ਬਰਨਾਲਾ ਵਿੱਚ ਸੀ ਆਖ਼ਰੀ ਸਾਹਿਤਕ ਸਮਾਗਮ
ਲਖਵੀਰ ਸਿੰਘ ਚੀਮਾ
ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਆਪਣੀ ਕਵਿਤਾ ‘ਹਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ’ ਬਰਨਾਲਾ ਵਿੱਚ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹਿਤਕ ਸਮਾਗਮ ਦੌਰਾਨ ਗਾਈ। ਦੇਹਾਂਤ ਤੋਂ ਇੱਕ ਦਿਨ ਪਹਿਲਾਂ ਡਾ. ਪਾਤਰ ਦਾ ਸਾਰਾ ਦਿਨ ਬਰਨਾਲਾ ਵਿੱਚ ਬੀਤਿਆ। ਇੱਥੇ ਉਨ੍ਹਾਂ ਪੰਜਾਬੀ ਸਾਹਿਤ ਸਭਾ ਬਰਨਾਲਾ ਵੱਲੋਂ ਜਗੀਰ ਸਿੰਘ ਜਗਤਾਰ ਦੀ ਯਾਦ ਨੂੰ ਸਮਰਪਿਤ ਸਮਾਗਮ ਦੀ ਪ੍ਰਧਾਨਗੀ ਕੀਤੀ। ਇੱਥੇ ਹੀ ਐੱਸਡੀ ਕਾਲਜ ਬਰਨਾਲਾ ਦੇ ਪੱਤਰਕਾਰੀ ਵਿਭਾਗ ਵਿੱਚ ਅਤੇ ਖਿਡਾਰੀਆਂ ਨਾਲ ਕੁਝ ਸਮਾਂ ਬਿਤਾਇਆ। ਸਾਹਿਤਕ ਸਮਾਗਮ ਦੌਰਾਨ ਡਾ. ਪਾਤਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ, ‘‘ਸਾਨੂੰ ਸਾਹਿਤ ਦੀ ਸੱਚੇ ਤੇ ਸੋਹਣੇ ਬੋਲਾਂ ਨਾਲ ਸਿਰਜਣਾ ਕਰਨੀ ਚਾਹੀਦੀ ਹੈ ਕਿਉਂਕਿ ਸੱਚੇ ਤੇ ਸੋਹਣੇ ਬੋਲ ਭੀੜ ਨੂੰ ਸੰਗਤ ਬਣਾ ਦਿੰਦੇ ਹਨ।’’ ਉਨ੍ਹਾਂ ਆਪਣੇ ਨਿੱਜੀ ਤਜਰਬੇ ’ਚੋਂ ਕਿਹਾ, ‘‘ਮਿਲਣ ਦੇ ਮੰਥਨ ’ਚੋਂ ਇਕੱਲੇਪਣ ਦਾ ਦੁੱਖ ਦੂਰ ਹੁੰਦਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਭਾਸ਼ਾ ਤੇ ਸਾਹਿਤ ਲਈ ਕਿੰਨੇ ਕੁ ਸੁਹਿਰਦ ਹਾਂ।’’ ਇਸ ਸਮਾਗਮ ’ਚ ਇਕੱਤਰ ਹੋਏ ਸਾਹਿਤਕਾਰਾਂ ਨੇ ਉਨ੍ਹਾਂ ਨੂੰ ਆਪਣੀਆਂ ਪੁਸਤਕਾਂ ਵੀ ਭੇਟ ਕੀਤੀਆਂ ਤੇ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ। ਇਸ ਸਮਾਗਮ ਦੌਰਾਨ ਡਾ. ਪਾਤਰ ਨੇ ਜਗੀਰ ਸਿੰਘ ਜਗਤਾਰ, ਰਾਮ ਸਰੂਪ ਅਣਖ਼ੀ,
ਜੋਗਾ ਸਿੰਘ ਸਮੇਤ ਹੋਰ ਵਿੱਛੜ ਚੁੱਕੇ ਸਾਥੀਆਂ ਨੂੰ ਵੀ ਯਾਦ ਕੀਤਾ।
ਪ੍ਰੋ. ਗੁਰਪ੍ਰਵੇਸ਼ ਸਿੰਘ ਨੇ ਦੱਸਿਆ ਕਿ ਨਿੱਕੇ ਜਿਹੇ ਸੱਦੇ ’ਤੇ ਸ਼ੁੱਕਰਵਾਰ ਸ਼ਾਮ ਡਾ. ਪਾਤਰ ਐੱਸਡੀ ਕਾਲਜ ਪਹੁੰਚੇ ਸਨ। ਚਿਹਰੇ ਤੋਂ ਭਾਵੇਂ ਉਹ ਥੋੜ੍ਹੇ ਥੱਕੇ ਜਾਪ ਰਹੇ ਸਨ, ਪਰ ਉਨ੍ਹਾਂ ਮਹਿਸੂਸ ਨਹੀਂ ਹੋਣ ਦਿੱਤਾ। ਡਾ. ਪਾਤਰ ਜਾਂਦੇ-ਜਾਂਦੇ ਇਸ ਗੱਲ ਉਪਰ ਵਧੇਰੇ ਜ਼ੋਰ ਦੇ ਗਏ ਕਿ ਹਰੇਕ ਵਿੱਦਿਅਕ ਸੰਸਥਾ ’ਚ ਇੱਕ ਅਜਿਹੀ ਕਲਾਸ ਜ਼ਰੂਰ ਹੋਵੇ ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਦਰਲੀ ਕਲਾ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕੀਤਾ ਜਾਵੇ ਕਿਉਂਕਿ ਕਲਾ ਮਨੁੱਖ ਅੰਦਰ ਕੋਮਲਤਾ ਲਿਆਉਂਦੀ ਹੈ।