ਕੈਨੇਡਾ: ਕਨਿਸ਼ਕ ਬੰਬ ਕਾਂਡ ਦੇ ਮਸ਼ਕੂਕ ਰਿਪੁਦਮਨ ਮਲਿਕ ਦੇ ਕਾਤਲਾਂ ਦੋਸ਼ ਕਬੂਲੇ, ਪਰ ਸਾਜ਼ਿਸ਼ਘਾੜੇ ਦਾ ਨਾਂ ਨਹੀਂ ਦੱਸਿਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਅਕਤੂਬਰ
Air India Kanishka bombing: ਸਰੀ ਵਿਚਲੀਆਂ ਖਾਲਸਾ ਵਿੱਦਿਅਕ ਸੰਸਥਾਵਾਂ ਦੇ ਬਾਨੀ ਅਤੇ ਖਾਲਸਾ ਕਰੈਡਿਟ ਯੂਨੀਅਨ (ਸਹਿਕਾਰੀ ਬੈਂਕ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ (Ripudaman Singh Malik) ਦੇ ਜੁਲਾਈ 2022 ’ਚ ਹੋਏ ਕਤਲ ਦੇ ਮਾਮਲੇ ਵਿੱਚ ਫੜੇ ਹੋਏ ਦੋ ਮੁਲਜ਼ਮਾਂ ਨੇ ਸੋਮਵਾਰ ਨੂੰ ਬੀਸੀ ਸੁਪਰੀਮ ਕੋਰਟ ਵਿੱਚ ਸੁਣਵਾਈ ਮੌਕੇ ਜੱਜ ਮੂਹਰੇ ਆਪਣੇ ਉੱਤੇ ਲੱਗੇ ਦੋਸ਼ ਕਬੂਲ ਕਰ ਲਏ।
ਮੁਲਜ਼ਮਾਂ ਟੈਨਰ ਫੈਕਸ ਅਤੇ ਜੋਇਸ ਲੋਪਜ਼ (Tanner Fox and Jose Lopez) ਨੂੰ ਕਤਲ ਤੋਂ ਤਿੰਨ ਮਹਿਨੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਹਿਰਾਸਤ ਵਿੱਚ ਹਨ। ਮਾਮਲੇ ਨੂੰ ਨੇੜੇ ਤੋਂ ਦੇਖਦੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਸੀ ਕਿ ਦੋਹਾਂ ਖਿਲਾਫ ਪਹਿਲਾ ਦਰਜਾ ਕਤਲ (ਗਿਣਮਿਥ ਕੇ ਮਾਰਨਾ) ਦੇ ਦੋਸ਼ਾਂ ਨੂੰ ਪੁਲੀਸ ਨੇ ਸੁਣਵਾਈ ਤੋਂ ਪਹਿਲਾਂ ਦੂਜੇ ਦਰਜੇ (ਅਚਾਨਕ ਕਤਲ) ਵਿਚ ਬਦਲ ਦਿੱਤਾ। ਸੁਣਵਾਈ ਦੌਰਾਨ ਦੋਵੇਂ ਦੋਸ਼ੀ ਅਦਾਲਤ ਵਿੱਚ ਇੱਕ ਦੂਜੇ ਦੇ ਗਲ਼ ਪੈ ਕੇ ਗੁੱਥਮ-ਗੁੱਥਾ ਹੋ ਗਏ, ਜਿਸ ਕਾਰਨ ਪੁਲੀਸ ਨੂੰ ਦਖਲ ਦੇਣਾ ਪਿਆ।
ਸੁਣਵਾਈ ਮੌਕੇ ਮਲਿਕ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੂੰ ਦੋਸ਼ ਕਬੂਲਣ ’ਤੇ ਥੋੜ੍ਹੀ ਤਸੱਲੀ ਹੋਈ, ਪਰ ਉਹ ਚਾਹੁੰਦੇ ਹਨ ਕਿ ਦੋਹਾਂ ਦੇ ਮੂੰਹੋਂ ਇਸ ਸਚਾਈ ਵੀ ਕਢਵਾਈ ਜਾਏ ਕਿ ਉਨ੍ਹਾਂ ਨੂੰ ਇਸ ਕੰਮ ਲਈ ਫਿਰੌਤੀ ਕਿਸ ਨੇ ਦਿੱਤੀ, ਕਿਉਂਕਿ ਪੁਲੀਸ ਪਹਿਲਾਂ ਤੋਂ ਮੰਨ ਕੇ ਚੱਲ ਰਹੀ ਹੈ ਕਿ ਦੋਹੇਂ ਭਾੜੇ ਦੇ ਕਾਤਲ ਹਨ ਤੇ ਉਨ੍ਹਾਂ ਇਹ ਕਤਲ ਫਿਰੌਤੀ ਲੈ ਕੇ ਕੀਤਾ।
ਦੋਸ਼ ਕਬੂਲ ਕੀਤੇ ਜਾਣ ’ਤੇ ਜੱਜ ਉਨ੍ਹਾਂ ਲਈ ਸਜ਼ਾ ਦੇ ਮਾਮਲੇ ਵਿੱਚ ਲਿਹਾਜ਼ ਕਰਦੇ ਹਨ ਤੇ ਕੇਸ ਦੇ ਹਾਲਾਤ ਦੇ ਮੱਦੇਨਜ਼ਰ ਦਿੱਤੀ ਜਾਣ ਵਾਲੀ ਸਜ਼ਾ ’ਚੋਂ ਅੱਧੀ ਘਟਾ ਦਿੰਦੇ ਹਨ। ਲੰਮੀ ਅਦਾਲਤੀ ਪ੍ਰੀਕਿਰਿਆ ਘਟਾਉਣ ਤੇ ਸਮਾਂ ਬਚਾਉਣ ਲਈ ਇਹ ਵਿਵਸਥਾ ਕੀਤੀ ਗਈ ਹੋਈ ਹੈ। ਆਮ ਤੌਰ ’ਤੇ ਜੱਜ ਕੈਦ ਦੀ ਮਿਆਦ ਤੈਅ ਕਰਨ ਦੀ ਗੱਲ ਦੋਹਾਂ ਧਿਰਾਂ ਦੇ ਵਕੀਲਾਂ ’ਤੇ ਛੱਡ ਦਿੰਦੇ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਵਾਸਤੇ 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚ ਗਿਣੇ ਜਾਂਦੇ ਰਿਪੁਦਮਨ ਸਿੰਘ ਮਲਿਕ ਉੱਤੇ 1985 ਵਾਲੇ ਏਅਰ ਇੰਡੀਆ ਬੰੰਬ ਕਾਂਡ (ਕਨਿਸ਼ਕ) ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ, ਪਰ ਗਵਾਹਾਂ ਦੇ ਮੁੱਕਰਨ ਕਾਰਨ ਉਹ ਬਰੀ ਹੋ ਗਿਆ ਸੀ। ਜਹਾਜ਼ ਅੰਧ ਮਹਾਂਸਾਗਰ ਵਿੱਚ ਡਿੱਗਾ ਸੀ ਤੇ ਇਸ ਹਾਦਸੇ ਵਿੱਚ 339 ਯਾਤਰੀ ਤੇ ਅਮਲਾ ਮੈਂਬਰ ਮਾਰੇ ਗਏ ਸਨ। ਮਲਿਕ ਉਤੇ 2020 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਛਾਪੇਖਾਨੇ ਵਿੱਚ ਛਾਪਣ ਦੇ ਦੋਸ਼ ਲੱਗੇ ਸਨ। ਉਸੇ ਸਾਲ ਉਸ ਨੂੰ ਭਾਰਤ ਦੀ ਕਾਲੀ ਸੂਚੀ ’ਚੋਂ ਕੱਢਿਆ ਗਿਆ ਤੇ ਉਸ ਨੇ ਭਾਰਤ ਯਾਤਰਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਵਲੋਂ ਉਸਨੂੰ ਦਿੱਤੇ ਗਏ ਪ੍ਰਸੰਸਾ ਪੱਤਰ ਦੀ ਕਾਫੀ ਚਰਚਾ ਹੁੰਦੀ ਰਹੀ ਸੀ।