਹਿਰ ਸ਼ਾਮਲ ਹਨ। ਉਧਰ, ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੌਰਾਨ ਚੋਣਵੇਂ ਪੁਲੀਸ ਮੁਲਾਜ਼ਮਾਂ ਦੀਆਂ 45 ਟੀਮਾਂ ਵੀਵੀਆਈਪੀਜ਼ ਨੂੰ ਸੁਰੱਖਿਆ ਮੁਹੱਈਆ ਕਰਵਾਉਣਗੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਐੱਸਪੀਜੀ ਸੁਰੱਖਿਆ ਅਮਲੇ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਸੁਰੱਖਿਆ ਸਮਾਰੋਹ ਵਾਲੀ ਥਾਂ ਤੱਕ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸੇ ਦੌਰਾਨ ਸ੍ਰੀ ਰਾਮ ਜਨਮਭੂਮੀ ਤੀਰਥ ਸ਼ੇਤਰ ਟਰੱਸਟ ਨੇ ਸ਼ਰਧਾਲੂਆਂ ਲਈ ਆਨਲਾਈਨ ਪ੍ਰਸਾਦ ਲੈਣ ਦੀ ਆਨਲਾਈਨ ਸੇਵਾ ਸ਼ੁਰੂ ਕਰਨ ਤੋਂ ਇਨਕਾਰ ਕੀਤਾ ਹੈ। ਟਰੱਸਟ ਦੇ ਇਕ ਮੈਂਬਰ ਨੇ ਕਿਹਾ, ‘‘ਆਨਲਾਈਨ ਪ੍ਰਸਾਦ ਵੰਡਣ ਲਈ ਕੋਈ ਦੁਕਾਨਦਾਰ ਜਾਂ ਏਜੰਸੀ ਨਿਯੁਕਤ ਨਹੀਂ ਕੀਤੀ ਗਈ ਹੈ।’’ -ਆਈਏਐੱਨਐੱਸ/ਏਐੱਨਆਈ

Advertisement

ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਕੇਂਦਰੀ ਦਫ਼ਤਰਾਂ ’ਚ ਅੱਧੇ ਦਿਨ ਦੀ ਛੁੱਟੀ

ਨਵੀਂ ਦਿੱਲੀ: ਅਯੁੱਧਿਆ ਵਿੱਚ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਕਾਰਨ 22 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ ਅੱਧੇ ਦਿਨ ਲਈ ਬੰਦ ਰਹਿਣਗੇ। ਪ੍ਰਸੋਨਲ ਮੰਤਰਾਲੇ ਨੇ ਅੱਜ ਇੱਥੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਜਾਰੀ ਆਦੇਸ਼ ਵਿੱਚ ਕਿਹਾ, ‘‘ਅਯੁੱਧਿਆ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਜਸ਼ਨ 22 ਜਨਵਰੀ, 2024 ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਕਰਮਚਾਰੀ ਭਾਗ ਲੈ ਸਕਣ, ਇਸ ਲਈ ਫ਼ੈਸਲਾ ਲਿਆ ਗਿਆ ਹੈ ਕਿ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ, ਕੇਂਦਰੀ ਸੰਸਥਾਵਾਂ ਅਤੇ ਕੇਂਦਰੀ ਉਦਯੋਗਿਕ ਇਕਾਈਆਂ 22 ਜਨਵਰੀ, 2024 ਨੂੰ ਦੁਪਹਿਰ ਢਾਈ ਵਜੇ ਤੱਕ ਅੱਧੇ ਦਿਨ ਲਈ ਬੰਦ ਰਹਿਣਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement