ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਕੀਰ ਸਟਾਰਮਰ; ਲੇਬਰ ਪਾਰਟੀ ਨੂੰ 14 ਸਾਲਾਂ ਬਾਅਦ ਬਹੁਮਤ ਮਿਲਿਆ
ਲੰਡਨ, 5 ਜੁਲਾਈ
ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਕੀਰ ਸਟਾਰਮਰ ਨੇ 14 ਸਾਲਾਂ ਬਾਅਦ ਸੰਸਦੀ ਚੋਣ ਵਿੱਚ ਉਸ ਦੀ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਤਬਦੀਲੀ ਲਿਆਉਣ ਦੀ ਸਹੁੰ ਖਾਧੀ। ਕੀਰ ਸਟਾਰਰਮ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ। ਇਸ ਵਾਰ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਰਿਸ਼ੀ ਸੂਨਕ ਨੇ ਪਾਰਟੀ ਦੀ ਹਾਰ ਕਬੂਲਣ ਤੋਂ ਬਾਅਦ 10 ਡਾਊਨਿੰਗ ਸਟਰੀਟ ਵਿਚਲਾ ਨਿਵਾਸ ਛੱਡ ਦਿੱਤਾ ਹੈ।
ਕੀਰ ਨੇ ਕਿਹਾ ਕਿ ਬਦਲਾਅ ਹੁਣ ਸ਼ੁਰੂ ਹੁੰਦਾ ਹੈ ... ਅਸੀਂ ਕਿਹਾ ਸੀ ਕਿ ਅਸੀਂ ਹਫੜਾ-ਦਫੜੀ ਨੂੰ ਖਤਮ ਕਰਾਂਗੇ ਅਸੀਂ ਅੱਜ ਅਗਲਾ ਅਧਿਆਏ ਸ਼ੁਰੂ ਕਰਦੇ ਹਾਂ, ਬਦਲਾਅ ਦਾ ਕੰਮ ਸ਼ੁਰੂ ਕਰਦੇ ਹਾਂ। ਹਾਲੇ ਵੀ ਇੱਕ ਦਰਜਨ ਦੇ ਕਰੀਬ ਸੀਟਾਂ ਦੇ ਨਤੀਜੇ ਆਉਣੇ ਬਾਕੀ ਹਨ। ਲੇਬਰ ਪਾਰਟੀ ਨੇ 410 ਸੀਟਾਂ ਜਿੱਤੀਆਂ ਹਨ ਜਦਕਿ ਕੰਜ਼ਰਵੇਟਿਵਾਂ ਨੇ 117 ਅਤੇ ਮੱਧਵਾਦੀ ਲਿਬਰਲ ਡੈਮੋਕਰੇਟਸ ਨੇ 70 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। 250 ਦੇ ਕਰੀਬ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਨਾਂ ਵਿਚ ਸੀਨੀਅਰ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਵੀ ਸ਼ਾਮਲ ਹਨ। ਸਰਕਾਰ ਬਣਾਉਣ ਲਈ ਸੰਸਦ ਵਿੱਚ 326 ਸੀਟਾਂ ਚਾਹੀਦੀਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੂਨਕ ਨੇ ਰਿਚਮੰਡ ਅਤੇ ਨੌਰਥਲਰਟਨ ਸੀਟਾਂ ਜਿੱਤੀਆਂ ਹਨ। ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਕੀਰ ਸਟਾਰਮਰ ਨੇ ਲੰਡਨ ਵਿੱਚ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਚੋਣਾਂ ਵਿਚ ਹੋਈ ਹਾਰ ਸਵੀਕਾਰ ਕਰਦਿਆਂ ਕਿਹਾ ਕਿ ਵਿਰੋਧੀ ਲੇਬਰ ਪਾਰਟੀ ਦੀ ਜਿੱਤ ਹੋਈ ਹੈ। ਸੂਨਕ ਨੇ ਉੱਤਰੀ ਇੰਗਲੈਂਡ ਵਿੱਚ ਆਪਣੀ ਸੰਸਦੀ ਸੀਟ ਜਿੱਤਣ ਤੋਂ ਬਾਅਦ ਕਿਹਾ, ‘ਲੇਬਰ ਪਾਰਟੀ ਨੇ ਇਹ ਆਮ ਚੋਣਾਂ ਜਿੱਤੀਆਂ ਹਨ ਅਤੇ ਮੈਂ ਕੀਰ ਸਟਾਰਮਰ ਨੂੰ ਉਸ ਦੀ ਜਿੱਤ ’ਤੇ ਵਧਾਈ ਦੇਣ ਲਈ ਫ਼ੋਨ ਕੀਤਾ ਹੈ।