ਲੋਕ ਇਨਸਾਫ਼ ਪਾਰਟੀ ਨੇ ਐੱਸਡੀਐੱਮ ਦਫ਼ਤਰ ਘੇਰਿਆ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 27 ਜੁਲਾਈ
ਮੋਗਾ ਬਰਨਾਲਾ ਕੌਮੀ ਸੜਕ ਨੰਬਰ 71 ਨੂੰ ਚਹੁੰ-ਮਾਰਗੀ ਕਰਨ ਦੌਰਾਨ ਸਰਕਾਰ ਵੱਲੋਂ ਪਿੰਡ ਮਾਛੀਕੇ ਵਿੱਚ ਐਕੁਆਇਰ ਕੀਤੀ ਜ਼ਮੀਨ ਦੇ ਚੈੱਕਾਂ ਵਿੱਚ ਭੁਗਤਾਨ ਵਿੱਚ ਘਪਲੇ ਸਬੰਧੀ ਲੋਕ ਇਨਸਾਫ਼ ਪਾਰਟੀ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਗਾ ਕੇ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ ਦੀ ਮੰਗ ਕੀਤੀ ਗਈ। ਪ੍ਰਧਾਨ ਜਗਮੋਹਨ ਸਿੰਘ ਸਮਾਧਭਾਈ ਨੇ ਕਿਹਾ ਕਿ ਸਰਕਾਰ ਵੱਲੋਂ ਚਹੁੰ-ਮਾਰਗੀ ਸੜਕ ਲਈ ਐਕੁਆਇਰ ਜ਼ਮੀਨ ਦੇ ਚੈੱਕਾਂ ਦੇ ਭੁਗਤਾਨ ਲਈ ਸਬੰਧਤ ਪਟਵਾਰੀ ਵੱਲੋਂ ਗਰੀਬ ਲੋਕਾਂ ਨਾਲ ਪੱਖਪਾਤ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਚੈੱਕ ਦੇਣ ਲਈ 20 ਫ਼ੀਸਦੀ ਹਿੱਸਾ ਵੀ ਮੰਗਿਆ ਜਾ ਰਿਹਾ ਹੈ। ਕੁਝ ਵਿਅਕਤੀਆਂ ਤੋਂ ਰਿਸ਼ਵਤ ਲੈ ਕੇ ਗਲਤ ਢੰਗ ਨਾਲ ਚੈੱਕ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀੜਤ ਲੋਕ ਪ੍ਰਸ਼ਾਸਨਕ ਦਫ਼ਤਰਾਂ ਦੇ ਸੈਂਕੜੇ ਗੇੜੇ ਲਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਅੱਜ ਪਾਰਟੀ ਵੱਲੋਂ 10 ਦਨਿ ਦਾ ਅਲਟੀਮੇਟਮ ਦਿੰਦਿਆਂ ਇਨਸਾਫ ਨਾ ਮਿਲਣ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਐੱਸਡੀਐੱਮ ਨਿਹਾਲ ਸਿੰਘ ਵਾਲਾ ਰਾਮ ਸਿੰਘ ਨੇ ਕਿਹਾ ਕਿ 5 ਦਨਿ ਪਹਿਲਾਂ ਵੀ ਉਨ੍ਹਾਂ ਨੂੰ ਵਫਦ ਮਿਲਿਆ ਸੀ, ਜੇਕਰ ਸਬੂਤ ਸਮੇਤ ਉਨ੍ਹਾਂ ਕੋਲ ਸ਼ਿਕਾਇਤ ਆਈ ਤਾਂ ਜ਼ਰੂਰ ਕਾਰਵਾਈ ਹੋਵੇਗੀ।