ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਾਲਾਬੰਦੀ ਨੇ ਕਾਮਿਆਂ ਦੀ ਮਾਨਸਿਕਤਾ ਬਦਲੀ

10:36 AM Jul 25, 2020 IST

ਗੁਰਦੀਪ ਸਿੰਘ ਢੁੱਡੀ

Advertisement

ਇਸ ਨੂੰ ਕੁਦਰਤੀ ਵਰਤਾਰਾ ਹੀ ਆਖਿਆ ਜਾ ਸਕਦਾ ਹੈ ਕਿ ਕਰੋਨਾ ਮਹਾਮਾਰੀ ਨੇ ਥੋੜ੍ਹੇ ਹੀ ਸਮੇਂ ਵਿਚ ਮਨੁੱਖੀ ਮਾਨਸਿਕਤਾ ਨੂੰ ਗੇੜਾ ਦੇ ਦਿੱਤਾ ਹੈ। ਵਿਸ਼ੇਸ਼ ਕਰ ਕੇ ਕਾਮਾ ਸ਼੍ਰੇਣੀ ਨੂੰ ਤਾਂ ਇਸ ਨੇ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ ਹੈ। ਕਰੋਨਾ ਦੇ ਵਧੇਰੇ ਫੈਲਾਓ ਨੂੰ ਰੋਕਣ ਵਾਸਤੇ ਵਿਸ਼ਵ ਭਰ ਦੀਆਂ ਸਰਕਾਰਾਂ ਨੇ ਤਾਲਾਬੰਦੀ ਦਾ ਸਹਾਰਾ ਲਿਆ। ਹਵਾਈ ਜਹਾਜ਼ ਤੋਂ ਲੈ ਕੇ ਆਮ ਆਦਮੀ ਦੇ ਸਾਈਕਲ ਤੱਕ ਆਪਣੀ ਆਪਣੀ ਖੜ੍ਹਨ ਵਾਲੀਆਂ ਥਾਵਾਂ ਤੱਕ ਮਹਿਦੂਦ ਹੋ ਕੇ ਰਹਿ ਗਏ ਸਨ। ਇਸ ਤਾਲਾਬੰਦੀ ਵਿਚ ਵਸੀਲਿਆਂ ਵਾਲੇ ਸ਼ਖ਼ਸ ਵਾਸਤੇ ਤਾਂ ਕੋਈ ਵਿਸ਼ੇਸ਼ ਔਕੜ ਨਾ ਆਈ ਪਰ ਹਰ ਰੋਜ਼ ਕਮਾ ਕੇ ਢਿੱਡ ਭਰਨ ਵਾਲੇ ਲੋਕਾਂ ਦਾ ਇਸ ਨੇ ਲੱਕ ਹੀ ਤੋੜ ਦਿੱਤਾ।

ਪਹਿਲੇ ਕੁਝ ਦਨਿ ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਘਰ ਬੈਠਿਆਂ ਨੂੰ ਰਾਸ਼ਨ ਪਾਣੀ ਦਿੱਤਾ, ਉਸ ਤੋਂ ਬਾਅਦ ਇਨ੍ਹਾਂ ਦਾ ਵੀ ‘ਚਾਅ’ ਲਹਿ ਗਿਆ। ਹੁਣ ਅੱਗੇ ਆਈ ਕਾਮਾ ਸ਼੍ਰੇਣੀ ਵਾਸਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਪੇਟ ਪਾਲਣ ਦੀ ਸਮੱਸਿਆ। ਦਾਨ ਦੇਣਾ ਅਤੇ ਦਾਨ ਲੈਣਾ ਬੇਸ਼ੱਕ ਸਾਡੀ ਭਾਰਤੀ ਮਾਨਸਿਕਤਾ ਵਿਚ ਬੜੀਆਂ ਡੂੰਘੀਆਂ ਜੜ੍ਹਾਂ ਲਾ ਕੇ ਸਾਡੇ ਸੁਭਾਅ ਦਾ ਅੰਗ ਬਣ ਚੁੱਕਿਆ ਹੈ ਪਰ ਹੋਰਨਾਂ ਭਾਰਤੀ ਥਾਵਾਂ ਵਾਂਗ ਪੰਜਾਬ ਵਿਚ ਇਸ ਦਾ ਕਰੂਰ ਰੂਪ ਆਮ ਤੌਰ ਤੇ ਵੇਖਣ ਨੂੰ ਨਹੀਂ ਮਿਲਦਾ। ‘ਮੰਗਣ ਗਿਆ ਸੋ ਮਰ ਗਿਆ’ ਵਰਗਾ ਪੰਜਾਬੀ ਮੁਹਾਵਰਾ ਇਸ ਗੱਲ ਦੀ ਤਈਦ ਕਰਦਾ ਹੈ ਕਿ ਪੰਜਾਬੀ ਆਮ ਤੌਰ ਤੇ ਕਿਰਤ ਕਰ ਕੇ ਜੀਵਨ ਬਸਰ ਕਰਨ ਵਿਚ ਵਧੇਰੇ ਮਾਣ ਮਹਿਸੂਸ ਕਰਦੇ ਹਨ। ਸ਼ਾਇਦ ਇਸੇ ਪੰਜਾਬੀਅਤ ਨੇ ਹੀ ਤਾਲਾਬੰਦੀ ਸਮੇਂ ਜਾਂ ਇਸ ਤੋਂ ਪਹਿਲਾਂ ਵੀ ਸਾਂਝ ਵਿਚ ਟਕਰਾਅ ਵਾਲੀ ਹਾਲਤ ਪੈਦੀ ਕੀਤੀ ਹੈ। ਉਂਜ, ਇਸ ਟਕਰਾਅ ਦੇ ਵਧਾਉਣ ਜਾਂ ਘਟਾਉਣ ਵਿਚ ਕੁਝ ਅਛੋਪਲੇ ਕਾਰਨ ਕਾਰਜਸ਼ੀਲ ਵੇਖੇ ਜਾ ਸਕਦੇ ਹਨ। ਵਰਤਮਾਨ ਸਮੇਂ ਜਦੋਂ ਕਰੋਨਾ ਮਹਾਮਾਰੀ ਸਮੇਂ ਦੀ ਤਾਲਾਬੰਦੀ ਅਤੇ ਬਾਅਦ ਵਿਚ ਬਣੇ ਅਤਿ ਦੁਖਦਾਈ ਕਾਰਨ ਸਾਹਮਣੇ ਆਉਂਦੇ ਹਨ ਤਾਂ ਪੰਜਾਬ ਦੇ ਕਾਮਿਆਂ ਦੀ ਮਾਨਸਿਕਤਾ ਵਿਚ ਆਈ ਹੋਈ ਤਬਦੀਲੀ ਵੇਖਣ ਵਿਚ ਸਾਹਮਣੇ ਆਉਂਦੀ ਹੈ।

Advertisement

ਤਾਲਾਬੰਦੀ ਦੇ ਕੁਝ ਹੀ ਦਨਿਾਂ ਬਾਅਦ ਪੰਜਾਬ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸੰਭਾਲ ਦੀ ਸਮੱਸਿਆ ਨੂੰ ਜੱਥੇਬੰਦੀਆਂ (ਕਿਸਾਨ ਤੇ ਕਿਸਾਨ ਮਜ਼ਦੂਰ ਦੋਨੋਂ), ਮੀਡੀਏ ਅਤੇ ਵਿਸ਼ੇਸ਼ ਕਰ ਕੇ ਸੋਸ਼ਲ ਮੀਡੀਏ ਤੇ ਕਰੋਨਾ ਨਾਲੋਂ ਵੀ ਵੱਡੀ ਸਮੱਸਿਆ ਬਣਾ ਕੇ ਪੇਸ਼ ਕੀਤਾ ਗਿਆ। ਪੰਜਾਬ ਸਰਕਾਰ ਨੇ ਮੰਡੀਆਂ ਦੇ ਖੋਲ੍ਹਣ ਦੀ ਪਰੰਪਰਕ ਪਹਿਲੀ ਅਪਰੈਲ ਦੀ ਥਾਂ ਪੰਦਰਾਂ ਅਪਰੈਲ ਦੀ ਮਿਤੀ ਨਿਸਚਿਤ ਕੀਤੀ। ਪਹਿਲੀਆਂ ਵਿਚ ਅਨਾਜ ਮੰਡੀ ਦੇ ਆੜ੍ਹਤੀਏ ਅਤੇ ਕਿਸਾਨ ਡਰ ਰਹੇ ਸਨ ਕਿ ਕਣਕ ਦੀ ਤੁਲਾਈ ਅਤੇ ਇਸ ਦੀ ਚੁਕਾਈ ਦੀ ਬੜੀ ਵੱਡੀ ਸਮੱਸਿਆ ਆਵੇਗੀ ਪਰ ਕੁਝ ਹੀ ਦਨਿਾਂ ਵਿਚ ਜਦੋਂ ਮੰਡੀਆਂ ਵਿਚ ਆਈ ਕਣਕ ਗੁਦਾਮਾਂ ਅਤੇ ਹੋਰ ਸਟੋਰ ਕਰਨ ਵਾਲੇ ਥਾਵਾਂ ਤੇ ਸਾਂਭੀ ਗਈ ਤਾਂ ਹਰ ਕਿਸੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਹੁਣ ਜਦੋਂ ਕਿ ਤਾਲਾਬੰਦੀ ਜਾਂ ਤਾਂ ਖੋਲ੍ਹ ਦਿੱਤੀ ਗਈ ਹੈ ਜਾਂ ਫਿਰ ਇਸ ਵਿਚ ਪੂਰੀ ਢਿੱਲ ਦੇ ਦਿੱਤੀ ਗਈ ਹੈ ਤਾਂ ਪੰਜਾਬ ਦੀ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਲੁਆਈ ਨੂੰ ਫਿਰ ਜੱਥੇਬੰਦੀਆਂ, ਮੀਡੀਏ ਅਤੇ ਵਿਸ਼ੇਸ਼ ਕਰ ਕੇ ਸੋਸ਼ਲ ਮੀਡੀਏ ਤੇ ਬੜੀ ਵੱਡੀ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ; ਹਾਲਾਂਕਿ ਕਣਕ ਦੀ ਸੰਭਾਲ ਵਾਂਗ ਇਸ ਝੋਨੇ ਦੀ ਲੁਆਈ ਨੇ ਵੀ ਹਰ ਤਰ੍ਹਾਂ ਦੀਆਂ ਕਿਆਸ-ਅਰਾਈਆਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ।

ਝੋਨੇ ਦੀ ਲੁਆਈ ਦੀ ‘ਮੀਡੀਏ ਅਤੇ ਜੱਥੇਬੰਦੀਆਂ ਦੀ ਚਿੰਤਾ’ ਦਾ ਵੱਡਾ ਕਾਰਨ ਪੰਜਾਬ ਵਿਚ ਝੋਨਾ ਲਾਉਣ ਵਿਚ ਵੱਡਾ ਰੋਲ ਅਦਾ ਕਰਨ ਵਾਲੇ ਪਰਵਾਸੀ ਮਜ਼ਦੂਰ (ਜਨਿ੍ਹਾਂ ਲਈ ਪੰਜਾਬ ਨੇ ‘ਭਈਏ’ ਸ਼ਬਦ ਘੜਿਆ ਹੋਇਆ ਹੈ) ਇਧਰੋਂ ਪੰਜਾਬ ਵਿਚੋਂ ਬਹੁਤੇ ਚਲੇ ਗਏ ਹਨ ਅਤੇ ਯੂਪੀ, ਬਿਹਾਰ ਤੇ ਹੋਰ ਸੂਬਿਆਂ ਵਿਚੋਂ ਆਉਣ ਵਾਲਿਆਂ ਦੇ ਨਾ ਆਉਣ ਦਾ ਵੱਡਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ। ਇਹ ਭਾਵੇਂ ਮੀਡੀਏ ਅਤੇ ਸੋਸ਼ਲ ਮੀਡੀਏ ਸਮੇਤ ਕੁਝ ਜੱਥੇਬੰਦੀਆਂ ਦੀ ਚਿੰਤਾ ਦਾ ਕਾਰਨ ਬਣਿਆ ਪਰ ਅਸਲ ਵਿਚ ਇੱਥੇ ਹੋਰ ਕੁਝ ਮਹਿਸੂਸ ਕੀਤਾ ਗਿਆ ਹੈ। ਪਰਵਾਸੀਆਂ ਦੇ ਪੰਜਾਬ ਵਿਚੋਂ ਚਲੇ ਜਾਣ ਅਤੇ ਪੰਜਾਬ ਨਾ ਆਉਣ ਦਾ ਕਾਰਨ ਸਾਡਾ ਸਭਿਆਚਾਰਕ ਸੁਭਾਅ ਹੈ। ਬਹੁਤ ਜ਼ਿਆਦਾ ਖੁਸ਼ੀ ਅਤੇ ਅੰਤਾਂ ਦੀਆਂ ਦੁੱਖ ਦੀਆਂ ਘੜੀਆਂ ਵਿਚ ਮਨੁੱਖ ‘ਆਪਣਿਆਂ’ ਕੋਲ ਹੋਣਾ ਚਾਹੁੰਦਾ ਹੈ। ਕਰੋਨਾ ਬਿਮਾਰੀ ਮੌਤ ਦੇ ਸੂਚਕ ਦੇ ਤੌਰ ਤੇ ਆਈ। ਇਧਰ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਜਿੱਥੇ ਵਿਹਲ ਕਾਰਨ ਭੁੱਖ ਨੇ ਸਤਾਇਆ, ਉੱਥੇ ਦੁੱਖ ਦੀ ਘੜੀ ਵਿਚ ਆਪਣਿਆਂ ਕੋਲ ਜਾਣ ਦੀ ਤਾਂਘ ਨੇ ਵੀ ਉਨ੍ਹਾਂ ਨੂੰ ਆਪਣੇ ਪਿੱਤਰੀ ਸੂਬਿਆਂ ਵੱਲ ਔਖਿਆਂ ਸੌਖਿਆਂ ਤੋਰ ਦਿੱਤਾ (ਹੋਰਨਾਂ ਥਾਵਾਂ ਤੋਂ ਆਉਣ ਤੇ ਉੱਥੇ ਜਾਣ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਵੇਖਣ ਵਿਚ ਆਇਆ ਹੈ)। ਇਸੇ ਤਰ੍ਹਾਂ ਉਧਰੋਂ ਆਉਣ ਵਾਲੇ ਜਿੱਥੇ ਸਾਧਨਾਂ ਦੀ ਕਮੀ ਕਾਰਨ ਆਉਣ ਤੋਂ ਅਸਮਰੱਥ ਸਨ, ਉੱਥੇ ਉਹ ਭੁੱਖੇ ਰਹਿ ਕੇ ਵੀ ਆਪਣਿਆਂ ਕੋਲ ਰਹਿਣ ਦੇ ਇੱਛਕ ਹੋਣਗੇ। ਇਸ ਕਰ ਕੇ ਉਹ ਹੁਣ ਪੰਜਾਬ ਵਿਚ ਮਜ਼ਦੂਰੀ ਕਰਨ ਵਾਸਤੇ ਨਹੀਂ ਆ ਸਕਦੇ। ਇੱਥੇ ਭਾਵੇਂ ਪੰਜਾਬ ਦੇ ਵਿਸ਼ੇਸ਼ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਇਹ ਹਰ ਤਰ੍ਹਾਂ ਦੇ ਥਾਵਾਂ ਅਤੇ ਕੰਮਾਂ-ਕਾਰਾਂ ਤੇ ਲਾਗੂ ਹੋਣ ਵਾਲਾ ਵਰਤਾਰਾ ਹੈ। ਮਨੁੱਖੀ ਸੁਭਾਅ ਥਾਵਾਂ, ਪੌਣ-ਪਾਣੀ, ਲੋੜਾਂ ਦੀ ਮੰਗ ਅਤੇ ਪੂਰਤੀ ਦੀ ਦੇਣ ਹੁੰਦਾ ਹੋਣ ਕਰ ਕੇ ਕੁਝ ਵਖਰੇਵੇਂ ਨੂੰ ਛੱਡ ਕੇ ਬੜੇ ਵਾਰੀ ਰਲ਼ਗੱਡ ਹੋ ਜਾਂਦਾ ਹੈ।

ਪਿਛਲੀ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਜਦੋਂ ਹਰੀ ਕ੍ਰਾਂਤੀ ਨੇ ਪੰਜਾਬ ਵਿਚ ਪੈਰ ਪਸਾਰੇ ਸਨ ਤਾਂ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਮਨੁੱਖਾਂ ਦੁਆਰਾ ਕੀਤੇ ਜਾਣ ਵਾਲੇ ਹੱਥੀਂ ਕੰਮਾਂ ਦੀ ਥਾਂ ਮਸ਼ੀਨਾਂ ਦੁਆਰਾ ਕੀਤਾ ਜਾਣਾ ਲੱਗਾ। ਪੰਜਾਬ ਦਾ ਖੇਤ ਮਜ਼ਦੂਰ ਵਿਹਲਿਆਂ ਵਾਂਗ ਹੋਣ ਲੱਗਾ। ਨੌਜਵਾਨ ਖੇਤ ਮਜ਼ਦੂਰਾਂ ਨੇ ਸ਼ਹਿਰਾਂ ਵੱਲ ਰੁਖ਼ ਕਰ ਲਿਆ। ਸ਼ਹਿਰਾਂ ਵਿਚ ਉਹ ਉਸਾਰੀ ਦੇ ਕੰਮਾਂ ਵਿਚ ਲੱਗ ਗਏ। ਇੱਥੇ ਉਹ ਪਿੰਡਾਂ ਦੀ ਖੇਤੀ ਦੇ ਕੰਮਾਂ ਨਾਲੋਂ ਸੁਖਾਲੇ ਵੀ ਮਹਿਸੂਸ ਕਰਨ ਲੱਗੇ ਅਤੇ ਮਾਨਸਿਕ ਤੌਰ ਤੇ ਸੰਤੁਸ਼ਟ ਵੀ ਹੋਏ। ਯਾਦ ਰਹੇ, ਇੱਥੇ ਕਰਨੀ ਤਾਂ ਭਾਵੇਂ ਉਨ੍ਹਾਂ ਨੂੰ ਮਜ਼ਦੂਰੀ ਹੀ ਪੈਂਦੀ ਸੀ ਪਰ ਜਾਤ-ਪਾਤੀ ਵਿਤਕਰੇ ਅਤੇ ਜ਼ਲਾਲਤ ਤੋਂ ਉਹ ਕੁਝ ਰਾਹਤ ਮਿਲੀ ਮਹਿਸੂਸ ਕਰਦੇ ਹੋਣ ਕਰ ਕੇ ਵਿਸ਼ੇਸ਼ ਤਰ੍ਹਾਂ ਦੀ ਸੰਤੁਸ਼ਟੀ ਮਹਿਸੂਸਦੇ ਸਨ। ਇਸੇ ਤਰ੍ਹਾਂ ਕੁਝ ਮਜ਼ਦੂਰ ਸ਼ਹਿਰ ਵਿਚ ਰਿਕਸ਼ਾ, ਰੇਹੜੀ ਚਲਾਉਣ, ਕਾਰਖਾਨਿਆਂ, ਮੰਡੀਆਂ ਵਿਚ ਮਜ਼ਦੂਰੀ ਕਰਨ ਅਤੇ ਹੋਰ ਛੋਟੇ ਮੋਟੇ ਕੰਮ ਕਰਨ ਲੱਗ ਪਏ। ਬਹੁਤ ਸਾਰੇ ਮਜ਼ਦੂਰ ਤਾਂ ਪਿੰਡ ਛੱਡ ਕੇ ਸ਼ਹਿਰਾਂ ਵਿਚ ਹੀ ਰਹਿਣ ਲੱਗ ਪਏ ਜਦੋਂ ਕਿ ਕੁਝ ਪਿੰਡਾਂ ਵਿਚੋਂ ਰੋਜ਼ਾਨਾ ਮਜ਼ਦੂਰੀ ਕਰਨ ਵਾਸਤੇ ਸ਼ਹਿਰ ਵਿਚ ਆਉਂਦੇ ਸਨ। ਇਸੇ ਹੀ ਸਮੇਂ ਸਾਉਣੀ ਦੀਆਂ ਫ਼ਸਲਾਂ ਵਿਚ ਵਿਸ਼ੇਸ਼ ਤਬਦੀਲੀ ਆਈ।

ਹੁਣ ਪੰਜਾਬ ਦਾ ਕਿਸਾਨ ਨਰਮਾ, ਕਪਾਹ, ਮੱਕੀ, ਬਾਜਰਾ ਆਦਿ ਫ਼ਸਲਾਂ ਦੀ ਥਾਂ ਝੋਨੇ ਦੀ ਫ਼ਸਲ ਵੱਲ ਰੁਚਿਤ ਹੋ ਗਿਆ। ਕਣਕ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਸਦਕਾ ਕਿਸਾਨਾਂ ਨੇ ਹੋਰਨਾਂ ਫ਼ਸਲਾਂ ਨੂੰ ਛੱਡਿਆਂ ਵਾਂਗ ਕਰਨ ਕਰ ਕੇ ਝੋਨੇ ਨੂੰ ਹੀ ਸਾਉਣੀ ਦੀ ਮੁੱਖ ਫ਼ਸਲ ਬਣਾ ਲਿਆ। ਝੋਨਾ ਲਾਉਣ ਵਾਸਤੇ ਯੂਪੀ, ਬਿਹਾਰ ਆਦਿ ਸੂਬਿਆਂ ਤੋਂ ਲੋਕ ਮਜ਼ਦੂਰੀ ਕਰਨ ਆਉਣੇ ਸ਼ੁਰੂ ਹੋ ਗਏ। ਹੌਲ਼ੀ ਹੌਲ਼ੀ ਇਹ ਲੋਕ ਖੇਤੀ ਦੇ ਇਲਾਵਾ ਹੋਰਨਾਂ ਕਿੱਤਿਆਂ ਵਿਚ ਵੀ ਲੱਗ ਗਏ। ਹੁਣ ਜਦੋਂ ਕਰੋਨਾ ਨੇ ਸਾਰਾ ਕੁਝ ਹੀ ਬਦਲ ਦਿੱਤਾ ਤਾਂ ਯੂਪੀ, ਬਿਹਾਰ ਆਦਿ ਸੂਬਿਆਂ ਤੋਂ ਆਏ ਇਹ ਮਜ਼ਦੂਰ ਜ਼ਿਆਦਾ ਕਰ ਕੇ ਆਪਣੇ ਪਿੱਤਰੀ ਸੂਬਿਆਂ ਵੱਲ ਪਰਤ ਗਏ। ਇਸੇ ਤਰ੍ਹਾਂ ਇਨ੍ਹਾਂ ਸੂਬਿਆਂ ਤੋਂ ‘ਸੀਜ਼ਨ’ ਸਮੇਂ ਆਉਣ ਵਾਲੇ ਮਜ਼ਦੂਰ ਵੀ ਨਾ ਆਏ। ਅਜਿਹੇ ਸਮੇਂ ਹੋਰਨਾਂ ਕੰਮਾਂ ਵੱਲੋਂ ਵਿਹਲੇ ਹੋਏ ਸਥਾਨਕ ਮਜ਼ਦੂਰ (ਸਮੇਤ ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੇ ਅਤੇ ਪੜ੍ਹ ਚੁੱਕੇ ਮੁੰਡੇ ਕੁੜੀਆਂ) ਮੰਡੀਆਂ ਅਤੇ ਖੇਤਾਂ ਵਿਚ ਕੰਮ ਕਰਨ ਲਈ ਆਏ। ਇਸ ਤਰ੍ਹਾਂ ਮੰਡੀਆਂ ਅਤੇ ਝੋਨੇ ਦੀ ਲੁਆਈ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਗਿਆ।

ਕਣਕ ਦੀ ਵਾਢੀ ਦਾ ਆਮ ਤੌਰ ਤੇ ਮਸ਼ੀਨੀਕਰਨ ਹੋ ਚੁੱਕਿਆ ਹੈ, ਇਸ ਕਰ ਕੇ ਇਸ ਸਮੇਂ ਵਿਸ਼ੇਸ਼ ਘਟਨਾ ਵਾਪਰਨ ਦੀ ਗੱਲ ਸਾਹਮਣੇ ਨਹੀਂ ਆਈ ਪਰ ਝੋਨੇ ਦੀ ਲੁਆਈ ਸਮੇਂ ਸੋਸ਼ਲ ਮੀਡੀਏ ਅਤੇ ਜੱਥੇਬੰਦੀਆਂ ਵੱਲੋਂ ਸਾਂਝ ਦੀਆਂ ਤੰਦਾਂ ਉਲਝਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਹਾਲਾਂਕਿ ਅਰਥ ਸ਼ਾਸਤਰ ਦੇ ‘ਮੰਗ ਅਤੇ ਪੂਰਤੀ ਦੇ ਸਿਧਾਂਤ’ ਨੂੰ ਬਚਪਨ ਤੋਂ ਵੇਖਦੇ ਆਏ ਹਾਂ। ਕਣਕ ਦੀ ਵਾਢੀ ਅਤੇ ਨਰਮੇ ਕਪਾਹਦੀ ਚੁਗਾਈ ਸਮੇਂ ਮਜ਼ਦੂਰ ਸ਼੍ਰੇਣੀ ਦੀ ਆਮ ਨਾਲੋਂ ਵੱਧ ਮਿਹਨਤਾਨੇ ਦੀ ਮੰਗ ਹੁੰਦੀ ਸੀ। ਇਸ ਕਰ ਕੇ ਝੋਨੇ ਦੀ ਲੁਆਈ ਸਮੇਂ ਕੀਤੀ ਵੱਧ ਮਿਹਨਤਾਨੇ ਦੀ ਮੰਗ ਕੋਈ ਅਲੋਕਾਰੀ ਗੱਲ ਨਹੀਂ ਆਖੀ ਜਾ ਸਕਦੀ ਪਰ ਸੋਸ਼ਲ ਮੀਡੀਏ ਵਿਚ ਅਤੇ ਜੱਥੇਬੰਦੀਆਂ ਵੱਲੋਂ ਪਿੰਡਾਂ ਵਿਚ ਸਾਂਝ ਦੀਆਂ ਤੰਦਾਂ ਤੋੜਨ ਵਾਲੀ ਬਿਆਨਬਾਜ਼ੀ ਕੀਤੀ ਜਾਣੀ ਆਮ ਤੌਰ ਤੇ ਰੜਕਦੀ ਰਹੀ ਹੈ। ਵੇਖਿਆ ਜਾਵੇ ਤਾਂ ਝੋਨੇ ਦੀ ਸਿੱਧੀ ਬਿਜਾਈ ਵਰਗੇ ਮਸ਼ੀਨੀ ਕਾਰਜ ਨੇ ਮਜ਼ਦੂਰਾਂ ਦੀ ਕੁਝ ਮੰਗ ਘਟਾਈ ਹੈ ਪਰ ਪਨੀਰੀ ਪੁੱਟ ਕੇ ਝੋਨਾ ਲਾਉਣ ਅਤੇ ਬਾਅਦ ਵਿਚ ਬਾਅਦ ਵਿਚ ਝੋਨੇ ਵਿਚੋਂ ਡੀਲਾ ਕੱਢਣ ਜਾਂ ਫਿਰ ਇਸ ਤਰ੍ਹਾਂ ਦੇ ਕੰਮ ਵੇਲੇ ਫਿਰ ਵੀ ਖੇਤਾਂ ਵਿਚ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦਾ ਆਪਸ ਵਿਚ ਕੰਮ ਅਤੇ ਕਾਮੇ ਦਾ ਸਾਂਝ ਵਾਲਾ ਰਿਸ਼ਤਾ ਬਣਿਆ ਹੋਇਆ ਹੈ ਅਤੇ ਇਸ ਨੂੰ ਤੋੜਨਾ ਕਿਸੇ ਵੀ ਤਰ੍ਹਾਂ ਪੰਜਾਬ ਦੇ ਹਿੱਤਾਂ ਵਿਚ ਨਹੀਂ ਹੋ ਸਕਦਾ। ਮੀਡੀਏ ਅਤੇ ਜੱਥੇਬੰਦੀਆਂ ਨੂੰ ਇਸ ਤਰ੍ਹਾਂ ਦੀ ਗੱਲ ਨੂੰ ਉਭਾਰਨ ਸਮੇਂ ਹੋਰ ਨਹੀਂ ਤਾਂ ਮੰਗ ਅਤੇ ਪੂਰਤੀ ਦੇ ਅਰਥ ਸ਼ਾਸਤਰ ਦੇ ਸਿਧਾਂਤ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕੰਮ ਕਰਾਉਣ ਅਤੇ ਕਰਨ ਵਾਲੇ ਦੀ ਗੱਲ ਤਾਂ ਕੁਦਰਤੀ ਆਫ਼ਤ ਸਮੇਂ ‘ਗਲ਼ ਲੱਗ ਕੇ ਰੋਂਦੇ’ ਵਾਲੀ ਬਕਾਇਦਾ ਲਿਖੀ ਗਈ ਹੈ।

ਕਰੋਨਾ ਦੀ ਇਸ ਮਹਾਮਾਰੀ ਨੇ ਪੰਜਾਬੀਆਂ ਦੇ ਸੁਭਾਅ ਵਿਚ ਫਿਰ ਤਬਦੀਲੀ ਲਿਆਂਦੀ ਹੈ। ਵੇਖਿਆ ਜਾਵੇ ਤਾਂ ਕੰਮ-ਕਲਚਰ ਵਿਚ ਤਬਦੀਲੀ ਆਈ ਹੈ। ਲੋੜ ਇਸ ਗੱਲ ਦੀ ਹੈ ਕਿ ਮੀਡੀਏ, ਸੋਸ਼ਲ ਮੀਡੀਏ ਅਤੇ ਜੱਥੇਬੰਦੀਆਂ ਨੂੰ ਅਜਿਹੇ ਸਮੇਂ ਅਜਿਹਾ ਕੁਝ ਕਹਿਣ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਵਿਚਲੀਆਂ ਸਾਂਝ ਦੀਆਂ ਤੰਦਾਂ ਟੁੱਟਣ ਵਾਲੇ ਕਾਰਨ ਪੈਦਾ ਹੋਣ। ਗੱਲ ਨੂੰ ਸੰਤੁਲਤ ਪਹੁੰਚ ਵਿਚ ਰੱਖਿਆ ਜਾਣਾ ਬਣਦਾ ਹੈ।

ਸੰਪਰਕ: 95010-20731

Advertisement
Tags :
ਕਾਮਿਆਂਤਾਲਾਬੰਦੀ:ਬਦਲੀਮਾਨਸਿਕਤਾ
Advertisement