For the best experience, open
https://m.punjabitribuneonline.com
on your mobile browser.
Advertisement

ਇੱਕ ਧਰਮ ਨਿਰਪੱਖ ਸੰਤ ਦੀ ਜੀਵਨ ਕਹਾਣੀ

08:17 AM Mar 24, 2024 IST
ਇੱਕ ਧਰਮ ਨਿਰਪੱਖ ਸੰਤ ਦੀ ਜੀਵਨ ਕਹਾਣੀ
Advertisement

ਰਾਮਚੰਦਰ ਗੁਹਾ

ਸਮਾਜ ਸੇਵੀ ਅਤੇ ਚਿਪਕੋ ਅੰਦੋਲਨ ਦੇ ਮੋਹਰੀਆਂ ’ਚੋਂ ਇੱਕ ਚੰਡੀ ਪ੍ਰਸਾਦ ਭੱਟ ਦਾ ਮੈਂ ਬਹੁਤ ਆਦਰ ਕਰਦਾ ਹਾਂ। ਉਨ੍ਹਾਂ ਨਾਲ ਪਹਿਲੀ ਮੁਲਾਕਾਤ ਵੇਲੇ ਮੇਰੀ ਉਮਰ ਵੀਹ ਸਾਲ ਤੋਂ ਥੋੜ੍ਹੀ ਵੱਧ ਸੀ ਅਤੇ ਮੇਰੇ ਜੀਵਨ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਬਹੁਤ ਗਹਿਰਾ ਅਸਰ ਪਿਆ ਸੀ। ਉਸ ਤੋਂ ਬਾਅਦ ਵੀ ਕਈ ਵਾਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ; ਹਰੇਕ ਮੁਲਾਕਾਤ ਨਾਲ ਭਾਰਤ ਅਤੇ ਦੁਨੀਆ ਨੂੰ ਦਰਪੇਸ਼ ਨੈਤਿਕ, ਸਿਆਸੀ ਤੇ ਵਾਤਾਵਰਣਕ ਚੁਣੌਤੀਆਂ ਅਤੇ ਇਨ੍ਹਾਂ ਨਾਲ ਨਜਿੱਠਣ ਬਾਰੇ ਕੀ ਕੀਤਾ ਜਾਣਾ ਚਾਹੀਦਾ ਹੈ, ਮੁਤੱਲਕ ਨਵੀਂ ਸੂਝ ਮਿਲਦੀ ਰਹਿੰਦੀ ਸੀ। ਕੁਝ ਸਾਲ ਪਹਿਲਾਂ ਚੰਡੀ ਪ੍ਰਸਾਦ ਭੱਟ ਦੀ ਸਵੈ-ਜੀਵਨੀ ਪ੍ਰਕਾਸ਼ਿਤ ਹੋਈ ਸੀ ਜੋ ਕਿ ਹਿੰਦੀ ਵਿੱਚ ਸੀ। ਇਸ ਦੇ ਅੰਗਰੇਜ਼ੀ ਸੰਸਕਰਣ ‘ਜੈਂਟਲ ਰਜ਼ਿਸਟੈਂਸ’ ਦਾ ਅਨੁਵਾਦ ਸਮੀਰ ਬੈਨਰਜੀ ਨੇ ਕੀਤਾ ਹੈ।
ਚੰਡੀ ਪ੍ਰਸਾਦ ਭੱਟ ਦਾ ਜਨਮ 1934 ਵਿੱਚ ਹੋਇਆ ਜਦੋਂ ਹਿੰਦੋਸਤਾਨ ਹਾਲੇ ਅੰਗਰੇਜ਼ਾਂ ਦੀ ਬਸਤੀ ਹੀ ਸੀ। ਕਿਤਾਬ ਦੇ ਮੁੱਢਲੇ ਅਧਿਆਇਆਂ ਵਿੱਚ ਉਨ੍ਹਾਂ ਦੇ ਬਚਪਨ ਅਤੇ ਵੱਡੀ ਭੈਣ (ਜਿਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਤਿਹੁ ਸੀ), ਅਧਿਆਪਕਾਂ, ਪਿੰਡ ਦੇ ਵੱਡ-ਵਡੇਰਿਆਂ ਅਤੇ ਮਜ਼ਦੂਰੀ ਕਰਨ ਵਾਲੀਆਂ ਅਖੌਤੀ ਨੀਵੀਆਂ ਜਾਤੀਆਂ ਦੇ ਲੋਕਾਂ ਦੀਆਂ ਯਾਦਾਂ ਦਾ ਜ਼ਿਕਰ ਆਇਆ ਹੈ। ਇਨ੍ਹਾਂ ਤੋਂ ਇਲਾਵਾ ਕਿਤਾਬ ਦੇ ਇਨ੍ਹਾਂ ਪੰਨਿਆਂ ’ਤੇ ਹਿਮਾਲਿਆ, ਇਸ ਦੀਆਂ ਪਹਾੜੀਆਂ, ਜੰਗਲਾਂ, ਮੈਦਾਨਾਂ ਅਤੇ ਨਦੀਆਂ ਦਾ ਧਰਾਤਲ ਸਜੀਵ ਹੋ ਉੱਠਦਾ ਹੈ। ਉਹ ਲਿਖਦੇ ਹਨ, ‘‘ਮੈਨੂੰ ਅਲਕਨੰਦਾ ਦੇ ਵਗਦੇ ਪਾਣੀ ਨਾਲ ਪਿਆਰ ਹੈ।’’ ਇਵੇਂ ਜਾਪਦਾ ਹੈ ਕਿ ਉਹ ਨਦੀ ਦੇ ਲੈਅਮਈ ਵਹਾਅ ਤੋਂ ਭਾਵੁਕ ਤੌਰ ’ਤੇ ਮੁਤਾਸਿਰ ਹੋਏ ਸਨ।
ਬ੍ਰਾਹਮਣ ਹੋਣ ਕਰਕੇ ਨੌਜਵਾਨ ਚੰਡੀ ਪ੍ਰਸਾਦ ਦਾ ਸਮਾਜਿਕ ਰੁਤਬਾ ਬਹੁਤ ਉੱਚਾ ਗਿਣਿਆ ਜਾਂਦਾ ਸੀ। ਉਂਝ, ਇਸ ਨਾਲ ਉਨ੍ਹਾਂ ਦੇ ਕਾਰ ਵਿਹਾਰ ’ਤੇ ਕੋਈ ਬਹੁਤਾ ਪ੍ਰਭਾਵ ਨਹੀਂ ਪਿਆ। ਜਦੋਂ ਉਹ ਇੱਕ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰ ਗ਼ਰੀਬ ਸੀ ਪਰ ਲਾਚਾਰ ਨਹੀਂ ਸੀ ਜਿਵੇਂ ਕਿ ਉਹ ਲਿਖਦੇ ਹਨ, ‘‘ਮੇਰਾ ਪੂਰਾ ਬਚਪਨ ਤੰਗੀਆਂ ਤੁਰਸ਼ੀਆਂ ਦੇ ਮਾਹੌਲ ਵਿੱਚ ਬੀਤਿਆ, ਕਿਸੇ ਵੀ ਚੀਜ਼ ਦੀ ਬਹੁਤਾਤ ਨਹੀਂ ਸੀ ਅਤੇ ਹਰ ਲੋੜੀਂਦੀ ਚੀਜ਼ ਦੀ ਥੁੜ ਜਾਪਦੀ ਸੀ।’’ ਅੱਲੜ੍ਹ ਉਮਰੇ ਉਨ੍ਹਾਂ ਨੂੰ ਖੇਤੀ ਕਰਨੀ ਅਤੇ ਗਾਵਾਂ ਚਰਾਉਣੀਆਂ ਪੈਂਦੀਆਂ ਸਨ ਤਾਂ ਕਿ ਘਰ ਦਾ ਚੁੱਲ੍ਹਾ ਬਲਦਾ ਰਹੇ। ਚੰਡੀ ਪ੍ਰਸਾਦ ਸਾਫ਼ਗੋਈ ਨਾਲ ਲਿਖਦੇ ਹਨ ਕਿ ਕਿਵੇਂ ਉਹ ਬੇਪ੍ਰਵਾਹ ਵਿਦਿਆਰਥੀ ਸਨ, ਮੁਸ਼ਕਿਲ ਨਾਲ ਹੀ ਪਾਸ ਹੁੰਦੇ ਸਨ ਅਤੇ ਕਈ ਸਕੂਲ ਬਦਲ ਕੇ ਉਨ੍ਹਾਂ ਨੇ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ। ਯੂਨੀਵਰਸਿਟੀ ਦੀ ਪੜ੍ਹਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ; ਚੰਗੇ ਭਾਗੀਂ ਇੱਕ ਮੁਕਾਮੀ ਬੱਸ ਕੰਪਨੀ ਦੇ ਦਫ਼ਤਰ ਵਿੱਚ ਬੁਕਿੰਗ ਕਲਰਕ ਦੀ ਨੌਕਰੀ ਮਿਲਣ ਕਰਕੇ ਥੋੜ੍ਹੀ ਜਿਹੀ ਮਾਸਿਕ ਆਮਦਨ ਆਉਣ ਲੱਗ ਪਈ। ਹਿਮਾਲਿਆ ਵਿੱਚ ਸਥਿਤ ਪਵਿੱਤਰ ਧਰਮ ਅਸਥਾਨਾਂ ਦੇ ਦਰਸ਼ਨਾਂ ਲਈ ਬਹੁਤ ਸਾਰੇ ਸ਼ਰਧਾਲੂ ਬੱਸਾਂ ਰਾਹੀਂ ਆਉਂਦੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮਿਲ-ਜੁਲ ਕੇ ਚੰਡੀ ਪ੍ਰਸਾਦ ਦਾ ਸੱਭਿਆਚਾਰਕ ਤੇ ਭੂਗੋਲਿਕ ਬ੍ਰਹਿਮੰਡ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ। ਵੀਹ ਸਾਲ ਦੀ ਉਮਰ ਵਿੱਚ ਉਨ੍ਹਾਂ ਪਹਿਲੀ ਵਾਰ ਕਿਸੇ ਮੋਟਰ ਕਾਰ ਵਿੱਚ ਬਦਰੀਨਾਥ ਦੇ ਦਰਸ਼ਨਾਂ ਲਈ ਆਏ ਦੌਲਤਮੰਦ ਬਿਰਲਾ ਪਰਿਵਾਰ ਨੂੰ ਦੇਖਿਆ ਸੀ। ਉਹ ਲਿਖਦੇ ਹਨ: ‘‘ਉਦੋਂ ਤੱਕ ਮੈਂ ਬਿਰਲਾ ਪਰਿਵਾਰ ਦੇ ਕਿਸੇ ਜੀਅ ਨੂੰ ਨਹੀਂ ਦੇਖਿਆ ਸੀ ਪਰ ਉਨ੍ਹਾਂ ਦੇ ਡਰਾਈਵਰ ਦੀ ਸ਼ਾਨਦਾਰ ਪੁਸ਼ਾਕ ਦੇਖ ਕੇ ਉਨ੍ਹਾਂ ਦੀ ਉੱਚੀ ਹੈਸੀਅਤ ਦਾ ਅੰਦਾਜ਼ਾ ਹੋ ਗਿਆ ਸੀ।’’
ਸੰਨ 1956 ਵਿੱਚ ਸਤਿਕਾਰਤ ਗਾਂਧੀਵਾਦੀ ਸਮਾਜ ਸੇਵੀ ਜੈਪ੍ਰਕਾਸ਼ ਨਰਾਇਣ ਨੇ ਗੜਵਾਲ ਦਾ ਦੌਰਾ ਕੀਤਾ। ਨੌਜਵਾਨ ਚੰਡੀ ਪ੍ਰਸਾਦ ਭੱਟ ਉਨ੍ਹਾਂ ਨੂੰ ਸੁਣਨ ਗਏ ਅਤੇ ਸੱਠ ਸਾਲਾਂ ਬਾਅਦ ਉਨ੍ਹਾਂ ਚੇਤੇ ਕਰਦਿਆਂ ਦੱਸਿਆ ਕਿ ‘‘ਜੇਪੀ ਦੇ ਸ਼ਬਦਾਂ ਨੇ ਮੇਰੀ ਆਤਮਾ ਨੂੰ ਛੂਹ ਲਿਆ।’’ ਉਸ ਤੋਂ ਬਾਅਦ ਉਹ ਇੱਕ ਮੁਕਾਮੀ ਸਰਵੋਦਯ ਕਾਰਕੁਨ ਮਾਨ ਸਿੰਘ ਰਾਵਤ ਨੂੰ ਮਿਲੇ ਜੋ ਉਨ੍ਹਾਂ ਨੂੰ ਪਹਾੜੀ ਖੇਤਰਾਂ ਵਿੱਚ ਪੈਦਲ ਯਾਤਰਾਵਾਂ ’ਤੇ ਲੈ ਕੇ ਜਾਂਦੇ ਸਨ। ਜੇਪੀ ਦੇ ਸ਼ਬਦਾਂ ਅਤੇ ਮਾਨ ਸਿੰਘ ਦੀ ਮਿਸਾਲ ਤੋਂ ਪ੍ਰਭਾਵਿਤ ਹੋ ਕੇ ਭੱਟ ਨੇ ਗੜਵਾਲ ਮੋਟਰ ਓਨਰਜ਼ ਯੂਨੀਅਨ ਦੀ ਨੌਕਰੀ ਤਿਆਗ ਦਿੱਤੀ ਅਤੇ ਸਾਰਾ ਸਮਾਂ ਸਮਾਜ ਸੇਵਾ ਦੇ ਲੇਖੇ ਲਾਉਣ ਲੱਗੇ।
1960ਵਿਆਂ ਵਿਚ ਭੱਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੇਬਰ ਸਹਿਕਾਰਤਾ ਅਤੇ ਮਹਿਲਾ ਮੰਗਲ (ਭਲਾਈ) ਦਲ ਬਣਾਉਣ ਦਾ ਕਾਰਜ ਵਿੱਢਿਆ। ਉਹ ਨਿਮਰਤਾ ਨਾਲ ਜਾਤੀ ਵਿਤਕਰੇ ਦਾ ਵਿਰੋਧ ਕਰਨ ਦੇ ਨਾਲ ਨਾਲ ਹੜ੍ਹ, ਬੱਸ ਹਾਦਸਿਆਂ ਦੇ ਪੀੜਤਾਂ ਨੂੰ ਬਚਾਉਣ ਦਾ ਕੰਮ ਵੀ ਕਰਦੇ ਸਨ। ਦਸ ਕੁ ਸਾਲਾਂ ਦੇ ਅੰਦਰ-ਅੰਦਰ ਪੂਰੇ ਗੜਵਾਲ ਵਿੱਚ ਉਨ੍ਹਾਂ ਦੀ ਸਮਾਜ ਸੇਵੀ ਵਜੋਂ ਪਛਾਣ ਬਣ ਗਈ। ਇਸ ਦੌਰਾਨ ਭੱਟ ਨੇ ਪਹਾੜਾਂ ਵਿੱਚ ਵਪਾਰਕ ਫਾਰੈਸਟਰੀ (ਕਾਰੋਬਾਰੀ ਮੰਤਵ ਲਈ ਪੌਦੇ ਲਾਉਣ) ਦੇ ਅਸਰਾਂ ਨੂੰ ਘੋਖਣਾ ਸ਼ੁਰੂ ਕੀਤਾ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦਰਖ਼ਤਾਂ ਦੀ ਕਟਾਈ ਨਾਲ ਕੁਦਰਤ ਅਤੇ ਇਨਸਾਨ ਦੋਵਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕਿਵੇਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮ ਦਾ ਮਾਮੂਲੀ ਜਿਹਾ ਇਵਜ਼ਾਨਾ ਦੇ ਕੇ ਬਾਕੀ ਸਾਰਾ ਮੁਨਾਫ਼ਾ ਠੇਕੇਦਾਰ ਛਕ ਜਾਂਦੇ ਅਤੇ ਲੱਕੜ ਮੈਦਾਨੀ ਇਲਾਕਿਆਂ ਦੀਆਂ ਸਨਅਤਾਂ ਲਈ ਭੇਜ ਦਿੱਤੀ ਜਾਂਦੀ ਸੀ। ਇਸ ਬਰਬਾਦੀ ਨੂੰ ਤੱਕ ਕੇ ਭੱਟ ਨੇ ਆਪਣੇ ਆਪ ਨੂੰ ਸਵਾਲ ਕੀਤਾ: ‘‘ਕੀ ਇਹ ਸ਼ੋਸ਼ਣਕਾਰੀ ਪਾਗਲਪਣ ਰੋਕਿਆ ਜਾ ਸਕਦਾ ਹੈ?’’ ਉਨ੍ਹਾਂ ਸੋਚਿਆ ਕਿ ਇਹ ਕੀਤਾ ਜਾ ਸਕਦਾ ਹੈ ਪਰ ਸਿਰਫ਼ ਉਦੋਂ ਜਦੋਂ ਪਹਾੜੀ ਲੋਕਾਂ ਦਾ ਆਪਣੇ ਜੰਗਲਾਂ ਜਿਨ੍ਹਾਂ ’ਤੇ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਹੋਂਦ ਟਿਕੀ ਹੋਈ ਸੀ, ਉੱਤੇ ਕੰਟਰੋਲ ਮੁੜ ਸਥਾਪਤ ਹੋ ਜਾਵੇਗਾ।
1973 ਵਿੱਚ ਭੱਟ ਨੇ ਵਪਾਰਕ ਫਾਰੈਸਟਰੀ ਖਿਲਾਫ਼ ਪਿੰਡਾਂ ਦੇ ਲੋਕਾਂ ਦਾ ਪਹਿਲਾ ਰੋਸ ਪ੍ਰਦਰਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਸਮੂਹਿਕ ਰੂਪ ਵਿੱਚ ‘ਚਿਪਕੋ ਲਹਿਰ’ ਦਾ ਨਾਂ ਦਿੱਤਾ ਗਿਆ। ਚਿਪਕੋ ਲਹਿਰ ਬਾਰੇ ਦਰਜਨਾਂ ਕਿਤਾਬਾਂ ਅਤੇ ਲੇਖ ਪ੍ਰਕਾਸ਼ਿਤ ਹੋਏ। ਮੈਂ ਆਪਣਾ ਡਾਕਟੋਰਲ ਲੇਖ ਵੀ ਇਸ ਲਹਿਰ ਅਤੇ ਇਸ ਦੇ ਇਤਿਹਾਸਕ ਉਥਾਨ ਬਾਰੇ ਲਿਖਿਆ ਸੀ। ਭੱਟ ਦੀਆਂ ਯਾਦਾਂ ਦੀ ਖਸੂਸੀਅਤ ਨੂੰ ਅਨੁਵਾਦਕ ਸਮੀਰ ਬੈਨਰਜੀ ਨੇ ਆਪਣੇ ਨੋਟ ਵਿੱਚ ਬਿਆਨ ਕੀਤਾ ਹੈ: ‘ਅਕਾਦਮਿਕ ਬ੍ਰਿਤਾਂਤ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਰਕੁਨਾਂ ਨਾਲ ਜੁੜੀ ਮਨੁੱਖੀ ਮਿਹਨਤ ਮੁਸ਼ੱਕਤ, ਆਸਾਂ ਅਤੇ ਅਹਿਸਾਸਾਂ ਦਾ ਖੁਲਾਸਾ ਕਰਨ ਲਈ ਕਦੇ ਕਦਾਈਂ ਹੀ ਸਾਜ਼ਗਾਰ ਹੁੰਦਾ ਹੈ; ਕਿਸੇ ਕਾਰਕੁਨ ਦੀ ਜ਼ਿੰਦਗੀ ਵਿੱਚ ਅਹਿਸਾਸ ਦੀ ਦੁਨੀਆ ਆਮ ਤੌਰ ’ਤੇ ਸ਼ਬਦਾਂ, ਵਾਕਾਂ, ਭਾਸ਼ਾ ਅਤੇ ‘ਵਾਦ’ ਦੇ ਪਸਾਰੇ ਜੋ ਕਿ ਵਿਆਖਿਆ ਅਤੇ ਵਿਸ਼ਲੇਸ਼ਣ ਦੇ ਚੌਖਟਿਆਂ ਨਾਲ ਜੁੜਿਆ ਹੁੰਦਾ ਜਾਂ ਉੱਥੋਂ ਉਗਮਿਆ ਹੁੰਦਾ ਹੈ ਤੇ ਜ਼ਮੀਨੀ ਹਕੀਕਤਾਂ ਤੋਂ ਕੋਰਾ ਹੁੰਦਾ ਹੈ, ਵਿੱਚ ਗੁਆਚ ਜਾਂਦੀ ਹੈ।
ਬੈਨਰਜੀ ਦੀਆਂ ਟਿੱਪਣੀਆਂ ਵਿਚਲਾ ਸੱਚ ਹੋਰਾਂ ਘਟਨਾਵਾਂ ਦੇ ਨਾਲ-ਨਾਲ ਭੱਟ ਦੇ ਲਖਨਊ ’ਚ ਇੱਕ ਸੀਨੀਅਰ ਨੌਕਰਸ਼ਾਹ ਨਾਲ ਆਹਮੋ-ਸਾਹਮਣੇ ਹੋਣ ਦੀ ਘਟਨਾ ’ਚੋਂ ਸਪੱਸ਼ਟ ਝਲਕਦਾ ਹੈ। ਇਹ ਟਾਕਰਾ ‘ਚਿਪਕੋ ਅੰਦੋਲਨ’ ਦੇ ਸ਼ੁਰੂਆਤੀ ਸਾਲ ਵਿੱਚ ਹੀ ਹੋਇਆ ਸੀ। ਉਨ੍ਹਾਂ ਦੇ ਇਸ ਅਧਿਕਾਰੀ ਨੂੰ ਮਿਲਣ ਦਾ ਕਾਰਨ ਜੰਗਲਾਤ ਦੀ ਵਾਗਡੋਰ ਰਾਜ ਦੀ ਬਜਾਏ ਸਮਾਜ ਨੂੰ ਸੌਂਪਣ ਦੀ ਵਕਾਲਤ ਕਰਨਾ ਸੀ। ਇਸ ਸਮਾਜ ਸੇਵਕ ਨੇ ਸੀਨੀਅਰ ਅਧਿਕਾਰੀ ਦੇ ਦਫ਼ਤਰ ਵਿੱਚ ਜਾਣਾ ਇਸ ਤਰ੍ਹਾਂ ਬਿਆਨ ਕੀਤਾ: ‘‘ਮੈਂ ਉਸ ਨੂੰ ਬੁਲਾਇਆ ਪਰ ਉਸ ਨੇ ਜਵਾਬ ਨਹੀਂ ਦਿੱਤਾ। ਕਈ ਵਾਰ ਨਮਸਕਾਰ ਕਰਨ ’ਤੇ ਕੋਈ ਜਵਾਬ ਨਾ ਮਿਲਣ ’ਤੇ, ਮੈਂ ਹਿਚਕਚਾਹਟ ਜਿਹੀ ਵਿੱਚ ਉਸ ਦੇ ਸਾਹਮਣੇ ਰੱਖੀ ਕੁਰਸੀ ’ਤੇ ਬੈਠ ਗਿਆ। ਕੁਝ ਦੇਰ ਬਾਅਦ ਉਸ ਨੇ ਮੋਟੀ ਜਿਹੀ ਮਿੱਟੀ ਰੰਗੀ ਸਿਗਰਟ ਜਲਾ ਲਈ - ਬਾਅਦ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਇਸ ਨੂੰ ਸਿਗਾਰ ਕਹਿੰਦੇ ਹਨ, ਜਿਸ ਨੂੰ ਜ਼ਿਆਦਾਤਰ ‘ਵੱਡੇ ਸਾਹਿਬ’ ਪਸੰਦ ਕਰਦੇ ਹਨ। ਧੂੰਆਂ ਬਾਹਰ ਕੱਢਦਿਆਂ, ਉਹ ਮੇਰੇ ਵੱਲ ਮੁੜਿਆ ਤੇ ਪੁੱਛਿਆ, ‘ਇਹ ਸਭ ਤੁਸੀਂ ਕੀ ਕਰ ਰਹੇ ਹੋ’? ਪ੍ਰਤੱਖ ਕਸ਼ ਭਰਦਾ ਹੋਇਆ, ਉਹ ਅਫ਼ਸਰ ਮੇਰੇ ਵੱਲ ਧੂੰਆਂ ਕੱਢਦਾ ਰਿਹਾ। ਮੈਂ ਉਸ ਨੂੰ ਆਪਣਾ ਦ੍ਰਿਸ਼ਟੀਕੋਣ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਿਲਚਸਪੀ ਨਹੀਂ ਲਈ। ਉਸ ਦੀ ਵਿਸ਼ਵ ਦ੍ਰਿਸ਼ਟੀ ਨੌਕਰਸ਼ਾਹਾਂ ਦੇ ਆਮ ਵਤੀਰੇ ਵਰਗਾ ਹੀ ਜਾਪ ਰਹੀ ਸੀ - ਉਨ੍ਹਾਂ ਦੇ ਮਨ ਵਿੱਚ ਪਹਾੜੀ ਕਿਸਾਨਾਂ ਦੀ ਕੋਈ ਕਦਰ ਨਹੀਂ ਸੀ ਤੇ ਉਨ੍ਹਾਂ ਦੇ ਛੋਟੇ ਯੂਨਿਟ ਇੱਕ ਲਿਸ਼ਕਦੇ ਰਾਸ਼ਟਰ ਦੇ ਪਿੰਡੇ ’ਤੇ ਛਾਲਿਆਂ ਵਰਗੇ ਸਨ ਜਿਸ ਨੂੰ ਠੀਕ ਰੱਖਣਾ ਉਨ੍ਹਾਂ ਦਾ ਫ਼ਰਜ਼ ਸੀ।’’
ਚੰਡੀ ਪ੍ਰਸਾਦ ਭੱਟ ਦੇ ਇਸ ਸ਼ਬਦ ਚਿੱਤਰ ਦੀ ਤੁਲਨਾ ਇੱਕ ਹੋਰ ਚਿਤਰਨ ਨਾਲ ਕਰਕੇ ਦੇਖੋ ਜੋ ਕਿ ਬਰਾਬਰ ਉੱਘੜਵਾਂ ਪਰ ਜ਼ਿਆਦਾ ਹਮਦਰਦੀ ਭਰਿਆ ਹੈ। ਇੱਥੇ ਇੱਕ ਵਿਲੱਖਣ ਸ਼ਖ਼ਸੀਅਤ ਗੌਰਾ ਦੇਵੀ ਦੀ ਗੱਲ ਹੋ ਰਹੀ ਹੈ ਜੋ ਮਾਰਚ 1974 ਵਿੱਚ ਰੇਨੀ ਪਿੰਡ ’ਚ ਹੋਏ ‘ਚਿਪਕੋ ਅੰਦੋਲਨ’ ਦੀ ਆਗੂ ਸੀ ਤੇ ਜਿਨ੍ਹਾਂ ਬਾਰੇ ਮੈਂ ਪੂਰੇ 50 ਸਾਲ ਪਹਿਲਾਂ ਲਿਖਿਆ ਸੀ। ਉਹ ਕਦੇ ਸਕੂਲ ਨਹੀਂ ਗਈ, ਛੋਟੀ ਉਮਰ ’ਚ ਹੀ ਵਿਧਵਾ ਹੋ ਗਈ ਤੇ ਥੋੜ੍ਹੀ ਜਿਹੀ ਜ਼ਮੀਨ ਨੂੰ ਵਾਹ ਕੇ ਗੁਜ਼ਾਰਾ ਕਰ ਰਹੀ ਸੀ। ਫਿਰ ਵੀ ਉਸ ਨੇ 1965 ਵਿੱਚ ਆਪਣੇ ਪਿੰਡ ’ਚ ‘ਮਹਿਲਾ ਮੰਗਲ ਦਲ’ ਸ਼ੁਰੂ ਕਰਨ ਲਈ ਸਮਾਂ ਤੇ ਊਰਜਾ ਲਾਈ ਅਤੇ ਨੌਂ ਸਾਲਾਂ ਬਾਅਦ ਇੱਕ ਅਜਿਹੇ ਸੰਘਰਸ਼ ਦੀ ਅਗਵਾਈ ਕੀਤੀ ਜੋ ਸ਼ਾਇਦ ਹਿਮਾਲਿਆ ਦੇ ਇਤਿਹਾਸ ’ਚ ‘ਚਿਪਕੋ ਅੰਦੋਲਨ’ ਨਾਲ ਸਬੰਧਿਤ ਰੋਸ ਮੁਜ਼ਾਹਰਿਆਂ ’ਚੋਂ ਸਭ ਤੋਂ ਵੱਧ ਮਹੱਤਵਪੂਰਨ ਹੋ ਨਿੱਬੜਿਆ। ਗੌਰਾ ਦੇਵੀ ਦਾ 1991 ਵਿੱਚ ਦੇਹਾਂਤ ਹੋ ਗਿਆ ਪਰ ‘ਨਾ-ਬਰਾਬਰੀ ਅਤੇ ਦਮਨ ਖਿਲਾਫ਼ ਸੰਘਰਸ਼ ’ਚ ਸੇਧ ਦਿੰਦਿਆਂ ਉਹ ਆਪਣੇ ਪਿੱਛੇ ਨਾਬਰੀ ਦੀ ਪ੍ਰੇਰਨਾਦਾਇਕ ਤੇ ਰੌਸ਼ਨ ਭਾਵਨਾ ਛੱਡ ਗਈ।’
ਭੱਟ ਨੇ ਲਿਖਿਆ ਕਿ ਉਸ ਨੂੰ ‘ਦਮਨ ਵਿਰੁੱਧ ਲੜਨ ਦੀ ਪ੍ਰੇਰਨਾ ਆਪਣੀ ਜ਼ਿੰਦਗੀ ਅਤੇ ਪੀੜ੍ਹੀਆਂ ਤੋਂ ਗ਼ਰੀਬੀ ਤੇ ਨਿੱਜੀ ਤ੍ਰਾਸਦੀ ਨਾਲ ਜੂਝ ਰਹੀਆਂ ਆਪਣੀਆਂ ਸਾਥੀ ਇਸਤਰੀਆਂ ਦੀ ਕਰੜੀ ਅਜ਼ਮਾਇਸ਼ ਨੂੰ ਦੇਖ ਕੇ ਮਿਲੀ ਸੀ’। ਦਿੜ੍ਹ ਹੌਸਲੇ ਦੇ ਨਾਲ ਉਸ ’ਚ ਗਹਿਰੀ ਹਮਦਰਦੀ ਵੀ ਸੀ; ਇਸ ਲਈ ਉਸ ਨੂੰ ਯਾਦ ਕਰਦਾ ਲਿਖਦਾ ਹੈ, ‘‘ਮੇਰੇ ਲਈ ਉਸ ਅੰਦਰਲੀ ਸੁੱਘੜਤਾ ਨੂੰ ਭੁੱਲਣਾ ਅਸੰਭਵ ਹੈ।’’ ਜਦ ਉਸ ਨੇ ਆਪਣੀਆਂ ਸਾਥਣਾਂ ਨਾਲ ਪਿੰਡ ਰੇਨੀ ਲਾਗੇ ਦਰਖ਼ਤਾਂ ਦੀ ਕਟਾਈ ਰੋਕੀ ਤਾਂ ਇਸੇ ਸੁੱਘੜਤਾ ਵਿੱਚੋਂ ਉਸ ਨੇ ਕਿਹਾ, ‘‘ਲੱਕੜਹਾਰਿਆਂ ਦੇ ਉਜੱਡ ਵਰਤਾਅ ਦੇ ਬਾਵਜੂਦ ਮੈਂ ਉਨ੍ਹਾਂ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਕਰਾਂਗੀ ਜਿਸ ਨਾਲ ਉਨ੍ਹਾਂ ਦੀ ਨੌਕਰੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।’’
ਪੁਸਤਕ ’ਚ ਬਾਕੀ ਹੋਰ ਥਾਵਾਂ ’ਤੇ ਵੀ ਭੱਟ ਨੇ ਉਸ ਅੰਦੋਲਨ ਦੀ ਅਰਥਪੂਰਨ ਪਰਿਭਾਸ਼ਾ ਦਿੱਤੀ ਹੈ ਜਿਸ ਦਾ ਉਹ ਆਪ ਨਾਇਕ ਰਿਹਾ: ‘‘ਚਿਪਕੋ ਅੰਦੋਲਨ ਪਹਾੜੀ ਪਿੰਡਾਂ ਦੇ ਵਾਸੀਆਂ ਦੀ ਉਨ੍ਹਾਂ ਦੇ ਆਪਣੇ ਜੰਗਲਾਂ ਪ੍ਰਤੀ ਅੰਦਰੂਨੀ ਸੰਵੇਦਨਾ ਨੂੰ ਜਗਾਉਣ ਦਾ ਇੱਕ ਤਰੀਕਾ ਬਣਿਆ ਤੇ ਇਸ ਅੰਦਰਲਾ ਜਜ਼ਬਾ ਸਮਾਜਿਕ ਵਚਨਬੱਧਤਾ ਵਿੱਚ ਬਦਲਿਆ।’’ ਇਸ ਵਚਨਬੱਧਤਾ ਨੂੰ ਸਿਰਫ਼ ਜੰਗਲਾਤ ਦੀ ਤਬਾਹੀ ਵਿਰੁੱਧ ਰੋਸ ਜ਼ਾਹਿਰ ਕਰਕੇ ਹੀ ਨਹੀਂ ਪ੍ਰਗਟਾਇਆ ਗਿਆ ਸਗੋਂ ਜੰਗਲਾਂ ਦੀ ਬਹਾਲੀ ’ਚ ਵੀ ਮੋਹਰੀ ਭੂਮਿਕਾ ਅਦਾ ਕੀਤੀ ਗਈ। ਭੱਟ ਦੀ ਅਗਵਾਈ ਵਿੱਚ, ਚਿਪਕੋ ਦੇ ਕਾਰਕੁਨਾਂ ਨੇ ਗੜਵਾਲ ਵਿੱਚ ਕਈ ਰੁੰਡ-ਮੁੰਡ ਹੋਏ ਪਹਾੜਾਂ ਨੂੰ ਮੁੜ ਹਰਿਆ-ਭਰਿਆ ਕਰਨ ਲਈ ਪਿੰਡ ਵਾਸੀਆਂ ਨਾਲ ਮਿਲ ਕੇ ਕੰਮ ਕੀਤਾ ਜਿਸ ਦੇ ਸਥਾਨਕ ਚੌਗਿਰਦੇ ’ਤੇ ਚੰਗੇ ਪ੍ਰਭਾਵ ਸਾਹਮਣੇ ਆਏ।
ਚੰਡੀ ਪ੍ਰਸਾਦ ਭੱਟ ਮੁੱਖ ਤੌਰ ’ਤੇ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਜੋੜਦਾ ਹੈ ਪਰ ਇਸ ਦੇ ਬਾਵਜੂਦ ਉਹ ਗਹਿਰੀ ਪਹੁੰਚ ਵਾਲਾ ਚਿੰਤਕ ਹੈ, ਖ਼ਾਸ ਤੌਰ ’ਤੇ ਟਿਕਾਊ ਆਰਥਿਕ ਉੱਦਮਾਂ ਦੇ ਮਾਮਲੇ ਵਿੱਚ। ਉਸ ਨੇ 1976 ਵਿੱਚ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਸੜਕਾਂ ਦੀ ਅੰਨ੍ਹੇਵਾਹ ਉਸਾਰੀ ਜੋਸ਼ੀਮੱਠ ਵਿੱਚ ਘਰਾਂ ’ਚ ਤਰੇੜਾਂ ਦਾ ਕਾਰਨ ਬਣੇਗੀ। 1980ਵਿਆਂ ਵਿੱਚ ਉਸ ਨੇ ਕਈ ਇਤਿਹਾਸਕ ਲੇਖ ਲਿਖੇ ਜਿਨ੍ਹਾਂ ’ਚ ਸਮਝਾਇਆ ਸੀ ਕਿ ਕਿਉਂ ਵੱਡੇ ਡੈਮ ਹਿਮਾਲਿਆ ਲਈ ਢੁੱਕਵੇਂ ਨਹੀਂ ਹਨ। ਉਸ ਨੇ ਲਿਖਿਆ, ‘‘ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਪਹਿਲਾਂ ਤੋਂ ਹੀ ਨਾਜ਼ੁਕ ਪਰਬਤ ਹੋਰ ਜ਼ਿਆਦਾ ਜਰਜਰ ਹੋ ਰਹੇ ਹਨ। ਇਸ ਦਾ ਕਾਰਨ ਹੈ ਕਿ ਮਨੁੱਖਤਾ ਨੂੰ ਹੁਣ ਉਸ ਧਰਤ ਤੇ ਕੁਦਰਤੀ ਸਰੋਤਾਂ ਤੋਂ ਬੇਗਾਨਾ ਕਰ ਦਿੱਤਾ ਗਿਆ ਹੈ ਜਿਸ ’ਤੇ ਉਹ ਨਿਰਭਰ ਹਨ। ਹਰ ਥਾਂ ਵਪਾਰਕ ਹਿੱਤਾਂ ਨੇ ਪਹਿਲ ਲੈ ਲਈ ਹੈ ਅਤੇ ਮਾਨਸਿਕ ਤੇ ਭਾਵੁਕ ਤਬਦੀਲੀਆਂ ਨਾਲ ਢਲਦਿਆਂ ਲੋਕ ਵਣਜ ਮੁਤਾਬਿਕ ਚੱਲਣ ਲੱਗੇ ਹਨ।’’
ਚੰਡੀ ਪ੍ਰਸਾਦ ਭੱਟ ਦੀ ਆਤਮਕਥਾ ਇੱਕ ਬੇਹੱਦ ਮਹੱਤਵਪੂਰਨ ਪੁਸਤਕ ਹੈ। ਉਸ ਦੇ ਆਪਣੇ ਤਜਰਬੇ ਸਮਾਜੀ ਤੇ ਵਾਤਾਵਰਣ ਨਾਲ ਜੁੜੇ ਇਤਿਹਾਸ, ਅਤੇ ਨਾਲ ਹੀ ਗਾਂਧੀ ਤੋਂ ਬਾਅਦ ਹੋਏ ਗਾਂਧੀਵਾਦ ਦੇ ਬਿਰਤਾਂਤ ਉੱਤੇ ਵੀ ਗਹਿਰੀ ਝਾਤ ਪੁਆਉਂਦੇ ਹਨ। ਇਹ ਕਿਤਾਬ ਸਾਹਿਤਕ ਪੱਖ ਤੋਂ ਵੀ ਮੁੱਲਵਾਨ ਦਸਤਾਵੇਜ਼ ਹੈ। ਮੈਨੂੰ ਭਰੋਸਾ ਹੈ ਕਿ ਇਹ ਵਿਆਪਕ ਪੱਧਰ ’ਤੇ ਪਾਠਕਾਂ ਤੱਕ ਪਹੁੰਚੇਗੀ ਤੇ ਬਣਦਾ ਮਾਣ-ਸਤਿਕਾਰ ਹਾਸਲ ਕਰੇਗੀ।

Advertisement

ਈ-ਮੇਲ: ramachandraguha@yahoo.in

Advertisement

Advertisement
Author Image

sukhwinder singh

View all posts

Advertisement