ਵਿਸ਼ੇਸ਼ ਰਣਨੀਤੀ ਬਣਾ ਕੇ ਲਸ਼ਕਰ ਕਮਾਂਡਰ ਨੂੰ ਮਾਰ ਮੁਕਾਇਆ
ਸ੍ਰੀਨਗਰ, 3 ਨਵੰਬਰ
ਜੰਮੂ ਕਸ਼ਮੀਰ ’ਚ ਢੁੱਕਵੀਂ ਰਣਨੀਤਕ ਯੋਜਨਾ ਅਤੇ ਨਿਵੇਕਲੇ ਢੰਗ ਨਾਲ ਚਲਾਏ ਅਪਰੇਸ਼ਨ ਕਾਰਨ ਸੁਰੱਖਿਆ ਬਲਾਂ ਨੂੰ ਲਸ਼ਕਰ ਦੇ ਪਾਕਿਸਤਾਨੀ ਦਹਿਸ਼ਤੀ ਕਮਾਂਡਰ ਨੂੰ ਮਾਰ ਮੁਕਾਉਣ ’ਚ ਸਫ਼ਲਤਾ ਹੱਥ ਲੱਗੀ। ਸੀਨੀਅਰ ਅਧਿਕਾਰੀਆਂ ਨੇ ਦਹਿਸ਼ਤਗਰਦ ਉਸਮਾਨ ਖ਼ਿਲਾਫ਼ ਅਪਰੇਸ਼ਨ ਦੌਰਾਨ ਮਿਲੀਆਂ ਚੁਣੌਤੀਆਂ ਦਾ ਢੁੱਕਵੇਂ ਢੰਗ ਨਾਲ ਹੱਲ ਕੱਢਿਆ। ਸਥਾਨਕ ਪੁਲੀਸ ਅਤੇ ਸੀਆਰਪੀਐੱਫ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਸ਼ਨਿਚਰਵਾਰ ਨੂੰ ਖਾਨਯਾਰ ’ਚ ਉਸਮਾਨ ਨੂੰ ਮਾਰ ਮੁਕਾਇਆ ਗਿਆ। ਉਸਮਾਨ ਨੂੰ ਵਾਦੀ ਦੀ ਪੂਰੀ ਜਾਣਕਾਰੀ ਸੀ ਅਤੇ ਉਹ ਪਹਿਲਾਂ ਕਾਫੀ ਸਮਾਂ ਇਥੇ ਸਰਗਰਮ ਰਿਹਾ ਸੀ। ਪਾਕਿਸਤਾਨ ’ਚ ਕੁਝ ਸਮਾਂ ਗੁਜ਼ਾਰਨ ਮਗਰੋਂ ਉਹ 2016-17 ’ਚ ਘੁਸਪੈਠ ਕਰਕੇ ਇਥੇ ਆ ਗਿਆ ਸੀ ਅਤੇ ਉਸ ’ਤੇ ਇੰਸਪੈਕਟਰ ਮਸਰੂਰ ਵਾਨੀ ਦੀ ਅਕਤੂਬਰ 2023 ’ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਹੈ। ਵਾਨੀ ਨੂੰ ਕ੍ਰਿਕਟ ਖੇਡਦੇ ਸਮੇਂ ਐਨ ਨੇੜਿਉਂ ਗੋਲੀ ਮਾਰੀ ਗਈ ਸੀ। ਖ਼ੁਫ਼ੀਆ ਰਿਪੋਰਟਾਂ ’ਚ ਜਦੋਂ ਉਸਮਾਨ ਦੀ ਰਿਹਾਇਸ਼ੀ ਇਲਾਕੇ ’ਚ ਮੌਜੂਦਗੀ ਮਿਲੀ ਤਾਂ 9 ਘੰਟਿਆਂ ਦੀ ਯੋਜਨਾ ਬਣਾ ਕੇ ਬਿਨਾਂ ਕਿਸੇ ਨੁਕਸਾਨ ਦੇ ਅਪਰੇਸ਼ਨ ਨੂੰ ਸਫ਼ਲਤਾਪੂਰਬਕ ਅੰਜਾਮ ਦਿੱਤਾ ਗਿਆ। ਆਪਣੇ ਨਿਸ਼ਾਨੇ ਨੂੰ ਕੋਈ ਸੂਹ ਦਿੱਤੇ ਬਿਨਾਂ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਤੜਕੇ ਉਸਮਾਨ ਨੂੰ ਘੇਰਾ ਪਾ ਲਿਆ ਸੀ। ਮੁਕਾਬਲੇ ਦੌਰਾਨ ਕੁਝ ਗ੍ਰਨੇਡ ਵੀ ਸੁੱਟੇ ਗਏ ਜਿਸ ਕਾਰਨ ਘਰ ਨੂੰ ਅੱਗ ਲੱਗ ਗਈ ਅਤੇ ਜਵਾਨਾਂ ਨੇ ਅੱਗ ਨੂੰ ਹੋਰ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਉਸਮਾਨ ‘ਦਿ ਰਸਿਸਟੈਂਸ ਫਰੰਟ’ ਦੇ ਪਾਕਿਸਤਾਨ ਆਧਾਰਿਤ ਕਮਾਂਡਰ ਸੱਜਾਦ ਗੁਲ ਦਾ ਸੱਜਾ ਹੱਥ ਸੀ। ਇਹ ਸ੍ਰੀਨਗਰ ’ਚ ਦੋ ਸਾਲ ਤੋਂ ਵੱਧ ਸਮੇਂ ਮਗਰੋਂ ਪਹਿਲਾ ਮੁਕਾਬਲਾ ਸੀ ਜਿਸ ’ਚ ਲਸ਼ਕਰ ਕਮਾਂਡਰ ਨੂੰ ਮਾਰ ਮੁਕਾਇਆ ਗਿਆ। -ਪੀਟੀਆਈ