ਵਕਫ਼ ਬਿੱਲ ਬਾਰੇ ਸੰਸਦੀ ਕਮੇਟੀ ਦੇ ਮੁਖੀ ’ਤੇ ਵਰ੍ਹੇ ਵਿਰੋਧੀ ਧਿਰਾਂ ਦੇ ਆਗੂ
ਨਵੀਂ ਦਿੱਲੀ, 23 ਅਕਤੂਬਰ
ਵਿਰੋਧੀ ਧਿਰ ਦੇ ਆਗੂਆਂ ਨੇ ਵਕਫ਼ (ਸੋਧ) ਬਿੱਲ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ’ਤੇ ਵਰ੍ਹਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਟੀਐੱਮਸੀ ਮੈਂਬਰ ਕਲਿਆਣ ਬੈਨਰਜੀ ਵੱਲੋਂ ਕੱਚ ਦੀ ਬੋਤਲ ਤੋੜ ਕੇ ਸੁੱਟਣ ਦੀ ਘਟਨਾ ਬਾਰੇ ਜਨਤਕ ਤੌਰ ’ਤੇ ਬਿਆਨ ਦੇ ਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਂਝ ਜਗਦੰਬਿਕਾ ਪਾਲ ਨੇ ਡੀਐੱਮਕੇ ਮੈਂਬਰ ਏ. ਰਾਜਾ ਅਤੇ ‘ਆਪ’ ਆਗੂ ਸੰਜੇ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕਮੇਟੀ ਦੀ ਕਾਰਵਾਈ ਨੂੰ ਜਨਤਕ ਨਹੀਂ ਕੀਤਾ ਹੈ, ਸਗੋਂ ਮੀਟਿੰਗ ਦੌਰਾਨ ਹੋਈ ਹਿੰਸਾ ਦੀ ਘਟਨਾ ਦਾ ਸਿਰਫ਼ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦੀ ਪ੍ਰਕਿਰਿਆ ਦੇ ਨੇਮਾਂ ਦਾ ਹਮੇਸ਼ਾ ਪਾਲਣ ਕਰਦੇ ਆਏ ਹਨ ਅਤੇ ਉਨ੍ਹਾਂ ਸਦਨ ਦੀ ਮਰਿਆਦਾ ਨੂੰ ਕਾਇਮ ਰੱਖਿਆ ਹੈ।
ਰਾਜਾ ਨੇ ਕਿਹਾ ਕਿ ਭਾਜਪਾ ਮੈਂਬਰ ਜਗਦੰਬਿਕਾ ਪਾਲ ਕਾਹਲੀ-ਕਾਹਲੀ ’ਚ ਕਮੇਟੀ ਦੀ ਮੀਟਿੰਗ ਕਰਵਾ ਰਹੇ ਸਨ, ਜਿਸ ਤੋਂ ਸ਼ੱਕ ਪੈਦਾ ਹੋਇਆ ਕਿ ਇਸ ਨਾਲ ਕੋਈ ਨਿਆਂ ਨਹੀਂ ਮਿਲੇਗਾ। ਡੀਐੱਮਕੇ ਦੇ ਸੰਸਦ ਮੈਂਬਰ ਰਾਜਾ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘ਇਹ ਮੰਦਭਾਗੀ ਗੱਲ ਹੈ ਕਿ ਚੇਅਰਮੈਨ ਨੇ ਮੀਟਿੰਗ ਦੌਰਾਨ ਵਾਪਰੀ ਘਟਨਾ ਲਈ ਪ੍ਰੈੱਸ ਕਾਨਫਰੰਸ ਕੀਤੀ ਜਦਕਿ ਉਹ ਜਾਣਦੇ ਹਨ ਕਿ ਅਜਿਹੀਆਂ ਮੀਟਿੰਗਾਂ ਦੀਆਂ ਕਾਰਵਾਈਆਂ ਗੁਪਤ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ ਹੈ।’ ਰਾਜਾ ਦੇ ਬਿਆਨਾਂ ਨਾਲ ਸਹਿਮਤੀ ਜਤਾਉਂਦਿਆਂ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਮੈਂਬਰਾਂ ਨੇ ਫ਼ੈਸਲਾ ਲਿਆ ਸੀ ਕਿ ਉਹ ਬੈਨਰਜੀ ਨਾਲ ਸਬੰਧਤ ਘਟਨਾ ਬਾਰੇ ਕੋਈ ਬਿਆਨ ਨਹੀਂ ਦੇਣਗੇ ਪਰ ਫਿਰ ਵੀ ਚੇਅਰਮੈਨ ਨੇ ਉਨ੍ਹਾਂ ਬਾਰੇ ਮੀਡੀਆ ’ਚ ਬਿਆਨ ਦਿੱਤਾ। -ਪੀਟੀਆਈ
ਕਲਿਆਣ ਬੈਨਰਜੀ ਦੀ ਮੁਅੱਤਲੀ ਲਈ ਭਾਜਪਾ ਮੈਂਬਰਾਂ ਨੇ ਸਪੀਕਰ ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਟੀਐੱਮਸੀ ਮੈਂਬਰ ਕਲਿਆਣ ਬੈਨਰਜੀ ਦੀ ਸਦਨ ’ਚੋਂ ਫੌਰੀ ਮੁਅੱਤਲੀ ਦੀ ਮੰਗ ਕਰਦਿਆਂ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਪੱਤਰ ’ਚ ਇਹ ਵੀ ਲਿਖਿਆ ਹੈ ਕਿ ਬਿਰਲਾ ਨੂੰ ਬੈਨਰਜੀ ਦੇ ਵਿਹਾਰ ਸਬੰਧੀ ਮਾਮਲਾ ਮਰਿਆਦਾ ਕਮੇਟੀ ਕੋਲ ਭੇਜ ਕੇ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਭਾਜਪਾ ਵੱਲੋਂ ਇਹ ਕਦਮ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਮੇਟੀ ਮੁਖੀ ਜਗਦੰਬਿਕਾ ਪਾਲ ’ਤੇ ਕਮੇਟੀ ਦੀ ਮੀਟਿੰਗ ਨਾਲ ਜੁੜੀ ਘਟਨਾ ਬਾਰੇ ਜਨਤਕ ਤੌਰ ’ਤੇ ਬਿਆਨ ਦੇ ਕੇ ਨਿਯਮਾਂ ਦੀ ਉਲੰਘਣ ਕਰਨ ਦਾ ਦੋਸ਼ ਲਾਏ ਜਾਣ ਦੇ ਕੁਝ ਘੰਟਿਆਂ ਮਗਰੋਂ ਚੁੱਕਿਆ ਗਿਆ ਹੈ। -ਪੀਟੀਆਈ