ਮਹਾਰਾਸ਼ਟਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਗਊਆਂ ਨੂੰ ਰਾਜਮਾਤਾ ਐਲਾਨਿਆ
ਮੁੰਬਈ, 30 ਸਤੰਬਰ
ਮਹਾਰਾਸ਼ਟਰ ਸਰਕਾਰ ਨੇ ਭਾਰਤੀ ਸਭਿਆਚਾਰ, ਖੇਤੀਬਾੜੀ ਤੇ ਸਿਹਤ ਸੰਭਾਲ ਵਿਚ ਗਊਆਂ ਦੇ ਮਹੱਤਵ ਦੇ ਮੱਦੇਨਜ਼ਰ ਦੇਸੀ ਗਊਆਂ ਨੂੰ ਰਾਜਮਾਤਾ-ਗੌਮਾਤਾ ਦਾ ਦਰਜਾ ਦਿੱਤਾ ਹੈ। ਸੂਬਾ ਸਰਕਾਰ ਨੇ ਇਹ ਐਲਾਨ ਆਗਾਮੀ ਚੋਣਾਂ ਤੋਂ ਪਹਿਲਾਂ ਕੀਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੰਬਈ ਵਿੱਚ ਰਾਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸੀ ਗਾਵਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਇਨ੍ਹਾਂ ਗਊਆਂ ਲਈ ਚਾਰਾ ਵੀ ਮੁਹੱਈਆ ਕਰਵਾਏਗੀ। ਰਾਜ ਮੰਤਰੀ ਮੰਡਲ ਨੇ ਪਸ਼ੂ ਪਾਲਣ ਵਿਭਾਗ ਦੇ ਗਊਆਂ ਦੀ ਸਾਂਭ ਸੰਭਾਲ ਕਰਦੇ ਸੰਚਾਲਕਾਂ ਨੂੰ ਪ੍ਰਤੀ ਪਸ਼ੂ 50 ਰੁਪਏ ਰੋਜ਼ਾਨਾ ਸਬਸਿਡੀ ਦੇਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਦੀ ਨਿਗਰਾਨੀ ਮਹਾਰਾਸ਼ਟਰ ਕਾਓ ਸ਼ੈਲਟਰ ਕਮਿਸ਼ਨਰੇਟ ਕਰੇਗਾ। 2019 ਦੀ ਜਨਗਣਨਾ ਅਨੁਸਾਰ ਸੂਬੇ ਵਿੱਚ 46,13,632 ਦੇਸੀ ਗਊਆਂ ਹਨ ਜੋ ਪਿਛਲੀ ਜਨਗਣਨਾ ਦੇ ਅੰਕੜਿਆਂ ਦੇ ਮੁਕਾਬਲੇ 20.69 ਫੀਸਦੀ ਘੱਟ ਹਨ। ਪੀਟੀਆਈ