For the best experience, open
https://m.punjabitribuneonline.com
on your mobile browser.
Advertisement

ਮਾਨਸਾ ਜ਼ਿਲ੍ਹੇ ਦੇ 59 ਪਿੰਡਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਦੀ ਆਸ ਬੱਝੀ

09:16 AM Dec 15, 2023 IST
ਮਾਨਸਾ ਜ਼ਿਲ੍ਹੇ ਦੇ 59 ਪਿੰਡਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਮਿਲਣ ਦੀ ਆਸ ਬੱਝੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਮਾਈਨਰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 14 ਦਸੰਬਰ
ਨਹਿਰੀ ਪਾਣੀ ਨੂੰ ਲਗਾਤਾਰ ਤਰਸ ਰਹੇ ਮਾਨਸਾ ਜ਼ਿਲ੍ਹੇ ਵਿਚਲੇ ਸਰਦੂਲਗੜ੍ਹ ਹਲਕੇ ਦੇ 59 ਪਿੰਡਾਂ ਵਿੱਚ 85 ਕਰੋੜ ਰੁਪਏ ਦੀ ਲਾਗਤ ਨਾਲ ਰਜਬਾਹੇ ਅਤੇ ਸੂਏ-ਕੱਸੀਆਂ ਦੇ ਕਾਰਜ ਆਰੰਭ ਹੋ ਗਏ ਹਨ, ਜਿਨ੍ਹਾਂ ਦੇ ਹੁਣ ਆਰਸੀਸੀ ਪੱਕੇ ਹੋ ਕੇ ਟੇਲਾਂ ਸਮੇਤ ਸਾਰੇ ਮੋਘਿਆਂ ਨੂੰ ਪੂਰੀ ਮਿਕਦਾਰ ਵਿੱਚ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਫ਼ਸਲੀ ਝਾੜ ਘੱਟਣ ਲੱਗਿਆ ਸੀ ਪਰ ਹੁਣ ਨਵੇਂ ਸਰਕਾਰੀ ਉਪਰਾਲਿਆਂ ਨਾਲ ਨਹਿਰੀ ਮਿਲਣ ਕਾਰਨ ਖੇਤਾਂ ਦੇ ਵਾਰੇ-ਨਿਆਰੇ ਹੋ ਜਾਣਗੇ। ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਇਸ ਵਿਸ਼ੇਸ਼ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂਸਾ ਬ੍ਰਾਂਚ ਦਾ ਪ੍ਰਾਜੈਕਟ 2 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਆਰੰਭ ਹੋ ਗਿਆ ਹੈ, ਜਿਸ ਨਾਲ ਪਿੰਡ ਰਾਏਪੁਰ, ਟਾਂਡੀਆਂ, ਮਾਖਾ, ਤਲਵੰਡੀ ਅਕਲੀਆ ਅਤੇ ਮੂਸਾ ਸਮੇਤ 18 ਪਿੰਡਾਂ ਦੇ ਖੇਤਾਂ ਦੀ ਚਿਰਾਂ ਤੋਂ ਚਲੀ ਆ ਰਹੀ ਪਿਆਸ ਮਿਟ ਜਾਣ ਦੀ ਸੰਭਾਵਨਾ ਬਣ ਗਈ ਹੈ। ਇਸੇ ਤਰ੍ਹਾਂ ਘਰਾਂਗਣਾ ਮਾਈਨਰ ਦੇ 13 ਪਿੰਡਾਂ ਨੂੰ ਹੋਰ ਲਾਭ ਮਿਲਣ ਦੀ ਆਸ ਪੈਦਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਡਤ ਬ੍ਰਾਂਚ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਬਕਾਇਦਾ ਕੰਮ ਆਰੰਭ ਹੋ ਗਿਆ ਹੈ, ਜਿਸਦਾ ਹੁਣ ਪਿੰਡ ਨਰਿੰਦਰਪੁਰਾ ਤੋਂ ਬਾਅਦ ਸ਼ੁਰੂ ਹੋਕੇ ਪਿੰਡ ਝੇਰਿਆਂਵਾਲੀ ਦੀ ਟੇਲ ਸਮੇਤ ਭੰਮੇ ਕਲਾਂ,ਬਾਜੇਵਾਲਾ,ਬੀਰੇਵਾਲਾ,ਭਲਾਈਕੇ ਆਦਿ ਪਿੰਡਾਂ ਵਿੱਚ ਨਹਿਰੀ ਪਾਣੀ ਤੋਟ ਖ਼ਤਮ ਹੋ ਜਾਵੇਗੀ।
ਵਿਧਾਇਕ ਨੇ ਦੱਸਿਆ ਕਿ 5 ਕਰੋੜ 46 ਲੱਖ ਰੁਪਏ ਦੀ ਲਾਗਤ ਨਾਲ ਨਿਊ ਢੁਡਾਲ ਬ੍ਰਾਂਚ ਦਾ ਕੰਮ ਆਰੰਭ ਹੋ ਗਿਆ ਹੈ, ਜਿਸ ਨਾਲ ਪਿੰਡ ਝੁਨੀਰ, ਸਾਨਿਆਂਵਾਲੀ ਟੇਲ ਸਮੇਤ ਮਾਖੇਵਾਲਾ, ਘੁਰਕਣੀ, ਖਿਆਲੀ ਚਹਿਲਾਂਵਾਲੀ, ਦਾਨੇਵਾਲਾ ਅਤੇ ਫ਼ਤਿਹਪੁਰ ਦੇ ਖੇਤਾਂ ਦੀ ਖੁਸ਼ਕੀ ਚੱਕੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 4.9 ਕਰੋੜ ਰੁਪਏ ਨਾਲ ਢੁਡਾਲ ਬ੍ਰਾਂਚ, ਜੋ ਹੁਣ ਪਿੰਡ ਆਹਲੂਪੁਰ ਤੱਕ ਬਣ ਗਈ ਹੈ, ਉਥੋਂ ਇਸਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸਦੇ ਨਾਲ ਹੀ ਕਾਹਨੇਵਾਲਾ ਮਾਈਨਰ ਦਾ ਕੰਮ ਵੀ ਆਰੰਭ ਕਰ ਦਿੱਤਾ ਗਿਆ, ਜਿਸ ਨਾਲ ਪਿੰਡ ਭੂੰਦੜ, ਕਾਹਨੇਵਾਲਾ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਸਿੰਜਿਆ ਜਾਵੇਗਾ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਜਿਹੜੀਆਂ ਨਹਿਰਾਂ ਕਿਸਾਨਾਂ ਨੂੰ ਪੂਰਾ ਪਾਣੀ ਨਹੀਂ ਸੀ ਦੇ ਰਹੀਆਂ, ਉਨ੍ਹਾਂ ਦੇ ਹੁਣ ਨਵੇਂ ਸਿਰੇ ਤੋਂ ਆਰ.ਸੀ.ਸੀ ਕੰਕਰੀਟ ਪੈਣ ਨਾਲ ਕਿਸਾਨਾਂ ਨੂੰ ਪੂਰਾ ਪਾਣੀ ਹੀ ਨਹੀਂ ਮਿਲੇਗਾ, ਸਗੋਂ ਇਸ ਨਾਲ ਕੱਚੀਆਂ ਅਤੇ ਥੋਥੀਆਂ ਹੋ ਚੁੱਕੀਆਂ ਪੱਟੜੀਆਂ ਕਾਰਨ ਵਾਰ-ਵਾਰ ਟੁੱਟਦੀਆਂ ਨਹਿਰਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਨਿਜ਼ਾਤ ਮਿਲੇਗੀ। ਉਨ੍ਹਾਂ ਕਿਹਾ ਕਿ ਕੋਈ ਟੇਲ ਐਸੀ ਨਹੀਂ ਰਹੇਗੀ, ਜਿੱਥੇ ਕਿਸਾਨਾਂ ਨੂੰ ਮੋਘਿਆਂ ਰਾਹੀਂ ਪੂਰਾ ਨਹਿਰੀ ਪਾਣੀ ਨਹੀਂ ਮਿਲੇਗਾ।

Advertisement

Advertisement
Advertisement
Author Image

Advertisement