ਸੰਘਣੀ ਧੁੰਦ ਕਾਰਨ ਠੰਢਾ ਰਿਹਾ ਸਾਲ ਦਾ ਆਖ਼ਰੀ ਦਿਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਦਸੰਬਰ
ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਸਾਲ ਦੇ ਆਖਰੀ ਦਿਨ ਛਾਈ ਧੁੰਦ ਕਾਰਨ ਠੰਢ ਦਾ ਪ੍ਰਕੋਪ ਜਾਰੀ ਰਿਹਾ। ਸੰਘਣੀ ਧੁੰਦ ਅਤੇ ਚੱਲਦੀ ਬਰਫੀਲੀ ਹਵਾ ਕਾਰਨ ਤਾਪਮਾਨ ਵੀ 9.2 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਸਾਰਾ ਦਿਨ ਲੋਕ ਠੰਢ ਤੋਂ ਬਚਣ ਲਈ ਧੂਣੀਆਂ ਲਾ ਕੇ ਅੱਗ ਸੇਕਦੇ ਰਹੇ।
ਸਨਅਤੀ ਸ਼ਹਿਰ ਵਿੱਚ ਠੰਢ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਐਤਵਾਰ ਤੜਕੇ ਹੀ ਧੁੰਦ ਪੈਣੀ ਸ਼ੁਰੂ ਹੋਈ ਜੋ ਦਿਨ ਚੜ੍ਹਨ ਦੇ ਨਾਲ ਸੰਘਣੀ ਹੁੰਦੀ ਗਈ। ਪੂਰੇ ਦਿਨ ਵਿੱਚ ਕਈ ਵਾਰ ਧੁੰਦ ਇੰਨੀਂ ਸੰਘਣੀ ਹੋ ਗਈ ਕਿ ਕੁਝ ਮੀਟਰ ਤੱਕ ਦੇਖਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਕਾਰਨ ਮੁੱਖ ਸੜਕਾਂ ’ਤੇ ਵੱਡੀਆਂ ਗੱਡੀਆਂ ਦੀ ਚਾਲ ਵੀ ਹੌਲੀ ਨਜ਼ਰ ਆਈ। ਪੂਰਾ ਦਿਨ ਚੱਲਦੀ ਰਹੀ ਬਰਫੀਲੀ ਹਵਾ ਨੇ ਨਾ ਸਿਰਫ ਠੰਢ ਵਿੱਚ ਹੋਰ ਵਾਧਾ ਕੀਤਾ ਸਗੋਂ ਏਕਿਊਆਈ ਦੇ ਪੱਧਰ ਵਿੱਚ ਵੀ ਵਾਧਾ ਕਰ ਦਿੱਤਾ। ਇਸ ਧੁੰਦ ਕਾਰਨ ਪਿਛਲੇ ਕਈ ਦਿਨਾਂ ਤੋਂ ਘਟ ਰਿਹਾ ਤਾਪਮਾਨ ਅੱਜ ਹੋਰ ਘਟ ਕੇ 9.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪੀਏਯੂ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 90 ਫੀਸਦੀ ਅਤੇ ਸ਼ਾਮ ਨੂੰ 88 ਫੀਸਦੀ ਰਹੀ। ਜ਼ਿਲ੍ਹੇ ’ਚ ਆਉਂਦੇ ਦਿਨਾਂ ਵਿੱਚ ਠੰਢ ਹੋਰ ਵਧਣ ਦੀ ਸੰਭਾਵਨਾ ਨੂੰ ਦੇਖਦਿਆਂ ਲੋਕਾਂ ਨੇ ਹੁਣ ਤੋਂ ਹੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਚੌੜਾ ਬਾਜ਼ਾਰ, ਘੁਮਾਰ ਮੰਡੀ ਅਤੇ ਹੋਰ ਅਜਿਹੇ ਬਾਜ਼ਾਰਾਂ ਵਿੱਚ ਲੋਕ ਗਰਮ ਕੱਪੜੇ, ਬਿਜਲੀ ਮਾਰਕੀਟ ਵਿੱਚ ਹੀਟਰਾਂ ਅਤੇ ਗੀਜ਼ਰ ਆਦਿ ਖ੍ਰੀਦਣ ਵਾਲਿਆਂ ਦੀ ਗਿਣਤੀ ਵੱਧ ਸੀ। ਇਸੇ ਤਰ੍ਹਾਂ ਸਥਾਨਕ ਸ਼ਿੰਗਾਰ ਸਿਨੇਮਾ ਰੋਡ ਨੇੜੇ ਗਰੀਬ ਲੋਕਾਂ ਦੇ ਹੀਟਰ ਵਜੋਂ ਮਸ਼ਹੂਰ ਦੇਸਾ ਅੰਗੀਠੀਆਂ ਖਰੀਦਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਸ਼ਾਮ ਵੇਲੇ ਤਾਂ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਲੋਕਾਂ ਨੇ ਸੜਕਾਂ ਦੇ ਕਿਨਾਰੇ ’ਤੇ ਹੀ ਧੂਣੀਆਂ ਲਾਈਆਂ ਹੋਈਆਂ ਸਨ।