ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੂੰਜਦੇ ਰਹਿਣਗੇ ਹਵਾ ਵਿੱਚ ਮੇਰੇ ਗੀਤਾਂ ਦੇ ਹਰਫ਼ : ਬ੍ਰੈਂਡਨ ਸੋਮ

11:56 AM May 26, 2024 IST

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

‘‘ਉੱਡ ਜਾਣਗੇ ਹਵਾ ਵਿੱਚ
ਮੇਰੇ ਗੀਤਾਂ ਤੇ ਕਵਿਤਾਵਾਂ ਦੇ ਹਰਫ਼
ਮੈਂ ਕਦੀ ਖ਼ਤਮ ਨਹੀਂ ਹੋਵਾਂਗਾ
ਇਹ ਰੰਗ ਨਸਲ, ਇਹ ਧਰਤੀ ਆਕਾਸ਼ ਮੇਰਾ ਹੈ
ਕਿਸ ਦਾ ਸਿਰਨਾਵਾਂ ਪੁੱਛਦੇ ਹੋ ਤੁਸੀਂ...’’
ਕਵਿਤਾ ਦੀਆਂ ਇਹ ਸਤਰਾਂ ਅਮਰੀਕੀ ਚੀਨੀ ਮੂਲ ਦੇ ਉਸ ਨੌਜਵਾਨ ਕਵੀ ਦੀਆਂ ਹਨ ਜਿਸ ਨੂੰ ਕਵਿਤਾ ਲਈ 2024 ਦੇ ਸਾਹਿਤ ਪੁਲਿਤਜ਼ਰ ਪੁਰਸਕਾਰ ਲਈ ਚੁਣਿਆ ਗਿਆ ਹੈ।
ਬ੍ਰੈਂਡਨ ਸੋਮ ਅੰਗਰੇਜ਼ੀ ਦੇ ਉਨ੍ਹਾਂ ਅਮਰੀਕੀ ਚੋਣਵੇਂ ਕੁਝ ਇੱਕ ਤਿੱਖੀ ਸੁਰ ਵਾਲੇ ਕਵੀਆਂ ਵਿੱਚੋਂ ਇੱਕ ਹੈ ਜਿਸ ਦੀ ਕਵਿਤਾ ਅਤੇ ਗੀਤਾਂ ਵਿੱਚੋਂ ਸੱਭਿਆਚਾਰ ਦੀ ਖੁਸ਼ਬੂ ਦੇ ਨਾਲ ਨਾਲ ਅਜੋਕੇ ਮਨੁੱਖ ਦੇ ਰਿਸ਼ਤਿਆਂ ਅਤੇ ਉਸ ਦੇ ਸੰਘਰਸ਼ ਦੀ ਦਾਸਤਾਨ ਦੇ ਝਲਕਾਰੇ ਪੈਂਦੇ ਹਨ। ਆਪਣੀ ਕਵਿਤਾ ਅਤੇ ਗੀਤਾਂ ਦੀ ਤਾਕਤ ਸਦਕਾ ਅੱਜ ਉਹ ਅਮਰੀਕਾ ਦਾ ਹੀ ਨਹੀਂ ਸਗੋਂ ਪੂਰੇ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਤਰ੍ਹਾਂ ਦਾ ਵਿਲੱਖਣ ਕਵੀ ਹੈ। ਉਸ ਦੀ ਕਵਿਤਾ ਬਾਰੇ ਕਿਹਾ ਜਾਂਦਾ ਹੈ ਕਿ ਸਾਹਿਤ ’ਚੋਂ ਅਜੋਕੇ ਜਟਿਲ ਰਿਸ਼ਤਿਆਂ ਦੇ ਰੰਗਦਾਰ ਸੰਸਾਰ ਅਤੇ ਸੱਭਿਅਤਾਵਾਂ ਦੇ ਸੁਮੇਲ ਤੇ ਸੰਘਰਸ਼ ਦੀ ਤਸਵੀਰ ਦੇਖਣੀ ਹੋਵੇ ਤਾਂ ਤੁਸੀਂ ਬ੍ਰੈਂਡਨ ਸੋਮ ਦੇ ਸਾਹਿਤ ਖ਼ਾਸਕਰ ਉਸ ਦੀਆਂ ਕਵਿਤਾਵਾਂ ਵਿੱਚੋਂ ਦੇਖ ਸਕਦੇ ਹੋ। ਬ੍ਰੈਂਡਨ ਸੋਮ ਦੀਆਂ ਕਵਿਤਾਵਾਂ ਵਿੱਚ ਸੰਜੀਦਗੀ, ਮਨੁੱਖਤਾ ਦੇ ਅਗਲੇ ਵਰ੍ਹਿਆਂ ਤੇ ਭਵਿੱਖ ਦੀ ਖੋਜ ਅਤੇ ਮਨੁੱਖ ਦੀ ਤੜਪ ਹੈ।
ਕਵੀ ਬ੍ਰੈਂਡਨ ਸੋਮ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਹਿਤ ਵਾਸਤੇ ਜਗ੍ਹਾ ਨਿਕਲੇਗੀ ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਸਾਹਿਤ ਲਈ ਕੋਈ ਸਪੇਸ ਬਾਕੀ ਨਹੀਂ ਰਹੀ ਹੈ। ਉਸ ਦਾ ਮੱਤ ਹੈ ਕਿ ਉਸ ਦੇ ਗੀਤਾਂ ਅਤੇ ਕਵਿਤਾਵਾਂ ਦੇ ਸ਼ਬਦ ਹਮੇਸ਼ਾ ਹਵਾ ਵਿੱਚ ਜ਼ਿੰਦਾ ਰਹਿਣਗੇ। ਉਸ ਦੀਆਂ ਰਚਨਾਵਾਂ ਨੂੰ ਪੜ੍ਹਦਿਆਂ ਇਉਂ ਲੱਗਦਾ ਹੈ ਕਿ ਕਵਿਤਾ ਮਨੁੱਖ ਅਤੇ ਸਮਾਜ ਨੂੰ ਸੰਜੀਦਗੀ ਨਾਲ ਸੋਚਣ ਵਾਸਤੇ ਮਜਬੂਰ ਕਰਦੀ ਹੈ। ਇਹੀ ਸਾਹਿਤ ਅਤੇ ਕਵਿਤਾ ਦੀ ਤਾਕਤ ਹੈ। ਸੋਮ ਦੀਆਂ ਕਵਿਤਾਵਾਂ ਅਤੇ ਉਸ ਦੀ ਸਮੁੱਚੀ ਰਚਨਾ ਵਿੱਚੋਂ ਤੁਸੀਂ ਸਮਝ ਸਕਦੇ ਹੋ ਕਿ ਕਵਿਤਾ ਦਾ ਚਿਹਰਾ ਕਿਹੋ ਜਿਹਾ ਹੁੰਦਾ ਹੈ। ਪੁਲਿਤਜ਼ਰ ਪੁਰਸਕਾਰ ਚੋਣਵੇਂ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੀ ਚੋਣ ਹੁੰਦੀ ਹੈ ਅਤੇ ਲੰਮੀ ਪੜਚੋਲ ਮਗਰੋਂ ਇਸ ਦਾ ਐਲਾਨ ਕੀਤਾ ਜਾਂਦਾ ਹੈ। ਚੀਨੀ ਅਮਰੀਕੀ ਮੂਲ ਦਾ ਬ੍ਰੈਂਡਨ ਸੋਮ ਰਿਸ਼ਤਿਆਂ ਦੀ ਹੋਂਦ ਬਾਰੇ ਲਿਖਦਾ ਹੈ ਕਿ ਇਹ ਦੁਨੀਆ ਪੂਰੀ ਗਲੋਬ ਹੈ, ਇਹ ਬ੍ਰਹਿਮੰਡ ਸ਼ਬਦਾਂ ਦੀ ਗੂੰਜ ਹੈ ਤੇ ਇਨ੍ਹਾਂ ਸ਼ਬਦਾਂ ਦੀ ਗੂੰਜ ਵਿੱਚ ਆਦਮੀ ਦੀ ਹੂਕ ਹੈ।
ਬ੍ਰੈਂਡਨ ਸੋਮ ਨੂੰ ਪੁਲਿਤਜ਼ਰ ਪੁਰਸਕਾਰ ਉਸ ਦੇ ਕਵਿਤਾ ਸੰਗ੍ਰਹਿ ‘ਤ੍ਰਿਪਾਸ’ ਲਈ ਦਿੱਤਾ ਗਿਆ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਮਨੁੱਖੀ ਮਨ ਦੀਆਂ ਤਹਿਆਂ, ਸੱਤ ਅਜੂਬਿਆਂ ਅਤੇ ਮਹਾਦੀਪਾਂ ਦੀ ਉਹ ਦਾਸਤਾਨ ਹੈ ਜਿਸ ਵਿੱਚ ਧਰਤੀ ਦੇ ਵੱਖ ਵੱਖ ਟੁਕੜਿਆਂ ’ਤੇ ਜਿਊਂਦਾ ਉਹ ਸੰਘਰਸ਼ ਕਰਦਿਆਂ ਵੀ ਹਾਸ਼ੀਏ ’ਤੇ ਖੜ੍ਹਾ ਹੈ। ਬ੍ਰੈਂਡਨ ਸੋਮ ਦੀ ਨਿਵੇਕਲੀ ਸੋਚ ਉਸ ਨੂੰ ਦੂਸਰਿਆਂ ਤੋਂ ਵਿਲੱਖਣ ਬਣਾਉਂਦੀ ਹੈ। ਬ੍ਰੈਂਡਨ ਸੋਮ ਦਾ ਜਨਮ 13 ਅਗਸਤ 1975 ਨੂੰ ਫੀਨਿਕਸ, ਅਮਰੀਕਾ ਵਿੱਚ ਹੋਇਆ। ਉਸ ਨੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਅੱਜਕੱਲ੍ਹ ਉਹ ਨਿਊਯਾਰਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਿਹਾ ਹੈ। ਉਸ ਦੀਆਂ ਪ੍ਰਸਿੱਧ ਕਿਤਾਬਾਂ ਵਿੱਚ ‘ਬਾਬੇਲਜ਼ ਮੂਨ’ ਅਤੇ ‘ਤ੍ਰਿਪਾਸ’ ਹਨ। ‘ਦਿ ਟ੍ਰਿਬਿਊਟ ਹੌਰਸ’ ਲਈ ਉਸ ਨੂੰ ਕੇਟ ਟਫਟਸ ਡਿਸਕਵਰੀ ਐਵਾਰਡ ਵੀ ਦਿੱਤਾ ਗਿਆ।
ਪੁਲਿਤਜ਼ਰ ਜਿੱਤਣ ਵਾਲੀ ਉਸ ਦੀ ਕਿਤਾਬ ‘ਤ੍ਰਿਪਾਸ’ ਪਿਛਲੇ ਵਰ੍ਹੇ ਪ੍ਰਕਾਸ਼ਿਤ ਹੋਈ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਇਉਂ ਲੱਗਦਾ ਹੈ ਕਿ ਗਹਿਰੇ ਰਿਸ਼ਤਿਆਂ ਦੀ ਤਲਾਸ਼ ਵਿੱਚ ਕਵੀ ਸੱਭਿਆਚਾਰ ਅਤੇ ਪਰਿਵਾਰਕ ਪਛਾਣ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਅੱਜਕੱਲ੍ਹ ਰਿਸ਼ਤਿਆਂ ਦੇ ਮੋਹਭੰਗ ਦਾ ਵਰਤਾਰਾ ਸਰਬਵਿਆਪਕ ਹੈ। ‘ਤ੍ਰਿਪਾਸ’ ਵਿੱਚ ਸੋਮ ਆਪਣੀ ਬਹੁ-ਸੱਭਿਆਚਾਰਕ ਵਿਰਾਸਤ ਅਤੇ ਪਰਿਵਾਰਕ ਯਾਦਾਂ ਦਾ ਜਸ਼ਨ ਮਨਾਉਂਦਾ ਹੈ। ਉਹ ਬਿਆਨਦਾ ਹੈ ਕਿ ਉਸ ਦੀ ਦਾਦੀ ਮੋਟੋਰੋਲਾ ਫੈਕਟਰੀ ਵਿੱਚ ਅਸੈਂਬਲੀ ਲਾਈਨ ’ਤੇ ਰਾਤਾਂ ਨੂੰ ਕੰਮ ਕਰਦੀ ਸੀ। ਉਸ ਦੇ ਚੀਨੀ ਅਮਰੀਕੀ ਪਿਤਾ ਅਤੇ ਦਾਦਾ ਇੱਕ ਸਟੋਰ ਚਲਾਉਂਦੇ ਸਨ। ਇਹ ਬ੍ਰੈਂਡਨ ਦੇ ਰਿਸ਼ਤਿਆਂ ਦਾ ਹੀ ਸੰਵਾਦੀ ਚਿਤਰਣ ਹੈ।
ਬ੍ਰੈਡਨ ਸੋਮ ਨੇ ਬਹੁ-ਸੱਭਿਆਚਾਰਕ, ਬਹੁ-ਪੀੜ੍ਹੀ ਬਚਪਨ ਦੇ ਘਰ ਤੋਂ ਉਪਜੀ ਕਵਿਤਾਵਾਂ ਦੀ ਇਸ ਕਿਤਾਬ ਨਾਲ ਆਪਣੀ ਪੁਰਸਕਾਰ ਜੇਤੂ ਸ਼ੁਰੂਆਤ ਕੀਤੀ। ਇਹ ਸੰਵਾਦੀ ਕਵਿਤਾ ਵਿਰਾਸਤੀ ਭਾਸ਼ਾਵਾਂ ਨੂੰ ਖੋਜਣ ਨਾਲ ਸਬੰਧਤ ਹੈ ਅਤੇ ਪਰਿਵਾਰਕ ਯਾਦਾਂ ਦਾ ਪ੍ਰਤੀਲਿਪੀਕਰਨ ਹੈ। ਸੋਮ ਹਰ ਕਵਿਤਾ ਨੂੰ ਇਤਿਹਾਸ, ਕਿਰਤ ਅਤੇ ਭਾਸ਼ਾਵਾਂ ਦੇ ਸੰਗਮ ’ਚ ਗੁੰਨ੍ਹਦਾ ਹੈ।
ਉਹ ਸਭਿਆਚਾਰਾਂ ਵਿਚਕਾਰ ਇੱਕ ਕਿਸਮ ਦੇ ਪਰਵਾਸ ਅਤੇ ਕਿਰਤ ਦੇ ਸੰਕਲਪ ਨਾਲ ਆਪਣੀ ਪਛਾਣ ਬਣਾਉਂਦਾ ਹੈ। ਸੋਮ ਦੀ ਗੀਤਕਾਰੀ ਉਸ ਦੇ ਕੌਮਾਂਤਰੀ ਭਾਈਚਾਰਿਆਂ ਦੇ ਬਿਰਤਾਂਤਾਂ ਨੂੰ ਇਕੱਠਾ ਕਰਦੀ ਹੈ। ਉਹ ਅਜਿਹੇ ਸੰਸਾਰ ਦੀ ਕਲਪਨਾ ਕਰਦਾ ਹੈ ਜੋ ਇੱਕ ਲੜੀ ਵਿੱਚ ਜੁੜਿਆ ਹੋਇਆ ਹੈ।
ਬ੍ਰੈਂਡਨ ਸੋਮ ਨੂੰ ਇਹ ਪੁਰਸਕਾਰ ਉਸ ਸਮੇਂ ਦਿੱਤਾ ਗਿਆ ਹੈ ਜਦੋਂ ਕੌਮਾਂਤਰੀ ਪੱਧਰ ’ਤੇ ਨਿਘਰਦੀ ਸਿਆਸਤ ਅਤੇ ਮਨੁੱਖਤਾ ਦੇ ਘਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਉਹ ਮਨੁੱਖੀ ਸੱਭਿਅਤਾ ਨੂੰ ਦਰਪੇਸ਼ ਪਰਮਾਣੂ ਖ਼ਤਰਿਆਂ ਬਾਰੇ ਜਾਣਦਿਆਂ ਵੀ ਰਿਸ਼ਤਿਆਂ ਦੀ ਜਟਿਲਤਾ ਬਾਰੇ ਲਿਖਦਾ ਹੈ। ਇਨ੍ਹਾਂ ਸਤਰਾਂ ਵਿੱਚ ਬ੍ਰੈਂਡਨ ਦਾ ਰੰਗ ਦੇਖੋ:
ਰਿਸ਼ਤਿਆਂ ਵਿੱਚ ਕੁਝ ਵੀ ਨਹੀਂ ਹੁੰਦਾ
ਸਾਰੀ ਧਰਤੀ ਰਿਸ਼ਤਿਆਂ ਵਿੱਚ ਬੱਝੀ ਹੋਈ ਹੈ
ਇਹ ਸੂਰਜ ਚੰਦ ਤਾਰੇ ਸਮੁੰਦਰ ਸਭ
ਮਨੁੱਖ ਦੀ ਉਸ ਤਸਵੀਰ ਦਾ ਅੰਗ ਹਨ
ਇਹ ਕੁਦਰਤ ਦੀ ਵਿਸ਼ਾਲਤਾ ਹੈ ਅਤੇ ਮਨੁੱਖ ਉਸ ਦਾ ਹਿੱਸਾ ਹੈ।
ਬ੍ਰੈਂਡਨ ਸੋਮ ਦੀ ਕਵਿਤਾ ਪੜ੍ਹਦਿਆਂ ਜਾਪਦਾ ਹੈ ਕਿ ਇਹ ਕਵਿਤਾ ਧਰਤੀ ਦੀ ਵਿਸ਼ਾਲਤਾ ਦਾ ਇੱਕ ਨਮੂਨਾ ਹੈ। ਉਹ ਮਨੁੱਖ ਦੇ ਸੱਭਿਆਚਾਰ ਤੇ ਵਿਰਾਸਤ ਦੇ ਸੰਕਟ ਅਤੇ ਸੰਘਰਸ਼ ਦੀ ਤਸਵੀਰ ਵੀ ਦਿਖਾਉਂਦਾ ਹੈ।
ਉਸ ਨੂੰ ਪੁਲਿਤਜ਼ਰ ਨਾਲ ਸਨਮਾਨਿਤ ਕਰਨਾ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸੋਸ਼ਲ ਮੀਡੀਆ ਦੇ ਤੇਜ਼ ਰਫ਼ਤਾਰ ਯੁੱਗ ਵਿੱਚ ਸਾਹਿਤ ਦੀ ਜਗ੍ਹਾ ਅਜੇ ਵੀ ਸੁਰੱਖਿਅਤ ਹੈ। ਉਹ ਆਪਣੀ ਇੱਕ ਕਵਿਤਾ ਵਿੱਚ ਇਸ ਨੂੰ ਬਿਆਨ ਵੀ ਕਰਦਾ ਹੈ:
ਧਰਤੀ ਦੇ ਸਿਖਰਲੇ ਪਹਾੜ ਤੋਂ
ਜਦੋਂ ਮੈਂ ਸਮੁੰਦਰ ਨੂੰ ਦੇਖਦਾ ਹਾਂ
ਹਰ ਪਹਾੜ ਦੀ ਚੋਟੀ ਮੈਨੂੰ
ਪਾਣੀ ਹੁੰਦੇ ਗਲੇਸ਼ੀਅਰ ਵਾਂਗ ਲੱਗਦੀ ਹੈ।
ਇਹੀ ਤਾਂ ਮਨੁੱਖ ਦੀ ਜ਼ਿੰਦਗੀ ਦਾ ਸੱਚ ਹੈ
ਬ੍ਰੈਂਡਨ ਸੋਮ ਨੂੰ ਪੁਲਿਤਜ਼ਰ ਪੁਰਸਕਾਰ ਮਿਲਣ ਨਾਲ ਉਸ ਸਾਹਿਤ ਦੀ ਨੁਮਾਇੰਦਗੀ ਵੀ ਹੋਈ ਹੈ ਜੋ ਸਰਹੱਦਾਂ, ਰੰਗ ਰੂਪ, ਨਸਲ ਅਤੇ ਦੇਸ਼ਾਂ ਤੋਂ ਅੱਗੇ ਮਨੁੱਖ ਦੇ ਅੰਤਰਮਨ ਦੀਆਂ ਰਮਜ਼ਾਂ ਦੀ ਗੱਲ ਕਰਦਾ ਹੈ।
* ਲੇਖਕ ਉੱਘਾ ਬ੍ਰਾਡਕਾਸਟਰ ਤੇ ਦੂਰਦਰਸ਼ਨ ਦਾ ਉਪ-ਮਹਾਨਿਦੇਸ਼ਕ ਰਿਹਾ ਹੈ।
ਸੰਪਰਕ: 94787-30156

Advertisement

Advertisement