For the best experience, open
https://m.punjabitribuneonline.com
on your mobile browser.
Advertisement

ਗਹਿਣੇ ਤਾਂ ਪਈ ਊ ਸਾਡੇ ਦਿਲੇ ਦੀ ਧਰਤੀ...

07:44 AM Nov 19, 2023 IST
ਗਹਿਣੇ ਤਾਂ ਪਈ ਊ ਸਾਡੇ ਦਿਲੇ ਦੀ ਧਰਤੀ
Advertisement

ਪਾਸ਼

Advertisement

ਯਾਦਾਂ ਦਾ ਝਰੋਖਾ

(ਪਾਸ਼ ਨੇ ਇਹ ਲੇਖ ਸ਼ਿਵ ਕੁਮਾਰ ਬਟਾਲਵੀ ਦੇ ਦੇਹਾਂਤ ਮਗਰੋਂ 1970ਵਿਆਂ ’ਚ ਲਿਖਿਆ ਸੀ।)

ਸ਼ਿਵ ਕੁਮਾਰ ਮਰ ਗਿਆ ਹੈ, ਪੰਜਾਬੀ ਕਵਿਤਾ ਦਾ ਇੱਕ ਦੌਰ ਜੋ ਉਸ ਦੇ ਨਾਲ ਸ਼ੁਰੂ ਹੋਇਆ ਸੀ, ਉਸ ਦੇ ਨਾਲ ਹੀ ਖ਼ਤਮ ਹੋ ਗਿਆ ਹੈ। ਉਹ ਜਿੰਨਾ ਜੀਵਿਆ ਇੱਕ ਦੌਰ ਬਣ ਕੇ ਜੀਵਿਆ। ਇਹ ਖ਼ੁਸ਼ਕਿਸਮਤੀ ਦੁਨੀਆਂ ਦੇ ਬੜੇ ਘੱਟ ਸ਼ਾਇਰਾਂ ਨੂੰ ਨਸੀਬ ਹੋਈ ਹੈ। ਬਿਮਾਰ ਜ਼ਿੰਦਗੀ ਦਾ ਦਰਦ ਉਹਨੇ ਭਰਪੂਰ ਵੇਗ ਨਾਲ ਲਿਖਿਆ ਅਤੇ ਜੀਵਿਆ। ਸ਼ਾਇਦ ਇਹ ਸਭ ਤੋਂ ਵੱਡੀ ਖ਼ਿਦਮਤ ਸੀ ਜੋ ਇੱਕ ਬਿਮਾਰ ਇਨਸਾਨ ਲੋਕਾਂ ਦੀ ਕਰ ਸਕਦਾ ਹੈ।
ਉਹ ਜ਼ਿੰਦਗੀ ਦਾ ਮਤਰੇਆ ਪੁੱਤਰ ਸੀ, ਜਿਹਨੂੰ ਕਦੇ ਵੀ ਜ਼ਿੰਦਗੀ ਨਾਲ ਮਾਂ ਵਾਂਗ ਪਿਆਰ ਨਹੀਂ ਆਇਆ। ਉਹਦੀ ਪੂਰੀ ਉਮਰ ਜ਼ਿੰਦਗੀ ਨੂੰ ਕਦੇ ਨਾ ਬਖ਼ਸ਼ਿਆ ਜਾਣ ਵਾਲਾ ਮਜ਼ਾਕ ਹੈ, ਇਸ ਖ਼ੂਬਸੂਰਤ ਸ਼ਾਇਰ ਦਾ ਨਾ ਕਦੇ ਜ਼ਿੰਦਗੀ ਅਤੇ ਕਵਿਤਾ ਬਾਰੇ ਨਜ਼ਰੀਆ ਸਾਫ਼ ਹੋਇਆ ਤੇ ਨਾ ਉਹਨੇ ਕਦੇ ਏਸ ਲਈ ਕੋਸ਼ਿਸ਼ ਹੀ ਕੀਤੀ, ਇਹੀ ਅਸਪਸ਼ਟਤਾ ਉਹਦੀ ਬਿਮਾਰੀ ਸੀ, ਇਹੀ ਅਸਪਸ਼ਟਤਾ ਉਹਦੀ ਤਾਕਤ ਸੀ।
ਉਸ ਦੀ ਕਵਿਤਾ ਵਿਚਲਾ ਦਰਦ ਉਲਣਝ (Confusion) ਅਤੇ ਅਗਿਆਨਤਾ ਦਾ ਦਰਦ ਹੈ, ਇਹ ਉਹਦੇ ਸਮਾਜੀ ਅਤੇ ਪਦਾਰਥਕ ਰਿਸ਼ਤਿਆਂ ਨੂੰ ਗ਼ੈਰ ਵਿਗਿਆਨਕ ਤਰੀਕੇ ਨਾਲ ਦੇਖ ਕੇ ਦੁਖੀ ਹੋਈ ਜਾਣ ਕਰਕੇ ਹੀ ਸੀ, ਨਹੀਂ ਤਾਂ ਅੱਜ ਦੇ ਵਿਗਿਆਨਕ ਅਤੇ ਸਮਾਜਵਾਦੀ ਹਿੱਤਾਂ ਲਈ ਸੰਘਰਸ਼ ਦੇ ਯੁਗ ਵਿਚ ਕੋਈ ਵੀ ਸੂਝਵਾਨ ਅਤੇ ਚੇਤੰਨ ਲੇਖਕ ਕੁੜੀ ਨਾਲ ਇਸ਼ਕ ਦੇ ਟੁੱਟ ਜਾਣ ਨੂੰ ਅਤੇ ਕਾਮਕ ਅਪੂਰਤੀ ਨੂੰ ਏਨਾ ਵੱਡਾ ਵਿਸ਼ਾ ਬਣਾ ਕੇ ਨਹੀਂ ਅਪਣਾ ਸਕਦਾ। ਉਸ ਦੇ ਕਨਫਿਊਜ਼ਨ ਅਤੇ ਅਗਿਆਨਤਾ ਦੀ ਝਲਕ ਉਸ ਇੰਟਰਵਿਊ ਵਿੱਚੋਂ ਸਹਿਜੇ ਹੀ ਦੇਖੀ ਜਾ ਸਕਦੀ ਹੈ ਜੋ ਉਹਨੇ ਇੰਗਲੈਂਡ ਦੀ ਫੇਰੀ ਸਮੇਂ ਉੱਥੋਂ ਛਪਣ ਵਾਲੇ ਹਫ਼ਤਾਵਾਰ ‘ਸੰਦੇਸ਼’ ਨੂੰ ਦਿੱਤੀ ਸੀ। ਇਸ ਵਿੱਚ ਸ਼ਿਵ ਆਪਣੇ ਬਾਰੇ ਦੱਸਦਾ ਹੋਇਆ ਕਹਿੰਦਾ ਹੈ- ‘‘ਜਦ ਮੈਂ ਫੀਲਡ ਵਿੱਚ ਆਇਆ ਤਾਂ ਬਾਵਾ ਮੋਹਨ ਸਿੰਘ, ਅੰਮ੍ਰਿਤਾ ਸਨ। ਹਰ ਪੁਰਾਣੀ ਪੀੜ੍ਹੀ ਨਵੀਂ ਤੋਂ ਜ਼ਰੂਰ ਪ੍ਰਭਾਵਿਤ ਹੁੰਦੀ ਹੈ, ਸਤਾਰਾਂ-ਅਠਾਰਾਂ ਸਾਲਾਂ ਦਾ ਸੀ ਜਦ ਮੈਂ ਲਿਖਣਾ ਸ਼ੁਰੂ ਕੀਤਾ, ਬੱਚਾ ਸੀ ਕੀਰਨੇ ਪਾਉਂਦਾ ਹੁੰਦਾ ਸੀ, ਕਈ ਬੜੀਆਂ ਘਟੀਆ ਚੀਜ਼ਾਂ ਲਿਖੀਆਂ, ਜਿਵੇਂ ‘ਪੈਣ ਬਿਰਹੋਂ ਦੇ ਕੀੜੇ ਵੇ’ ਸਿਆਸੀ ਤੌਰ ’ਤੇ alert (ਚੇਤੰਨ) ਨਹੀਂ ਸੀ। ਸਾਧਾਰਨ ਜਿਹਾ ਪੇਂਡੂ ਮੁੰਡਾ ਸੀ, ਹੌਲੀ-ਹੌਲੀ ਉਮਰ ਵਧੀ, ਜ਼ਿਹਨ ਵਿੱਚ ਸੂਰਜ ਉੱਗ ਆਇਆ। ਇੱਕ ਨਹੀਂ ਕਈ ਸੂਰਜ ਉੱਗੇ, ਮਾਰਕਸ, ਗੋਰਕੀ, ਏਂਗਲਜ਼, ਟਾਲਸਟਾਏ ਆਦਿ ਨੂੰ ਪੜ੍ਹਿਆ। ਮੈਂ ਮਹਿਸੂਸ ਕੀਤਾ ਕਿ ਹਰ ਫੀਲਡ ਵਿੱਚ Mere exploitation (ਕੇਵਲ ਕਾਰਜ ਸਿੱਧੀ) ਆ, ਚਾਹੇ ਉਹ Communism (ਸਾਮਵਾਦ), Marxism (ਮਾਰਕਸਵਾਦ) ਚਾਹੇ ਬੁਰਜੂਆ, ਸਭ ਝੂਠ ਬੋਲਦੇ ਆ, ਸਾਰੇ ਹੀ ਝੂਠ ਬੋਲਦੇ ਆ, ਗੋਰਕੀ, ਚੈਖੋਵ ਸਭ ਲੋਕਾਂ ਦੀਆਂ ਹਮਦਰਦੀਆਂ ਜਿੱਤਣ ਲਈ ਝੂਠ ਬੋਲਦੇ ਆ, ਮਾਇਕੋਵਸਕੀ ਬੌਦਲੇਅਰ ਨੂੰ ਪੜ੍ਹਿਆ, ਸੱਤ ਸਾਲ ਮੇਰੇ ਅੰਦਰ ਦਵੰਦ ਰਿਹਾ ਹੈ। ਜੀ ਕੀਤਾ ਕਵਿਤਾ ਲਿਖਣੀ ਬੰਦ ਕਰ ਦੇਵਾਂ।’’
ਪਰ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨੇ ਕਿਹਾ, ‘‘ਮੈਂ ਇੱਕ ਵਾਰ ਲਿਖਿਆ ਸੀ-
ਕਦੇ ਤਾਂ ਗੀਤ ਸੱਚ ਕਹਿੰਦੈ
ਕਦੇ ਤਲਵਾਰ ਸੱਚ ਕਹਿੰਦੀ
ਪਰ ਮੈਂ ਦੇਖਿਆ ਸਰਕਾਰ ਮੈਨੂੰ ਪੰਜ ਹਜ਼ਾਰ ਰੁਪਏ ਇਨਾਮ ਦੇ ਕੇ ਸਮਝਣ ਲੱਗ ਪਈ ਕਿ ਹੁਣ ਇਹ ਲੋਕਾਂ ਤੋਂ ਟੁੱਟ ਜਾਵੇਗਾ, ਸਰਕਾਰ ਦਾ ਗ਼ੁਲਾਮ ਹੋ ਜਾਵੇਗਾ ਪਰ ਮੇਰੇ Popular Poet (ਹਰਮਨ ਪਿਆਰੇ ਕਵੀ) ਲਈ ਬੜਾ ਹੀ ਮੁਸ਼ਕਲ ਹੈ। ਜਿਸ ਨੂੰ ਲੱਖਾਂ ਹੀ ਲੋਕਾਂ ਨੇ ਸੁਣਿਆ ਸੀ, ਕੱਲ੍ਹ ਉੱਥੇ ਕਮਿਊਨਿਸਟ ਕਾਂਗਰਸੀ ਦੁਸ਼ਮਣ ਸਨ। I am not hopeful for thirty years. ਪਰ ਅੱਜ ਇਨ੍ਹਾਂ ਲੋਕਾਂ ਮੈਨੂੰ ਨਿਰਾਸ਼ਾਵਾਦੀ ਕਵੀ ਕਿਹਾ। ਸੇਖੋਂ ਨੇ ਕਿਹਾ ਸ਼ਿਵ ਉੱਥੋਂ ਸ਼ੁਰੂ ਕਰਦਾ ਹੈ ਜਿੱਥੇ ਕੀਟਸ ਨੇ ਖ਼ਤਮ ਕੀਤਾ। ਮੈਂ ਕੀਟਸ ਨਹੀਂ ਬਣਨਾ ਚਾਹੁੰਦਾ। ਮੈਂ ਵੇਖਿਆ ਮੇਰੇ ਦੋਸਤ ਸੁਰਿੰਦਰ ਨੂੰ ਫੜ ਕੇ ਲੈ ਗਏ, ਮੀਸ਼ਾ ਫੜਿਆ ਗਿਆ, ਸ਼ਾਇਦ ਤੁਸੀਂ ਮੇਰੀ ਕਵਿਤਾ ਪੜ੍ਹੀ ਹੋਵੇ,
‘‘ਮੈਂ ਹੱਥ ਕੜੀਆਂ ਦਾ ਜੰਗਲ ਲੰਘ ਰਿਹਾ ਹਾਂ।’’
ਹੋਰ ਅਨੇਕਾਂ ਨਵੇਂ ਲੇਖਕਾਂ ਵਾਂਗ ਮੇਰੇ ਲਿਖਣ ਦੇ ਸ਼ੌਕ ਪੈਦਾ ਹੋਣ ਪਿੱਛੇ ਉਹਦੀ ਕਵਿਤਾ ਦਾ ਵੱਡਾ ਹੱਥ ਹੈ। ਸੱਤ ਸਾਲ ਪਹਿਲਾਂ ਮੈਂ ਉਹਦੀਆਂ ਕਵਿਤਾਵਾਂ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਇੱਕ ਲੰਮਾ ਸਾਰਾ ਸੱਤ-ਅੱਠ ਸਫ਼ਿਆਂ ਦਾ ਜਜ਼ਬਾਤੀ ਜਿਹਾ ਸ਼ਰਧਾ ਭਰਿਆ ਖ਼ਤ ਲਿਖਿਆ ਸੀ ਤੇ ਉਹਨੇ ਹੁਣ ਤੱਕ ਉਹ ਖ਼ਤ ਕਿਸੇ ਸਰਮਾਏ ਵਾਂਗ ਸੰਭਾਲ ਕੇ ਰੱਖਿਆ ਹੋਇਆ ਸੀ। ਮਗਰੋਂ ਉਹਦੇ ਦੱਸਣ ਮੁਤਾਬਿਕ ਮੇਰੇ ਫੜੇ ਜਾਣ ’ਤੇ ਉਹਨੇ ਏਸ ਖ਼ਤ ਨੂੰ ਆਧਾਰ ਬਣਾ ਕੇ ਇੱਕ ਸ਼ਾਨਦਾਰ ਕਵਿਤਾ ਵੀ ਲਿਖੀ। ਇਹ ਉਹ ਸਮਾਂ ਸੀ ਜਦੋਂ ਹਰ ਕੋਈ ਉਹਦੇ ਸ਼ਕਤੀਸ਼ਾਲੀ ਕਹਿਣ ਢੰਗ ਅਤੇ ਨਿਵੇਕਲੇ ਰੰਗ ਉੱਤੇ ਫ਼ਿਦਾ ਹੋਇਆ ਪਿਆ ਸੀ। ਸਮੇਂ ਅਤੇ ਸੂਝ ਦੇ ਵਿਕਾਸ ਨਾਲ ਮੇਰੇ ਉਹਦੀ ਕਵਿਤਾ ਬਾਰੇ ਵਿਚਾਰ ਬਦਲਦੇ ਰਹੇ। ਇੱਕ ਸਮਾਂ ਉਹ ਵੀ ਆਇਆ ਜਦ ਮੈਂ ਉਹਦੀਆਂ ਕੁਝ ਕਵਿਤਾਵਾਂ ਨਾਲ ਬੁਰੀ ਤਰ੍ਹਾਂ ਨਫ਼ਰਤ ਵੀ ਕੀਤੀ, ਜਿਵੇਂ ਉਹਦੀ ਕਵਿਤਾ ‘‘ਸੁਣੋ ਸੁਣੋ ਆਵਾਜ਼ ਹਿੰਦੋਸਤਾਨ ਦੀ’’। ਇਸ ਕਵਿਤਾ ਵਿੱਚ ਉਹ ਹੱਕਾਂ ਲਈ ਹੜਤਾਲਾਂ ਕਰਦੇ ਮਜ਼ਦੂਰਾਂ ਅਤੇ ਗ਼ਲਤ ਨਿਜ਼ਾਮ ਵਿਰੁੱਧ ਮੁਜ਼ਾਹਰੇ ਕਰਦੇ ਲੋਕਾਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ਨੂੰ ਸਵਰਗੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹੈ। ਉਸ ਨੂੰ ਮਿਹਨਤਕਸ਼ਾਂ ਦੇ ਸੰਘਰਸ਼ ਵਿੱਚੋਂ ਸੜ ਰਿਹਾ ਹਿੰਦੋਸਤਾਨ ਨਜ਼ਰ ਆਉਂਦਾ ਹੈ। ਮੈਨੂੰ ਸਦਾ ਇਹ ਸ਼ੱਕ ਰਿਹਾ ਹੈ ਕਿ ਇਹ ਕਵਿਤਾ ਉਹਨੇ ਜ਼ਰੂਰ ਬਟਾਲੇ ਦੇ ਕਿਸੇ ਕਾਰਖ਼ਾਨੇਦਾਰ ਤੋਂ ਸ਼ਰਾਬ ਦਾ ਘੁੱਟ ਪੀ ਕੇ ਲਿਖੀ ਹੋਵੇਗੀ। ਤੇ ਉਦੋਂ ਹੀ ਮੈਨੂੰ ਮਹਿਸੂਸ ਹੋਇਆ ਕਿ ਚੰਗਾ ਲਿਖਣ ਢੰਗ ਜਿੱਥੇ ਲੇਖਕ ਦਾ ਇੱਕ ਗੁਣ ਹੁੰਦਾ ਹੈ, ਉੱਥੇ ਇਹ ਕਈ ਹਾਲਤਾਂ ਵਿੱਚ ਲੋਕਾਂ ਲਈ ਓਨਾ ਹੀ ਘਾਤਕ ਵੀ ਹੋ ਸਕਦਾ ਹੈ।
ਕੁਝ ਵੀ ਹੋਵੇ ਉਹਦੇ ਕਹਿਣ ਮੁਤਾਬਿਕ ਉਹ ਸਦਾ ਮੈਨੂੰ ਆਪਣੇ ਇੱਕ ਅਨਿੰਨ ਭਗਤ ਵਾਂਗ ਪਿਆਰਦਾ ਰਿਹਾ ਹੈ। ਕ੍ਰਾਂਤੀਕਾਰੀ ਕਵਿਤਾ ਦੇ ਉਭਾਰ ਨੇ ਉਹਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ। ‘ਸੰਦੇਸ਼’ ਨਾਲ ਇੰਟਰਵਿਊ ਸਮੇਂ ਉਹਨੇ ਕਿਹਾ ਸੀ, ‘‘ਪਾਸ਼ ਵਰਗੇ ਮੁੰਡੇ ਨੇ Younger Generation ਨੂੰ ਜ਼ਿਹਨੀ ਤੌਰ ’ਤੇ ਬੜਾ ਅਲਰਟ ਕੀਤਾ ਹੈ। ਹਾਂ ਸ਼ਾਇਦ ਇਹ ਏਨੀ ਤੇਜ਼ੀ ਨਾਲ ਨਾ ਕਰਦੇ ਜੇ ਫੜ ਕੇ ਅੰਦਰ ਨਾ ਦਿੱਤੇ ਜਾਂਦੇ। ਪਾਸ਼, ਫ਼ਤਹਿਜੀਤ, ਸੰਧੂ ਆਦਿ ਬੜੇ ਬੀਬੇ ਮੁੰਡੇ ਹਨ, ਇਨ੍ਹਾਂ ਤੋਂ ਬੜੀਆਂ ਸੰਭਾਵਨਾਵਾਂ ਨੇ। Poetry ਨੂੰ ਇਨ੍ਹਾਂ ਮੋੜ ਦਿੱਤਾ ਹੈ। ਪਰ ਇਕ ਗੱਲ ਜ਼ਰੂਰ ਕਹਾਂਗਾ ਇਨ੍ਹਾਂ ਨੂੰ ਪੁਰਾਣੀ ਪੀੜ੍ਹੀ ਨਾਲ ਦੁਖੀ ਨਹੀਂ ਹੋਣਾ ਚਾਹੀਦਾ। ਜੜ੍ਹ ਨਾਲ ਹੀ ਹਰਾ ਪੱਤਾ ਹੈ। ਹਰੇ ਪੱਤੇ ਨੂੰ ਮਾਣ ਨਹੀਂ ਕਰਨਾ ਚਾਹੀਦਾ, ਪਤਾ ਨਹੀਂ ਕਦ ਝੜ ਜਾਣਾ। ਉਂਜ ਮੈਂ ਇਨ੍ਹਾਂ ਦਾ ਸਤਿਕਾਰ ਕਰਦਾਂ, ਮੇਰੇ ਦਿਲ ਵਿੱਚ ਕੋਈ ਦਵੈਤ ਨਹੀਂ।’’
ਪਹਿਲੀ ਵਾਰ ਮੈਂ ਉਸ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਕਪੂਰਥਲੇ ਤੱਕਿਆ ਸੀ। ਉੱਥੇ ਉਹ ਸ਼ਾਲੀਮਾਰ ਬਾਗ਼ ਵਿੱਚ ਹੋ ਰਹੇ ਕਵੀ ਦਰਬਾਰ ਵਿੱਚ ਨਹਿਰੂ ਦੀ ਮੌਤ ਦੇ ਸੋਗ ਵਿੱਚ ਕਵਿਤਾ ਗਾ ਰਿਹਾ ਸੀ। ਮੇਰੀ ਉਹਦੇ ਨਾਲ ਦੋ ਗੱਲਾਂ ਕਰਨ ਦੀ ਰੀਝ ਸੀ। ਪਰ ਜਿਉਂ ਹੀ ਸਟੇਜ ਤੋਂ ਉਤਰਿਆ ਮੈਥੋਂ ਵੱਡੀਆਂ ਜਮਾਤਾਂ ਦੇ ਉਹਦੇ ਪ੍ਰਸੰਸਕ ਮੁੰਡੇ-ਕੁੜੀਆਂ ਨੇ ਉਹਨੂੰ ਘੇਰਾ ਪਾ ਲਿਆ ਤੇ ਧੜਾਧੜ ਆਟੋਗ੍ਰਾਫ਼ ਲੈਣ ਲੱਗੇ। ਮੈਂ ਇੱਕ ਸੰਕੋਚ ਵਿੱਚ ਪਿੱਛੇ ਖੜ੍ਹਾ ਰਿਹਾ। ਜੇ ਮੈਂ ਭੁੱਲਦਾ ਨਹੀਂ ਤਾਂ ਉਦੋਂ ਵੀ ਉਹ ਨਸ਼ੇ ਵਿੱਚ ਸੀ। ਫੇਰ ਦੂਜੀ ਵਾਰ ਵੀ ਕਪੂਰਥਲੇ ਹੀ ਰਣਧੀਰ ਕਾਲਜ ਵਿੱਚ ਮੈਂ ਉਹਨੂੰ ਗੁਰੂ ਨਾਨਕ ਕਵੀ ਦਰਬਾਰ ਉੱਤੇ ਵੇਖਿਆ। ਉਹ ਨਸ਼ੇ ਵਿੱਚ ਧੁੱਤ, ਸਟੇਜ ਉੱਤੇ ਘਟੀਆ ਜਹੀਆਂ ਹਰਕਤਾਂ ਕਰੀ ਜਾ ਰਿਹਾ ਸੀ। ਨੱਚਿਆ ਵੀ। ਉਦੋਂ ਮੈਂ ਪਹਿਲੀ ਵੇਰ ਉਹਨੂੰ ਜ਼ਰਾ ਕੁ ਬੇ-ਪਸੰਦ ਕੀਤਾ ਸੀ।
ਸਾਡੀ ਪਹਿਲੀ ਮੁਲਾਕਾਤ ਇੱਕ ਝਗੜੇ ਦੇ ਰੂਪ ਵਿੱਚ ਹੋਈ। ਉਹਨੇ ਨਕੋਦਰ ਇੱਕ ਕਾਲਜ ਵਿੱਚ ਕਵਿਤਾ ਪੜ੍ਹਨ ਆਉਣਾ ਸੀ। ਮੈਨੂੰ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਨੂੰ ਕੁਝ ਹੀ ਦਿਨ ਹੋਏ ਸਨ। ਮਿੱਤਰ ਵਿਦਿਆਰਥੀ ਮੈਨੂੰ ਵੀ ਨਾਲ ਲੈ ਗਏ। ਉਹਨੇ ਦਾਹੜੀ ਵਧਾਈ ਹੋਈ ਸੀ, ਅੱਜ ਸਮਰੱਥਾ ਤੋਂ ਵੱਧ ਪੀ ਗਿਆ ਲੱਗਦਾ ਸੀ।
ਡਿਗਦਾ ਢਹਿੰਦਾ ਸਟੇਜ ’ਤੇ ਚੜ੍ਹਿਆ ਅਤੇ ਪਾਟੇ ਬਾਂਸ ਦੇ ਬੋਲ ਵਰਗੀ ਆਵਾਜ਼ ਵਿੱਚ ਭੱਦਾ ਜਿਹਾ ਗਾਉਣਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਸਮਝਦਾ ਕਿ ਉਹਦਾ ਇੱਕ ਵੀ ਸ਼ਬਦ ਕਿਸੇ ਨੂੰ ਸਮਝ ਆਇਆ ਹੋਵੇ। ਪਰ ਸਾਰੇ ਲੋਕ ਮਗਨ ਹੋ ਕੇ ਸੁਣ ਰਹੇ ਸਨ ਕਿ ਕੋਈ ਐਰ-ਗ਼ੈਰ ਨਹੀਂ, ਸ਼ਿਵ ਕੁਮਾਰ ਬੋਲ ਰਿਹਾ ਹੈ।
ਜਦ ਉਹ ਸਟੇਜ ਤੋਂ ਉਤਰਿਆ ਤਾਂ ਅਸੀਂ ਉਹਨੂੰ ਇੱਕ ਪਾਸੇ ਬੁਲਾ ਲਿਆ। ਹੋਰ ਵੀ ਬਹੁਤ ਸਾਰੇ ਲੋਕ ਉਹਦੇ ਉਦਾਲੇ ਜੁੜੇ ਸਨ। ਮੈਂ ਆਖਿਆ:
- ਤੁਹਾਡੀਆਂ ਕੁਝ ਨਵੀਆਂ ਨਜ਼ਮਾਂ ਬਹੁਤ ਹੀ ਵਧੀਆ ਹਨ। ਤੇ ਅਸੀਂ ਸਾਰੇ ਤੁਹਾਨੂੰ ਤੁਹਾਡੀ ਕਵਿਤਾ ਦੇ ਇਸ ਨਵੇਂ ਮੋੜ ਲਈ ਮੁਬਾਰਕਬਾਦ ਦਿੰਦੇ ਹਾਂ।
- ਕਿਹੜੀਆਂ ਨਵੀਆਂ ਨਜ਼ਮਾਂ? ਉਹਦੇ ਡੋਲ ਰਹੇ ਜਿਸਮ ’ਚੋਂ ਆਵਾਜ਼ ਆਈ।
- ਬੁੱਢੀ ਅੱਖ, ਫ਼ਰਕ ਅਤੇ...
- ਤਾਂ ਕੀ ਪਹਿਲਾਂ ਮੈਂ ਬਕਵਾਸ ਹੀ ਲਿਖਦਾ ਰਿਹਾਂ?
- ਨਹੀਂ, ਪਹਿਲਾਂ ਵੀ ਸੋਹਣਾ ਲਿਖਦੇ ਸਓ, ਹੁਣ ਹੋਰ ਵੀ ਚੰਗਾ ਲਿਖਣ ਲੱਗ ਪਏ ਹੋ।
ਉਹ ਕੁਝ ਗੁੱਸੇ ’ਚ ਆ ਗਿਆ ਲੱਗਦਾ ਸੀ। ਉਹਦੇ ਹੱਥ ਵਿੱਚ ਕੋਈ ਕਿਤਾਬ ਸੀ। ਉਹਨੇ ਪਟਕਾ ਕੇ ਭੁੰਜੇ ਮਾਰੀ। ਮੇਰੇ ਨਾਲ ਦੇ ਕਾਫ਼ੀ ਖਿਝ ਗਏ ਸਨ। ਮੈਂ ਕਿਤਾਬ ਚੁੱਕ ਲਈ ਤੇ ਕਿਹਾ-
- ਏਨਾ ਸੋਹਣਾ ਲਿਖਣ ਵਾਲੇ ਨੂੰ ਸ਼ਰਾਬ ’ਚ ਬੇਸੁਰਤ ਹੋ ਕੇ ਕਵਿਤਾ ਪੜ੍ਹਨ ਦੀ ਆਦਤ ਛੱਡ ਦੇਣੀ ਚਾਹੀਦੀ ਹੈ।
- ਇਹ ਬੁਰਜ਼ੂਆ ਆਦਤ ਹੈ। ਕਿਸੇ ਹੋਰ ਦੇ ਮੂੰਹੋਂ ਨਿਕਲਿਆ। ਉਹਦਾ ਗੁੱਸਾ ਸਿਖਰ ’ਤੇ ਆ ਗਿਆ। ਉਹਨੇ ਮੈਨੂੰ ਡੌਲਿਆਂ ਤੋਂ ਫੜ ਲਿਆ।
- ਮੈਂ ਬੁਰਜ਼ੂਆ ਆਂ? ਆਹ ਘੜੀ ਤੇਰੇ ਲਾਈ ਹੋਈ ਏ, ਟੈਰਾਲੀਨ ਦੀ ਕਮੀਜ਼ ਤੇਰੇ ਪਾਈ ਹੋਈ ਏ। ਮੇਰੇ ਕੋਲ ਕੁਝ ਵੀ ਨਹੀਂ। ਤੇ ਤੁਸੀਂ ਮੈਨੂੰ ਬੁਰਜ਼ੂਆ ਕਹਿੰਦੇ ਓ?
ਉਸ ਨੇ ਆਪਣਾ ਕੋਟ ਲਾਹ ਕੇ ਪਰ੍ਹੇ ਸੁੱਟਣ ਦੀ ਕੋਸ਼ਿਸ਼ ਕੀਤੀ।
- ਲੈ, ਆਹ ਕੋਟ ਈ ਏ, ਜੋ ਤੇਰੇ ਨਾਲੋਂ ਵਾਧੂ ਪਾਇਆ ਹੋਇਆ, ਜੇ ਮੈਂ ਇਹ ਕੋਟ ਲਾਹ ਦਵਾਂ ਫੇਰ ਮੈਨੂੰ ਇਨਕਲਾਬੀ ਮੰਨ ਲਓਗੇ?
- ਇਨਕਲਾਬੀ ਹੋਣਾ ਜਾਂ ਹਟ ਜਾਣਾ ਕੋਈ ਕੋਟ ਲਾਹੁਣ ਜਾਂ ਪਾਉਣ ਵਰਗਾ ਅਮਲ ਨਹੀਂ ਹੈ। ਮੈਂ ਉਹਦੇ ਕੋਟ ਦੇ ਬਟਨ ਲਾਉਂਦਿਆਂ ਕਿਹਾ।
- ਤੁਸੀਂ ਵੱਡੇ... ਤੁਸੀਂ ਮੈਨੂੰ ਮਾਰਕਸਵਾਦ ਦੀ ਇੱਕ ਵੀ ਲਾਈਨ ਕੋਟ ਕਰਕੇ ਦੱਸ ਦਿਓ।
- ਉਹ ਕਿਸ ਖ਼ੁਸ਼ੀ ਵਿੱਚ?
- ਤੁਸੀਂ ਮਾਰਕਸਵਾਦ ਦੀ ਇੱਕ ਵੀ ਕਿਤਾਬ ਪੜ੍ਹੀ ਏ? ਤੂੰ ਕਿਸੇ ਇੱਕ ਦੀ ਲਾਈਨ ਸੁਣਾ ਖਾਂ...
- ਪੜ੍ਹਾਓ ਬਈ ਇਹਨੂੰ ਮਾਓ ਦਾ ਗ੍ਰੰਥ। ਪਿੱਛਿਓਂ ਕੋਈ ਬੋਲਿਆ ਤੇ ਸਾਰੀ ਭੀੜ ਵਿੱਚ ਹਾਸਾ ਪੈ ਗਿਆ। ਸਮਾਗਮ ਦੇ ਪ੍ਰਬੰਧਕ ਲਾਲੇ ਘਬਰਾ ਕੇ ਦੌੜੇ ਅਤੇ ਘਬਰਾਏ ਹੋਏ ਸ਼ਿਵ ਕੁਮਾਰ ਨੂੰ ਖਿੱਚ ਕੇ ਲੈ ਗਏ। ਇਹ ਸਾਡੀ ਪਹਿਲੀ ਕੁਸੈਲੀ ਮੁਲਾਕਾਤ ਸੀ। ਮੈਂ ਉਦਾਸ ਜਿਹਾ ਹੋ ਕੇ ਸਮਾਗਮ ਵਿੱਚੇ ਛੱਡ ਕੇ ਪਿੰਡ ਨੂੰ ਚਲਾ ਗਿਆ।
ਮਗਰੋਂ ਪਤਾ ਲੱਗਾ ਕਿ ਉਹਨੇ ਸਮਾਗਮ ਤੋਂ ਪਿੱਛੋਂ ਕੁਝ ਵਿਦਿਆਰਥੀਆਂ ਨੂੰ ਪੁੱਛਿਆ।
- ਪਾਸ਼ ਦਾ ਪਿੰਡ ਏਥੋਂ ਕਿੰਨੀ ਦੂਰ ਏ?
ਮੁੰਡੇ ਨੇ ਉਹਦੀ ਕਵਿਤਾ ਦੀ ਤੁਕ ਬੋਲ ਦਿੱਤੀ- ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ। ਰਾਤ ਨੂੰ ਉਹ ਮੀਸ਼ੇ ਦੇ ਨਾਲ ਉਹਦੇ ਪਿੰਡ ਭੇਟੀਂ ਚਲਾ ਗਿਆ ਸੀ ਜਿੱਥੇ ਜਾਣ ਲੱਗਿਆਂ ਉਹਨੂੰ ਮੇਰੇ ਪਿੰਡ ਵਿੱਚੋਂ ਦੀ ਲੰਘਣਾ ਪਿਆ ਹੋਵੇਗਾ।
ਮੇਰੀ ਉਸ ਨਾਲ ਦੂਜੀ ਮੁਲਾਕਾਤ ਦਿੱਲੀ ਅੰਮ੍ਰਿਤਾ ਪ੍ਰੀਤਮ ਦੇ ਘਰ ਹੋਈ। ਸ਼ਰਾਬੀ ਹਾਲਤ ਵਿੱਚ ਉਹ ਲਗਪਗ ਬੇਸੁਰਤ ਜਿਹਾ ਸੀ, ਅੰਮ੍ਰਿਤਾ ਨੇ ਗੱਲ ਛੇੜ ਲਈ- ‘ਪਾਸ਼, ਝਗੜੇ ਵਾਲੀ ਗੱਲ ਕਿੱਦਾਂ ਹੋਈ ਸੀ?’
‘ਪਾਸ਼’ ਲਫ਼ਜ਼ ਸੁਣ ਕੇ ਉਹ ਚੌਂਕਿਆ ਜਿਵੇਂ ਕਿ ਉਹਨੂੰ ਅਚਾਨਕ ਪਤਾ ਲੱਗਾ ਕਿ ਮੈਂ ਉੱਥੇ ਬੈਠਾ ਹਾਂ- ‘ਪਾਸ਼, ਮੈਂ ਬਹੁਤ ਰੋਇਆ ਜਦ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਝਗੜਾ ਕਰਨ ਵਾਲਾ ਤੂੰ ਹੀ ਸੈਂ। ਮੈਨੂੰ ਯਕੀਨ ਨਹੀਂ ਆਉਂਦਾ ਕਿ ਤੂੰ ਏਦਾਂ ਕਿਵੇਂ ਕਰ ਸਕਦਾ ਏਂ?’ ਮੈਂ ਤੇਰਾ ਖ਼ਤ ਕੱਢ ਕੇ ਅਨੇਕਾਂ ਵਾਰ ਪੜ੍ਹਿਆ, ਜਿਹੜਾ ਆਦਮੀ ਏਨਾ ਖ਼ੂਬਸੂਰਤ ਖ਼ਤ ਲਿਖ ਸਕਦਾ, ਉਹ ਮੇਰੀ ਏਸ ਤਰ੍ਹਾਂ ਹੱਤਕ ਕਿੱਦਾਂ ਕਰ ਸਕਦਾ? ਪਾਸ਼ ਤੂੰ ਭੂਸ਼ਨ ਨੂੰ ਪੁੱਛ ਲਈਂ ਮੈਂ ਕਿੰਨਾ ਰੋਇਆ ਤੇਰਾ ਖ਼ਤ ਪੜ੍ਹ-ਪੜ੍ਹ ਕੇ, ਮੈਨੂੰ ਕਈ ਰਾਤਾਂ ਨੀਂਦ ਨਹੀਂ ਆਈ। ਦੇਖ ਮੈਂ ਤੇਰੇ ਖ਼ਤ ਬਾਰੇ ਕਵਿਤਾ ਲਿਖ ਕੇ ਉਹਨੂੰ ਅਮਰ ਕਰ ਦਿੱਤਾ...
ਉਹ ਬਹੁਤਾ ਭਾਵੁਕ ਹੋ ਗਿਆ ਸੀ। ਅੰਮ੍ਰਿਤਾ ਨੇ ਸਿਆਣਪ ਨਾਲ ਗੱਲਬਾਤ ਦਾ ਵਿਸ਼ਾ ਬਦਲ ਦਿੱਤਾ। ਗੱਲਾਂ ਕ੍ਰਾਂਤੀਕਾਰੀ ਕਵਿਤਾ ਬਾਰੇ ਹੋਣ ਲੱਗ ਪਈਆਂ।
- ਯਾਰ ਤੂੰ ਬਹੁਤ ਪਿਆਰੀਆਂ ਨਜ਼ਮਾਂ ਲਿਖਦਾ ਏਂ, ਤੇਰੀ ਉਹ ਨਜ਼ਮ ਤਾਂ... ਉਹ ਜਿਹੜੀ ਉਹਦੇ ’ਚ ਛਪੀ ਸੀ... ਯਾਰ... ਕਿਹੜੀ ਸੀ ਉਹ ਦੀਦੂ? ਉਹਨੇ ਅੰਮ੍ਰਿਤਾ ਵੱਲ ਮੂੰਹ ਕਰਕੇ ਪੁੱਛਿਆ। ਉਨ੍ਹਾਂ ਨੂੰ ਕਵਿਤਾ ਭੁੱਲ ਗਈ ਸੀ।
- ਮੈਂ ਇੱਕ ਲੰਬੀ ਇਨਕਲਾਬੀ ਕਵਿਤਾ ਲਿਖ ਰਿਹਾਂ... ਇੱਕ ਜ਼ਫ਼ਰਨਾਮਾ ਹੋਰ... ਇਹ ਕਿਤਾਬ ਦੇ ਰੂਪ ਵਿੱਚ ਹੋਵੇਗੀ। ਬਹੁਤ ਵਧੀਆ ਲਿਖੀ ਜਾ ਰਹੀ ਏੇ। ਅਜੇ ਅਧੂਰੀ ਏ...। ਇਹ ਗੱਲ ਉਹਨੇ ਮੈਨੂੰ ਨਕੋਦਰ ਵੀ ਦੱਸੀ ਸੀ।
- ਉਹ ਪੂਰੀ ਕਦੋਂ ਹੋਊ?
- ਸ਼ਾਇਦ ਕਦੇ ਵੀ ਨਾ ਹੋਵੇ...। ਤੇ ਸੱਚੀਂ ਉਹ ਪੂਰੀ ਹੋ ਵੀ ਨਹੀਂ ਸਕੀ।
- ਬਈ, ਇਹ ਕ੍ਰਾਂਤੀਕਾਰੀ ਕਵਿਤਾ ਤਾਂ ਵਧੀਆ ਏ ਪਰ ਇਸ ਲਹਿਰ ਵਿੱਚ ਕੋਈ ਮੌਕਾਪ੍ਰਸਤ ਬੰਦੇ ਘੁਸ ਆਏ ਨੇ ਜਿਹੜੇ ਤੁਹਾਨੂੰ ਖ਼ਰਾਬ ਕਰ ਰਹੇ ਆ। ਹੁਣ ਜਿੱਦਾਂ ਡਾ. ਦੁਸਾਂਝ ਏ...
ਮੈਨੂੰ ਯਾਦ ਆਇਆ ਜਿਸ ਦੁਸਾਂਝ ਨੂੰ ਐਸ ਵੇਲੇ ਮੌਕਾਪ੍ਰਸਤ ਕਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸੇ ਕੋਲ ਹੀ ਮੇਰਾ ਖ਼ਤ ਲੈ ਕੇ ਮੇਰੀ ਸ਼ਿਕਾਇਤ ਕਰਨ ਗਿਆ ਸੀ- ‘ਡਾ. ਸਾਹਿਬ, ਦੇਖ ਲਓ ਪਾਸ਼ ਨੇ ਮੇਰੇ ਨਾਲ ਕਿੱਦਾਂ ਕੀਤੀ, ਤੇ ਆਹ ਦੇਖੋ ਉਸ ਦਾ ਪਹਿਲਾ ਖ਼ਤ’...
ਸਾਡੀ ਆਖ਼ਰੀ ਮੁਲਾਕਾਤ ਚੰਡੀਗੜ੍ਹ ਉਹਦੇ ਘਰ ਹੋਈ। ਮੈਂ ਗਾਰਗੀ ਦੇ ਘਰ ਉਹਦੇ ਕੋਲੋਂ ਨਾਟਕ ਦੀ ਤਕਨੀਕ, ਪੰਜਾਬੀ ਵਿੱਚ ਇਹਦੇ ਭੂਤ ਤੇ ਵਰਤਮਾਨ ਅਤੇ ਭਵਿੱਖ ਬਾਰੇ ਉਹਦੇ ਵਿਚਾਰ, ਤਜਰਬੇ ਅਤੇ ਸੁਝਾਓ ਸੁਣਨ ਗਿਆ ਹੋਇਆ ਸਾਂ। ਉੱਥੇ ਹੀ ਪਤਾ ਲੱਗਾ ਕਿ ਸ਼ਿਵ ਵਲਾਇਤੋਂ ਆਉਂਦਿਆਂ ਹੀ ਬਿਮਾਰ ਪੈ ਗਿਆ ਸੀ ਤੇ ਹੁਣ ਗੰਭੀਰ ਹਾਲਤ ਵਿੱਚ ਹੈ, ਮੈਂ ਖ਼ਬਰ ਲੈਣ ਉਹਦੇ ਘਰ ਗਿਆ। ਉਹਦੀ ਹਾਲਤ ਸੱਚਮੁੱਚ ਬਹੁਤ ਖਰਾਬ ਸੀ। ਰੰਗ ਕਾਲਾ ਸ਼ਾਹ, ਦਾਹੜੀ ਮੁੱਛ ਸਾਫ਼, ਸਰੀਰ ’ਚ ਕੁਝ ਮੋਟਾਪਾ ਤੇ ਅੱਖਾਂ ਬਿਮਾਰੀ ਨਾਲ ਚੜ੍ਹੀਆਂ ਹੋਈਆਂ। ਉਹ ਡਾਢਾ ਨਿਰਾਸ਼ ਸੀ।
ਅੱਜ ਉਸ ਸ਼ਰਾਬ ਨਹੀਂ ਸੀ ਪੀਤੀ ਹੋਈ ਪਰ ਵਧੇਰੇ ਗੱਲਾਂ ਕਰਨ ਦੇ ਕਾਬਲ ਫਿਰ ਵੀ ਨਹੀਂ ਸੀ ਜਾਪਦਾ। ਸਭ ਤੋਂ ਪਹਿਲਾਂ ਉਸ ਗੁਰਦੀਪ ਗਰੇਵਾਲ ਨੂੰ ਪਛਾਣਿਆ ਤੇ ਉਸ ਨਾਲ ਕੁਝ ਘਰੇਲੂ ਗੱਲਾਂ ਕੀਤੀਆਂ। ਫਿਰ ਇਕਦਮ ਮੇਰਾ ਹਾਲ ਚਾਲ ਪੁੱਛਿਆ। ਜਿਉਂ-ਜਿਉਂ ਉਹ ਬੋਲਦਾ ਗਿਆ ਵਧੇਰੇ ਚੁਸਤ ਜਾਪਣ ਲੱਗ ਪਿਆ। ਘੰਟੇ ਕੁ ਬਾਅਦ ਉਹ ਤੰਦਰੁਸਤ ਆਦਮੀ ਵਾਂਗ ਬੈਠ ਕੇ ਸਾਡੇ ਨਾਲ ਚਾਹ ਪੀਂਦਾ ਹੋਇਆ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਿਆ।
ਉਹਦੇ ਕੋਲ ਸ਼ਿਕਾਇਤਾਂ ਦਾ ਢੇਰ ਸੀ। ਲੋਕਾਂ ਨੇ ਉਹਨੂੰ ਬਹੁਤ ਕੁਝ ਦਿੱਤਾ ਸੀ ਪਰ ਤਾਂ ਵੀ ਉਹ ਲੋਕਾਂ ਨੂੰ ਨਿੰਦ ਰਿਹਾ ਸੀ। ਮੈਂ ਮਹਿਸੂਸ ਕੀਤਾ ਉਹ ਕਵੀ ਦੀ ਹੈਸੀਅਤ ਤੇ ਮਹੱਤਤਾ ਨੂੰ ਬੜਾ ਵਧਾ-ਚੜ੍ਹਾ ਕੇ ਦੇਖ ਰਿਹਾ ਹੈ ਜਿਵੇਂ ਕਿ ਆਮ ਸ਼ਾਇਰਾਂ ਨੂੰ ਭੁਲੇਖਾ ਹੁੰਦਾ ਹੈ। ਅੰਮ੍ਰਿਤਾ ਨੇ ਵੀ ਇੱਕ ਵਾਰ ਕਿਹਾ ਸੀ- ‘ਸ਼ਾਇਰ ਜੇ ਜਾਗ ਪਵੇ ਤਾਂ ਕੌਮਾਂ ਨੂੰ ਵਖ਼ਤ ਪਾ ਦਿੰਦੇ ਹਨ।’
ਬਹੁਤਾ ਉਹ ਏਸ ਕਰਕੇ ਦੁਖੀ ਸੀ ਕਿ ਵਲਾਇਤ ’ਚ ਉਹਨੂੰ ਸੱਦਣ ਵਾਲੇ ਹੀ ਉਸ ਨੂੰ ਭੰਡ ਰਹੇ ਹਨ, ਉਹਨੇ ਓਦਣ ਈ ਵਲਾਇਤੋਂ ਆਈ ਇੱਕ ਚਿੱਠੀ ਵੀ ਕੱਢ ਕੇ ਦਿਖਾਈ ਜਿਸ ਵਿੱਚ ਇੰਗਲੈਂਡ ਵਿੱਚ ਚੱਲੀ ਹੋਈ ਉਹਦੇ ਖਿਲਾਫ਼ ਹਵਾ ਦਾ ਜ਼ਿਕਰ ਸੀ। ਅਚਾਨਕ ਉਹ ਰੋ ਪਿਆ- ਆਹ ਅੰਮ੍ਰਿਤਾ ਨੇ ਵੀ ਕੁਸ਼ ਮੇਰੇ ਖਿਲਾਫ਼ ਲਿਖ ਦਿੱਤਾ ਏ। ‘ਆਰਸੀ’ ਕੱਢ ਕੇ ਦਿਖਾਉਂਦਾ ਹੋਇਆ ਬੋਲਿਆ।
ਮੈਨੂੰ ਉਹਦੀ ਮੁਖਾਲਫ਼ਤ ਨਾਲੋਂ ਉਹਦੀ ਜ਼ਿੰਦਗੀ ਦਾ ਬਾਹਲਾ ਫ਼ਿਕਰ ਸੀ। ਮੈਂ ਉਹਦੀ ਸਿਹਤ ਬਾਰੇ ਉਸ ਤੋਂ ਕੁਝ ਗੱਲਾਂ ਪੁੱਛੀਆਂ ਤੇ ਉਹਨੂੰ ਤੁਰੰਤ ਪੀ.ਜੀ.ਆਈ. ਦਾਖ਼ਲ ਹੋ ਜਾਣ ਦੀ ਸਲਾਹ ਦਿੱਤੀ।
- ਪਾਸ਼ ਮੈਨੂੰ ਬਚਾ ਲਓ। ਉਹਨੇ ਤਰਲਾ ਜਿਹਾ ਲਿਆ।
ਮੈਂ ਉਹਦੇ ਜਿਸਮ ਦੇ ਆਰ-ਪਾਰ ਜਮਾਤਾਂ ਵਿੱਚ ਵੰਡਿਆ ਹੋਇਆ ਇੱਕ ਬੇਹੂਦਾ ਸੰਸਾਰ ਦੇਖ ਰਿਹਾ ਸਾਂ। ਜਮਾਤਾਂ ਜੋ ਇੱਕ ਦੂਜੇ ਲਈ ਬੇਹੱਦ ਖ਼ਤਰਨਾਕ ਤੇ ਬੇਰਹਿਮ ਹਨ।
ਸ਼ਿਵ ਫ਼ਰਸ਼ ’ਤੇ ਰਹਿਣ ਵਾਲਿਆਂ ’ਚ ਇੱਕ ਕਾਬਲ ਇਨਸਾਨ ਸੀ। ਉਹਦੀ ਕਾਬਲੀਅਤ ਪ੍ਰਤੀ ਲੋਕਾਂ ਦੀ ਵਡਿਆਈ ਨੇ ਉਹਦੀ ਨਜ਼ਰ ਫ਼ਰਸ਼ ਤੋਂ ਚੁੱਕ ਦਿੱਤੀ। ਛੱਤ ’ਤੇ ਲਟਕਦੇ ਫਨੂਸਾਂ ਨੇ ਉਹਦਾ ਧਿਆਨ ਮੱਲ ਲਿਆ। ਉਹਨੇ ਹੱਥ ਚੁੱਕ-ਚੁੱਕ ਕੇ ਫਨੂਸਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਫਨੂਸਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਉਹਨੂੰ ਫਰਸ਼ ’ਤੇ ਵਸਦੇ ਲੋਕ ਵੀ ਵਿਸਰ ਗਏ, ਜਿਨ੍ਹਾਂ ਉਹਦੀ ਕਾਬਲੀਅਤ ਨੂੰ ਪਾਲ ਕੇ ਜਵਾਨ ਕੀਤਾ ਸੀ। ਅੰਤ ਉਹ ਕੁੱਦਿਆ ਤੇ ਛੱਤ ਦੇ ਨੇੜੇ ਪਹੁੰਚ ਗਿਆ। ਪਹਿਲਾਂ ਤੋਂ ਮੱਲੀ ਬੈਠੇ ਲੋਕਾਂ ਨੇ ਇਸ ਨਵੇਂ ਰਕੀਬ ਨੂੰ ਆਪਣੇ ਵਿੱਚ ਘੁਸਣ ਨਾ ਦਿੱਤਾ। ਉਹ ਆਪਣੀ ਖੇਡ ਵਿੱਚ ਮਸਤ ਰਹੇ। ਸ਼ਿਵ ਦੇ ਹੱਥ ਚੁੱਕੇ ਹੀ ਰਹਿ ਗਏ। ਹੁਣ ਉਹ ਛੱਤ ਅਤੇ ਫ਼ਰਸ਼ ਦੇ ਐਨ ਵਿਚਕਾਰ ਲਟਕ ਰਿਹਾ ਸੀ। ਫ਼ਰਸ਼ ਵਾਲਿਆਂ ਨੂੰ ਉਹ ਆਪ ਛੱਡ ਚੁੱਕਾ ਸੀ। ਛੱਤ ਵਾਲਿਆਂ ਉਹਨੂੰ ਦੁਰਕਾਰ ਦਿੱਤਾ ਸੀ।
ਮੈਂ ਸੋਚਿਆ- ਕਾਸ਼, ਇਕ ਪਟਵਾਰੀ ਹੀ ਲੱਗਾ ਰਹਿੰਦਾ।
ਤੇ ਉਸ ਦੀ ਮਿਲੀਟੈਂਟ ਕਵਿਤਾ ‘ਇੱਕ ਹੋਰ ਜ਼ਫ਼ਰਨਾਮਾ’ ਪੂਰੀ ਨਾ ਹੋ ਸਕੀ।
(ਵਰਤਮਾਨ ਦੇ ਰੂਬਰੂ)

ਜੇਲ੍ਹ ’ਚ ਸ਼ਿਵ ਦੀ ਯਾਦ

ਮੇਰੀ ਸੋਚ ਨੂੰ ਪਸੀਨਾ ਆ ਰਿਹਾ ਹੈ। ਮੈਨੂੰ ਉਨ੍ਹਾਂ ਇਨਕਲਾਬੀ ਲੇਖਕਾਂ ’ਤੇ ਰਸ਼ਕ ਆਉਂਦਾ ਹੈ ਜਿਨ੍ਹਾਂ ਲਈ ਇਨਕਲਾਬ ਦੇ ਯੁੱਧ ਵਿੱਚ ਕੋਈ ਵੱਡੀ ਉਲਝਣ ਨਹੀਂ। ਕਾਸ਼ ਮੇਰੇ ਵਿੱਚ ਵੀ ਉਨ੍ਹਾਂ ਵਾਲੀ ਚੜ੍ਹਦੀ ਕਲਾ ਹੁੰਦੀ। ਇੱਕ ਮਾਰਕਸਵਾਦੀ, ਲੈਨਿਨਵਾਦੀ, ਮਾਓਵਾਦੀ ਚੁਟਕੀ ਮਾਰੀ ਤੇ ਮਿਹਨਤਕਸ਼ ਜਮਾਤਾਂ ਦੇ ਸਾਰੇ ਵਿਰੋਧ ਹੱਲ। ਇੱਕ ਹੋਰ ਵਾਦੀ, ਵਾਦੀ, ਵਾਦੀ ਚੁਟਕੀ ਮਾਰੀ ਤੇ ਲੋਕ ਧੜਾ-ਧੜ ਜਥੇਬੰਦ ਹੋ ਕੇ ਹਥਿਆਰਬੰਦ ਘੋਲ ਵਿੱਚ ਕੁੱਦ ਪਏ। ਮੈਂ ਸੋਚਦਾ ਹਾਂ। ਇਮਾਨਦਾਰੀ ਨਾਲ ਸੋਚਦਾ ਹਾਂ ਕਿ ਮੇਰੇ ਜ਼ਿਹਨ ਵਿੱਚ ਸੱਚੀਂ-ਮੁੱਚੀਂ ਕੋਈ ਨਿਰਾਸ਼ਾ ਦਾ ਕੀੜਾ ਹੈ। ਮੈਂ ਜ਼ਰੂਰ ਕਿਸੇ ਨਾ ਕਿਸੇ ਪੱਧਰ ਉੱਤੇ ਹਾਰਿਆ ਮਨੁੱਖ ਹਾਂ ਜੋ ਮਿਹਨਤਕਸ਼ ਲੋਕਾਂ ਦੀ ਇਨਕਲਾਬੀ ਤਾਕਤ ਉੱਤੇ ਭਰੋਸਾ ਨਹੀਂ ਕਰਦਾ ਜਿਸ ਨੂੰ ਦੱਬੀਆਂ-ਕੁਚਲੀਆਂ ਜਮਾਤਾਂ ਦੇ ਖਾੜਕੂਪੁਣੇ ਦਾ ਪੂਰਾ ਅਹਿਸਾਸ ਨਹੀਂ ਹੈ। ਮੇਰੇ ਅੰਦਰਲਾ ਮਨੁੱਖ ਮੇਰੇ ਸਾਹਮਣੇ ਨਿੰਮੋਝੂਣਾ ਖੜ੍ਹਾ ਹੈ ਤੇ ਮੇਰਾ ਉਹਦੇ ਮੂੰਹ ’ਤੇ ਤਾਬੜਤੋੜ ਚਪੇੜਾਂ ਮਾਰਨ ਨੂੰ ਜੀਅ ਕਰਦਾ।
ਅੱਜ ਸ਼ਿਵ ਕੁਮਾਰ ਦੀ ਬਰਸੀ ਹੈ। ਮੈਂ ਤੇ ਇੰਗਲੈਂਡ ਦੇ ਸੰਪਾਦਕ ਤਰਸੇਮ ਪੁਰੇਵਾਲ ਨੇ ਬਟਾਲੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਉਹਦੀ ਕਾਰ ਮੈਨੂੰ ਗਿਆਰਾਂ ਵਜੇ ਜਲੰਧਰ ਉਡੀਕੇਗੀ। ਮੈਂ ਸ਼ਿਵ ਦੀ, ਉਹਦੀ ਕਵਿਤਾ ਦੀ ਬਗੀਚੀ ਤੋਂ ਪਰ੍ਹਾਂ ਦੂਰ ਦੇਸ਼ ਕਿਸੇ ਜੰਗਲ ਵਿੱਚ ਸ਼ਿਕਾਰ ਕਰ ਲਿਆ ਗਿਆ ਹਾਂ। ਸ਼ਿਵ ਸ਼ਾਇਦ ਇਹਨੂੰ ਹੱਥਕੜੀਆਂ ਦਾ ਜੰਗਲ ਕਹਿੰਦਾ ਸੀ। ਮੈਂ ਇਸ ਨੂੰ ਹੱਥਕੜੀਆਂ ਦਾ ਜੰਗਲ ਨਹੀਂ ਮਨੁੱਖਾਂ ਦੀ ਇੱਕ ਜਾਹਲ ਭੀੜ ਸਮਝਦਾ ਹਾਂ। ਕੋਈ ਅਦਿੱਖ ਹੱਥਕੜੀ ਹੈ ਜੋ ਕੁਝ ਕੁ ਨੂੰ ‘ਨਿਆਂਕਾਰ’ ਤੇ ਬਾਕੀਆਂ ਨੂੰ ‘ਮੁਜਰਿਮ’ ਦਾ ਰੂਪ ਦੇ ਦਿੰਦੀ ਹੈ। ਸਾਨੂੰ ਹੱਥਕੜੀਆਂ ਲਾ ਕੇ ਐੱਸ.ਡੀ.ਐਮ. ਦੇ ਪੇਸ਼ ਕੀਤਾ ਜਾਂਦਾ ਹੈ।
ਇਸ ਹਲਕੇ ਦਾ ਡੀ.ਐੱਸ.ਪੀ. ਸ਼ਾਇਰ ਹੈ। ਗ਼ਜ਼ਲਗੋ। ਇੱਕ ਕਿਤਾਬ ਛਪ ਚੁੱਕੀ ਹੈ।
ਇਸ ਹਲਕੇ ਦਾ ਐੱਸ.ਡੀ.ਐਮ. ਕਹਾਣੀਕਾਰ ਹੈ। ਧਾਰਮਿਕ ਤੇ ਇਸ਼ਕੀ। ਇੱਕ ਕਿਤਾਬ ਛਪ ਚੁੱਕੀ ਹੈ।
ਮੈਂ ਸਮਾਜ ਵਿਰੋਧੀ ਅਨਸਰ ਹਾਂ। ਖੁੱਲ੍ਹੀ ਕਵਿਤਾ ਦਾ ਕਵੀ। ਦੋ ਕਿਤਾਬਾਂ ਛਪ ਚੁੱਕੀਆਂ ਹਨ। ਅੰਦਰਖਾਤੇ ਸਾਰੇ ਮੇਰੇ ਤੋਂ ਮਾੜਾ-ਮੋਟਾ ਝੇਂਪਦੇ ਹਨ ਪਰ ਉਹ ਡੀ.ਐੱਸ.ਪੀ. ਹੈ। ਉਹ ਐੱਸ.ਡੀ.ਐਮ. ਹੈ। ਤੇ ਮੈਂ ਸਮਾਜ ਵਿਰੋਧੀ ਅੰਸ਼ ਹਾਂ। ਸ਼ਿਵ ਸਮੂਹਕ ਸਮਾਜ ਦਾ ਕਵੀ ਸੀ। ਮੇਰਾ ਉਸ ਦੀ ਬਰਸੀ ’ਤੇ ਜਾਣਾ ਬਣਦਾ ਵੀ ਨਹੀਂ ਸੀ। ਸੋ ਮੈਨੂੰ ਬਟਾਲੇ ਦੀ ਬਜਾਏ ਜੇਲ੍ਹ ਭੇਜ ਦਿੱਤਾ ਜਾਂਦਾ ਹੈ।

ਗੀਤ

ਸ਼ਿਵ ਕੁਮਾਰ

ਇੱਕ ਸਾਹ ਸੱਜਣਾਂ ਦਾ,
ਇੱਕ ਸਾਹ ਮੇਰਾ,
ਕਿਹੜੀ ਤਾਂ ਧਰਤੀ ਉੱਤੇ ਬੀਜੀਏ ਨੀ ਮਾਂ!
ਗਹਿਣੇ ਤਾਂ ਪਈ ਊ ਸਾਡੇ-
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ!

ਜੇ ਮੈਂ ਬੀਜਾਂ ਮਾਏ-
ਤਾਰਿਆਂ ਦੇ ਨੇੜੇ-ਨੇੜੇ,
ਰੱਬ ਦੀ ਮੈਂ ਜ਼ਾਤ ਤੋਂ ਡਰਾ!
ਜੇ ਮੈਂ ਬੀਜਾਂ ਮਾਏ-
ਸ਼ਰ੍ਹਾ ਦੀਆਂ ਢੱਕੀਆਂ ਤੇ
ਤਾਅਨਾ ਮਾਰੂ ਸਾਰਾ ਨੀ ਗਰਾਂ!

ਜੇ ਮੈਂ ਬੀਜਾਂ ਮਾਏ-
ਮਹਿਲਾਂ ਦੀਆਂ ਟੀਸੀਆਂ ਤੇ
ਅੱਥਰੇ ਤਾਂ ਮਹਿਲਾਂ ਦੇ ਨੀ ਕਾਂ!
ਜੇ ਮੈਂ ਬੀਜਾਂ ਮਾਏ-
ਝੁੱਗੀਆਂ ਦੇ ਵਿਹਰੜੇ,
ਮਿੱਧੇ ਨੀ ਮੈਂ ਜਾਣ ਤੋਂ ਡਰਾਂ!

ਮਹਿੰਗੇ ਤਾਂ ਸਾਹ ਸਾਡੇ-
ਸੱਜਣਾਂ ਦੇ ਸਾਡੇ ਕੋਲੋਂ
ਕਿੱਦਾਂ ਦਿਆਂ ਬੀਜ ਨੀ ਕੁਥਾਂ!
ਇੱਕ ਸਾਡੀ ਲੱਦ ਗਈ ਊ-
ਰੁੱਤ ਨੀ ਜਵਾਨੀਆਂ ਦੀ,
ਹੋਰ ਰੁੱਤ ਜੱਚਦੀ ਕੋਈ ਨਾ!

ਜੇ ਮੈਂ ਬੀਜਾਂ ਮਾਏ-
ਰੁੱਤ ਨੀ ਬਹਾਰ ਦੀ ’ਚ
ਮਹਿਕਾਂ ਵਿੱਚ ਡੁੱਬ ਕੇ ਮਰਾਂ!
ਚੱਟ ਲੈਣ ਭੌਰ ਜੇ-
ਪਰਾਗ ਮਾਏੇ ਬੂਥੀਆਂ ਤੋਂ,
ਮੈਂ ਨਾ ਕਿਸੇ ਕੰਮ ਦੀ ਰਵ੍ਹਾਂ!

ਜੇ ਮੈਂ ਬੀਜਾਂ ਮਾਏ-
ਸਾਉਣ ਦੀਆਂ ਭੂਰਾਂ ਵਿੱਚ
ਮੰਦੀ ਲੱਗੇ ਬੱਦਲਾਂ ਦੀ ਛਾਂ।
ਜੇ ਮੈਂ ਬੀਜਾਂ ਮਾਏ-
ਪੋਹ ਦਿਆਂ ਕੱਕਰਾਂ ’ਚ,
ਨੇੜੇ ਤਾਂ ਸੁਣੀਂਦੀ ਊ ਖਿਜ਼ਾਂ!

ਮਾਏ ਸਾਡੇ ਨੈਣਾਂ ਦੀਆਂ-
ਕੱਸੀਆਂ ਦੇ ਥੱਲਿਆਂ ’ਚ,
ਲੱਭੇ ਕਿਤੇ ਪਾਣੀ ਦਾ ਨਾ ਨਾਂ!
ਤੱਤੀ ਤਾਂ ਸੁਣੀਂਦੀ ਬਹੁੰ-
ਰੁੱਤ ਨੀ ਹੁਨਾਲਿਆਂ ਦੀ,
ਦੁੱਖਾਂ ਵਿੱਚ ਫਾਥੀ ਊ ਨੀ ਜਾਂ!

ਇੱਕ ਸਾਹ ਸੱਜਣਾਂ ਦਾ

­ਇੱਕ ਸਾਹ ਮੇਰਾ
ਕਿਹੜੀ ਧਰਤੀ ਉੱਤੇ ਬੀਜੀਏ ਨੀ ਮਾਂ!
ਗਹਿਣੇ ਤਾਂ ਪਈ ਊ ਸਾਡੇ
ਦਿਲੇ ਦੀ ਧਰਤੀ,
ਹੋਰ ਮਾਏ ਜੱਚਦੀ ਕੋਈ ਨਾ! (1961)
* * *

ਉਮਰਾਂ ਦੇ ਸਰਵਰ

ਉਮਰਾਂ ਦੇ ਸਰਵਰ
ਸਾਹਵਾਂ ਦਾ ਪਾਣੀ
ਗੀਤਾ ਵੇ ਚੁੰਝ ਭਰੀਂ
ਭਲਕੇ ਨਾ ਰਹਿਣੇ
ਪੀੜਾਂ ਦੇ ਚਾਨਣ
ਹਾਵਾਂ ਦੇ ਹੰਸ ਸਰੀਂ
ਗੀਤਾ ਵੇ ਚੁੰਝ ਭਰੀਂ।

ਗੀਤਾ ਵੇ,
ਉਮਰਾਂ ਦੇ ਸਰਵਰ ਛਲੀਏ
ਪਲ-ਛਿਣ ਭਰ ਸੁੱਕ ਜਾਂਦੇ
ਸਾਹਵਾਂ ਦੇ ਪਾਣੀ
ਪੀਲੇ ਵੀ ਅੜਿਆ
ਅਣਚਾਹਿਆਂ ਫਿੱਟ ਜਾਂਦੇ
ਭਲਕੇ ਨਾ ਸਾਨੂੰ ਦਈਂ ਉਲਾਂਭੜਾ
ਭਲਕੇ ਨਾ ਰੋਸ ਕਰੀਂ
ਗੀਤਾ ਵੇ ਚੁੰਝ ਭਰੀਂ।

ਹਾਵਾਂ ਦੇ ਹੰਸ,
ਸੁਣੀਂਦੇ ਵੇ ਲੋਭੀ
ਦਿਲ ਮਰਦਾ ਤਾਂ ਗਾਂਦੇ
ਇਹ ਬਿਰਹੋਂ ਰੁੱਤ ਹੰਝੂ ਚੁਗਦੇ
ਚੁਗਦੇ ਤੇ ਉੱਡ ਜਾਂਦੇ
ਐਸੇ ਉੱਡਦੇ ਮਾਰ ਉਡਾਰੀ
ਮੁੜ ਨਾ ਆਉਣ ਘਰੀਂ
ਗੀਤਾ ਵੇ ਚੁੰਝ ਭਰੀਂ।

ਗੀਤਾ ਵੇ,
ਚੁੰਝ ਭਰੇਂ ਤਾਂ ਤੇਰੀ
ਸੋਨੇ ਚੁੰਝ ਮੜਾਵਾਂ
ਮੈਂ ਚੰਦਰੀ ਤੇਰੀ ਬਰਦੀ ਥੀਵਾਂ
ਨਾਲ ਥੀਏ ਪਰਛਾਵਾਂ
ਹਾੜਾ ਈ ਵੇ,
ਨਾ ਤੂੰ ਤਿਰਹਾਇਆ
ਮੇਰੇ ਵਾਂਗ ਮਰੀਂ
ਗੀਤਾ ਵੇ ਚੁੰਝ ਭਰੀਂ।

ਉਮਰਾਂ ਦੇ ਸਰਵਰ
ਸਾਹਵਾਂ ਦਾ ਪਾਣੀ
ਗੀਤਾ ਵੇ ਚੁੰਝ ਭਰੀਂ
ਭਲਕੇ ਨਾ ਰਹਿਣੇ
ਪੀੜਾਂ ਦੇ ਚਾਨਣ
ਹਾਵਾਂ ਦੇ ਹੰਸ ਸਰੀਂ
ਗੀਤਾ ਵੇ ਚੁੰਝ ਭਰੀਂ।

Advertisement
Author Image

Advertisement
Advertisement
×