For the best experience, open
https://m.punjabitribuneonline.com
on your mobile browser.
Advertisement

ਹੰਝੂਆਂ ਦੀ ਭਾਸ਼ਾ

06:11 AM Oct 03, 2024 IST
ਹੰਝੂਆਂ ਦੀ ਭਾਸ਼ਾ
Advertisement

ਮੋਹਨ ਸ਼ਰਮਾ

Advertisement

ਨਸ਼ਿਆਂ ਦੀ ਮਾਰੂ ਹਨੇਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਅਸੀਂ ਚਾਰ ਦੋਸਤਾਂ ਨੇ ਫੈਸਲਾ ਕੀਤਾ ਕਿ ਸਕੂਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਨੁਕਸਾਨਾਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਜਾਵੇ। ਸਕੂਲਾਂ ਵਿੱਚ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਦੀ ਵਿਉਂਤ ਬਣਾ ਲਈ। ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਪ੍ਰਵਾਨਗੀ ਮੰਗੀ। ਸਾਡੀ ਬੇਨਤੀ ਪ੍ਰਵਾਨ ਕਰਦਿਆਂ ਵਿਭਾਗ ਦੇ ਅਧਿਕਾਰੀ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ। ਅਸੀਂ ਦੋ ਦਿਨ ਰਾਖਵੇਂ ਰੱਖ ਲਏ। ਜਿਸ ਸਕੂਲ ਵਿੱਚ ਟੀਮ ਨੇ ਜਾਣਾ ਹੁੰਦਾ, ਉਸ ਨੂੰ 5-7 ਦਿਨ ਪਹਿਲਾਂ ਸੂਚਿਤ ਕਰ ਕੇ ਸਮਾਂ ਤੈਅ ਕਰ ਲਿਆ ਜਾਂਦਾ। ਮਿਥੇ ਸਮੇਂ ਤੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ, ਉਨ੍ਹਾਂ ਨੂੰ ਨਸ਼ੇ ਦੇ ਸਰੀਰ ’ਤੇ ਮਾਰੂ ਪ੍ਰਭਾਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਅਤੇ ਉਨ੍ਹਾਂ ਤੋਂ ਨਸ਼ਾ ਨਾ ਕਰਨ ਲਈ ਪ੍ਰਣ ਵੀ ਕਰਵਾਉਂਦੇ।
ਕਾਫੀ ਚੰਗੇ ਨਤੀਜੇ ਸਾਹਮਣੇ ਆ ਰਹੇ ਸਨ। ਮਨ ਨੂੰ ਸਕੂਨ ਸੀ ਕਿ ਬੱਚਿਆਂ ਨੂੰ ਨਸ਼ਾ ਰਹਿਤ ਕਰਨ ਦੀ ਪ੍ਰੇਰਨਾ ਦੇ ਕੇ ਨਸ਼ਾ ਰਹਿਤ ਸਮਾਜ ਸਿਰਜਣ ਵਿੱਚ ਬਣਦਾ ਯੋਗਦਾਨ ਪਾ ਰਹੇ ਹਾਂ।
ਪਹਿਲਾਂ ਦਿੱਤੇ ਸਮੇਂ ਅਨੁਸਾਰ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਡੀ ਟੀਮ ਪਹੁੰਚੀ। ਘੰਟਾ ਕੁ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਲਈ ਸੁਨੇਹੇ ਦਿੱਤੇ ਕਿ ਇਸ ਉਮਰ ਵਿੱਚ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਜੇਕਰ ਥਿੜਕ ਗਏ ਤਾਂ ਸਾਰੀ ਉਮਰ ਤਾਬ ਨਹੀਂ ਆਓਗੇ ਪਰ ਜੇਕਰ ਇਸ ਉਮਰ ਵਿੱਚ ਚੰਗੀਆਂ ਆਦਤਾਂ ਗ੍ਰਹਿਣ ਕਰ ਕੇ ਸਖਤ ਮਿਹਨਤ ਕਰੋਗੇ ਤਾਂ ਸਫਲਤਾ ਤੁਹਾਡੇ ਅੰਗ ਸੰਗ ਹੋਵੇਗੀ। ਹੋਰ ਸਕੂਲਾਂ ਵਾਂਗ ਵਿਦਿਆਰਥੀਆਂ ਨੂੰ ਚੰਗੇ ਮੁਕਾਮ ’ਤੇ ਪਹੁੰਚੀਆਂ ਸ਼ਖ਼ਸੀਅਤਾਂ ਦੀ ਘਾਲਣਾ ਤੋਂ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੀ ਸਮਾਪਤੀ ਪਿੱਛੋਂ ਸੰਸਥਾ ਦੇ ਮੁਖੀ ਟੀਮ ਨੂੰ ਚਾਹ-ਪਾਣੀ ਪਿਲਾਉਣ ਆਪਣੇ ਦਫ਼ਤਰ ਲੈ ਗਏ। ਉਨ੍ਹਾਂ ਨਸ਼ਿਆਂ ਵਿੱਚ ਗਰਕ ਹੋ ਰਹੀ ਜਵਾਨੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, “ਤੁਹਾਡਾ ਯਤਨ ਸ਼ਲਾਘਾਯੋਗ ਹੈ। ਇਹ ਨੇਕ ਕਾਰਜ ਜਾਰੀ ਰੱਖਿਉ...।” ਅਜੇ ਉਹ ਅਗਾਂਹ ਕੁਝ ਹੋਰ ਕਹਿਣਾ ਚਾਹੁੰਦੇ ਸੀ ਕਿ ਇੱਕ ਅਧਿਆਪਕਾ ਵਿਦਿਆਰਥਣ ਨੂੰ ਨਾਲ ਲੈ ਕੇ ਆ ਗਈ। ਆਉਂਦਿਆਂ ਹੀ ਚਿੰਤਾ ਵਿੱਚ ਬੋਲੀ, “ਸਾਡੀ ਇਸ ਵਿਦਿਆਰਥਣ ਦੇ ਦੁੱਖ ਤੋਂ ਤੁਹਾਨੂੰ ਜਾਣੂ ਕਰਵਾਉਂਦੀ ਹਾਂ ਜੀ। ਇਹ 11ਵੀਂ ਵਿੱਚ ਪੜ੍ਹਦੀ। ਦਸਵੀਂ ਵਿੱਚ ਜਮਾਤ ਵਿੱਚੋਂ ਫਸਟ ਹੀ ਨਹੀਂ ਆਈ ਸਗੋਂ ਮੈਰਿਟ ਲਿਸਟ ਵਿੱਚ ਆ ਕੇ ਵਜ਼ੀਫ਼ਾ ਵੀ ਪ੍ਰਾਪਤ ਕੀਤਾ। ਪਿਛਲੇ ਮਹੀਨੇ ਜਦੋਂ ਇਹਦਾ ਵਜ਼ੀਫ਼ਾ ਆਇਆ ਤਾਂ ਇਹ ਵਜ਼ੀਫੇ ਵਾਲੀ ਰਾਸ਼ੀ ਲੈ ਕੇ ਮੇਰੇ ਕੋਲ ਆ ਗਈ। ਮੈਨੂੰ ਵਜ਼ੀਫ਼ੇ ਵਾਲੀ ਰਕਮ ਦਿੰਦਿਆਂ ਗੱਚ ਭਰ ਕੇ ਕਹਿਣ ਲੱਗੀ- ‘ਇਹ ਪੈਸੇ ਤੁਸੀਂ ਆਪਣੇ ਕੋਲ ਰੱਖ ਲਵੋ। ਲੋੜ ਪੈਣ ’ਤੇ ਮੈਂ ਥੋਡੇ ਕੋਲੋਂ ਲੈ ਲਵਾਂਗੀ। ਜੇ ਘਰ ਲੈ ਗਈ ਤਾਂ ਇਨ੍ਹਾਂ ਪੈਸਿਆਂ ਦੀ ਬਾਪੂ ਸ਼ਰਾਬ ਪੀ ਜਾਵੇਗਾ’।” ਕੁੜੀ ਨੇ ਵੀ ਡੁਸਕਦਿਆਂ ਦੱਸਿਆ ਕਿ ਉਹਦਾ ਬਾਪ ਸ਼ਰਾਬ ਪੀ ਕੇ ਬਹੁਤ ਖੌਰੂ ਪਾਉਂਦੈ। ਸ਼ਰਾਬ ਪੀ ਕੇ ਮਾਂ ਨੂੰ ਕੁੱਟਦਾ। ਘਰ ਰੋਜ਼ ਕਜੀਆ-ਕਲੇਸ਼ ਰਹਿੰਦਾ।
ਵਿਦਿਆਰਥਣ ਦਾ ਦੁੱਖ ਸੁਣ ਕੇ ਟੀਮ ਨੇ ਕੁੜੀ ਦੇ ਬਾਪ ਨੂੰ ਮਿਲਣ ਦਾ ਫ਼ੈਸਲਾ ਕੀਤਾ ਪਰ ਕੁੜੀ ਨੇ ਤਰਲੇ ਲਿਆ, “ਅੱਜ ਨਾ ਜਾਇਉ ਜੀ। ਇਸ ਵੇਲੇ ਉਹ ਦਾਰੂ ਨਾਲ ਰੱਜਿਆ ਹੋਣਾ। ਥੋਡੀ ਕੋਈ ਗੱਲ ਨਹੀਂ ਸੁਣਨੀ। ਨਾਲੇ ਜੇ ਉਹਨੂੰ ਪਤਾ ਲੱਗ ਗਿਆ ਬਈ ਮੈਂ ਥੋਨੂੰ ਦੱਸਿਐ, ਫਿਰ ਮੈਨੂੰ ਮਾਰੇਗਾ। ਕਿਸੇ ਦਿਨ ਸਵੇਰੇ ਦਸ ਵਜੇ ਤੋਂ ਪਹਿਲਾਂ ਉਹ ਸੋਫੀ ਹੁੰਦਾ।” ਕੁੜੀ ਦੀ ਗੱਲ ਮੰਨ ਕੇ ਅਸੀਂ ਵਾਪਸ ਆ ਗਏ।
ਦੋ ਦਿਨ ਬਾਅਦ ਲੜਕੀ ਦੇ ਦੱਸੇ ਸਿਰਨਾਵੇਂ ਅਨੁਸਾਰ ਮੈਂ ਅਤੇ ਮੇਰਾ ਸਾਥੀ ਉਹਦੇ ਘਰ ਪੁੱਜ ਗਏ। ਉਹ ਆਪ ਅਤੇ ਉਸ ਦੀ ਪਤਨੀ ਘਰ ਹੀ ਸਨ। ਘਰ ਦੀ ਹਾਲਤ ਤਰਸਯੋਗ ਸੀ। ਠੰਢੇ ਚੁਲ੍ਹੇ ਵੱਲ ਨਜ਼ਰ ਮਾਰਦਿਆਂ ਅਤੇ ਪਤਨੀ ਦਾ ਝੁਰੜੀਆਂ ਭਰਿਆ ਚਿਹਰਾ ਦੇਖ ਕੇ ਮਨ ਭਰ ਆਇਆ। ਉਹਦੇ ਨਾਲ ਦੋਸਤਾਂ ਵਾਲਾ ਵਰਤਾਉ ਕਰਦਿਆਂ ਅਹਿਸਾਸ ਕਰਵਾਇਆ ਕਿ ਸ਼ਰਾਬ ਕਾਰਨ ਤਿਲ-ਤਿਲ ਕਰ ਕੇ ਮਰ ਰਿਹੈਂ, ਨਾਲ ਘਰ ਦੀ ਹਾਲਤ ਕੱਖੋਂ ਹੌਲੀ ਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਔਰਤ ਦੇ ਹੰਝੂ ਰੁਕ ਨਹੀਂ ਸਨ ਰਹੇ। ਆਂਢ-ਗੁਆਂਢ ਦੇ ਮਰਦ-ਔਰਤਾਂ ਵੀ ਆ ਗਈਆਂ। ਅਸੀਂ ਸਾਰਿਆਂ ਨੂੰ ਆਪਣੇ ਆਉਣ ਦਾ ਮਕਸਦ ਦੱਸਿਆ ਕਿ ਇਸ ਦੀ ਸ਼ਰਾਬ ਛੁਡਵਾ ਕੇ ਵਧੀਆ ਇਨਸਾਨ ਬਣਾਉਣ ਲਈ ਇਸ ਨੂੰ ਲੈਣ ਆਏ ਹਾਂ। ਪਤਨੀ ਅਤੇ ਦੂਜੇ ਲੋਕਾਂ ਦੇ ਜ਼ੋਰ ਪਾਉਣ ’ਤੇ ਉਹ ਸਾਡੇ ਨਾਲ ਦਵਾਈ ਲਿਆਉਣ ਲਈ ਤਿਆਰ ਹੋ ਗਿਆ। ਨਾਲ ਹੀ ਸ਼ਰਤ ਵੀ ਰੱਖ ਦਿੱਤੀ- ‘ਸ਼ਾਮ ਨੂੰ ਘਰ ਛੱਡਣ ਦੀ ਜਿ਼ੰਮੇਵਾਰੀ ਵੀ ਥੋਡੀ’। ਅਸੀਂ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਸਾਨੂੰ ਪਤਾ ਸੀ ਕਿ ਨਸ਼ੱਈ ਦੀ ਉਂਗਲ ਫੜਨ ਤੋਂ ਬਾਅਦ ਉਹਦਾ ਪੌਂਚਾ ਕਿੰਝ ਫੜਨਾ ਹੈ। ਜਾਣ ਸਾਰ ਉਹਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰ ਲਿਆ। ਇੱਕ ਦੋ ਦਿਨ ਉਸ ਨੇ ਛੜਾਂ ਜਿਹੀਆਂ ਮਾਰੀਆਂ, ਫਿਰ ਦੂਜੇ ਦਾਖ਼ਲ ਨਸ਼ੱਈ ਮਰੀਜ਼ਾਂ ਨਾਲ ਰਚ-ਮਿਚ ਗਿਆ। ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਹ ਦਿਨ-ਬ-ਦਿਨ ਠੀਕ ਹੁੰਦਾ ਗਿਆ। ਬਿਨਾ ਕਿਸੇ ਮਾਰ-ਕੁੱਟ ਤੋਂ ਧਰਮ, ਸਾਹਿਤ ਅਤੇ ਕਿਰਤ ਦਾ ਪਾਠ ਪੜ੍ਹਾਉਣਾ ਸਾਡਾ ਰੋਜ਼ ਦਾ ਕੰਮ ਸੀ। ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਂਦਿਆਂ ਚੰਗਾ ਪੁੱਤ, ਚੰਗਾ ਪਤੀ, ਚੰਗਾ ਬਾਪ ਅਤੇ ਚੰਗਾ ਨਾਗਰਿਕ ਕਿੰਝ ਬਣਨਾ ਹੈ, ਇਸ ਸਿਖਿਆ ’ਤੇ ਵੀ ਜ਼ੋਰ ਦਿੱਤਾ ਜਾਂਦਾ ਸੀ। ਸ਼ਾਮ ਨੂੰ ਯੋਗ ਕਰਵਾਉਣ ਵੇਲੇ ਉਹ ਮੈਨੂੰ ਕਹਿ ਰਿਹਾ ਸੀ, “ਹੁਣ ਤੱਕ ਤਾਂ ਨ੍ਹੇਰਾ ਈ ਢੋਇਐ ਜੀ। ਜੇ ਤੁਸੀਂ ਨਾ ਲਿਆਉਂਦੇ ਤਾਂ ਹੁਣ ਤੱਕ ਭਾਣਾ ਵਾਪਰ ਗਿਆ ਹੁੰਦਾ। ਬਹੁਤ ਸ਼ਰਮ ਆਉਂਦੀ ਐ ਮੈਨੂੰ ਆਪਣੇ ਕੀਤੇ ਕੰਮਾਂ ’ਤੇ।”
ਡੇਢ ਕੁ ਮਹੀਨੇ ਬਾਅਦ ਉਹਦੀ ਪਤਨੀ ਨੂੰ ਸੁਨੇਹਾ ਦਿੱਤਾ ਕਿ ਤੁਹਾਡਾ ਪਤੀ ਹੁਣ ਠੀਕ ਹੈ, ਇਹਨੂੰ ਆ ਕੇ ਲੈ ਜਾਵੋ। ਅਗਲੇ ਦਿਨ ਉਹਦੀ ਪਤਨੀ ਆ ਗਈ। ਉਹ ਬਹੁਤ ਸਲੀਕੇ ਨਾਲ ਪਤਨੀ ਨੂੰ ਮਿਲਿਆ। ਦੋਹਾਂ ਲਈ ਲਾਅਨ ਵਿੱਚ ਕੁਰਸੀਆਂ ਰੱਖ ਕੇ ਉਨ੍ਹਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਲਈ ਕਿਹਾ। ਥੋੜ੍ਹੀ ਦੇਰ ਬਾਅਦ ਪਤੀ ਪਤਨੀ ਦਫ਼ਤਰ ਆ ਗਏ। ਪਤਨੀ ਦੇ ਚਿਹਰੇ ’ਤੇ ਮੁਸਕਰਾਹਟ ਤੈਰ ਰਹੀ ਸੀ- “ਇਹ ਤਾਂ ਜੀ ਸੱਚੀਉਂ ਬਦਲ ਗਏ... ਪੁੱਛ ਰਹੇ ਸੀ, ਆਪਣੀ ਮੀਤੋ ਕਿਹੜੀ ਜਮਾਤ ’ਚ ਪੜ੍ਹਦੀ ਐ... ਥੋੜ੍ਹੇ ਜਿਹੇ ਸਮੇਂ ’ਚ ਅਸੀਂ ਜਿੰਨੀਆਂ ਗੱਲਾਂ ਕੀਤੀਆਂ, ਓਨੀਆਂ ਤਾਂ ਸਾਰੀ ਉਮਰ ਵਿੱਚ ਨਹੀਂ ਕੀਤੀਆਂ...।”
ਸ਼ੁਭ ਕਾਮਨਾਵਾਂ ਦੇ ਕੇ ਉਨ੍ਹਾਂ ਨੂੰ ਵਿਦਾਅ ਕਰ ਦਿੱਤਾ।
ਇੱਕ ਦਿਨ ਦਫ਼ਤਰ ਫੋਨ ਆਇਆ। ਲੜਕੀ ਦਾ ਸੀ। ਬੜੇ ਚਾਅ ਨਾਲ ਉਹਨੇ ਗੱਲਾਂ ਦੱਸੀਆਂ। ਕੁੜੀ ਦੇ ਉਤਸ਼ਾਹ ਅਤੇ ਚਾਅ ਵਾਲੇ ਬੋਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਨਾਲ ਖੜ੍ਹਾ ਸਾਥੀ ਚਿੰਤਾ ਵਿੱਚ ਕਹਿਣ ਲੱਗਿਆ, “ਸਰ, ਸੁੱਖ ਐ... ਮੋਬਾਈਲ ਸੁਣ ਕੇ ਤੁਸੀਂ...।”
ਮੈਂ ਮੁਸਕਰਾਇਆ, “ਸਿਰਫ਼ ਸੋਗੀ ਸੁਨੇਹੇ ਹੀ ਹੰਝੂ ਨਹੀਂ ਲਿਆਉਂਦੇ... ਖੁਸ਼ੀਆਂ ਭਰੇ ਸੁਨੇਹਿਆਂ ਨਾਲ ਵੀ ਨੈਣ ਛਲਕ ਪੈਂਦੇ।” ਫਿਰ ਮੈਂ ਹੰਝੂ ਪੂੰਝਣ ਲੱਗ ਪਿਆ।
ਸੰਪਰਕ: 94171-48866

Advertisement

Advertisement
Author Image

joginder kumar

View all posts

Advertisement