Bank Manager Murder Case: ਬੈਂਕ ਮੈਨੇਜਰ ਕਤਲ ਕਾਂਡ ਦੇ ਮਹੀਨੇ ਬਾਅਦ ਵੀ ਅੱਠੇ ਮੁਲਜ਼ਮ ਪੁਲੀਸ ਗ੍ਰਿਫ਼ਤ ’ਚੋਂ ਬਾਹਰ
05:01 PM Nov 19, 2024 IST
ਬੈਂਕ ਮੈਨੇਜਰ ਕਤਲ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਲਈ ‘ਇਨਸਾਫ ਕਮੇਟੀ’ ਵੱਲੋਂ ਐੱਸਐਸਪੀ ਦਫਤਰ ਮੂਹਰੇ ਦਿੱਤਾ ਗਿਆ ਧਰਨਾ।
Advertisement
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਨਵੰਬਰ
Advertisement
Bank Manager Murder Case: ਬੈਂਕ ਮੈਨੇਜਰ ਸਿਮਰਨਦੀਪ ਬਰਾੜ ਦੀ 19 ਅਕਤੂਬਰ ਨੂੰ ਪਿੰਡ ਭੁੱਲਰ ਲਾਗਲੀ ਸਰਹੰਦ ਫੀਡਰ ਨਹਿਰ ਵਿੱਚੋਂ ਕਾਰ ਸਣੇ ਲਾਸ਼ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਮੁਕਤਸਰ ਦੇ 6 ਡਾਕਟਰਾਂ ਸਣੇ 8 ਜਣਿਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਪੁਲੀਸ ਵੱਲੋਂ ਕਿਸੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਜਥੇਬੰਦੀਆਂ ਵੱਲੋਂ ‘ਇਨਸਾਫ ਕਮੇਟੀ’ ਗਠਿਤ ਕੀਤੀ ਗਈ ਹੈ, ਜਿਸ ਦੀ ਅਗਵਾਈ ਹੇਠ ਅੱਜ ਐੱਸਐੱਸਪੀ ਦਫਤਰ ਮੂਹਰੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੇਅੰਤ ਸਿੰਘ ਬਲਮਗੜ੍ਹ, ਮਨਜੀਤ ਸਿੰਘ ਤਾਮਕੋਟ, ਜਗਮੀਤ ਸਿੰਘ ਝੋਰੜ, ਰਾਜੂ ਤਾਮਕੋਟ, ਗੁਰਦਰਸ਼ਨ ਸਿੰਘ ਰੁਪਾਣਾ, ਨਿਰਮਲ ਸਿੰਘ ਸੰਗੂਧੌਣ, ਬਲਜਿੰਦਰ ਸਿੰਘ ਬੀਕੇਯੂ, ਪ੍ਰਧਾਨ ਹਰਪ੍ਰੀਤ ਸਿੰਘ ਗੋਨੇਆਣਾ, ਸੁਰਜੀਤ ਸਿੰਘ ਰੁਪਾਣਾ, ਰਾਜ ਸਿੰਘ, ਗੁਰਮੇਲ ਸਿੰਘ ਤਖਤ ਮਲਾਣਾ ਅਤੇ ਸ਼ਮਸ਼ੇਰ ਸਿੰਘ ਤਾਮਕੋਟ ਆਦਿ ਨੇ ਕਿਹਾ ਕਿ ਇਕ ਨੌਜਵਾਨ ਤੇ ਕਾਬਲ ਬੈਂਕ ਅਧਿਕਾਰੀ, ਜੋ ਬਜ਼ੁਰਗ ਮਾਪਿਆਂ, ਦੋ ਮਾਸੂਮ ਬੱਚਿਆਂ ਤੇ ਪਤਨੀ ਦਾ ਸਹਾਰਾ ਸੀ, ਦੇ ਸ਼ਰੇਆਮ ਹੋਏ ਕਤਲ ਦੇ ਦੋਸ਼ੀਆਂ ਨੂੰ ਇਕ ਮਹੀਨੇ ਬਾਅਦ ਵੀ ਜੇ ਪੁਲੀਸ ਵੱਲੋਂ ਗ੍ਰਿਫਤਾਰ ਨਾ ਕੀਤਾ ਜਾਵੇ ਤਾਂ ਫਿਰ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉਠ ਜਾਣਾ ਸੁਭਾਵਕ ਹੈ। ਹੁਣ ਲੋਕਾਂ ਵੱਲੋਂ ਸੜਕਾਂ ’ਤੇ ਆ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ, ਜਿਸਤੋਂ ਸਪੱਸ਼ਟ ਹੈ ਕਿ ਪੁਲੀਸ ਦਬਾਅ ਹੇਠ ਕੰਮ ਕਰ ਰਹੀ ਹੈ। ਪਰਿਵਾਰ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਸੱਚਾਈ ਸਾਹਮਣੇ ਲਿਆਵੇ। ਦੋਸ਼ੀ ਪੈਸੇ, ਸਿਫਾਰਸ਼ਾਂ ਤੇ ਧੱਕੇਸ਼ਾਹੀ ਦੇ ਜ਼ੋਰ ’ਤੇ ਸਬੂਤ ਖਤਮ ਕਰ ਰਹੇ ਹਨ ਤੇ ਪੀੜਤ ਪਰਿਵਾਰ ਦੇ ਹਮਾਇਤੀਆਂ ਨੂੰ ਕਥਿਤ ਤੌਰ ’ਤੇ ਡਰਾ ਧਮਕਾ ਰਹੇ ਹਨ। ਜੇ ਹੁਣ ਵੀ ਇਨਸਾਫ ਨਾ ਮਿਲਿਆ ਤਾਂ ਅਗਲੇ ਦਿਨਾਂ ’ਚ ਐੱਸਐੱਸਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ।
ਇਸ ਦੌਰਾਨ ਐੱਸਐੱਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਸਿੱਟ ਵੱਲੋਂ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਬੈਠਕ ਕਰਕੇ ਭਰੋਸਾ ਦਿੱਤਾ ਗਿਆ ਕਿ 22 ਨਵੰਬਰ ਤੱਕ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ। ਵਫ਼ਦ ਵਿੱਚ ਸ਼ਾਮਲ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਬਰਾੜ, ਭਿੰਦਰ ਸਿੰਘ ਲੰਬੀ ਢਾਬ, ਰਜਿੰਦਰ ਸਿੰਘ ਦੂਹੇਵਾਲਾ, ਗੋਬਿੰਦ ਸਿੰਘ ਕੋਟਲੀ ਦੇਵਨ, ਕਰਮਜੀਤ ਸ਼ਰਮਾ, ਗੁਰਮੀਤ ਲੰਬੀ ਢਬ, ਸਿਮਰਜੀਤ ਸਿੰਘ ਥਾਂਦੇਵਾਲਾ, ਉਪਕਾਰ ਸਿੰਘ, ਵਰਿੰਦਰ ਢੋਸੀਵਾਲ, ਸ਼ਿਵਰਾਜ ਸਿੰਘ ਭੰਗਚੜ੍ਹੀ, ਹਰਪ੍ਰੀਤ ਸਿੰਘ ਮੁਕਤਸਰ, ਬਲਵਿੰਦਰ ਸਿੰਘ ਥਾਂਦੇਵਾਲਾ, ਜਸਕੀਰਤ ਸਿੰਘ ਜਾਖੜ ਨੇ ਦੱਸਿਆ ਕਿ ਸਿੱਟ ਵੱਲੋਂ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ 22 ਨਵੰਬਰ ਤੱਕ ਦੇ ਸਮੇਂ ਦੀ ਮੰਗ ਕੀਤੀ ਗਈ ਹੈ।
ਵਫ਼ਦ ਨੇ ਐੱਸਐੱਸਪੀ ਦੇ ਵਾਰ-ਵਾਰ ਦਿੱਤੇ ਭਰੋਸੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਜੇ 22 ਨਵੰਬਰ ਤੱਕ ਗ੍ਰਿਫਤਾਰੀਆਂ ਨਾ ਹੋਈਆਂ ਤਾਂ ਫਿਰ ਜਥੇਬੰਦੀਆਂ ਵੱਲੋਂ ਕਰੜਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਸਬੰਧੀ ਗਠਿਤ ਕਮੇਟੀ ਸਮੇਂ-ਸਮੇਂ ’ਤੇ ਫੈਸਲਾ ਲਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਤੇ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
Advertisement
Advertisement