ਨਿਆਂ ਦੀ ਲੰਮੇਰੀ ਉਡੀਕ
ਕੁਝ ਲੋਕ ਸੁਰਜੀਤ ਪਾਤਰ ਦੇ ਸ਼ਬਦਾਂ ਵਿੱਚ ਬਿਰਖ ਵਰਗੇ ਹੁੰਦੇ ਹਨ ਜੋ ਨਿਆਂ ਦੀ ਉਡੀਕ ਵਿੱਚ ਅਡੋਲ ਖੜ੍ਹੇ ਰਹਿੰਦੇ ਹਨ। ਉੱਘੇ ਦੇਸ਼ ਭਗਤ ਤੇ ਗ਼ਦਰੀ ਬਾਬੇ ਸੋਹਣ ਸਿੰਘ ਭਕਨਾ ਦੀ ਗਰਾਈਂ ਬੀਬੀ ਸੁਖਵੰਤ ਕੌਰ (82 ਸਾਲ) ਵੀ ਉਨ੍ਹਾਂ ’ਚੋਂ ਇੱਕ ਹੈ ਜਿਸ ਨੂੰ 32 ਸਾਲਾਂ ਬਾਅਦ ਇਨਸਾਫ਼ ਮਿਲਦਾ ਜਾਪ ਰਿਹਾ ਹੈ। ਹਾਲਾਂਕਿ, ਉਸ ਦੇ ਸ਼ਬਦਾਂ ਵਿੱਚ ਇਹ ਰਾਹਤ ਵਾਲੀ ਗੱਲ ਤਾਂ ਹੈ ਪਰ ਇਸ ਨੂੰ ਨਿਆਂ ਨਹੀਂ ਆਖਿਆ ਜਾ ਸਕਦਾ। ਸੁਖਵੰਤ ਕੌਰ ਦੇ ਪਤੀ ਸੁਖਦੇਵ ਸਿੰਘ ਅਤੇ ਪਿਤਾ ਸੁਲੱਖਣ ਸਿੰਘ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲੀ ਥਾਣੇ ਦੀ ਪੁਲੀਸ 31 ਅਕਤੂਬਰ, 1992 ਨੂੰ ਚੁੱਕ ਕੇ ਥਾਣੇ ਲੈ ਗਈ ਸੀ ਅਤੇ ਤਿੰਨ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਲੱਗ ਸਕਿਆ। ਹੁਣ 32 ਸਾਲਾਂ ਬਾਅਦ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਕੇਸ ਵਿੱਚ ਉਸ ਵੇਲੇ ਦੇ ਸਰਹਾਲੀ ਥਾਣੇ ਦੇ ਐੱਸਐੱਚਓ ਸੁਰਿੰਦਰਪਾਲ ਸਿੰਘ ਅਤੇ ਏਐੱਸਆਈ ਅਵਤਾਰ ਸਿੰਘ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਨਾਜਾਇਜ਼ ਹਿਰਾਸਤ ਵਿੱਚ ਰੱਖਣ, ਅਗਵਾ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਬਾਬਤ ਸਜ਼ਾ ਸੁਣਾਈ ਜਾਣੀ ਬਾਕੀ ਹੈ। ਇਸ ਕੇਸ ਵਿੱਚ ਲੰਮਾ ਅਰਸਾ ਚੱਲੀ ਕਾਨੂੰਨੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਫ਼ੌਤ ਹੋ ਗਿਆ ਸੀ ਜਦੋਂਕਿ ਸੁਰਿੰਦਰਪਾਲ ਸਿੰਘ ਜਸਵੰਤ ਸਿੰਘ ਖਾਲੜਾ ਦੀ ਗੁੰਮਸ਼ੁਦਗੀ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਇਹ ਕੇਸ ਪੰਜਾਬ ਦੇ ਉਸ ਸਿਆਹ ਦੌਰ ਤੋਂ ਜਾਣੂ ਕਰਵਾਉਂਦਾ ਹੈ ਜਦੋਂ ਇੱਕ ਪਾਸੇ ਕਈ ਅਤਿਵਾਦੀ ਧਿਰਾਂ ਬੰਦੂਕ ਦੇ ਜ਼ੋਰ ’ਤੇ ਆਪਣਾ ਏਜੰਡਾ ਮਨਵਾਉਣ ਲੱਗੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਪੰਜਾਬ ਪੁਲੀਸ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਦੇ ਨਾਂ ਹੇਠ ਆਪਣੀ ਵਹਿਸ਼ਤ ਦੀ ਇਬਾਰਤ ਲਿਖ ਰਹੀ ਸੀ। ਸੁਖਵੰਤ ਕੌਰ 2021 ਤੋਂ ਮੰਜੇ ਨਾਲ ਲੱਗੀ ਹੋਈ ਹੈ। ਅਦਾਲਤ ਦੇ ਫ਼ੈਸਲੇ ’ਤੇ ਉਸ ਦਾ ਕਹਿਣਾ ਹੈ ‘‘ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ ਅਤੇ ਮੈਂ ਬੇਨਤੀ ਕੀਤੀ ਸੀ ਕਿ ਇਸ ਕੇਸ ਦਾ ਫ਼ੈਸਲਾ ਛੇਤੀ ਆ ਜਾਵੇ ਤੇ ਹੁਣ ਮੇਰੇ ਜਿਊਂਦਿਆਂ ਹੀ ਇਸ ਦਾ ਫ਼ੈਸਲਾ ਆ ਗਿਆ ਹੈ।’’ ਇਸ ਤੋਂ ਉਸ ਨੂੰ ਰਾਹਤ ਤਾਂ ਮਿਲੀ ਹੈ ਪਰ ਉਸ ਮੁਤਾਬਿਕ ਇਹ ਨਿਆਂ ਨਹੀਂ ਹੈ ਕਿਉਂਕਿ ਉਸ ਦੇ ਪਤੀ ਅਤੇ ਪਿਤਾ ਨੂੰ ਕਤਲ ਕਰ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ ਜਿਸ ਦਾ ਨਿਆਂ ਮਿਲਣਾ ਅਸੰਭਵ ਹੈ। ਉਸ ਦੇ ਪੁੱਤਰ ਨੂੰ ਦਸੰਬਰ, 1992 ਵਿੱਚ ਇੱਕ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।
ਇਹ ਕੇਸ ਯਾਦ ਦਿਵਾਉਂਦਾ ਹੈ ਕਿ ਪੰਜਾਬ ਦੀਆਂ ਤਹਿਆਂ ਹੇਠ ਕਿੰਨੀਆਂ ਦਰਦਨਾਕ ਕਹਾਣੀਆਂ ਦਫ਼ਨ ਹਨ। ਉਸ ਲਹੂ ਭਿੱਜੇ ਦੌਰ ਵਿੱਚ ਲਾਪਤਾ ਹੋਏ ਲੋਕਾਂ ਦਾ ਜਦੋਂ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਦੌਰ ਦੀਆਂ ਲਾਸ਼ਾਂ ਪੰਜਾਬ ਦੇ ਪਿੰਡੇ ’ਤੇ ਟਸ-ਟਸ ਕਰਨ ਲੱਗ ਪੈਂਦੀਆਂ ਹਨ। ਇਸ ਦਾ ਮੱਰ੍ਹਮ ਤਲਾਸ਼ ਕਰਨਾ ਅਜੇ ਬਾਕੀ ਹੈ। ਪੰਜਾਬ ਵਿੱਚ ਉਸ ਦੌਰ ਵਿੱਚ ਲਾਪਤਾ ਹੋਏ ਲੋਕਾਂ ਬਾਰੇ ਸਿਆਸੀ ਧਿਰਾਂ ਨੇ ਇਸ ਨੂੰ ਭੁੱਲ ਕੇ ਅਗਾਂਹ ਵਧਣ ਦਾ ਰਾਹ ਚੁਣਿਆ ਸੀ ਪਰ ਕੀ ਇਸ ਨੂੰ ਸੌਖਿਆਂ ਭੁੱਲਿਆ ਜਾ ਸਕਦਾ ਹੈ। ਉਸ ਦੌਰ ਦੇ ਪੀੜਤਾਂ ਨੂੰ ਧਰਵਾਸ ਦੇਣਾ ਰਾਜ ਦੀ ਬੁਨਿਆਦੀ ਜ਼ਿੰਮੇਵਾਰੀ ਬਣਦੀ ਹੈ।